ਅਮ੍ਰਿਤਪਾਲ ਸਿੰਘ ਦੇ ਸਾਥੀ ਦੱਸੇ ਜਾਂਦੇ ਗੁਰਿੰਦਰ ਪਾਲ ਸਿੰਘ ਨੂੰ ਅੰਮ੍ਰਿਤਸਰ ਏਅਰਪੋਰਟ ਤੋਂ 9 ਮਾਰਚ ਦੀ ਸਵੇਰ ਹਿਰਾਸਤ ਵਿੱਚ ਲਿਆ ਗਿਆ ਸੀ
‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖੀ ਅਮ੍ਰਿਤਪਾਲ ਸਿੰਘ ਦੇ ਸਾਥੀ ਦੱਸੇ ਜਾਂਦੇ ਗੁਰਿੰਦਰ ਪਾਲ ਸਿੰਘ ਉਰਫ਼ ਗੁਰ ਔਜਲਾ ਨੂੰ ਅੰਮ੍ਰਿਤਸਰ ਦੇ ਗੁਰੂ ਰਾਮ ਦਾਸ ਏਅਰਪੋਰਟ ਤੋਂ 9 ਮਾਰਚ ਦੀ ਸਵੇਰ ਸਾਢੇ 11 ਵਜੇ ਹਿਰਾਸਤ ਵਿੱਚ ਲਿਆ ਗਿਆ ਸੀ।
ਗੁਰਿੰਦਰ ਪਾਲ ਸਿੰਘ ਮੁਤਾਬਕ ਉਸੇ ਦਿਨ ਸ਼ਾਮ ਨੂੰ ਹੀ ਉਨ੍ਹਾਂ ਨੂੰ ਜ਼ਮਾਨਤ ਮਿਲ ਗਈ ਸੀ ਪਰ ਮਾਨਸਿਕ ਤੌਰ ਉੱਤੇ ਪਰੇਸ਼ਾਨੀ ਬਹੁਤ ਵੱਡੇ ਪੱਧਰ ਉੱਤੇ ਹੋਈ ਹੈ।
ਦੱਸ ਦਈਏ ਕਿ ਗੁਰਿੰਦਰ ਪਾਲ ਸਿੰਘ ਦਾ ਜਨਮ ਪੰਜਾਬ ਵਿੱਚ ਹੋਇਆ ਹੈ ਅਤੇ ਉਹ ਫ਼ਿਲਹਾਲ ਲੰਡਨ ਵਿੱਚ ਰਹਿ ਰਹੇ ਹਨ।
ਗੁਰਿੰਦਰ ਪਾਲ ਦੇ ਖ਼ਿਲਾਫ਼ ਜਲੰਧਰ ਵਿੱਚ ਮਾਮਲਾ ਦਰਜ ਹੋਣ ਤੋਂ ਬਾਅਦ ਉਨ੍ਹਾਂ ਦੇ ਨਾਮ ਲੁਕਆਊਟ ਸਰਕੁਲਰ ਜਾਰੀ ਕੀਤਾ ਗਿਆ ਸੀ।
20 ਫ਼ਰਵਰੀ ਨੂੰ ਗੁਰਿੰਦਰ ਪਾਲ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਸੀ। ਇਹ ਮਾਮਲਾ ਉਨ੍ਹਾਂ ਵੱਲੋਂ ਸੋਸ਼ਲ ਮੀਡੀਆ ਉੱਤੇ ਹਥਿਆਰਾਂ ਦੀ ਨੁਮਾਇਸ਼ ਕਰਨ ਦੇ ਇਲਜ਼ਾਮ ਵਿੱਚ ਦਰਜ ਹੋਇਆ ਸੀ।
ਕੌਣ ਹਨ ਗੁਰਿੰਦਰ ਪਾਲ ਸਿੰਘ?
ਬੀਬੀਸੀ ਪੰਜਾਬੀ ਪੱਤਰਕਾਰ ਸਰਬਜੀਤ ਸਿੰਘ ਧਾਲੀਵਾਲ ਨੇ ਗੁਰਿੰਦਰ ਪਾਲ ਸਿੰਘ ਨਾਲ ਫ਼ੋਨ ਉੱਤੇ ਗੱਲਬਾਤ ਕੀਤੀ।
ਗੁਰਿੰਦਰ ਪਾਲ ਸਿੰਘ ਨੇ ਆਪਣੇ ਪਿਛੋਕੜ ਅਤੇ ਉਨ੍ਹਾਂ ਨਾਲ ਜੋ ਹਾਲ ਹੀ ਵਿੱਚ ਹੋਇਆ ਉਸ ਬਾਰੇ ਦੱਸਿਆ।
ਗੁਰਿੰਦਰ ਪਾਲ ਸਿੰਘ ਮੁਤਾਬਕ ਉਨ੍ਹਾਂ ਦਾ ਜੱਦੀ ਪਿੰਡ ਕੁੱਕੜ ਹੈ ਤੇ ਉਨ੍ਹਾਂ ਦਾ ਪਿਛੋਕੜ ਫ਼ਗਵਾੜਾ ਦਾ ਹੈ।
ਗੁਰਿੰਦਰ ਦੱਸਦੇ ਹਨ ਕਿ ਕੁੱਕੜ ਪਿੰਡ ਵਿੱਚ ਉਨ੍ਹਾਂ ਦਾ ਭਰਾ ਰਹਿੰਦਾ ਹੈ ਤੇ ਉਹ ਬਾਹਰ (ਵਿਦੇਸ਼) ਰਹਿੰਦੇ ਹਨ।
ਗੁਰਿੰਦਰ ਪਾਲ ਨੇ ਕਿਹਾ, ‘‘ਮੈਨੂੰ ਯੂਕੇ ਰਹਿੰਦਿਆਂ 15 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਹੈ। ਮੇਰੇ ਸਾਰੇ ਪਰਿਵਾਰ ਕੋਲ ਬ੍ਰਿਟਿਸ਼ ਨਾਗਰਿਕਤਾ ਹੈ। ਪਰ ਮੇਰੇ ਕੋਲ ਬ੍ਰਿਟਿਸ਼ ਪਾਸਪੋਰਟ ਨਹੀਂ ਹੈ।’’
ਕਦੋਂ ਆਏ ਪੰਜਾਬ ਤੇ ਵਾਪਸ ਲੰਡਨ ਕਿਉਂ ਜਾਣਾ ਸੀ
ਅੰਮ੍ਰਿਤਸਰ ਏਅਰਪੋਰਟ ਦੀ ਤਸਵੀਰ
ਗੁਰਿੰਦਰ ਪਾਲ ਦੱਸਦੇ ਹਨ ਕਿ 9 ਫ਼ਰਵਰੀ ਨੂੰ ਉਹ ਪੰਜਾਬ ਆਏ ਸਨ ਅਤੇ 15 ਫ਼ਰਵਰੀ ਨੂੰ ਉਨ੍ਹਾਂ ਦਾ ਪਰਿਵਾਰ ਆਇਆ ਸੀ।
ਗੁਰਿੰਦਰ ਪਾਲ ਸਿੰਘ ਨੇ ਦੱਸਿਆ ਕਿ ਉਹ ਆਪਣੇ ਪਰਿਵਾਰ ਨਾਲ ਪੰਜਾਬ ਆਏ ਹੋਏ ਸੀ ਤੇ ਉਨ੍ਹਾਂ ਦਾ ਪਰਿਵਾਰ ਦੋ ਦਿਨ ਪਹਿਲਾਂ ਹੀ ਵਾਪਸ ਲੰਡਨ ਚਲਾ ਗਿਆ ਸੀ।
ਗੁਰਿੰਦਰ ਪਾਲ ਮੁਤਾਬਕ ਕਿਉਂਕਿ ਉਨ੍ਹਾਂ ਦੀ ਬੇਟੀ ਦਾ ਸਕੂਲ ਸ਼ੁਰੂ ਹੋਣਾ ਸੀ, ਇਸ ਲਈ ਉਨ੍ਹਾਂ ਦੀ ਟਿਕਟ ਦੋ ਦਿਨਾਂ ਬਾਅਦ (9 ਮਾਰਚ) ਦੀ ਸੀ ਅਤੇ ਉਨ੍ਹਾਂ ਨੇ ਬੇਟੀ ਦੇ ਕਿਸੇ ਕੋਰਸ ਦੀ ਐਡਮਿਸ਼ਨ ਲਈ ਜਾਣਾ ਸੀ।
ਉਹ ਇਸ ਬਾਰੇ ਅੱਗੇ ਕਹਿੰਦੇ ਹਨ, ‘‘ਪਹਿਲਾਂ ਮੈਂ 16 ਫ਼ਰਵਰੀ ਨੂੰ ਲੰਡਨ ਜਾਣਾ ਸੀ ਪਰ ਬਾਅਦ ਵਿੱਚ ਮੈਨੂੰ ਟਿਕਟ ਅੱਗੇ ਪਾਉਣੀ ਪਈ। ਮੈਂ ਇਸ ਵਾਰ ਜਾ ਕੇ ਡੇਢ ਦੋ ਮਹੀਨੇ ਬਾਅਦ ਫ਼ਿਰ ਵਾਪਸ ਆਉਣਾ ਸੀ, ਕਿਉਂਕਿ ਮੈਂ ਆਪਣੇ ਭਰਾ ਦੇ ਨਾਲ ਖੇਤੀਬਾੜੀ ਨਾਲ ਜੁੜੇ ਕਿਸੇ ਕਾਰੋਬਾਰ ਦੀ ਯੋਜਨਾ ਬਣਾ ਰਿਹਾ ਸੀ।’’
ਅੰਮ੍ਰਿਤਸਰ ਏਅਰਪੋਰਟ ਉੱਤੇ ਰੋਕੇ ਜਾਣ ਬਾਰੇ ਉਹ ਕਹਿੰਦੇ ਹਨ, ‘‘ਜੇ ਕੋਈ ਐੱਫ਼ਆਈਆਰ ਕੱਟੀ ਗਈ ਹੈ ਤਾਂ ਇਸ ਬਾਰੇ ਕੁਝ ਪਤਾ ਹੀ ਨਹੀਂ ਸੀ। ਜੇ ਐੱਫ਼ਆਈਆਰ ਹੋਈ ਵੀ ਸੀ ਤਾਂ ਇਹ ਇਨ੍ਹਾਂ ਦੀ ਜ਼ਿੰਮੇਵਾਰੀ ਸੀ ਕਿ ਮੈਨੂੰ ਦੱਸਦੇ। ਮੈਨੂੰ ਕਿਸੇ ਨੇ ਕੁਝ ਨਹੀਂ ਦੱਸਿਆ।’’
ਪੰਜਾਬ ਆਉਣ ’ਤੇ ਪਤਾ ਲੱਗਿਆ ਪੁਲਿਸ ਦੇ ਨੋਟਿਸ ਬਾਰੇ
ਗੁਰਿੰਦਰ ਪਾਲ ਦੱਸਦੇ ਹਨ ਕਿ ਜਦੋਂ ਮੈਂ ਪੰਜਾਬ ਆਇਆ ਸੀ ਤਾਂ ਉਦੋਂ (ਪੁਲਿਸ ਵਾਲੇ) ਆਏ ਸੀ ਤਾਂ ਕਹਿੰਦੇ ਕਿ ਇਹ ਤੁਹਾਡੇ ਲਈ ਨੋਟਿਸ ਹੈ। ਮੈਂ ਤਿੰਨ ਮਹੀਨੇ ਇੱਥੇ ਰਹਿ ਕੇ ਗਿਆ ਸੀ, ਮੇਰੇ ਹੁੰਦੇ ਤਾਂ ਕਿਸੇ ਨੇ ਕੁਝ ਕਿਹਾ ਨਹੀਂ। ਜਦੋਂ ਮੈਂ ਚਲਾ ਗਿਆ ਤਾਂ ਮੇਰੇ ਛੋਟੇ ਭਰਾ ਕੋਲ ਪਿੰਡ ਆ ਕੇ ਪੜਤਾਲ ਕਰਦੇ ਸੀ। ਮੇਰੀ ਵੀ ਪੁਲਿਸ ਨਾਲ ਗੱਲ ਹੋਈ ਤੇ ਮੈਂ ਕਿਹਾ ਕਿ ਤੁਸੀਂ ਜੋ ਮੰਗਦੇ ਹੋ ਅਸੀਂ ਦਿੰਦੇ ਹਾਂ।
ਗੁਰਿੰਦਰ ਪਾਲ ਮੁਤਾਬਕ ਪੁਲਿਸ ਨੇ ਉਨ੍ਹਾਂ ਨੂੰ ਬੁਲਾਇਆ ਕਿ ਸਪੱਸ਼ਟੀਕਰਨ ਦਿਓ।
ਉਨ੍ਹਾਂ ਮੁਤਾਬਕ ਇਹ ਸਪਸ਼ਟੀਕਰਨ ਉਨ੍ਹਾਂ ਦੀ ਵਾਇਰਲ ਫੋਟੋ ਬਾਰੇ ਸੀ, ਜਿਸ ਵਿੱਚ ਉਹ ਅਮ੍ਰਿਤਪਾਲ ਦੇ ਨਾਲ ਖ਼ਾਲਸਾ ਵਹੀਰ ਦੌਰਾਨ ਸ਼ਾਮਲ ਸੀ।
ਉਨ੍ਹਾਂ ਮੁਤਾਬਕ ਪੁਲਿਸ ਵਾਲੇ ਕਹਿੰਦੇ ਕਿ ਸੋਸ਼ਲ ਮੀਡੀਆ ਉੱਤੇ ਤੁਹਾਡੀ ਫੋਟੋ ਹੈ, ਤੁਹਾਨੂੰ ਪਤਾ ਹੈ ਕਿ ਧਾਰਾ (188) ਲੱਗੀ ਹੋਈ ਹੈ।
ਗੁਰਿੰਦਰ ਪਾਲ ਮੁਤਾਬਕ ਉਨ੍ਹਾਂ ਜਵਾਬ ਦਿੱਤਾ, ‘‘ਮੈਂ ਕਿਹਾ ਜੀ ਕਿ ਮੈਨੂੰ ਕੁਝ ਪਤਾ ਨਹੀਂ, ਮੈਂ ਬਾਹਰੋਂ ਆਇਆਂ ਤੇ ਮੈਨੂੰ ਪਤਾ ਨਹੀਂ ਇੱਥੋਂ ਦੇ ਕਾਨੂੰਨ ਵਿੱਚ ਕੀ ਬਦਲਾਅ ਹੁੰਦਾ ਹੈ, ਹਰ ਦਿਨ ਕੀ ਸੋਧਾਂ ਹੁੰਦੀਆਂ ਹਨ। ਕਾਨੂੰਨ ਪੜ੍ਹਨ ਨੂੰ ਸਮਾਂ ਲੱਗਦਾ ਹੈ, ਮੈਂ ਰਾਹ ਵਿੱਚ ਜਾ ਰਿਹਾ ਹਾਂ ਤਾਂ ਮੈਨੂੰ ਨਹੀਂ ਪਤਾ ਕਿ ਉੱਥੇ ਕਿਹੜੀ ਧਾਰਾ ਲੱਗੀ ਹੋਈ ਹੈ, ਮੈਂ ਇਹ ਥੋੜ੍ਹਾ ਚੈੱਕ ਕਰੀ ਜਾਵਾਂਗਾ ਕਿ ਰੋਡ ਉੱਤੇ ਕਿਹੜੀ ਧਾਰਾ ਲੱਗੀ ਹੋਈ ਹੈ।’’
‘‘ਸਪੱਸ਼ਟੀਕਰਨ ਦਿੱਤਾ ਪਰ ਮੇਰੀ ਹਰਾਸਮੈਂਟ ਹੋਈ’’
ਅੰਮ੍ਰਿਤਸਰ ਏਅਰਪੋਰਟ ਦੇ ਅੰਦਰ ਦੀ ਤਸਵੀਰ
ਗੁਰਿੰਦਰ ਪਾਲ ਸਿੰਘ ਮੁਤਾਬਕ ਉਹ ਆਪਣਾ ਸਪੱਸ਼ਟੀਕਰਨ ਦੇ ਕੇ ਆਏ ਅਤੇ ਥਾਣੇਦਾਰ ਕਹਿੰਦੇ ਕਿ ਸੀਨੀਅਰ ਅਫ਼ਸਰ ਨਾਲ ਗੱਲ ਕਰ ਲਓ।
ਗੁਰਿੰਦਰ ਪਾਲ ਮੁਤਾਬਕ ਸੀਨੀਅਰ ਅਫ਼ਸਰ ਮੌਜੂਦ ਨਹੀਂ ਸੀ।
ਗੁਰਿੰਦਰ ਕਹਿੰਦੇ ਹਨ, ‘‘ਮੇਰੇ ਭਰਾ ਨੂੰ ਵੀ ਪੁੱਛਦੇ ਰਹੇ, ਮੈਂ ਕਿਹਾ ਕਿ ਮੈਨੂੰ ਦੱਸੋ ਕਿ ਕੋਈ ਗ਼ਲਤੀ ਕੀਤੀ ਹੈ, ਕੋਈ ਜੁਰਮ ਕੀਤਾ ਹੈ, ਕੁਝ ਦੱਸੋ ਤਾਂ ਸਹੀ। ਕਿਸੇ ਨੇ ਕੁਝ ਨਹੀਂ ਦੱਸਿਆ। ਕਹਿੰਦੇ ਕਿ ਸਭ ਕੁਝ ਠੀਕ ਹੈ ਜੀ, ਵੈਸੇ ਹੀ ਸਾਨੂੰ ਪਿੱਛੋ ਆਰਡਰ ਹੁੰਦੇ ਹਨ।’’
ਉਨ੍ਹਾਂ ਮੁਤਾਬਕ ਜਦੋਂ ਉਹ ਏਅਰਪੋਰਟ ਉੱਤੇ (9 ਮਾਰਚ) ਇਮੀਗ੍ਰੇਸ਼ਨ ਵੱਲ ਗਏ ਤਾਂ ਉਨ੍ਹਾਂ ਦੇ ਸਿਸਟਮ ਵਿੱਚ ਕੋਈ ਐੱਫ਼ਆਈਆਰ ਆਈ।
ਗੁਰਿੰਦਰ ਪਾਲ ਕਹਿੰਦੇ ਹਨ ਕਿ ਉਨ੍ਹਾਂ ਨੂੰ ਇਸ ਬਾਰੇ ਕੁਝ ਪਤਾ ਨਹੀਂ ਸੀ।
‘‘ਮੈਨੂੰ ਉੱਥੇ ਰੋਕਿਆ ਗਿਆ ਅਤੇ ਮੇਰੀ ਹਰਾਸਮੈਂਟ ਹੋਈ। ਮੇਰੀ ਟਿਕਟ ਵੀ ਖ਼ਰਾਬ ਹੋਈ, ਸਮਾਂ ਵੀ ਅਤੇ ਮੇਰੇ ਬੱਚੇ ਦਾ ਫੰਕਸ਼ਨ ਸੀ ਤੇ ਉਹ ਬਹੁਤ ਜ਼ਰੂਰੀ ਸੀ, ਮੈਂ ਉਸ ਤੋਂ ਵੀ ਵਾਂਝਾ ਰਿਹਾ।’’
ਅਮ੍ਰਿਤਪਾਲ ਸਿੰਘ ਨਾਲ ਸਾਂਝ ਬਾਰੇ ਕੀ ਕਹਿੰਦੇ ਗੁਰਿੰਦਰ ਪਾਲ
ਗੁਰਿੰਦਰ ਪਾਲ ਨੇ ਕਿਹਾ, ''''ਜਦੋਂ ਦੀ ਖ਼ਾਲਸਾ ਵਹੀਰ ਚਲਾਈ ਗਈ ਮੈਂ ਉਦੋਂ ਹੀ ਇੱਥੇ ਆਇਆ ਸੀ। ਆਈਬੀ ਅਤੇ ਹੋਰ ਏਜੰਸੀਆਂ ਨੇ ਵੀ ਇਸ ਬਾਬਤ ਮੈਨੂੰ ਸਵਾਲ ਪੁੱਛੇ ਸਨ, ਉਨ੍ਹਾਂ ਨੂੰ ਵੀ ਮੈਂ ਇਹੀ ਦੱਸਿਆ ਕਿ ਕਿਸਾਨ ਅੰਦੋਲਨ ਸ਼ੁਰੂ ਹੋਇਆ ਤਾਂ ਮੈਂ ਦੀਪ ਸਿੱਧੂ ਤੇ ਉਨ੍ਹਾਂ ਦੇ ਕੰਮ ਦਾ ਫ਼ੈਨ ਸੀ।''''
ਉਨ੍ਹਾਂ ਅੱਗੇ ਕਿਹਾ, ‘‘ਦੂਜੇ ਪਾਸੇ ਸਾਡੇ ਭਾਈ ਅਮ੍ਰਿਤਪਾਲ ਸਿੰਘ ਹਨ, ਜਿਹੜੀ ਉਨ੍ਹਾਂ ਨੇ ਨੌਜਵਾਨਾਂ ਨੂੰ ਨਸ਼ਾ ਛੁਡਾਉਣ ਲਈ ਨਸ਼ਿਆਂ ਖ਼ਿਲਾਫ਼ ਮੁਹਿੰਮ ਸ਼ੁਰੂ ਕੀਤੀ ਹੈ ਤਾਂ ਮੈਂ ਇਸ ਚੀਜ਼ ਨੂੰ ਸਪੋਰਟ ਕਰਦਾ ਹਾਂ।’’
‘‘ਮੈਨੂੰ ਆਈਬੀ ਵਾਲੇ ਕਹਿੰਦੇ ਤੁਸੀਂ ਕਿਵੇਂ ਸਪੋਰਟ ਕਰਦੇ ਹੋ, ਦੋਸਤਾਨਾ ਸਪੋਰਟ ਕਰਦੇ ਹੋ ਜਾਂ ਸੋਸ਼ਲ ਮੀਡੀਆ ਉੱਤੇ?। ਮੈਂ ਉਨ੍ਹਾਂ ਨੂੰ ਕਿਹਾ ਕਿ ਅਸੀਂ ਜਿਹੜੀ ਕੌਮ ਤੋਂ ਆਉਂਦੇ ਹਾਂ ਉਸ ਵਿੱਚ ਇੱਕ ਅਰਦਾਸ ਹੈ। ਅਸੀਂ ਭਾਈ ਅਮ੍ਰਿਤਪਾਲ ਦੀ ਚੜ੍ਹਦੀ ਕਲਾ ਦੀ ਅਰਦਾਸ ਕਰਦੇ ਹਾਂ। ਉਹ ਵੀ ਇੱਕ ਸਾਡੀ ਨੈਤਿਕ ਸਪੋਰਟ ਹੁੰਦੀ ਹੈ ਤੇ ਤੁਸੀਂ ਹਰ ਚੀਜ਼ ਨੂੰ ਗ਼ਲਤ ਪਾਸੇ ਨਾ ਜੋੜਿਆ ਕਰੋ।’’
ਗੁਰਿੰਦਰ ਪਾਲ ਦਾ ਇਲਜ਼ਾਮ ਹੈ ਕਿ ਉਨ੍ਹਾਂ ਨੇ ਪੁਲਿਸ ਨੂੰ ਆਪਣਾ ਪਾਸਪੋਰਟ ਸੌਂਪ ਦਿੱਤਾ ਪਰ ਇਨ੍ਹਾਂ ਨੇ ਇਸ ਦੀ ਕਾਪੀਆਂ ਮੀਡੀਆ ਵਿੱਚ ਦੇ ਦਿੱਤੀਆਂ।
ਉਨ੍ਹਾਂ ਮੁਤਾਬਕ ਉਨ੍ਹਾਂ ਦੀ ਨਿੱਜੀ ਜਾਣਕਾਰੀ ਪੂਰੀ ਦੁਨੀਆਂ ਵਿੱਚ ਨਸ਼ਰ ਹੋ ਗਈ ਹੈ।
ਗੁਰਿੰਦਰ ਪਾਲ ਦੱਸਦੇ ਹਨ ਕਿ ਫ਼ਿਲਹਾਲ ਪਾਸਪੋਰਟ ਅਤੇ ਹੋਰ ਕਾਗਜ਼ ਪੁਲਿਸ ਨੇ ਉਨ੍ਹਾਂ ਨੂੰ ਵਾਪਸ ਦੇ ਦਿੱਤੇ ਹਨ।
ਪੁਲਿਸ ਦਾ ਕੀ ਕਹਿਣਾ ਹੈ
ਜਲੰਧਰ ਕੈਂਟ ਤੋਂ ਪੰਜਾਬ ਪੁਲਿਸ ਦੇ ਸਹਾਇਕ ਪੁਲਿਸ ਕਮਿਸ਼ਨਰ ਬਬਨਦੀਪ ਸਿੰਘ ਲੁਬਾਨਾ
ਜਲੰਧਰ ਕੈਂਟ ਤੋਂ ਪੰਜਾਬ ਪੁਲਿਸ ਦੇ ਸਹਾਇਕ ਪੁਲਿਸ ਕਮਿਸ਼ਨਰ ਬਬਨਦੀਪ ਸਿੰਘ ਲੁਬਾਣਾ ਨੇ ਬੀਬੀਸੀ ਸਹਿਯੋਗੀ ਪ੍ਰਦੀਪ ਸ਼ਰਮਾ ਨਾਲ ਗੱਲ ਕਰਦੇ ਹੋਏ ਦੱਸਿਆ ਕਿ ਸਰਕਾਰੀ ਹਦਾਇਤਾਂ ਮੁਤਾਬਕ ਹਥਿਆਰਾਂ ਦੀ ਸੋਸ਼ਲ ਮੀਡੀਆ ਉੱਤੇ ਨੁਮਾਇਸ਼ ਕਰਨ ’ਤੇ ਪਾਬੰਦੀ ਹੈ।
ਬਬਨਦੀਪ ਸਿੰਘ ਨੇ ਦੱਸਿਆ, ‘‘ਸਾਨੂੰ ਜਾਣਕਾਰੀ ਮਿਲੀ ਕਿ ਗੁਰਿੰਦਰ ਪਾਲ ਸਿੰਘ ਨਾਮ ਦੇ ਵਿਅਕਤੀ ਨੂੰ ਹਥਿਆਰਾਂ ਨਾਲ ਦੇਖਿਆ ਗਿਆ ਹੈ। ਜਦੋਂ ਅਸੀਂ ਸੋਸ਼ਲ ਮੀਡੀਆ ਦੇਖ ਰਹੇ ਸੀ ਤਾਂ ਉਹ ਤਸਵੀਰ ਸਾਹਮਣੇ ਆਈ ਅਤੇ ਇਸ ਤਹਿਤ ਸਦਰ ਥਾਣਾ, ਜਲੰਧਰ ਵਿੱਚ ਡੀਡੀਆਰ ਐਂਟਰੀ ਪਾ ਕੇ ਇਨ੍ਹਾਂ ਨੂੰ (ਗੁਰਿੰਦਰ ਪਾਲ) ਨੋਟਿਸ ਜਾਰੀ ਕੀਤੇ ਗਏ।’’
‘‘ਇਹ ਨੋਟਿਸ 16 ਅਤੇ 17 ਫ਼ਰਵਰੀ ਨੂੰ ਜਾਰੀ ਕੀਤੇ ਗਏ ਤਾਂ ਜੋ ਇਹ ਪੜਤਾਲ ਵਿੱਚ ਸ਼ਾਮਲ ਹੋ ਕੇ ਆਪਣਾ ਪੱਖ ਰੱਖ ਸਕਣ। ਇਹ ਦੱਸ ਸਕਣ ਕਿ ਜੋ ਹਥਿਆਰ ਉਨ੍ਹਾਂ ਕੋਲ ਸੀ, ਉਨ੍ਹਾਂ ਨੇ ਕਿਉਂ ਉਸ ਹਥਿਆਰ ਦੀ ਨੁਮਾਇਸ਼ ਕੀਤੀ। ਇਸ ਤੋਂ ਇਲਾਵਾ ਉਨ੍ਹਾਂ ਦੇ ਲਾਇਸੈਂਸ ਬਾਰੇ ਪਤਾ ਕੀਤਾ ਜਾ ਸਕੇ। ਨੋਟਿਸ ਦੇਣ ਤੋਂ ਬਾਅਦ ਇਹ ਪੜਤਾਲ ਵਿੱਚ ਸ਼ਾਮਲ ਨਹੀਂ ਹੋਏ।’’
‘’ਅਸੀਂ 20 ਫ਼ਰਵਰੀ 2023 ਨੂੰ ਇੱਕ ਐੱਫ਼ਆਈਆਰ ਦਰਜ ਕੀਤੀ। ਉਸ ਐਫ਼ਆਈਆਰ ਵਿੱਚ ਆਈਪੀਸੀ ਦੀ ਧਾਰਾ 188 ਲਗਾਈ ਪਰ ਇਸ ਤੋਂ ਬਾਅਦ ਵੀ ਇਹ (ਗੁਰਿੰਦਰ ਪਾਲ) ਤਫ਼ਤੀਸ਼ ਵਿੱਚ ਸ਼ਾਮਲ ਨਹੀਂ ਹੋਏ। ਫ਼ਿਰ ਅਸੀਂ ਲੁਕ ਆਊਟ ਸਰਕੁਲਰ ਜਾਰੀ ਕੀਤਾ ਤਾਂ ਜੋ ਇਨ੍ਹਾਂ ਨੂੰ ਫੜ੍ਹਿਆ ਜਾ ਸਕੇ।’’
‘‘ਕੱਲ (9 ਮਾਰਚ) ਨੂੰ ਜਦੋਂ ਇਹ (ਗੁਰਿੰਦਰ ਪਾਲ) ਅੰਮ੍ਰਿਤਸਰ ਏਅਰਪੋਰਟ ਉੱਤੇ ਯੂਕੇ ਦੀ ਫਲਾਈਟ ਫੜ੍ਹਨ ਲੱਗੇ ਸੀ ਤਾਂ ਇਨ੍ਹਾਂ ਨੂੰ ਏਅਰਪੋਰਟ ਦੀਆਂ ਸਥਾਨਕ ਅਥਾਰਿਟੀਆਂ ਨੇ ਫੜ੍ਹਿਆ ਅਤੇ ਥਾਣਾ ਸਦਰ ਨੂੰ ਇਸ ਦੀ ਜਾਣਕਾਰੀ ਦਿੱਤੀ ਗਈ। ਇਸ ਤੋਂ ਬਾਅਦ ਥਾਣਾ ਸਦਰ ਦੇ ਐੱਸਐੱਚਓ ਨੇ ਅੰਮ੍ਰਿਤਸਰ ਏਅਰਪੋਰਟ ਜਾ ਕੇ ਕਾਨੂੰਨੀ ਕਾਰਵਾਈ ਕੀਤੀ ਗਈ ਤਾਂ ਜੋ ਇਹ (ਗੁਰਿੰਦਰ ਪਾਲ) ਸਾਡੇ ਨਾਲ ਤਫ਼ਤੀਸ਼ ਵਿੱਚ ਸ਼ਾਮਲ ਹੋ ਕੇ ਆਪਣਾ ਪੱਖ ਰੱਖ ਸਕਣ।’’
ਬਬਨਦੀਪ ਸਿੰਘ ਦੱਸਦੇ ਹਨ ਕਿ ਆਈਪੀਸੀ ਦੀ ਧਾਰਾ 188 ਨੂੰ ਜੇ ਕੋਈ ਤੋੜਦਾ ਹੈ ਤਾਂ ਉਸ ਸ਼ਖ਼ਸ ਉੱਤੇ ਪੁਲਿਸ ਵੱਲੋਂ ਇਸ ਤਹਿਤ ਕੇਸ ਦਰਜ ਕੀਤਾ ਜਾਂਦਾ ਹੈ। ਇਸ ਧਾਰਾ ਤਹਿਤ ਜ਼ੁਰਮ ਜ਼ਮਾਨਤੀ ਹੁੰਦਾ ਹੈ।
(ਬੀਬੀਸੀ ਪੰਜਾਬੀ ਨਾਲ , , ਅਤੇ ''ਤੇ ਜੁੜੋ।)
![](https://static.jagbani.com/jb2017/images/bbc-footer.png)
ਅਮਰੀਕਾ ਮਗਰੋਂ ਕੈਨੇਡਾ ਦੇ ਇਸ ਸ਼ਹਿਰ ''ਚ ਜਾਤ ਅਧਾਰਿਤ ਵਿਤਕਰੇ ਬਾਰੇ ਇਹ ਮਤਾ ਪਾਸ ਹੋਇਆ
NEXT STORY