ਸੁਖਜਿੰਦਰ ਸਿੰਘ (ਸੱਜੇ ਤੋਂ ਦੂਜੇ) ਮਨੁੱਖੀ ਤਸਕਰੀ ਗੈਂਗ ਨਾਲ ਸਬੰਧਿਤ ਇੱਕ ਗਿਰੋਹ ਦੀ ਠੱਗੀ ਦੇ ਸ਼ਿਕਾਰ ਹੋ ਗਏ ਸਨ।
ਜੇਕਰ ਕੋਈ ਵਿਅਕਤੀ ਮੇਰੇ ਅੱਗੇ ਅਮਰੀਕਾ ਦਾ ਨਾਮ ਲੈਂਦਾ ਤਾਂ ਮੈਨੂੰ ਉਸ ਤੋਂ ਵੀ ਡਰ ਲੱਗਦਾ ਹੈ, ਅਮਰੀਕਾ ਜਾਣ ਦੇ ਚੱਕਰ ਵਿੱਚ ਸਾਡਾ ਸਭ ਕੁਝ ਤਬਾਹ ਹੋ ਗਿਆ।"
ਇਹ ਸ਼ਬਦ ਹਨ ਪੰਜਾਬ ਦੇ ਜ਼ਿਲ੍ਹਾ ਤਰਨਤਾਰਨ ਨਾਲ ਸਬੰਧਿਤ ਸੁਖਜਿੰਦਰ ਸਿੰਘ ਦੇ।
35 ਸਾਲਾਂ ਸੁਖਜਿੰਦਰ ਸਿੰਘ ਗ਼ੈਰਕਾਨੂੰਨੀ ਤਰੀਕੇ ਨਾਲ ਏਜੰਟ ਦੇ ਸਹਾਰੇ ਅਮਰੀਕਾ ਜਾਣਾ ਚਾਹੁੰਦੇ ਸਨ ਪਰ ਰਸਤੇ ਵਿੱਚ ਉਸ ਨਾਲ ਅਜਿਹੀ ਘਟਨਾ ਵਾਪਰੀ ਕਿ ਜਿਸ ਨੂੰ ਯਾਦ ਕਰ ਕੇ ਉਹ ਹੁਣ ਵੀ ਸਹਿਮ ਜਾਂਦੇ ਹਨ।
ਅਸਲ ਵਿੱਚ ਸੁਖਜਿੰਦਰ ਸਿੰਘ ਮਨੁੱਖੀ ਤਸਕਰੀ ਗੈਂਗ ਨਾਲ ਸਬੰਧਿਤ ਇੱਕ ਗਿਰੋਹ ਦੀ ਠੱਗੀ ਦੇ ਸ਼ਿਕਾਰ ਹੋ ਗਏ ਸਨ।
ਅਮਰੀਕਾ ਜਾਣ ਦੇ ਲਈ ਜਦੋਂ ਉਹ ਇੰਡੋਨੇਸ਼ੀਆ ਦੇ ਸ਼ਹਿਰ ਬਾਲੀ ਪਹੁੰਚੇ ਤਾਂ ਉੱਥੋਂ ਉਸ ਨੂੰ ਅਗਵਾ ਕਰ ਲਿਆ ਗਿਆ ਅਤੇ 45 ਲੱਖ ਰੁਪਏ ਦੀ ਫਿਰੌਤੀ ਦੇ ਕੇ ਉਹਨਾਂ ਨੇ ਦੇਸ਼ ਵਾਪਸੀ ਕੀਤੀ।
ਪੰਜਾਬ ਦੇ ਸਰਹੱਦੀ ਇਲਾਕੇ ਨਾਲ ਸੰਬਧਿਤ ਸੁਖਜਿੰਦਰ ਸਿੰਘ ਵਾਂਗ ਭਾਰਤ ਦੇ ਕਈ ਹੋਰ ਨੌਜਵਾਨ ਬਾਲੀ ਵਿੱਚ ਸਰਗਰਮ ਗਿਰੋਹ ਦੀ ਠੱਗੀ ਦਾ ਸ਼ਿਕਾਰ ਹੋ ਚੁੱਕੇ ਹਨ। ਮੁਹਾਲੀ ਪੁਲਿਸ ਨੇ ਵਿਦੇਸ਼ ਭੇਜਣ ਦੇ ਨਾਮ ਉਤੇ ਮਨੁੱਖੀ ਤਸਕਰੀ, ਅਗਵਾ ਅਤੇ ਫਿਰੌਤੀ ਵਸੂਲਣ ਦੇ ਦੋਸ਼ ਵਿੱਚ ਕੇਸ ਦਰਜ ਕਰਕੇ ਗਿਰੋਹ ਨਾਲ ਜੁੜੇ ਪੰਜ ਮੈਂਬਰਾਂ ਨੂੰ ਫਿਲਹਾਲ ਗ੍ਰਿਫਤਾਰ ਕੀਤਾ ਹੈ।
ਪੰਜਾਬ ਤੋਂ ਇਲਾਵਾ ਇਸ ਗਿਰੋਹ ਨੇ ਹਰਿਆਣਾ, ਉਤਰਾਖੰਡ, ਹਿਮਾਚਲ ਪ੍ਰਦੇਸ਼ ਦੇ ਸੈਂਕੜੇ ਨੌਜਵਾਨਾਂ ਨੂੰ ਇਸੇ ਤਰੀਕੇ ਨਾਲ ਠੱਗੀ ਦੇ ਸ਼ਿਕਾਰ ਬਣਾਇਆ ਹੈ।
ਨੌਜਵਾਨ ਕਿਵੇਂ ਆਏ ਏਜੰਟਾਂ ਦੇ ਝਾਂਸੇ ’ਚ ?
ਸੁਖਜਿੰਦਰ ਸਿੰਘ ਦੱਸਦੇ ਹਨ ਕਿ ਘੱਟ ਜ਼ਮੀਨ ਕਾਰਨ ਘਰ ਦਾ ਗੁਜ਼ਾਰਾ ਚੱਲਣਾ ਮੁਸ਼ਕਿਲ ਹੋ ਗਿਆ ਸੀ।
ਇੱਕ ਰਿਸ਼ਤੇਦਾਰ ਦੀ ਸਲਾਹ ਨਾਲ ਉਹਨਾਂ ਨੇ ਮੈਕਸੀਕੋ ਦੇ ਰਸਤੇ ਗ਼ੈਰ-ਕਾਨੂੰਨੀ ਤਰੀਕੇ ਨਾਲ ਅਮਰੀਕਾ ਜਾਣ ਬਾਰੇ ਸੋਚਿਆ।
ਰਿਸ਼ਤੇਦਾਰ ਨੇ ਹੀ ਉਸ ਦੀ ਗੱਲ ਬਾਲੀ ਵਿੱਚ ਮੌਜੂਦ ਸੰਨੀ ਕੁਮਾਰ ਨਾਮਕ ਇਕ ਨੌਜਵਾਨ ਨਾਲ ਕਰਵਾ ਦਿੱਤੀ।
ਸੁਖਜਿੰਦਰ ਸਿੰਘ
ਸੁਖਜਿੰਦਰ ਸਿੰਘ ਦੱਸਦੇ ਹਨ ਕਿ 45 ਲੱਖ ਰੁਪਏ ਵਿੱਚ ਪੂਰਾ ਸੌਦਾ ਤੈਅ ਹੋਇਆ ਸੀ। “ਸੰਨੀ ਕੁਮਾਰ ਨੇ ਦੱਸਿਆ ਕਿ ਪਹਿਲਾਂ ਮੈਨੂੰ ਬਾਲੀ ਅਤੇ ਫਿਰ ਮੈਕਸੀਕੋ ਅਤੇ ਉੱਥੋਂ ਅਮਰੀਕਾ ਵਿੱਚ ਐਂਟਰੀ ਕਰਵਾਈ ਜਾਵੇਗੀ। ਮੇਰੇ ਵੱਲੋਂ ਹਾਂ ਕਰਨ ਤੋਂ ਬਾਅਦ ਮੈਨੂੰ ਬਾਲੀ ਦੀ ਟਿਕਟ ਸੰਨੀ ਕੁਮਾਰ ਵੱਲੋਂ ਭੇਜੀ ਗਈ।”
ਬਾਲੀ ਪਹੁੰਚਣ ਉੱਤੇ ਸੰਨੀ ਕੁਮਾਰ ਉਸ ਨੂੰ ਇੱਕ ਘਰ ਵਿੱਚ ਲੈ ਗਿਆ ਅਤੇ ਕੈਦ ਕਰ ਲਿਆ।
ਸੁਖਜਿੰਦਰ ਸਿੰਘ ਮੁਤਾਬਕ ਉਹ ਅਗਵਾਕਾਰਾਂ ਦੀ ਕੈਦ ਵਿੱਚ ਕਰੀਬ 23 ਦਿਨਾਂ ਤੱਕ ਰਿਹਾ।
ਇਸ ਦੌਰਾਨ ਉਸ ਨਾਲ ਜੋ ਕੁਝ ਹੋਇਆ ਉਸ ਨੂੰ ਯਾਦ ਕਰ ਕੇ ਉਹ ਹੁਣ ਵੀ ਸਹਿਮ ਜਾਂਦਾ ਹੈ।
ਅਗਵਾਕਾਰਾਂ ਦੀ ਕੁੱਟਮਾਰ ਤੋਂ ਤੰਗ ਆ ਕੇ ਉਸ ਨੇ ਆਪਣੇ ਘਰ ਵਾਲਿਆਂ ਨੂੰ ਝੂਠ ਬੋਲਿਆ ਕਿ ਉਹ ਅਮਰੀਕਾ ਪਹੁੰਚ ਗਿਆ ਅਤੇ ਏਜੰਟ ਦੇ ਪੈਸੇ ਦੇ ਦਿੱਤੇ ਜਾਣ।
ਪੈਸੇ ਮਿਲਣ ਤੋਂ ਬਾਅਦ ਅਗਵਾਕਾਰਾਂ ਨੇ ਉਸ ਨੂੰ ਰਿਹਾਅ ਕੀਤਾ।
ਤਰਨਤਾਰਨ ਦੇ ਜਸਵਿੰਦਰ ਸਿੰਘ ਦੱਸਦੇ ਹਨ ਕਿ ਅਮਰੀਕਾ ਜਾਣ ਲਈ ਉਹ 5 ਅਕਤੂਬਰ 2022 ਨੂੰ ਜਸਵਿੰਦਰ ਸਿੰਘ ਨਾਲ ਬਾਲੀ ਪਹੁੰਚੇ।
ਉੱਥੇ ਜਾ ਕੇ ਉਹਨਾਂ ਨੂੰ ਉਸੇ ਗੈਂਗ ਨੇ ਅਗਵਾ ਕਰ ਲਿਆ ਜਿਸ ਨੇ ਸੁਖਜਿੰਦਰ ਸਿੰਘ ਨੂੰ ਕੈਦ ਕੀਤਾ ਹੋਇਆ ਸੀ।
ਜਸਵਿੰਦਰ ਸਿੰਘ ਨੇ ਦੱਸਿਆ ਉਹ ਵੀ 45 ਲੱਖ ਰੁਪਏ ਅਗਵਾਕਾਰਾਂ ਨੂੰ ਦੇ ਕੇ ਕਰੀਬ 18 ਦਿਨ ਬਾਅਦ ਦੇਸ਼ ਪਰਤਿਆ ।
ਮਨਪ੍ਰੀਤ ਸਿੰਘ ਕਹਿੰਦੇ ਹਨ ਕਿ ਰਾਜਪੁਰਾ ਦੇ ਇੱਕ ਏਜੰਟ ਨੇ 40 ਲੱਖ ਰੁਪਏ ਵਿੱਚ ਉਸ ਨੂੰ ਅਮਰੀਕਾ ਭੇਜਣ ਦਾ ਭਰੋਸਾ ਦਿੱਤਾ ਗਿਆ ਸੀ।
ਕਮਾਈ ਦਾ ਥਾਂ ਉਲਟਾ ਕਰਜਾ ਚੜ੍ਹ ਗਿਆ
ਗਿਰੋਹ ਨੇ ਜ਼ਿਆਦਾਤਰ ਪੇਂਡੂ ਇਲਾਕਿਆਂ ਦੇ ਘੱਟ ਪੜੇ ਲਿਖੇ ਵਿਦੇਸ਼ ਜਾਣ ਦੇ ਚਾਹਵਾਨ ਨੌਜਵਾਨਾਂ ਨੂੰ ਨਿਸ਼ਾਨਾ ਬਣਾਇਆ ਹੈ।
ਪਟਿਆਲਾ ਜ਼ਿਲ੍ਹੇ ਦੇ ਪਿੰਡ ਪੇਹਲ ਕਲਾਂ ਦਾ ਨੌਜਵਾਨ ਮਨਪ੍ਰੀਤ ਸਿੰਘ ਦੱਸਦਾ ਹੈ ਕਿ ਉਹ ਇੱਕ ਨਿੱਜੀ ਕੰਪਨੀ ਵਿੱਚ ਨੌਕਰੀ ਕਰਦਾ ਸੀ, ਪਰ ਤਨਖ਼ਾਹ ਨਾਲ ਘਰ ਦਾ ਗੁਜ਼ਾਰਾ ਚਲਾਉਣਾ ਵੀ ਮੁਸ਼ਕਿਲ ਸੀ।
ਇਸ ਲਈ ਉਸ ਨੇ ਅਮਰੀਕਾ ਜਾਣ ਦਾ ਫ਼ੈਸਲਾ ਕੀਤਾ।
ਮਨਪ੍ਰੀਤ ਸਿੰਘ ਕਹਿੰਦੇ ਹਨ ਕਿ ਰਾਜਪੁਰਾ ਦੇ ਇੱਕ ਏਜੰਟ ਨੇ 40 ਲੱਖ ਰੁਪਏ ਵਿੱਚ ਉਸ ਨੂੰ ਅਮਰੀਕਾ ਭੇਜਣ ਦਾ ਭਰੋਸਾ ਦਿੱਤਾ ਪਰ ਬਾਲੀ ਪਹੁੰਚਦੇ ਸਾਰ ਹੀ ਉਸ ਨੂੰ ਅਗਵਾ ਕਰ ਲਿਆ ਗਿਆ।
ਮਨਪ੍ਰੀਤ ਨੇ ਦੱਸਿਆ ਕਿ ਉਸ ਨੇ ਸੋਚਿਆ ਸੀ ਕਿ ਅਮਰੀਕਾ ਦੀ ਕਮਾਈ ਨਾਲ ਘਰ ਦੀ ਗ਼ਰੀਬੀ ਦੂਰ ਹੋਵੇਗੀ ਪਰ ਹੁਣ ਤਾਂ ਕਰਜ਼ਾ ਹੀ ਚੜ ਗਿਆ ਹੈ।
ਅਮਰੀਕਾ ਵਿੱਚ ਇੱਕ ਕੰਧ ਤੋਂ ਸਰਹੱਦ ਪਾਰ ਕਰਕੇ ਬੱਚੇ (ਸੰਕੇਤਕ ਤਸਵੀਰ)
ਨੌਜਵਾਨਾਂ ਦਾ ਰੁਝਾਨ ਵਿਦੇਸ਼ ਵੱਲ ਕਿਉਂ ?
ਇਸ ਗਿਰੋਹ ਨੇ ਪੇਂਡੂ ਇਲਾਕਿਆਂ ਦੇ ਘੱਟ ਪੜੇ ਲਿਖੇ ਨੌਜਵਾਨਾਂ ਨਾਲ ਅਮਰੀਕਾ ਦੇ ਨਾਮ ਉਤੇ ਠੱਗੀ ਮਾਰੀ ਹੈ।
ਪੰਜਾਬ ਦੇ ਉੱਘੇ ਅਰਥ ਸਾਸ਼ਤਰੀ ਰਣਜੀਤ ਸਿੰਘ ਘੁੰਮਣ ਦਾ ਕਹਿਣਾ ਹੈ ਕਿ ਬੇਰੋਜ਼ਗਾਰੀ, ਨਸ਼ਾ ਅਤੇ ਗੈਂਗਸਟਰਾਂ ਦੀਆਂ ਗਤੀਵਿਧੀਆਂ ਕਾਰਨ ਨੌਜਵਾਨਾਂ ਨੂੰ ਪੰਜਾਬ ਅੰਦਰ ਆਪਣਾ ਭਵਿੱਖ ਹਨੇਰੇ ਵਿੱਚ ਨਜ਼ਰ ਆ ਰਿਹਾ ਹੈ। ਇਸ ਕਰਕੇ ਉਹ ਉਹ ਵਿਦੇਸ਼ ਜਾਣ ਨੂੰ ਪਹਿਲ ਦੇ ਰਹੇ ਹਨ।
ਰਣਜੀਤ ਸਿੰਘ ਘੁੰਮਣ ਮੁਤਾਬਕ ਸੂਬੇ ਵਿੱਚ ਨਿਵੇਸ਼ ਦੀ ਬਹੁਤ ਜ਼ਿਆਦਾ ਘਾਟ ਹੈ। ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਨਹੀਂ ਹੋ ਰਹੇ ਜਿਸ ਕਾਰਨ ਮਜਬੂਰਨ ਨੌਜਵਾਨ ਵੱਡੀ ਗਿਣਤੀ ’ਚ ਜਾਨ ਜ਼ੋਖਮ ਵਿੱਚ ਪਾ ਕੇ ਵਿਦੇਸ਼ ਦਾ ਰੁੱਖ ਕਰ ਰਹੇ ਹਨ।
ਜੇਕਰ ਪੰਜਾਬ ਦੀ ਬੇਰੋਜ਼ਗਾਰੀ ਦੀ ਗੱਲ ਕੀਤੀ ਜਾਵੇ ਆਰਥਿਕ ਸਰਵੇਖਣ 2021-22 ਦੇ ਮੁਤਾਬਕ ਸੂਬੇ ਵਿੱਚ ਇਸ ਦੀ ਦਰ 7.3 ਫੀਸਦੀ ਹੈ। ਪੇਂਡੂ ਇਲਾਕਿਆਂ ਵਿੱਚ ਬੇਰੋਜ਼ਗਾਰੀ ਦੀ ਦਰ 7.1 ਫੀਸਦੀ ਹੈ ਅਤੇ ਸ਼ਹਿਰੀ ਖੇਤਰ ਵਿੱਚ ਇਹ 7.5 ਫੀਸਦੀ ਹੈ।
ਅਰਥ ਸ਼ਾਸਤਰੀ ਰਣਜੀਤ ਸਿੰਘ ਘੁੰਮਣ ਦਾ ਮੰਨਣਾ ਹੈ ਕਿ ਨੌਜਵਾਨਾਂ ਨੂੰ ਵਿਦੇਸ਼ ਜਾਣ ਦੇ ਰੁਝਾਨ ਤੋਂ ਰੋਕਣ ਦੇ ਲਈ ਇਥੇ ਰੋਜ਼ਗਾਰ ਦੇ ਸਾਧਨ ਅਤੇ ਨਿਵੇਸ਼ ਨੂੰ ਵਧਾਉਣਾ ਹੋਵੇਗਾ।
ਗਿਰੋਹ ਦੇ ਮੈਂਬਰ ਆਪਣੇ ਪੱਲੇ ਤੋਂ ਨੌਜਵਾਨਾਂ ਨੂੰ ਬਾਲੀ ਦੀ ਹਵਾਈ ਟਿਕਟ ਦੇ ਕੇ ਬੁਲਾਉਂਦੇ ਸਨ ਅਤੇ ਉੱਥੇ ਅਗਵਾ ਕਰ ਕੇ ਉਨ੍ਹਾਂ ਤੋਂ ਲੱਖ ਰੁਪਏ ਵਸੂਲਦੇ ਸਨ।
ਗਿਰੋਹ ਦਾ ਕੰਮ ਕਰਨ ਦਾ ਤਰੀਕਾ ਕੀ ਸੀ?
ਅਗਵਾ ਕਰਨ ਅਤੇ ਫਿਰ ਉਨ੍ਹਾਂ ਤੋਂ ਫਿਰੌਤੀ ਦੀ ਵਸੂਲੀ ਕਰਨ ਦੀ ਕਹਾਣੀ ਸਿਰਫ਼ ਪੰਜਾਬ ਦੇ ਨੌਜਵਾਨਾਂ ਦੀ ਨਹੀਂ ਬਲਕਿ ਭਾਰਤ ਦੇ ਚਾਰ ਸੂਬਿਆਂ ਦੇ ਨੌਜਵਾਨ ਇੰਡੋਨੇਸ਼ੀਆ ਦੇ ਸ਼ਹਿਰ ਬਾਲੀ ਵਿੱਚ ਮਨੁੱਖੀ ਤਸਕਰੀ ਦਾ ਸ਼ਿਕਾਰ ਹੋ ਚੁੱਕੇ ਹਨ।
ਠੱਗੀ ਦਾ ਸ਼ਿਕਾਰ ਹੋਏ ਨੌਜਵਾਨ ਘਰੋਂ ਨਿਕਲਦੇ ਸਨ ਅਮਰੀਕਾ ਲਈ, ਪਰ ਇੰਡੋਨੇਸ਼ੀਆ ਪਹੁੰਚਣ ਉੱਤੇ ਉਨ੍ਹਾਂ ਨੂੰ ਅਗਵਾ ਕਰ ਲਿਆ ਜਾਂਦਾ ਅਤੇ ਕੁੱਟਮਾਰ ਕਰਨ ਤੋਂ ਬਾਅਦ ਲੱਖਾਂ ਰੁਪਏ ਲੈ ਕੇ ਛੱਡਿਆ ਜਾਂਦਾ।
ਗਿਰੋਹ ਦੇ ਮੈਂਬਰ ਆਪਣੇ ਪੱਲੇ ਤੋਂ ਨੌਜਵਾਨਾਂ ਨੂੰ ਬਾਲੀ ਦੀ ਹਵਾਈ ਟਿਕਟ ਦੇ ਕੇ ਬੁਲਾਉਂਦੇ ਸਨ ਅਤੇ ਉੱਥੇ ਅਗਵਾ ਕਰ ਕੇ ਉਨ੍ਹਾਂ ਤੋਂ ਲੱਖ ਰੁਪਏ ਵਸੂਲਦੇ ਸਨ।
ਇੰਡੋਨੇਸ਼ੀਆ ਤੇ ਸਿੰਗਾਪੁਰ ਹੀ ਕਿਉਂ ਬੁਲਾਉਂਦੇ ਸਨ
ਅਸਲ ਵਿੱਚ ਇਹਨਾਂ ਦੋਹਾਂ ਦੇਸ਼ਾਂ ਵਿੱਚ ਵੀਜ਼ਾ ਆਨ ਅਰਾਇਵਲ ਦੀ ਸੁਵਿਧਾ ਹੈ ਅਤੇ ਦੂਜਾ ਇਹਨਾਂ ਦੇਸ਼ਾਂ ਦੀ ਸਸਤੀ ਏਅਰ ਟਿਕਟ ਹੈ। ਮੁਹਾਲੀ ਪੁਲਿਸ ਮੁਤਾਬਕ ਗ੍ਰਿਫ਼ਤਾਰ ਕੀਤੇ ਗਏ ਗਿਰੋਹ ਦੇ ਮੈਂਬਰਾਂ ਤੋਂ ਪਤਾ ਲੱਗਾ ਹੈ ਇਹ ਪਿਛਲੇ ਦੋ ਸਾਲਾਂ ਤੋਂ ਇਹ ਧੰਦਾ ਕਰ ਰਹੇ ਸਨ।
ਮੁਹਾਲੀ ਪੁਲਿਸ ਮੁਤਾਬਕ ਇਸ ਗਿਰੋਹ ਨੇ ਪੇਂਡੂ ਇਲਾਕਿਆਂ ਦੇ ਨੌਜਵਾਨਾਂ ਨੂੰ ਜ਼ਿਆਦਾ ਝਾਂਸੇ ਵਿੱਚ ਲਿਆ। ਘੱਟ ਪੜੇ ਲਿਖੇ ਅਤੇ ਖੇਤੀਬਾੜੀ ਪਰਿਵਾਰਾਂ ਨਾਲ ਸਬੰਧਿਤ ਨੌਜਵਾਨ ਇਹਨਾਂ ਦੀ ਠੱਗੀ ਦਾ ਜ਼ਿਆਦਾ ਸ਼ਿਕਾਰ ਹੋਏ ਹਨ।
ਠੱਗੀ ਦਾ ਸ਼ਿਕਾਰ ਹੋਏ ਨੌਜਵਾਨਾਂ ਬਾਰੇ ਕੁਝ ਰੋਚਕ ਤੱਥ
- ਗਿਰੋਹ ਨੇ ਜ਼ਿਆਦਾਤਰ ਪੇਂਡੂ ਖੇਤਰ ਦੇ ਬੇਰੁਜ਼ਗਾਰ ਨੌਜਵਾਨਾਂ ਨੂੰ ਨਿਸ਼ਾਨਾ ਬਣਾਇਆ ਹੈ
- ਘੱਟ ਪੜੇ ਲਿਖੇ ਨੌਜਵਾਨਾਂ ਨੂੰ ਅਮਰੀਕਾ ਭੇਜਣ ਦਾ ਝਾਂਸਾ ਦਿੱਤਾ ਗਿਆ
- ਪੰਜਾਬ ਵਿੱਚ ਗਿਰੋਹ ਦਾ ਕੋਈ ਦਫ਼ਤਰ ਨਹੀਂ, ਕੋਈ ਮਸ਼ਹੂਰੀ ਨਹੀਂ ਹੈ
- ਸਾਰਾ ਕੰਮ ਮੋਬਾਈਲ ਫ਼ੋਨ ਉੱਤੇ ਹੀ ਚੱਲਦਾ ਸੀ
- ਗਿਰੋਹ ਬਾਲੀ ਅਤੇ ਪੰਜਾਬ ਦੋਵਾਂ ਥਾਵਾਂ ਤੋਂ ਚੱਲਦਾ ਸੀ
- ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼, ਉੱਤਰਾਖੰਡ ਦੇ ਨੌਜਵਾਨਾਂ ਨਾਲ ਹੋਈ ਠੱਗੀ
- ਪੁਲਿਸ ਮੁਤਾਬਕ ਪਿਛਲੇ ਦੋ ਸਾਲਾਂ ਤੋਂ ਸਰਗਰਮ ਸੀ ਗਿਰੋਹ
- ਮੁਫ਼ਤ ਹਵਾਈ ਟਿਕਟ ਦਾ ਝਾਂਸਾ ਦੇ ਕੇ ਫਸਾਉਂਦੇ ਸਨ ਜਾਲ ’ਚ
- ਇੰਡੋਨੇਸ਼ੀਆ ਵਿੱਚ ਸਰਗਰਮ ਗਿਰੋਹ ਦੇ ਮੁਖੀ ਪੰਜਾਬ ਦੇ ਦੁਆਬਾ ਖ਼ਿੱਤੇ ਨਾਲ ਸਬੰਧਿਤ
ਕੌਣ ਹੈ ਇਸ ਠੱਗੀ ਦਾ ਮਾਸਟਰ ਮਾਇੰਡ ?
ਇਸ ਕੇਸ ਦੀ ਜਾਂਚ ਕਰ ਰਹੇ ਮੁਹਾਲੀ ਦੇ ਸੀਆਈਏ ਸਟਾਫ ਦੇ ਡੀਐੱਸਪੀ ਗੁਰਸ਼ੇਰ ਸਿੰਘ ਸੰਧੂ ਦੱਸਦੇ ਹਨ ਕਿ ਅਮਰੀਕਾ ਦੇ ਨਾਮ ਉਤੇ ਠੱਗੀ ਮਾਰਨ ਵਾਲੇ ਇਸ ਠੱਗੀ ਦੇ ਮਾਸਟਰ ਮਾਇੰਡ ਭਾਰਤੀ ਨਾਗਿਰਕ ਹਨ।
ਗੁਰਸ਼ੇਰ ਸਿੰਘ ਸੰਧੂ ਮੁਤਾਬਕ ਇੰਡੋਨੇਸ਼ੀਆ ਵਿੱਚ ਮੌਜੂਦਾ ਸੰਨੀ ਕੁਮਾਰ ਪੰਜਾਬ ਦੇ ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਸਲੇਰੀਆ ਖ਼ੁਰਦ ਦਾ ਰਹਿਣ ਵਾਲਾ ਹੈ ਅਤੇ ਦੂਜਾ ਸਿੰਘਾਪੁਰ ਵਿੱਚ ਮੌਜੂਦ ਜਸਵੀਰ ਸਿੰਘ ਉਰਫ਼ ਸੰਜੇ ਹੈ ਜੋ ਕਿ ਜਲੰਧਰ ਜ਼ਿਲ੍ਹੇ ਨਾਲ ਸਬੰਧ ਰੱਖਦਾ ਹੈ।
ਪੁਲਿਸ ਮੁਤਾਬਕ ਗਿਰੋਹ ਦੇ ਕੁਝ ਮੈਂਬਰ ਪੰਜਾਬ ਵਿੱਚ ਵੀ ਸਰਗਰਮ ਸਨ।
ਫ਼ਿਲਹਾਲ ਮੁਹਾਲੀ ਪੁਲਿਸ ਨੇ ਗਿਰੋਹ ਦੇ ਪੰਜ ਮੈਂਬਰਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਇਹਨਾਂ ਵਿੱਚ ਸੰਨੀ ਕੁਮਾਰ ਦੀ ਪਤਨੀ ਅਤੇ ਪਿਤਾ ਵੀ ਸ਼ਾਮਲ ਹਨ। ਗਿਰੋਹ ਦੇ ਸਰਗਨਾ ਸਿੰਘਾਪੁਰ ਅਤੇ ਇੰਡੋਨੇਸ਼ੀਆ ਵਿੱਚ ਹਨ।
ਪੁਲਿਸ ਮੁਤਾਬਕ ਗਿਰੋਹ ਦੇ ਕੁਝ ਮੈਂਬਰ ਪੰਜਾਬ ਵਿੱਚ ਵੀ ਸਰਗਰਮ ਸਨ।
ਮੈਕਸੀਕੋ ਸਰਹੱਦ ਤੋਂ ਕਿਵੇਂ ਹੁੰਦੀ ਹੈ ਅਮਰੀਕਾ ਵਿੱਚ ਐਂਟਰੀ ?
ਅਮਰੀਕਾ ਵਿੱਚ ਗੈਰ ਕਾਨੂੰਨੀ ਤਰੀਕੇ ਨਾਲ ਦਾਖ਼ਲ ਹੋਣ ਲਈ ਇੱਕ ਰੂਟ ਮੈਕਸੀਕੋ ਵੀ ਹੈ।
ਕੁਝ ਲੋਕ ਕੈਨੇਡਾ ਤੋਂ ਅਮਰੀਕਾ ਵਿੱਚ ਗ਼ੈਰ-ਕਾਨੂੰਨੀ ਤਰੀਕੇ ਨਾਲ ਦਾਖ਼ਲ ਹੁੰਦੇ ਹਨ ਪਰ ਜ਼ਿਆਦਾਤਰ ਮੈਕਸੀਕੋ ਦਾ ਰੂਟ ਅਪਣਾਉਂਦੇ ਹਨ।
ਮੈਕਸੀਕੋ– ਅਮਰੀਕਾ ਸਰਹੱਦ ਉਤੇ ਬਣੀ ਦੀਵਾਰ ਨੂੰ ਗ਼ੈਰ-ਕਾਨੂੰਨੀ ਤਰੀਕੇ ਨਾਲ ਪਾਰ ਕਰ ਕੇ ਏਜੰਟਾਂ ਵੱਲੋਂ ਨੌਜਵਾਨ ਨੂੰ ਅਮਰੀਕਾ ਵਿੱਚ ਦਾਖ਼ਲ ਕਰਵਾਇਆ ਜਾਂਦਾ ਹੈ।
ਅਮਰੀਕਾ ਦੇ ਕਸਟਮ ਅਤੇ ਬਾਰਡਰ ਪੈਟਰੋਲ ਵਿਭਾਗ ਦੇ ਅੰਕੜਿਆਂ ਨੂੰ ਦੇਖਿਆ ਜਾਵੇ ਤਾਂ ਮੈਕਸੀਕੋ ਸਰਹੱਦ ਗ਼ੈਰ-ਕਾਨੂੰਨੀ ਤਰੀਕੇ ਨਾਲ ਭਾਰਤੀਆਂ ਦੇ ਅਮਰੀਕਾ ਵਿੱਚ ਦਾਖ਼ਲ ਹੋਣ ਵਾਲਿਆਂ ਦੀ ਗਿਣਤੀ ਵਿੱਚ ਲਗਾਤਾਰ ਇਜ਼ਾਫਾ ਹੁੰਦਾ ਜਾ ਰਿਹਾ ਹੈ।
ਅੰਕੜੇ ਕੀ ਕਹਿੰਦੇ ਹਨ ?
ਬੀਬੀਸੀ ਦੀ ਇੱਕ ਰਿਪੋਰਟ ਮੁਤਾਬਕ ਸਾਲ 2020 ਵਿੱਚ 19,883, ਸਾਲ 2021 ਵਿੱਚ 30,662 ਅਤੇ ਸਾਲ 2022 ਵਿੱਚ 63,927 ਭਾਰਤੀਆਂ ਨੂੰ ਗ਼ੈਰ-ਕਾਨੂੰਨੀ ਤਰੀਕੇ ਨਾਲ ਅਮਰੀਕਾ ਵਿੱਚ ਦਾਖ਼ਲ ਉੱਤੇ ਗ੍ਰਿਫਤਾਰ ਕੀਤਾ ਗਿਆ।
ਮੈਕਸੀਕੋ ਸਰਹੱਦ ਤੋਂ ਅਮਰੀਕਾ ਵਿੱਚ ਦਾਖਲ ਹੋਣਾ ਸੁਖਾਲਾ ਨਹੀਂ ਹੈ।
ਸਾਲ 2019 ਵਿੱਚ ਮੈਕਸੀਕੋ ਬਾਰਡਰ ਉਸ ਸਮੇਂ ਸੁਰਖ਼ੀਆਂ ਵਿੱਚ ਆਇਆ ਸੀ ਜਦੋਂ ਪੰਜਾਬੀ ਮੂਲ ਦੀ ਇੱਕ ਛੇ ਸਾਲਾਂ ਕੁੜੀ ਦੀ ਮੌਤ ਐਰੀਜੋਨਾ ਦੇ ਇਲਾਕੇ ਵਿੱਚ ਹੋ ਗਈ ਸੀ।
ਇਸ ਛੇ ਸਾਲਾਂ ਕੁੜੀ ਨੇ ਆਪਣੀ ਮਾਂ ਦੇ ਨਾਲ ਮੈਕਸੀਕੋ ਸਰਹੱਦ ਤੋਂ ਅਮਰੀਕਾ ਵਿੱਚ ਗ਼ੈਰ-ਕਾਨੂੰਨੀ ਤਰੀਕੇ ਨਾਲ ਪ੍ਰਵੇਸ਼ ਕੀਤਾ ਸੀ ਪਰ ਗਰਮੀ ਅਤੇ ਹੁੰਮ੍ਹਸ ਕਾਰਨ 42 ਡਿਗਰੀ ਤਾਪਮਾਨ ਵਿੱਚ ਉਸ ਦੀ ਮੌਤ ਹੋ ਗਈ ਸੀ।
ਸੰਕੇਤਕ ਤਸਵੀਰ
ਕਾਨੂੰਨ ਦੇ ਬਾਵਜੂਦ ਏਜੰਟ ਪੰਜਾਬ ਵਿੱਚ ਸਰਗਰਮ
ਪੰਜਾਬ ਸਰਕਾਰ ਨੇ ਗੈਰ-ਕਾਨੂੰਨੀ ਤਰੀਕੇ ਨਾਲ ਵਿਦੇਸ਼ ਭੇਜਣ ਅਤੇ ਮਨੁੱਖੀ ਤਸਕਰੀ ਰੋਕਣ ਦੇ ਲਈ ਪੰਜਾਬ ਟਰੈਵਲ ਪ੍ਰੋਫੈਸ਼ਨਲ ਐਕਟ 2014 ਬਣਾਇਆ ਹੋਇਆ ਹੈ।
ਪਰ ਇਸ ਦੇ ਬਾਵਜੂਦ ਜਾਅਲੀ ਏਜੰਟ ਲਗਾਤਾਰ ਸਰਗਰਮ ਹਨ।
ਬੇਰੁਜ਼ਗਾਰੀ ਅਤੇ ਵਿਦੇਸ਼ੀ ਜ਼ਿੰਦਗੀ ਲਈ ਨੌਜਵਾਨ ਅਕਸਰ ਏਜੰਟਾਂ ਦੇ ਝਾਂਸੇ ਵਿੱਚ ਆ ਵੀ ਜਾਂਦੇ ਹਨ।
ਪੰਜਾਬ ਦੇ ਸਮਾਜਿਕ ਅਤੇ ਆਰਥਿਕ ਮਾਮਲਿਆਂ ਦੇ ਮਾਹਿਰ ਰਣਜੀਤ ਸਿੰਘ ਘੁੰਮਣ ਆਖਦੇ ਹਨ ਕਿ ਬੇਸ਼ੱਕ ਠੱਗ ਏਜੰਟਾਂ ਨੂੰ ਨੱਥ ਪਾਉਣ ਦੇ ਲਈ ਸਰਕਾਰ ਵਲੋਂ ਸਖ਼ਤ ਕਾਨੂੰਨ ਹਨ ਪਰ ਇਸ ਦੇ ਬਾਵਜੂਦ ਏਜੰਟ ਆਪਣੇ ਕੰਮ ਧੜੱਲੇ ਨਾਲ ਕਰ ਰਹੇ ਹਨ ਕਿਉਂਕਿ ਕਾਨੂੰਨੀ ਪ੍ਰਕਿਆ ਬਹੁਤ ਲੰਮੀ ਅਤੇ ਗੁੰਝਲਾਦਾਰ ਹੈ।
ਮਨੁੱਖੀ ਤਸਕਰੀ ਦਾ ਸ਼ਿਕਾਰ ਹੋਏ ਨੌਜਵਾਨ ਅਕਸਰ ਆਪਣੇ ਨਾਲ ਹੋਈ ਠੱਗੀ ਦੀ ਸ਼ਿਕਾਇਤ ਵੀ ਪੁਲਿਸ ਕੋਲ ਨਹੀਂ ਕਰਦੇ।
ਇਸ ਸਾਲ ਜਨਵਰੀ ਮਹੀਨੇ ਵਿੱਚ ਹੀ ਜਲੰਧਰ ਦੇ ਪ੍ਰਸ਼ਾਸਨ ਨੇ ਨਿਯਮਾਂ ਦੀ ਪਾਲਨਾ ਨਾ ਕਰਨ ਵਾਲੇ 239 ਇਮੀਗ੍ਰੇਸ਼ਨ ਸਲਾਹਕਾਰ ਅਤੇ 129 ਆਈਲੈਟਸ ਸੈਂਟਰਾਂ ਦੇ ਲਾਇਸੰਸ ਰੱਦ ਕੀਤੇ ਹਨ।
ਜਲੰਧਰ ਦੇ ਡਿਪਟੀ ਕਮਿਸ਼ਨਰ ਜਸਪ੍ਰੀਤ ਸਿੰਘ ਮੁਤਾਬਕ ਜ਼ਿਲ੍ਹੇ ਵਿੱਚ ਚੱਲ ਰਹੇ 1320 ਇਮੀਗ੍ਰੇਸ਼ਨ ਸਲਾਹਕਾਰਾਂ, ਵਿਦੇਸ਼ ਦੀਆਂ ਟਿਕਟਾਂ ਬੁੱਕ ਕਰਨ ਵਾਲੇ ਅਤੇ ਆਈਲੈਟਸ ਸੈਂਟਰਾਂ ਦੇ ਮਾਲਕਾਂ ਨੂੰ ਨੋਟਿਸ ਜਾਰੀ ਕੀਤੇ ਗਏ ਸਨ।
ਇਹਨਾਂ ਵਿੱਚੋਂ 495 ਸਰਕਾਰ ਵੱਲੋਂ ਤੈਅ ਕੀਤੀਆਂ ਗਈਆਂ ਸ਼ਰਤਾਂ ਤਹਿਤ ਸਬੂਤ ਜਮਾ ਕਰਵਾਉਣ ਵਿੱਚ ਨਾਕਾਮਯਾਬ ਰਹੇ, ਜਿਸ ਕਾਰਨ ਉਨ੍ਹਾਂ ਦੇ ਲਾਇਸੰਸ ਰੱਦ ਕਰ ਦਿੱਤੇ ਗਏ।
ਉਨ੍ਹਾਂ ਆਖਿਆ ਕਿ ਜੋ ਲਾਇਸੰਸਧਾਰਕ ਏਜੰਟ ਕਾਨੂੰਨ ਦੇ ਮੁਤਾਬਕ ਕੰਮ ਨਹੀਂ ਕਰੇਗਾ, ਉਸ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਜਸਵੀਰ ਸਿੰਘ ਦੱਸਦੇ ਹਨ ਕਿ, “ਆਮ ਲੋਕ ਵੀ ਅਮਰੀਕਾ ਦਾ ਨਾਮ ਲੈ ਕੇ ਛੇੜਦੇ ਹਨ। ਭਵਿੱਖ ਫਿਰ ਤੋਂ ਹਨੇਰੇ ਵਿੱਚ ਚਲਾ ਗਿਆ ਹੈ।”
ਠੱਗੀ ਤੋਂ ਬਾਅਦ ਭਵਿੱਖ ਨੂੰ ਲੈ ਕੇ ਚਿੰਤਾ
ਜੋ ਨੌਜਵਾਨ ਇਸ ਗ੍ਰਿਰੋਹ ਦੀ ਠੱਗੀ ਦਾ ਸ਼ਿਕਾਰ ਹੋਏ ਹਨ, ਉਹ ਹੁਣ ਆਪਣੇ ਭਵਿੱਖ ਨੂੰ ਲੈ ਕੇ ਚਿੰਤਤ ਹਨ।
ਪੇਹਲ ਪਿੰਡ ਦੇ ਹੀ ਜਸਵੀਰ ਸਿੰਘ ਦੱਸਦੇ ਹਨ ਕਿ ਅਮਰੀਕਾ ਜਾਣ ਲਈ ਉਹਨਾਂ ਨੇ ਜ਼ਮੀਨ ਵੇਚੀ ਅਤੇ ਕਰਜ਼ਾ ਲੈ ਕੇ ਏਜੰਟ ਨੂੰ ਪੈਸੇ ਦਿੱਤੇ ਪਰ ਠੱਗੀ ਨੇ ਉਹਨਾਂ ਨੂੰ ਤੋੜ ਕੇ ਰੱਖ ਦਿੱਤਾ।
“ਜ਼ਮੀਨ ਵੀ ਚਲੇ ਗਈ ਅਤੇ ਉਲਟਾ ਕਰਜਾਈ ਵੀ ਹੋ ਗਿਆ।”
ਇੰਡੋਨੇਸ਼ੀਆ ਵਿੱਚ ਇਸ ਗ੍ਰਿਰੋਹ ਦੀ ਠੱਗੀ ਦਾ ਸ਼ਿਕਾਰ ਹੋਏ ਪਟਿਆਲਾ ਵਿਸ਼ਾਲ ਕਹਿੰਦੇ ਹਨ ਕਿ ਜੇਕਰ ਇਥੇ ਨੌਕਰੀ ਮਿਲ ਜਾਂਦੀ ਤਾਂ ਵਿਦੇਸ਼ ਜਾਣ ਦੀ ਲੋੜ ਹੀ ਨਹੀਂ ਸੀ। “ਬੇਰੋਜ਼ਗਾਰੀ ਦੇ ਕਾਰਨ ਵਿਦੇਸ਼ ਜਾਣ ਦਾ ਰਿਸਕ ਲਿਆ ਅਤੇ 40 ਲੱਖ ਰੁਪਏ ਡੋਬ ਦਿੱਤੇ।”
ਵਿਸ਼ਾਲ ਦੱਸਦੇ ਹਨ ਕਿ ਠੱਗੀ ਕਾਰਨ ਉਸ ਨੂੰ ਤਨਾਅ ਹੈ ਅਤੇ ਰਾਤ ਨੂੰ ਨੀਂਦ ਵੀ ਨਹੀਂ ਆਉਂਦੀ।
ਬਾਹਰਵੀਂ ਪਾਸ ਜਸਵੀਰ ਸਿੰਘ ਦੱਸਦੇ ਹਨ ਕਿ, “ਜਿਸ ਵਿਅਕਤੀ ਤੋਂ ਵਿਦੇਸ਼ ਜਾਣ ਲਈ ਕਰਜ਼ਾ ਲਿਆ ਸੀ, ਉਹ ਪੈਸਿਆਂ ਦੀ ਮੰਗ ਕਰ ਰਿਹਾ ਹੈ, ਸਮਝ ਨਹੀਂ ਆ ਰਹੀ ਕਿ ਕੀ ਕੀਤਾ ਜਾਵੇ?”
ਉਹ ਕਹਿੰਦੇ ਹਨ, “ਆਮ ਲੋਕ ਵੀ ਅਮਰੀਕਾ ਦਾ ਨਾਮ ਲੈ ਕੇ ਛੇੜਦੇ ਹਨ। ਭਵਿੱਖ ਫਿਰ ਤੋਂ ਹਨੇਰੇ ਵਿੱਚ ਚਲਾ ਗਿਆ ਹੈ।”
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ)

ਦੋ ਮੁਸਲਮਾਨ ਮੁੰਡਿਆਂ ਨੂੰ ਜ਼ਿੰਦਾ ਸਾੜਨ ਦਾ ਮਾਮਲਾ : ਮੋਨੂੰ ਮਾਨੇਸਰ ਕੌਣ ਹੈ, ਜਿਸ ਦੇ ਹੱਕ ਵਿੱਚ ਹੋ...
NEXT STORY