ਵੱਖ-ਵੱਖ ਮੁਲਕਾਂ ਦੇ ਹਜ਼ਾਰਾਂ ਪਰਵਾਸੀ ਅਮਰੀਕਾ-ਮੈਕਸੀਕੋ ਸਰਹੱਦ ਉੱਤੇ ਪਹੁੰਚ ਰਹੇ ਹਨ।
ਹਰ ਰੋਜ਼ 10,000 ਤੋਂ ਵੀ ਵੱਧ ਪਰਵਾਸੀ ਕਰੀਬ 2000 ਮੀਲ ਲੰਬੀ ਸਰਹੱਦ ਪਰ ਕਰਦੇ ਹਨ। ਇਹ ਗਿਣਤੀ ਪਿਛਲੇ ਦੋ ਮਹੀਨਿਆਂ ਦੇ ਅੰਕੜੇ ਦੇਖੀਏ ਤਾਂ ਆਮ ਨਾਲੋਂ ਦੁੱਗਣੀ ਹੈ।
ਅਜਿਹਾ ਹੋ ਰਿਹਾ ਹੈ ਅਮਰੀਕਾਂ ਵਲੋਂ ਟਾਈਟਲ 42 ਜਿਸ ਨੂੰ ਪਬਲਿਕ ਹੈਲਥ ਐਕਟ ਵਜੋਂ ਜਾਣਿਆ ਜਾਂਦਾ ਹੈ, ਉਸਦੇ ਵੀਰਵਾਰ ਨੂੰ ਖ਼ਤਮ ਹੋਣ ਨਾਲ।
ਟੈਕਸਸ ਦਾ ਸਰਹੱਦੀ ਸ਼ਹਿਰ ਐੱਲ ਪਾਸੋ ਕੁਝ ਬੇਚੈਨ ਜਿਹਾ ਜਾਪਦਾ ਹੈ, ਪਰਵਾਸੀ ਜਿਨ੍ਹਾਂ ਅਸਥਾਈ ਕੈਂਪਾਂ ਵਿੱਚ ਰਹਿੰਦੇ ਸਨ ਉਨ੍ਹਾਂ ਨੂੰ ਹਟਾ ਦਿੱਤਾ ਗਿਆ ਹੈ।
ਫ਼ਿਰ ਵੀ, ਸਥਾਨਕ ਅਧਿਕਾਰੀ ਅਤੇ ਮਨੁੱਖਤਾਵਾਦੀ ਸੰਸਥਾਵਾਂ ਇਸ ਗੱਲ ਨੂੰ ਮੰਨਦੀਆਂ ਹਨ ਕਿ ਪਰਵਾਸੀਆਂ ਦੀ ਆਮਦ ਦਾ ਪ੍ਰਬੰਧ ਕਰਨਾ ਮੁਸ਼ਕਲ ਹੋ ਸਕਦਾ ਹੈ।
ਸ਼ਹਿਰ ਦੇ ਮੇਅਰ, ਆਸਕਰ ਲੀਜ਼ਰ ਨੇ ਚੇਤਾਵਨੀ ਦਿੱਤੀ ਹੈ ਕਿ ਅੰਦਾਜ਼ਨ 10,000 ਪਰਵਾਸੀ ਮੈਕਸੀਕੋ ਦੇ ਸਿਉਦਾਦ ਜੁਆਰੇਜ਼ ਵਿੱਚ ਐੱਲ ਪਾਸੋ ਤੋਂ ਪਾਰ ਹੋਣ ਦੇ ਮੌਕੇ ਦੀ ਉਡੀਕ ਕਰ ਰਹੇ ਹਨ।
ਵੱਡੀ ਗਿਣਤੀ ਵਿੱਚ ਲੋਕ ਸਰਹੱਦ ਪਾਰ ਕਰਨ ਦੀ ਕੋਸ਼ਿਸ਼ ਕਰ ਰਹੇ ਹਨ
ਬਾਰਡਰ ਪੈਟਰੋਲ ਦੇ ਮੁਖੀ ਰਾਉਲ ਔਰਟੀਜ਼ ਨੇ ਬੀਬੀਸੀ ਦੇ ਭਾਈਵਾਲ ਸੀਬੀਐੱਸ ਨੂੰ ਕਿਹਾ ਕਿ,“ਮੰਨਿਆ ਜਾਂਦਾ ਹੈ ਕਿ ਤਕਰੀਬਨ 60,000 ਲੋਕ ਬਾਰਡਰ ਪਾਰ ਕਰਨ ਦੀ ਉਡੀਕ ਕਰ ਰਹੇ ਹਨ।
ਇੱਕ ਸਥਾਨਕ ਆਸਰਾ ਕੇਂਦਰ ਜਿਸ ਵਿੱਚ ਪਰਵਾਸੀ ਰਹਿੰਦੇ ਹਨ ਦੇ ਮਾਰਕੀਟਿੰਗ ਡਾਇਰੈਕਟਰ ਨਿਕੋਲ ਰੀਉਲੇਟ ਨੇ ਕਿਹਾ,"ਅਸੀਂ ਜਿੰਨਾ ਸੰਭਵ ਹੋ ਸਕਦਾ ਹੈ ਚੀਜ਼ਾਂ ਇਕੱਤਰ ਕਰਕੇ ਰੱਖ ਰਹੇ ਹਾਂ। ਭੋਜਨ ਤੇ ਹੋਰ ਲੋੜੀਂਦੀਆਂ ਚੀਜ਼ਾਂ। ਕੋਈ ਵੀ ਅਸਲ ਵਿੱਚ ਨਹੀਂ ਜਾਣਦਾ ਕਿੰਨੇ ਲੋਕ ਆਉਣਗੇ। ਸਾਡੇ ਲਈ ਇਸ ਸਭ ਲਈ ਤਿਆਰ ਹੋਣਾ ਔਖਾ ਹੈ।”
''''ਵੀਰਵਾਰ ਨੂੰ, ਲਗਭਗ 25,000 ਪਰਵਾਸੀਆਂ ਨੂੰ ਬਾਰਡਰ ਪੈਟਰੋਲ ਹਿਰਾਸਤ ਵਿੱਚ ਲਿਆ ਗਿਆ। ਹਾਲਾਂਕਿ ਏਜੰਸੀ ਕੋਲ ਇੰਨੀ ਵੱਡੀ ਗਿਣਤੀ ਲੋਕਾਂ ਨੂੰ ਰੱਖਣ ਦਾ ਪ੍ਰਬੰਧ ਵੀ ਨਹੀਂ ਸੀ।”
ਵੱਡੀ ਗਿਣਤੀ ਵਿੱਚ ਲੋਕਾਂ ਦੇ ਇਕੱਠੇ ਹੋਣ ਦੇ ਡਰ ਤੋਂ, ਅਧਿਕਾਰੀ ਪਰਵਾਸੀਆਂ ਨੂੰ ਰਿਹਾਅ ਕਰ ਰਹੇ ਸਨ ਅਤੇ ਉਨ੍ਹਾਂ ਨੂੰ 60 ਦਿਨਾਂ ਦੇ ਅੰਦਰ-ਅੰਦਰ ਇਮੀਗ੍ਰੇਸ਼ਨ ਦਫ਼ਤਰ ਨੂੰ ਰਿਪੋਰਟ ਕਰਨ ਲਈ ਕਹਿ ਰਹੇ ਸਨ।”
ਐੱਲ ਪਾਸੋ ਵਿੱਚ ਕਈ ਪਰਵਾਸੀਆਂ ਨੇ ਬੀਬੀਸੀ ਨੂੰ ਦੱਸਿਆ ਕਿ ਉਹ ਨੀਤੀ ਵਿੱਚ ਬਦਲਾਅ ਹੋਣ ਤੋਂ ਪਹਿਲਾਂ ਹੀ ਸਰਹੱਦ ਵੱਲ ਆ ਗਏ ਸਨ। ਇਹ ਜਲਦਬਾਜ਼ੀ ਸੀ ਤੇ ਉਨ੍ਹਾਂ ਨੂੰ ਹਾਲੇ ਪਤਾ ਵੀ ਨਹੀਂ ਸੀ ਕਿ ਨੀਤੀ ਵਿੱਚ ਬਦਲਾਅ ਨਾਲ ਕੀ ਹੋਵੇਗਾ।
ਸ਼ਰਨ ਪਾਉਣ ਦੀ ਕੋਸ਼ਿਸ਼ ਕਰਨ ਵਾਲੇ ਲੋਕਾਂ ਦੀ ਨਿਰਾਸ਼ਾ
ਸਰਹੱਦ ’ਤੇ ਬਿਨ੍ਹਾਂ ਸੋਚਿਆਂ ਆਉਣ ਵਾਲਿਆਂ ਵਿੱਚ ਜੌਨ ਉਜ਼ਕਟੇਗੁਈ ਅਤੇ ਉਨ੍ਹਾਂ ਦੀ ਪ੍ਰੇਮਿਕਾ ਈਸਮੇਲੀ ਵੀ ਸ਼ਾਮਲ ਹਨ।
24 ਸਾਲਾਂ ਦਾ ਇਹ ਨੌਜਵਾਨ ਜੋੜਾ ਵੈਨੇਜ਼ੁਏਲਾ ਤੋਂ ਹੈ।
ਦੋਵਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਕਸਟਮਜ਼ ਅਤੇ ਬਾਰਡਰ ਪੈਟਰੋਲ ਵਲੋਂ ਚਲਾਈ ਜਾਂਦੀ ਐਪ ਜ਼ਰੀਏ ਸ਼ਰਣ ਹਾਸਲ ਕਰਨ ਲਈ ਮੁਲਾਕਾਤ ਦਾ ਸਮਾਂ ਨਿਰਧਾਰਿਤ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ। ਪਰ ਉਨ੍ਹਾਂ ਨੂੰ ਸਫ਼ਲਤਾ ਨਾ ਮਿਲੀ, ਜਿਸ ਕਾਰਨ ਦੋਵੇਂ ਨਿਰਾਸ਼ ਹਨ।
ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਤਸਕਰਾਂ ਅਤੇ ਹੋਰ ਪ੍ਰਵਾਸੀਆਂ ਨੇ ਕਿਹਾ ਸੀ ਕਿ ਜੇ ਉਹ ਆਪਣੇ ਆਪ ਨੂੰ ਯੂਐੱਸ ਕਸਟਮਜ਼ ਅਤੇ ਬਾਰਡਰ ਪੈਟਰੋਲ ਸਾਹਮਣੇ ਪੇਸ਼ ਹੁੰਦੇ ਹਨ, ਤਾਂ ਉਨ੍ਹਾਂ ਨੂੰ ਗ਼ੈਰ-ਕਾਨੂੰਨੀ ਤਰੀਕੇ ਨਾਲ ਸਰਹੱਦ ਪਰ ਕਰਨੇ ਬਦਲੇ ਫ਼ੌਰੀ ਦੇਸ਼ ਨਿਕਾਲਾ ਦਿੱਤਾ ਜਾਵੇਗਾ।
ਉਜ਼ਕਤੇਗੁਈ ਕਹਿੰਦੇ ਹਨ,"ਅਸੀਂ ਏਜੰਟਾਂ ''ਤੇ ਭਰੋਸਾ ਕੀਤਾ, ਅਤੇ ਅਮਰੀਕਾ ਜਾਣ ਲਈ ਸਫ਼ਰ ਸ਼ੁਰੂ ਕਰ ਦਿੱਤਾ। ਪਰ ਸਾਨੂੰ ਇੱਕ ਬੰਦ ਰਾਹ ''ਤੇ ਛੱਡ ਦਿੱਤਾ ਗਿਆ।"
“ਸਾਰੇ ਪਰਵਾਸੀ 11 ਮਈ ਦੀ ਗੱਲ ਤਾਂ ਕਰ ਰਹੇ ਸੀ, ਪਰ ਜੋ ਅਸੀਂ ਸੁਣਿਆ ਉਹ ਤੱਥਾਂ ’ਤੇ ਅਧਾਰਿਤ ਨਹੀਂ ਸੀ। ਸਾਨੂੰ ਬਸ ਇੰਨਾਂ ਪਤਾ ਕੀ ਕਿ ਕੁਝ ਬਦਲ ਰਿਹਾ ਹੈ।"
ਸਰਹੱਦ ਤੱਕ ਪਹੁੰਚਣ ਦੀ ਲੜਾਈ
ਬਹੁਤ ਲੋਕ ਸਰਹੱਦ ਤੋਂ ਦੂਰ-ਦੁਰਾਡੇ ਦੇ ਸ਼ਹਿਰਾਂ ਸ਼ਿਕਾਗੋ ਅਤੇ ਨਿਊਯਾਰਕ ਵਰਗੀਆਂ ਥਾਵਾਂ ਤੋਂ ਦੱਖਣੀ ਸਰਹੱਦ ਤੱਕ ਪਹੁੰਚਣ ਦੇ ਔਖੇ ਪੈਂਡੇ ’ਤੇ ਹਨ। ਮੁਸ਼ਕਿਲ ਨਾਲ ਸਰਹੱਦ ਤੱਕ ਪਹੁੰਚ ਜਾਣਾ ਚਾਹੁੰਦੇ ਹਨ।
ਟਾਈਟਲ 42 ਦੇ ਖ਼ਤਮ ਹੋਣ ਨਾਲ ਅਧਿਕਾਰੀ ਮੈਕਸੀਕੋ ਤੋਂ ਸਰਹੱਦ ਪਾਰ ਕਰਨ ਵਾਲੇ ਪਰਵਾਸੀਆਂ ਨੂੰ ਤੇਜ਼ੀ ਨਾਲ ਉਥੋਂ ਹਟਾਉਣ ਦੇ ਯੋਗ ਹੋ ਗਏ, ਜਿਨ੍ਹਾਂ ਵਿੱਚ ਪਨਾਹ ਲੈਣ ਦੀ ਕੋਸ਼ਿਸ਼ ਕਰਨ ਵਾਲੇ ਲੋਕ ਵੀ ਸ਼ਾਮਲ ਹਨ।
ਯੂਐੱਸ ਕਸਟਮਜ਼ ਅਤੇ ਬਾਰਡਰ ਪ੍ਰੋਟੈਕਸ਼ਨ ਅਧਿਕਾਰੀਆਂ ਮੁਤਾਬਕ, ਮਾਰਚ 2020 ਵਿੱਚ ਆਰਟੀਕਲ 42 ਲਾਗੂ ਹੋਣ ਤੋਂ ਬਾਅਦ ਇਸ ਐਕਟ ਅਧੀਨ ਕਰੀਬ 28ਲੱਖ ਲੋਕਾਂ ਨੂੰ ਕੱਢ ਦਿੱਤਾ ਗਿਆ ਹੈ।
ਆਰਟੀਕਲ 42 ਦੀ ਮਿਆਦ ਪੂਰੀ ਹੋਣ ਤੋਂ ਪਹਿਲਾਂ, ਅਮਰੀਕਨ ਅਧਿਕਾਰੀਆਂ ਨੇ ਪਰਵਾਸੀਆਂ ਦੇ ਆਉਣ ’ਤੇ ਰੋਕ ਲਾਉਣ ਦੇ ਮਕਸਦ ਨਾਲ ਨਵੇਂ ਉਪਾਅ ਵੀ ਸੁਝਾਏ ਹਨ।
ਜਿਨ੍ਹਾਂ ਵਿੱਚ ਲਾਤੀਨੀ ਅਮਰੀਕਾ ਵਿੱਚ ਸਥਾਨਕ ਪ੍ਰੋਸੈਸਿੰਗ ਕੇਂਦਰਾਂ ਨੂੰ ਖੋਲ੍ਹਣਾ ਅਤੇ ਪਨਾਹ ਲਈ ਮੀਟਿੰਗਾਂ ਨੂੰ ਬੁੱਕ ਕਰਨ ਲਈ ਸੀਬੀਪੀ ਵਨ ਵਰਤੋਂ ਕਰਨਾ ਵੀ ਸ਼ਾਮਲ ਹੈ।
ਆਸ ਕੀਤੀ ਜਾ ਰਹੀ ਹੈ ਕਿ ਇਸ ਨਾਲ ਪਰਵਾਸੀਆਂ ਲਈ ਪਨਾਹ ਲਈ ਅਰਜ਼ੀ ਦੇਣ ਦਾ ਕੰਮ ਤੇਜ਼ੀ ਨਾਲ ਹੋ ਜਾਵੇਗਾ।
ਹਾਲਾਂਕਿ ਕਈਆਂ ਨੂੰ ਕਾਨੂੰਨੀ ਚੁਣੌਤੀਆਂ ਦਾ ਸਾਹਮਣਾ ਕਰਨਾ ਪਵੇਗਾ।
ਕਸਟਮਜ਼ ਅਤੇ ਬਾਰਡਰ ਪ੍ਰੋਟੈਕਸ਼ਨ ਮੁਤਾਬਕ ਗ਼ੈਰ-ਕਾਨੂੰਨੀ ਤੌਰ ''ਤੇ ਸਰਹੱਦ ਪਾਰ ਕਰਨ ਵਾਲਿਆਂ ਨੂੰ ਉਨ੍ਹਾਂ ਦੇ ਗ੍ਰਹਿ ਦੇਸ਼ ਜਾਂ ਮੈਕਸੀਕੋ ਭੇਜ ਦਿੱਤਾ ਜਾਵੇਗਾ।
ਅਜਿਹੇ ਲੋਕਾਂ ਦੇ ਘੱਟੋ ਘੱਟ ਪੰਜ ਸਾਲਾਂ ਲਈ ਅਮਰੀਕਾ ਵਿੱਚ ਦੁਬਾਰਾ ਦਾਖਲ ’ਤੇ ਪਾਬੰਦੀ ਲਾ ਦਿੱਤੀ ਜਾਵੇਗੀ।
ਤੇ ਉਨ੍ਹਾਂ ਨੂੰ ਸ਼ਰਨ ਹਾਸਲ ਕਰਨ ਦੇ ਅਯੋਗ ਮੰਨਿਆ ਜਾਵੇਗਾ।
ਪਰਵਾਸੀਆਂ ਤੇ ਸਥਾਨਕ ਲੋਕਾਂ ਨੂੰ ਦਰਪੇਸ਼ ਚੁਣੌਤੀਆਂ
ਇਮੀਗ੍ਰੇਸ਼ਨ ਅਧਿਕਾਰੀਆਂ ਦੁਆਰਾ ਚੁੱਕੇ ਗਏ ਨਵੇਂ ਉਪਾਅ ਅਤੇ ਸਥਾਨਕ ਨਿਵਾਸੀਆਂ ਦੇ ਡਰ ਨੂੰ ਦੂਰ ਕਰਨ ਦੇ ਯਤਨਾਂ ਨੇ ਐਲ ਪਾਸੋ ਵਿੱਚ ਪ੍ਰਵਾਸੀਆਂ ਦੀ ਮਦਦ ਕਰਨ ਵਾਲੇ ਬਹੁਤ ਸਾਰੇ ਲੋਕਾਂ ਨੂੰ ਭਰੋਸਾ ਦਿਵਾਉਣ ਲਈ ਬਹੁਤ ਘੱਟ ਕੀਤਾ ਹੈ।
ਐਲ ਪਾਸੋਆਨਜ਼ ਫ਼ਾਈਟਿੰਗ ਹੰਗਰ ਫ਼ੂਡ ਬੈਂਕ ਦੀ ਮੁੱਖ ਕਾਰਜਕਾਰੀ ਸੂਜ਼ਨ ਗੋਡੇਲ, ਸ਼ਹਿਰ ਦੀਆਂ ਸੜਕਾਂ ''ਤੇ ਹਰ ਰੋਜ਼ ਆਉਣ ਵਾਲੇ ਸੈਂਕੜੇ ਪਰਵਾਸੀਆਂ ਨੂੰ ਭੋਜਨ ਖਵਾਉਣ ਦਾ ਕੰਮ ਕਰਦੇ ਹਨ ਇਸ ਨੂੰ ਇੱਕ ਔਖਾ ਕੰਮ ਮੰਨਦੇ ਹਨ।
ਉਨ੍ਹਾਂ ਕਿਹਾ, “ਇਹ ਸਾਡੇ ਲਈ ਬਹੁਤ ਵੱਡੀ ਚੁਣੌਤੀ ਬਣਨ ਜਾ ਰਿਹਾ ਹੈ।”
"ਅਸੀਂ ਆਪਣੀ ਸਮਰੱਥਾ ਮੁਤਾਬਕ ਕੋਸ਼ਿਸ਼ ਕਰ ਰਹੇ ਹਾਂ ਕਿ ਸੜਕਾਂ ''ਤੇ ਜਾਂ ਸ਼ੈਲਟਰਾਂ ਵਿੱਚ ਰਹਿਣ ਵਾਲੇ ਲੋਕਾਂ ਨੂੰ ਭੋਜਨ ਲੋੜੀਂਦਾ ਭੋਜਨ ਮੁਹੱਈਆ ਕਰਵਾਇਆ ਜਾ ਸਕੇ।"।
ਗੋਡੇਲ ਕਹਿੰਦੇ ਹਨ,"ਅਸਲ ’ਚ ਤਾਂ ਇਹ ਚੁਣੌਤੀਆਂ ਟਾਈਟਲ 42 ਨੂੰ ਹਟਾਉਣ ਤੋਂ ਬਾਅਦ ਥੋੜ੍ਹੀ ਦੇਰ ਹੀ ਹੋਵੇਗਾ। ਬਾਅਦ ਵਿੱਚ ਤਾਂ ਵੱਡੀ ਗਿਣਤੀ ਪਰਵਾਸੀ ਭਾਈਚਾਰੇ ਦੀ ਆਮਦ ਦਾ ਸਮਾਂ ਸ਼ੁਰੂ ਹੋ ਜਾਵੇਗਾ।"
ਆਰਟੀਕਲ 42
- ਅਮਰੀਕਾ ਵਿੱਚ ਤਿੰਨ ਸਾਲਾਂ ਤੋਂ ਵੱਧ ਸਮੇਂ ਬਾਅਦ, ਟਾਈਟਲ 42 ਵਜੋਂ ਜਾਣੀ ਜਾਂਦੀ ਟਰੰਪ-ਯੁੱਗ ਦੀ ਇੱਕ ਵਿਵਾਦਪੂਰਨ ਇਮੀਗ੍ਰੇਸ਼ਨ ਨੀਤੀ 11 ਮਈ ਨੂੰ ਖ਼ਤਮ ਹੋ ਗਈ
- 1944 ਦੇ ਇੱਕ ਕਾਨੂੰਨ ਨਾਲ ਸਬੰਧਿਤ ਟਾਈਟਲ 42, ਨੂੰ ਪਬਲਿਕ ਹੈਲਥ ਐਕਟ ਵਜੋਂ ਜਾਣਿਆ ਜਾਂਦਾ ਹੈ।
- ਸਾਲ 2020 ਵਿੱਚ ਕੋਵਿਡ ਮਹਾਂਮਾਰੀ ਦੌਰਾਨ ਡੌਨਲਡ ਟਰੰਪ ਦੀ ਸਰਕਾਰ ਨੇ ਮਾਰਚ 2020 ਨੂੰ ਇਹ ਨੀਤੀ ਲਾਗੂ ਕੀਤੀ ਸੀ,
- ਨੀਤੀ ਲਾਗੂ ਕਰਨ ਦਾ ਕਾਰਨ ਦੇਸ਼ ''ਚ ਕੋਵਿਡ ਦੇ ਫੈਲਾਅ ਨੂੰ ਰੋਕਣ ਦੀ ਇੱਕ ਕੋਸ਼ਿਸ਼ ਦੱਸਿਆ ਗਿਆ ਸੀ
- 2021-2022 ਵਿੱਤੀ ਸਾਲ ਦੌਰਾਨ ਟਾਈਟਲ 42 ਨੀਤੀ ਦੇ ਤਹਿਤ 20 ਲੱਖ ਤੋਂ ਵੱਧ ਲੋਕਾਂ ਨੂੰ ਬਾਹਰ ਕੱਢਿਆ ਗਿਆ ਸੀ।
- ਹੁਣ ਅਮਰੀਕਾ-ਮੈਕਸੀਕੋ ਸਰਹੱਦ ਉੱਤੇ ਹਜ਼ਾਰਾਂ ਪਰਵਾਸੀ ਇਕੱਠੇ ਹੋ ਗਏ ਹਨ
ਸਰਹੱਦ ’ਤੇ ਮੌਕਿਆਂ ਦੀ ਉਡੀਕ ਕਰਦੇ ਲੋਕਾਂ ਨੇ ਕੀ ਕਿਹਾ
ਕਰੂਜ਼ ਮੇਂਡੋਜ਼ਾ ਇੱਕ ਪਰਵਾਸੀ ਹਨ ਜੋ ਅਮਰੀਕਾ ਵਿੱਚ ਦਾਖ਼ਲਾ ਚਾਹੁੰਦੇ ਹਨ। ਆਪਣੇ ਛੋਟੇ ਬੱਚੇ ਨਾਲ ਬੈਠੇ ਮੇਂਡੋਜ਼ਾ ਕਹਿੰਦੇ ਹਨ,“ਔਖਾ ਹੈ ਕਿਉਂਕਿ ਕੱਲ੍ਹ ਸਾਰਾ ਦਿਨ ਮੀਂਹ ਪੈਂਦਾ ਰਿਹਾ। ਮੈਨੂੰ ਆਪਣੇ ਬੱਚੇ ਨੂੰ ਪਲਾਸਟਿਕ ਨਾਲ ਢੱਕਣਾ ਪਿਆ ਤਾਂ ਜੋ ਉਸ ਦੀ ਸਿਹਤ ਠੀਕ ਰਹੇ। ਰਾਤ ਬਹੁਤ ਔਖੀ ਲੰਘਾਈ, ਬਹੁਤ ਠੰਡ ਸੀ। ਮੈਨੂੰ ਬੱਚੇ ਲਈ ਸਿਰਫ਼ ਜੈਲੀ, ਪਾਣੀ ਅਤੇ ਬਿਸਕੁਟ ਮਿਲੇ।”
ਇਸੇ ਤਰ੍ਹਾਂ ਸਰਹੱਦ ’ਤੇ ਬੈਠੇ,ਅਲੋਨਸੋ ਕਹਿੰਦੇ ਹਨ,“ਸਿਰਫ਼ ਅਟਕਲਾਂ ਹੀ ਹਨ, ਅਸੀਂ ਬਸ ਆਸ ਲਾਈ ਬੈਠੇ ਹਾਂ। ਕਿਸੇ ਨੂੰ ਨਹੀਂ ਪਤਾ ਕਿ ਕੀ ਹੋਣ ਵਾਲਾ ਹੈ। ਮੈਂ ਆਪਣੇ ਦੋ ਬੱਚਿਆਂ ਤੇ ਪਤਨੀ ਨਾਲ ਸੋਮਵਾਰ ਸ਼ਾਮ ਨੂੰ ਇੱਥੇ ਆਇਆਂ ਹੋਇਆ ਹਾਂ।”
ਕਈ ਲੋਕਾਂ ਦਾ ਮੰਨਣਾ ਹੈ ਕਿ ਬੱਚਿਆਂ ਲਈ ਰਵੱਈਏ ਵਿੱਚ ਕੁਝ ਨਰਮੀ ਰੱਖੀ ਜਾਂਦੀ ਹੈ।
ਸਟੀਵਨ ਕਹਿੰਦੇ ਹਨ,“ਮੈਨੂੰ ਬਹੁਤ ਵਿਸ਼ਵਾਸ ਹੈ ਕਿਉਂਕਿ ਉਹ ਕਹਿੰਦੇ ਹਨ ਕਿ ਬੱਚਿਆਂ ਨੂੰ ਪਹਿਲ ਦਿੱਤੀ ਜਾਂਦੀ ਹੈ। ਮੇਰਾ ਦੋ ਸਾਲਾਂ ਦਾ ਪੁੱਤ ਹੈ।”
“ਅਸੀਂ ਉਡੀਕ ਕਰ ਰਹੇ ਹਾਂ ਕਿ ਪੁਲਿਸ ਸਾਨੂੰ ਇਮੀਗ੍ਰੇਸ਼ਨ ਲਈ ਲੈ ਕੇ ਜਾਵੇ ਅਤੇ ਉੱਥੇ ਅਸੀਂ ਆਪਣਾ ਪੱਖ਼ ਦਰਜ ਕਰਵਾਵਾਂਗੇ। ਦੇਖਣਾ ਹੋਵੇਗਾ ਕਿ ਉਹ ਸਾਨੂੰ ਵਾਪਸ ਭੇਜਦੇ ਹਨ ਜਾਂ ਇੱਥੇ ਰੱਖਦੇ ਹਨ।”
“ਤਸਕਰਾਂ ਨੇ ਮੈਨੂੰ ਪੁਲ ਤੱਕ ਪਹੁੰਚਾਇਆ ਹੈ। ਇੱਥੇ ਤੱਕ ਪਹੁੰਚਾਉਣ ਲਈ ਉਨ੍ਹਾਂ ਨੇ 3000 ਡਾਲਰ ਲਏ। ਇੱਥੇ ਆਉਣ ਦਾ ਕਾਰਨ ਸਾਡਾ ਆਪਣੇ ਮੁਲਕ ਤੋਂ ਭੱਜਣਾ ਹੈ। ਮੇਰੇ ਨਾਲ ਮੇਰਾ ਪੁੱਤ ਤੇ ਪਤਨੀ ਹੈ, ਸਾਡੀ ਇੱਕ ਦੁਕਾਨ ਹੈ ਤੇ ਸਾਨੂੰ ਧਮਕੀਆਂ ਮਿਲਦੀਆਂ ਸਨ।”
ਸਿਆਸੀ ਸੰਕਟ
ਆਉਣ ਵਾਲੇ ਸਾਲਾਂ ਵਿੱਚ ਟਾਈਟਲ 42 ਨੂੰ ਹਟਾਉਣਾ ਸੰਯੁਕਤ ਰਾਜ ਵਿੱਚ ਇੱਕ ਵਿਵਾਦਪੂਰਨ ਸਿਆਸੀ ਮੁੱਦਾ ਬਣ ਜਾਣ ਦੀ ਸੰਭਾਵਨਾ ਹੈ।
ਜਿਵੇਂ ਕਿ ਹਾਊਸ ਰਿਪਬਲਿਕਨ ਪਹਿਲਾਂ ਹੀ ਇਮੀਗ੍ਰੇਸ਼ਨ ਬਿੱਲਾਂ ਦੇ ਪੈਕੇਜ ''ਤੇ ਵਿਚਾਰ ਕਰ ਰਹੇ ਹਨ, ਹਾਲਾਂਕਿ ਉਨ੍ਹਾਂ ਕੋਲ ਡੈਮੋਕਰੇਟਿਕ-ਨਿਯੰਤਰਿਤ ਸੈਨੇਟ ਵਿੱਚ ਇਨ੍ਹਾਂ ਨੂੰ ਪਾਸ ਕਰਨ ਦੀ ਬਹੁਤ ਘੱਟ ਸੰਭਾਵਨਾ ਹੈ।
ਰਾਸ਼ਟਰਪਤੀ ਜੋਅ ਬਾਇਡਨ ਦੇ ਆਹੁਦਾ ਸੰਭਾਲਣ ਤੋਂ ਬਾਅਦ ਅਮਰੀਕਾ ਦੀ ਸਰਹੱਦ ''ਤੇ ਪਰਵਾਸੀਆਂ ਦੀ ਗਿਣਤੀ ਵਿੱਚ ਤੇਜ਼ੀ ਨਾਲ ਵਾਧਾ ਹੋਇਆ ਹੈ।
ਉਨ੍ਹਾਂ ਦੇ ਪ੍ਰਸ਼ਾਸਨ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਰਿਕਾਰਡ 46 ਲੱਖ ਲੋਕਾਂ ਨੂੰ ਗ਼ੈਰ-ਕਾਨੂੰਨੀ ਤਰੀਕੇ ਨਾਲ ਬਾਰਡਰ ਪਾਰ ਕਰਦਿਆਂ ਗ੍ਰਿਫ਼ਤਾਰ ਕੀਤਾ ਗਿਆ ਹੈ।
ਟਾਈਟਲ 42 ਕੀ ਹੈ ਅਤੇ ਇਹ ਕਿਉਂ ਹਟਾਇਆ ਜਾ ਰਿਹਾ ਹੈ?
ਟਾਈਟਲ 42, 1944 ਦੇ ਇੱਕ ਕਾਨੂੰਨ ਨਾਲ ਸਬੰਧਿਤ ਹੈ ਜਿਸ ਨੂੰ ਪਬਲਿਕ ਹੈਲਥ ਐਕਟ ਵਜੋਂ ਜਾਣਿਆ ਜਾਂਦਾ ਹੈ।
ਇਹ ਕਾਨੂੰਨ ਅਮਰੀਕੀ ਅਧਿਕਾਰੀਆਂ ਨੂੰ ਐਮਰਜੈਂਸੀ ਸ਼ਕਤੀਆਂ ਦਿੰਦਾ ਹੈ ਤਾਂ ਜੋ ਉਹ ਦੇਸ਼ ''ਚ ਬਿਮਾਰੀਆਂ ਦੇ ਫੈਲਣ ਨੂੰ ਰੋਕ ਸਕਣ।
ਸਾਲ 2020 ਵਿੱਚ ਜਦੋਂ ਦੁਨੀਆਂ ਭਰ ''ਚ ਕੋਵਿਡ ਮਹਾਮਾਰੀ ਆਪਣੇ ਪੈਰ ਪਸਾਰ ਰਹੀ ਸੀ, ਉਸ ਵੇਲੇ ਰਾਸ਼ਟਰਪਤੀ ਡੌਨਲਡ ਟਰੰਪ ਦੀ ਸਰਕਾਰ ਨੇ ਮਾਰਚ 2020 ਵਿੱਚ ਇਹ ਨੀਤੀ ਲਾਗੂ ਕੀਤੀ ਸੀ, ਤਾਂ ਜੋ ਦੇਸ਼ ''ਚ ਕੋਵਿਡ ਦੇ ਫੈਲਣ ਨੂੰ ਰੋਕਿਆ ਜਾ ਸਕੇ।
ਟਾਈਟਲ 42 ਦੇ ਅਨੁਸਾਰ, ਅਮਰੀਕੀ ਅਧਿਕਾਰੀਆਂ ਨੂੰ ਇਹ ਹੱਕ ਮਿਲ ਗਏ ਸਨ ਕਿ ਉਹ ਮਹਾਂਮਾਰੀ ਦੀ ਰੋਕਥਾਮ ਦੇ ਨਾਂ ''ਤੇ ਮੈਕਸੀਕੋ ਤੋਂ ਸਰਹੱਦ ਪਾਰ ਕਰਨ ਦੀ ਕੋਸ਼ਿਸ਼ ਕਰ ਰਹੇ ਪ੍ਰਵਾਸੀਆਂ ਨੂੰ ਦੇਸ਼ ''ਚ ਦਾਖ਼ਲ ਹੋਣ ਤੋਂ ਰੋਕ ਸਕਣ ਅਤੇ ਬਾਹਰ ਕੱਢ ਸਕਣ।
ਇਨ੍ਹਾਂ ਪ੍ਰਵਾਸੀਆਂ ਵਿੱਚ ਮਨੁੱਖਤਾਵਾਦੀ ਸ਼ਰਣ ਮੰਗਣ ਵਾਲੇ ਲੋਕ ਵੀ ਸ਼ਾਮਲ ਹਨ।
ਜਨਵਰੀ 2021 ਵਿੱਚ ਜੋਅ ਬਾਇਡਨ ਨੇ ਰਾਸ਼ਟਰਪਤੀ ਦਾ ਅਹੁਦਾ ਸੰਭਾਲਿਆ ਤਾਂ ਉਨ੍ਹਾਂ ਨੇ ਵੀ ਇਸ ਨੀਤੀ ਨੂੰ ਜਿਓਂ ਦਾ ਤਿਓਂ ਰਹਿਣ ਦਿੱਤਾ। ਉਨ੍ਹਾਂ ਨੇ ਵੀ ਇਸ ਦੇ ਲਈ ਲੋਕਾਂ ਦੀ ਸਿਹਤ ਸੁਰੱਖਿਆ ਦਾ ਹਵਾਲਾ ਦਿੱਤਾ।
ਯੂਐਸ ਕਸਟਮਜ਼ ਅਤੇ ਬਾਰਡਰ ਪ੍ਰੋਟੈਕਸ਼ਨ (ਸੀਬੀਪੀ) ਦੇ ਅੰਕੜਿਆਂ ਅਨੁਸਾਰ, 2021-2022 ਵਿੱਤੀ ਸਾਲ ਦੌਰਾਨ ਟਾਈਟਲ 42 ਨੀਤੀ ਦੇ ਤਹਿਤ 20 ਲੱਖ ਤੋਂ ਵੱਧ ਲੋਕਾਂ ਨੂੰ ਬਾਹਰ ਕੱਢਿਆ ਗਿਆ ਸੀ।
ਯੂਐਸ ਸੈਂਟਰ ਫਾਰ ਡਿਜ਼ੀਜ਼ ਕੰਟਰੋਲ, ਅਮਰੀਕਾ ਦੀ ਸਿਹਤ ਨੀਤੀ ਦੀ ਨਿਗਰਾਨੀ ਕਰਦਾ ਹੈ। ਇਸ ਨੇ ਅਪ੍ਰੈਲ 2022 ਵਿੱਚ ਜਨਤਕ ਸਿਹਤ ਪ੍ਰਤੀ ਘੱਟ ਹੋਏ ਜੋਖ਼ਮ ਦਾ ਹਵਾਲਾ ਦਿੱਤਾ ਅਤੇ ਕਿਹਾ ਕਿ ਟਾਈਟਲ 42 ਨੂੰ ਹਟਾ ਦਿੱਤਾ ਜਾਵੇਗਾ।
ਹਾਲਾਂਕਿ, ਰਿਪਬਲਿਕਨ ਅਗਵਾਈ ਵਾਲੇ ਸੂਬਿਆਂ ਨੇ ਇਸ ਨੂੰ ਬਣਾਈ ਰੱਖਣ ਲਈ ਕੋਸ਼ਿਸ਼ਾਂ ਕੀਤੀਆਂ ਤੇ ਇਨ੍ਹਾਂ ਸਾਰੇ ਵਿਵਾਦਾਂ ਕਾਰਨ ਟਾਈਟਲ ਨੂੰ ਹਟਾਉਣ ਵਿੱਚ ਲਗਾਤਾਰ ਦੇਰੀ ਹੁੰਦੀ ਰਹੀ।
ਪਰ ਆਖਿਰਕਾਰ, ਆਉਂਦੀ 11 ਮਈ ਨੂੰ ਇਸ ਨੂੰ ਹਟਾਇਆ ਜਾ ਰਿਹਾ ਹੈ।
ਟਾਈਟਲ 42 ਹਟਣ ਨਾਲ ਕੀ ਹੋਵੇਗਾ?
ਯੂਐਸ-ਮੈਕਸੀਕੋ ਸਰਹੱਦ ''ਤੇ ਗੈਰ-ਕਾਨੂੰਨੀ ਢੰਗ ਨਾਲ ਸਰਹੱਦ ਪਾਰ ਕਰਨ ਦੀ ਕੋਸ਼ਿਸ਼ ਕਰ ਰਹੇ ਪ੍ਰਵਾਸੀਆਂ ਦੀ ਆਮਦ ਲਈ ਸਥਾਨਕ ਸਰਕਾਰਾਂ ਅਤੇ ਅਧਿਕਾਰੀ ਤਿਆਰ ਹਨ।
ਅਮਰੀਕੀ ਅਧਿਕਾਰੀਆਂ ਦਾ ਅਨੁਮਾਨ ਹੈ ਕਿ ਮਈ ਵਿੱਚ ਪ੍ਰਤੀ ਦਿਨ 10,000 ਤੋਂ ਵੱਧ ਲੋਕਾਂ ਦੇ ਆਉਣ ਦੀ ਉਮੀਦ ਹੈ। ਇਹ ਸੰਖਿਆ ਮਾਰਚ ਵਿਚ ਲਗਭਗ 5,000 ਸੀ।
ਟਾਈਟਲ 42 ਦੇ ਤਹਿਤ, ਬਹੁਤ ਸਾਰੇ ਪ੍ਰਵਾਸੀਆਂ ਨੂੰ ਸ਼ਰਣ ਦੀ ਬੇਨਤੀ ਕਰਨ ਤੋਂ ਬਿਲਕੁਲ ਰੋਕ ਦਿੱਤਾ ਗਿਆ ਸੀ।
ਪਰ ਇਸ ਨੂੰ ਹਟਾਏ ਜਾਣ ਤੋਂ ਬਾਅਦ, ਅਮਰੀਕਾ ਉਸ ਨੀਤੀ ''ਤੇ ਵਾਪਸ ਆ ਜਾਵੇਗਾ ਜਿਸ ਵਿੱਚ ਪ੍ਰਵਾਸੀਆਂ ਦੀ ਸ਼ਰਣ ਅਰਜ਼ੀਆਂ ਦੀ ਵੈਧਤਾ ਨੂੰ ਨਿਰਧਾਰਤ ਕਰਨ ਲਈ ਜਾਂਚ ਕੀਤੀ ਜਾਂਦੀ ਹੈ।
ਇਸ ਨੀਤੀ ਤਹਿਤ ਜੇ ਕੋਈ ਪ੍ਰਵਾਸੀ ਜਾਂਚ ਤੋਂ ਬਾਅਦ ਸ਼ਰਨ ਲੈਣ ਦੇ ਯੋਗ ਸਾਬਿਤ ਨਹੀਂ ਹੁੰਦਾ ਤਾਂ ਹੀ ਉਸ ਨੂੰ ਡਿਪੋਰਟ ਕੀਤਾ ਜਾਂਦਾ ਹੈ।
ਅਮਰੀਕਾ ਨੇ ਸ਼ਰਨ ਮੰਗਣ ਵਾਲਿਆਂ ਦੀ ਇੰਟਰਵਿਊ ਪ੍ਰਕਿਰਿਆ ਨੂੰ "ਤੇਜ਼" ਕਰਨ ਲਈ ਨਵੇਂ ਪੈਮਾਨੇ ਤੈਅ ਕੀਤੇ ਹਨ। ਇਨ੍ਹਾਂ ਮੁਤਾਬਕ, ਬਿਨੈਕਾਰਾਂ ਦੀ 24 ਘੰਟਿਆਂ ਦੇ ਅੰਦਰ ਸਕਰੀਨਿੰਗ ਕੀਤੀ ਜਾਵੇਗੀ ਅਤੇ ਜੇ ਲੋੜ ਪਵੇ ਤਾਂ ਕੁਝ ਦਿਨਾਂ ਜਾਂ ਹਫ਼ਤਿਆਂ ਦੇ ਅੰਦਰ ਉਨ੍ਹਾਂ ਨੂੰ ਵਾਪਸ ਭੇਜ ਦਿੱਤਾ ਜਾਵੇਗਾ।
ਸੀਬੀਪੀ ਦੇ ਅਨੁਸਾਰ, ਗੈਰ-ਕਾਨੂੰਨੀ ਢੰਗ ਨਾਲ ਸਰਹੱਦ ਪਾਰ ਕਰਨ ਦੌਰਾਨ ਫੜ੍ਹੇ ਗਏ ਲੋਕਾਂ ਅਤੇ ਡਿਪੋਰਟ ਕੀਤੇ ਪ੍ਰਵਾਸੀਆਂ ''ਤੇ ਘੱਟੋ-ਘੱਟ ਪੰਜ ਸਾਲਾਂ ਲਈ ਅਮਰੀਕਾ ਵਿੱਚ ਦੁਬਾਰਾ ਦਾਖ਼ਲ ਹੋਣ ''ਤੇ ਪਾਬੰਦੀ ਰਹੇਗੀ ਅਤੇ ਉਨ੍ਹਾਂ ਨੂੰ "ਸ਼ਰਨਾਰਥੀ ਵਜੋਂ ਅਯੋਗ ਮੰਨਿਆ ਜਾਵੇਗਾ"।
ਬਾਇਡਨ ਪ੍ਰਸ਼ਾਸਨ ਨੇ ਪ੍ਰਵਾਸੀਆਂ ਨੂੰ ਕਾਨੂੰਨੀ ਇਮੀਗ੍ਰੇਸ਼ਨ ਦੇਣ ਲਈ ਕਈ ਰਸਤੇ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਤਾਂ ਜੋ ਗ਼ੈਰ-ਕਾਨੂੰਨੀ ਪ੍ਰਵੇਸ਼ ਨੂੰ ਰੋਕਿਆ ਜਾ ਸਕੇ।
2 ਮਈ ਨੂੰ ਐਲਾਨੇ ਗਏ ਇੱਕ ਸਮਝੌਤੇ ਦੇ ਹਿੱਸੇ ਵਜੋਂ, ਮੈਕਸੀਕੋ ਨੇ ਕਿਊਬਾ, ਹੈਤੀ, ਨਿਕਾਰਾਗੁਆ ਅਤੇ ਵੈਨੇਜ਼ੁਏਲਾ ਤੋਂ ਪ੍ਰਤੀ ਮਹੀਨਾ 30,000 ਪ੍ਰਵਾਸੀਆਂ ਦੇ ਪ੍ਰਵੇਸ਼ ਨੂੰ ਸਵੀਕਾਰ ਕਰਨਾ ਜਾਰੀ ਰੱਖਣ ਲਈ ਸਹਿਮਤੀ ਦਿੱਤੀ ਹੈ।
ਦੱਸ ਦੇਈਏ ਕਿ ਇਹੀ ਚਾਰ ਦੇਸ਼ ਹਨ ਜਿੱਥੋਂ ਸਭ ਤੋਂ ਵੱਧ ਗੈਰ-ਕਾਨੂੰਨੀ ਪਰਵਾਸ ਕਰਨ ਵਾਲੇ ਲੋਕ ਆਉਂਦੇ ਹਨ।
ਅਮਰੀਕਾ ਨੇ ਹੋਂਡੁਰਸ, ਗੁਆਟੇਮਾਲਾ ਅਤੇ ਅਲ ਸੈਲਵਾਡੋਰ ਤੋਂ ਕੁੱਲ 100,000 ਲੋਕਾਂ ਨੂੰ ਸ਼ਰਨ ਦੇਣ ਦੀ ਸਹਿਮਟੀ ਦਿੱਤੀ ਹੈ, ਉਹ ਲੋਕ ਜਿਨ੍ਹਾਂ ਦੇ ਪਰਿਵਾਰ ਅਮਰੀਕਾ ਵਿੱਚ ਹਨ।
ਅਮਰੀਕਾ ਕੋਲੰਬੀਆ ਅਤੇ ਗੁਆਟੇਮਾਲਾ ਵਿੱਚ ਨਵੇਂ ਪ੍ਰਵਾਸੀ ਪ੍ਰੋਸੈਸਿੰਗ ਕੇਂਦਰ ਖੋਲ੍ਹਣ ਦੀ ਯੋਜਨਾ ਬਣਾ ਰਿਹਾ ਹੈ ਤਾਂ ਜੋ ਗੈਰ-ਦਸਤਾਵੇਜ਼ੀ ਇਮੀਗ੍ਰੇਸ਼ਨ ਨੂੰ ਘਟਾਉਣ ਵਿੱਚ ਮਦਦ ਕੀਤੀ ਜਾ ਸਕੇ।
ਅਮਰੀਕੀ ਅਧਿਕਾਰੀਆਂ ਨੇ ਕਿਹਾ ਹੈ ਕਿ ਉਹ ਪ੍ਰਵਾਸੀਆਂ ਨੂੰ ਗ਼ੈਰ-ਕਾਨੂੰਨੀ ਢੰਗ ਨਾਲ ਪਰਵਾਸ ਕਰਨ ਵਿੱਚ ਸ਼ਾਮਲ ਅਪਰਾਧਿਕ ਨੈਟਵਰਕਾਂ ਦਾ ਵੀ ਪਤਾ ਲਗਾ ਰਹੇ ਹਨ।
ਇਸ ਦੇ ਨਾਲ ਹੀ ਉਹ ਕੋਸ਼ਿਸ਼ ਕਰ ਰਹੇ ਹਨ ਕਿ ਜਿਨ੍ਹਾਂ ਦੇਸ਼ਾਂ ਤੋਂ ਪਰਵਾਸੀ ਆਉਂਦੇ ਹਨ ਉੱਥੇ ਲੋਕਾਂ ਨਾਲ ਸੰਪਰਕ ਕਰਕੇ ਉਨ੍ਹਾਂ ਨੂੰ ਸਹੀ ਜਾਣਕਾਰੀ ਮੁੱਹਈਆ ਕਰਵਾਈ ਜਾਵੇ।
ਮੰਗਲਵਾਰ ਨੂੰ ਜਦੋਂ ਰਾਸ਼ਟਰਪਤੀ ਜੋਅ ਬਾਇਡਨ ਨੂੰ ਪੁੱਛਿਆ ਗਿਆ ਕਿ ਕੀ ਅਮਰੀਕਾ ਪ੍ਰਵਾਸੀਆਂ ਦੇ ਸੰਭਾਵਿਤ ਵਾਧੇ ਲਈ ਤਿਆਰ ਹੈ, ਤਾਂ ਉਨ੍ਹਾਂ ਕਿਹਾ, "ਅਸੀਂ ਉਹ ਸਭ ਕੁਝ ਕਰ ਰਹੇ ਹਾਂ ਜੋ ਅਸੀਂ ਕਰ ਸਕਦੇ ਹਾਂ। ਜਵਾਬ ਇਹੀ ਹੈ ਕਿ ਦੇਖਿਆ ਜਾਣਾ ਬਾਕੀ ਹੈ।"
(ਬੀਬੀਸੀ ਪੰਜਾਬੀ ਨਾਲ , , ਅਤੇ ''ਤੇ ਜੁੜੋ।)
‘ਦਿ ਕੇਰਲਾ ਸਟੋਰੀ’: ਸੱਚ ’ਤੇ ਆਧਾਰਿਤ ਸਿਨੇਮਾ ਜਾਂ ਪ੍ਰਾਪੇਗੰਡਾ ਦਾ ਹਥਿਆਰ?
NEXT STORY