ਸਾਲ 2011 ਤੋਂ ਬਾਅਦ ਕੈਨੇਡਾ ਵਿੱਚ ਘਰਾਂ ਤਕਰੀਬਨ ਦੁੱਗਣੀਆਂ ਹੋ ਗਈਆਂ ਹਨ।
ਕੈਨੇਡਾ ਦੀ ਹਾਊਸਿੰਗ ਏਜੰਸੀ ਦੇ ਅੰਕੜਿਆਂ ਮੁਤਾਬਕ ਕੈਨੇਡਾ ਵਿੱਚ ਘਰ ਬਣਾਉਣ ਲਈ ਲਿਆ ਗਿਆ ਕਰਜ਼ਾ ਹੁਣ ਕਿਸੇ ਵੀ ਜੀ-7 ਦੇਸ਼ ਨਾਲੋਂ ਸਭ ਤੋਂ ਵੱਧ ਹੈ।
ਕੈਨੇਡਾ ਵਿੱਚ ਘਰਾਂ ਵਾਸਤੇ ਲਈ ਗਈ ਕਰਜ਼ੇ ਦੀ ਰਕਮ ਦੇਸ਼ ਦੇ ਸਮੁੱਚੇ ਜੀਡੀਪੀ ਤੋਂ ਵੱਧ ਹੈ।
ਕੈਨੇਡਾ ਮੌਰਟਗੇਜ ਐਂਡ ਹਾਊਸਿੰਗ ਕਾਰਪੋਰੇਸ਼ਨ ਨੇ ਕਿਹਾ ਕਿ ਘਰਾਂ ਦੀਆਂ ਵਧੀਆਂ ਕੀਮਤਾਂ ਵਧ ਰਹੇ ਕਰਜ਼ੇ ਦੇ ਭਾਰ ਲਈ ਜ਼ਿੰਮੇਵਾਰ ਹਨ।
ਜਦੋਂਕਿ ਦੂਜੇ ਪਾਸੇ ਅਮਰੀਕਾ ਅਤੇ ਯੂਕੇ ਵਿੱਚ ਪਿਛਲੇ 10 ਸਾਲਾਂ ਵਿੱਚ ਘਰਾਂ ਲਈ ਲਿਆ ਜਾਣ ਵਾਲਾ ਕਰਜ਼ਾ ਮੁਕਾਬਲਤਨ ਘਟਿਆ ਹੈ।
ਮੰਗਲਵਾਰ ਨੂੰ ਜਾਰੀ ਕੀਤੀ ਗਈ ਇੱਕ ਰਿਪੋਰਟ ਵਿੱਚ, ਕੈਨੇਡਾ ਦੀ ਹਾਊਸਿੰਗ ਏਜੰਸੀ ਨੇ ਚੇਤਾਵਨੀ ਦਿੱਤੀ ਹੈ ਕਿ ਕੈਨੇਡਾ ਵਾਸੀ ਆਪਣੇ ਕਰਜ਼ੇ ਦੀ ਵੱਡੀ ਰਕਮ ਦੇ ਕਾਰਨ ਕਿਸੇ ਸੰਭਾਵਿਤ ਮੰਦੀ ਦੇ ਹਾਲਾਤ ਨਹੀਂ ਝੱਲ ਸਕਣਗੇ।
ਜੇ ਦੇਸ਼ ਦਾ ਅਰਥਚਾਰਾ ਸਹੀ ਹੈ ਤਾਂ ਇਹ ਸਮੇਂ ਨਾਲ ਵੱਧਦਾ ਹੈ। ਇਸ ਦਾ ਮਤਲਬ ਹੈ ਕਿ ਕਿਸੇ ਦੇਸ਼ ਦੇ ਸਮਾਨ ਤੇ ਸੇਵਾਵਾਂ ਦਾ ਮੁੱਲ ਵੱਧਦਾ ਹੈ।
ਅਰਥ ਵਿਵਸਥਾ ਦਾ ਵਧਣਾ ਜ਼ਿਆਦਾਤਰ ਲੋਕਾਂ ਲਈ ਚੰਗਾ ਹੁੰਦਾ ਹੈ। ਇਸ ਨਾਲ ਨੌਕਰੀਆਂ ਤੇ ਤਨਖਾਹਾਂ ਵਿੱਚ ਵਾਧਾ ਹੁੰਦਾ ਹੈ। ਪਰ ਅਰਥਚਾਰਾ ਸੁੰਘੜ ਸਕਦਾ ਹੈ। ਜਦੋਂ ਲਗਾਤਾਰ ਘੱਟੋ-ਘੱਟੋ ਦੋ ਤਿਮਾਹੀਆਂ ਵਿੱਚ ਅਜਿਹਾ ਹੁੰਦਾ ਹੈ ਤਾਂ ਉਸ ਨੂੰ ਮੰਦੀ ਕਿਹਾ ਜਾਂਦਾ ਹੈ।
ਏਜੰਸੀ ਦੇ ਉਪ-ਮੁੱਖ ਅਰਥ ਸ਼ਾਸਤਰੀ ਅਲੇਦ ਇਓਰਵਰਥ ਨੇ ਕਿਹਾ, “ਮਾੜੀ ਗੱਲ ਇਹ ਹੈ ਕਿ ਕੈਨੇਡਾ ਦੇ ਘਰਾਂ ਲਈ ਵੱਡੇ ਤੇ ਜੀ-7 ਵਿੱਚ ਸਭ ਤੋਂ ਉੱਚੇ ਪੱਧਰ ਦੇ ਕਰਜ਼ੇ ਅਰਥਵਿਵਸਥਾ ਨੂੰ ਕਿਸੇ ਵੀ ਕੌਮਾਂਤਰੀ ਆਰਥਿਕ ਸੰਕਟ ਨਾਲ ਨਜਿੱਠਣ ਲਈ ਕਮਜ਼ੋਰ ਬਣਾਉਂਦੇ ਹਨ।"
ਆਰਥਿਕ ਸੰਕਟ ਅਜਿਹੀ ਸਥਿਤੀ ਹੈ ਜਿਸ ਵਿੱਚ ਕਿਸੇ ਦੇਸ਼ ਦੀ ਜੀਡੀਪੀ ਵਿੱਚ ਅਚਾਨਕ ਗਿਰਾਵਟ ਆਵੇ ਤੇ ਕੌਮਾਂਤਰੀ ਪੱਧਰ ’ਤੇ ਵੀ ਸਥਿਰਤਾ ਲਿਆਉਣ ਦੀ ਕੋਸ਼ਿਸ਼ ਕਰਦਿਆਂ ਵਿੱਤੀ ਤੇ ਬੈਂਕਿੰਗ ਖੇਤਰ ਉੱਤੇ ਬੋਝ ਵੱਧ ਜਾਵੇ।
ਕੈਨੇਡਾ ਦੇ ਦੋ ਵੱਡੇ ਸ਼ਹਿਰਾਂ ਟੋਰਾਂਟੋ ਤੇ ਵੈਨਕੂਵਰ ਵਿੱਚ ਘਰਾਂ ਦੀਆਂ ਕੀਮਤਾਂ ਸਭ ਤੋਂ ਵੱਧ ਤੇਜ਼ੀ ਨਾਲ ਵਧੀਆ
ਪੰਜਾਬੀਆਂ ਦੀ ਵਸੋਂ ਵਾਲੇ ਸ਼ਹਿਰ ਟੋਰਾਂਟੋ ਵਿੱਚ ਘਰਾਂ ਦੀਆਂ ਕੀਮਤਾਂ ਵੱਧ
ਆਪਣੀ ਰਿਪੋਰਟ ਵਿੱਚ, ਅਲੇਦ ਨੇ ਕਿਹਾ ਕਿ ਕੈਨੇਡਾ ਦੇ ਕਰਜ਼ੇ ਦਾ 75 ਫ਼ੀਸਦ ਗਹਿਣੇ ਰੱਖ ਕੇ ਲਏ ਕਰਜ਼ੇ ਤੋਂ ਆਉਂਦਾ ਹੈ।
ਅਸਲ ਵਿੱਚ ਕੈਨੇਡਾ ਵਿੱਚ ਘਰਾਂ ਦੀਆਂ ਕੀਮਤਾਂ ਵਧਣ ਦੇ ਨਾਲ, ਕੈਨੇਡਾ ਵਿੱਚ ਘਰਾਂ ਲਈ ਲਿਆ ਜਾਣ ਵਾਲਾ ਕਰਜ਼ਾ ਵੀ ਵਧ ਗਿਆ ਹੈ।
ਅਲੇਦ ਨੇ ਕਿਹਾ, "ਜੇਕਰ ਲੋਕ ਘਰ ਦੇ ਮਾਲਕ ਬਣਨਾ ਚਾਹੁੰਦੇ ਹਨ ਤਾਂ ਕੈਨੇਡਾ ਵਿੱਚ ਉਨ੍ਹਾਂ ਨੂੰ ਇੱਕ ਹੀ ਥਾਂ ਉੱਤੇ ਲੰਬੇ ਸਮੇਂ ਤੱਕ ਰਹਿਣਾ ਚਾਹੀਦਾ ਹੈ।"
ਕੈਨੇਡਾ ਰੀਅਲ ਅਸਟੇਟ ਐਸੋਸੀਏਸ਼ਨ ਮੁਤਾਬਕ, ਕੈਨੇਡਾ ਵਿੱਚ ਘਰ ਦੀ ਔਸਤ ਕੀਮਤ 7 ਲੱਖ 16 ਹਜ਼ਾਰ 83 ਡਾਲਰ ਹੈ। ਜਦਕਿ, ਕੈਨੇਡਾ ਦੇ ਸਭ ਤੋਂ ਵੱਧ ਆਬਾਦੀ ਵਾਲੇ ਸ਼ਹਿਰ ਟੋਰਾਂਟੋ ਵਿੱਚ ਘਰਾਂ ਦੀ ਔਸਤਨ ਕੀਮਤ 11.5 ਲੱਖ ਡਾਲਰ ਹੈ।
ਜ਼ਿਕਰਯੋਗ ਹੈ ਕਿ ਟੋਰਾਂਟੋ ਵਿੱਚ ਪੰਜਾਬੀ ਵੀ ਵੱਡੀ ਗਿਣਤੀ ਵਿੱਚ ਰਹਿੰਦੇ ਹਨ। ਇਸੇ ਤਰ੍ਹਾਂ ਵੈਨਕੂਵਰ ਵਿੱਚ ਵੀ ਮਕਾਨਾਂ ਦੀ ਕੀਮਤ ਜ਼ਿਆਦਾ ਹੈ।
ਬ੍ਰਿਟਿਸ਼ ਕੋਲੰਬੀਆ ਦੇ ਵੈਨਕੂਵਰ ਵਿੱਚ ਘਰਾਂ ਦੀਆਂ ਕੀਮਤਾਂ ਸਭ ਤੋਂ ਵੱਧ ਹਨ, ਇੱਥੇ ਕਿਸੇ ਜਾਇਦਾਦ ਦੀ ਔਸਤ ਕੀਮਤ ਕਰੀਬ 12.9 ਲੱਖ ਡਾਲਰ ਹੈ।
ਟੋਰਾਂਟੋ ਅਤੇ ਵੈਨਕੂਵਰ ਦੋਵੇਂ ਲਗਾਤਾਰ ਵਿਸ਼ਵ ਦੇ ਸਿਖਰਲੇ 10 ਸਭ ਤੋਂ ਵੱਧ ਮਹਿੰਗੇਂ ਸ਼ਹਿਰਾਂ ਵਿੱਚ ਸ਼ਾਮਲ ਹਨ।
ਟੋਰਾਂਟੋ ਅਤੇ ਵੈਨਕੂਵਰ ਜਿਹੇ ਵੱਡੇ ਸ਼ਹਿਰਾਂ ਵਿੱਚ 10 ਫ਼ੀਸਦੀ ਅਬਾਦੀ ਰਹਿੰਦੀ ਹੈ।
ਕੈਨੇਡਾ ਵਿੱਚ ਘਰਾਂ ਦੀਆਂ ਕੀਮਤਾਂ ਵਿੱਚ ਭਾਰੀ ਵਾਧਾ
- ਕੈਨੇਡਾ ਵਿੱਚ ਘਰਾਂ ਦੀਆਂ ਕੀਮਤਾਂ ਵੱਧਣ ਨਾਲ ਮਕਾਨ ਖ਼ਰੀਦਣ ਵਾਲੇ ਲੋਕਾਂ ਦੀਆਂ ਕੀਮਤਾਂ ਵੀ ਵੱਧ ਰਹੀਆਂ ਹਨ
- ਟੋਰਾਂਟੋ ਅਤੇ ਵੈਨਕੂਵਰ ਵਿੱਚ ਮਕਾਨਾਂ ਦੀਆਂ ਕੀਮਤਾਂ 2011 ਦੇ ਮੁਕਾਬਲੇ ਦੁੱਗਣੀਆਂ ਹੋ ਗਈਆਂ ਹਨ
- 2021 ਤੱਕ, ਕੈਨੇਡਾ ਦਾ ਘਰਾਂ ਦਾ ਕਰਜ਼ਾ ਦੇਸ਼ ਦੇ ਸਮੁੱਚੇ ਜੀਡੀਪੀ ਨਾਲੋਂ 7 ਫ਼ੀਸਦ ਵੱਧ ਰਿਹਾ।
- ਮਾਹਰਾਂ ਨੇ ਲੋਕਾਂ ਨੂੰ ਕਿਰਾਏ ਦੇ ਘਰਾਂ ਵਿੱਚ ਰਹਿਣ ਲਈ ਉਤਸ਼ਾਹਿਤ ਕਰਦੇ ਹਨ
- ਮਾਹਰ ਕੌਮਾਂਤਰੀ ਮੰਦੀ ਦੇ ਹਾਲਾਤ ਲੋਕਾਂ ਲਈ ਵਧੇਰੇ ਔਖੇ ਹੋਣ ਦੀ ਗੱਲ ਵੀ ਆਖਦੇ ਹਨ।
- ਨਵੰਬਰ 2022 ਵਿੱਚ ਕੈਨੇਡਾ ਦੀ ਫੈਡਰਲ ਸਰਕਾਰ ਨੇ ਐਲਾਨ ਕੀਤਾ ਸੀ ਕਿ 2025 ਤੱਕ ਹਰ ਸਾਲ 5 ਲੱਖ ਪਰਵਾਸੀਆਂ ਨੂੰ ਦਾਖਲਾ ਦਿੱਤਾ ਜਾਏਗਾ।
- ਇਸ ਮੁਤਾਬਕ 2025 ਤੱਕ ਕਰੀਬ 15 ਲੱਖ ਪਰਵਾਸੀ ਕੈਨੇਡਾ ਪਹੁੰਚ ਸਕਦੇ ਹਨ।
ਹੋਰ ਦੇਸ਼ਾਂ ਦੇ ਮੁਕਾਬਲੇ ਕੈਨੇਡਾ ਦੀ ਹਾਲਤ
ਕੈਨੇਡਾ ਵਿੱਚ ਘਰਾਂ ਦੀ ਕੀਮਤ 2011 ਦੇ ਮੁਕਾਬਲੇ ਦੁੱਗਣੀ ਤੋਂ ਵੱਧ ਹੋ ਗਈ ਹੈ। ਕਰੀਬ ਡੇਢ ਦਹਾਕੇ ਪਹਿਲਾਂ ਕੈਨੇਡਾ ਅਜਿਹੇ ਹੀ ਘਰਾਂ ਦੀ ਕੀਮਤ 3.52 ਲੱਖ ਦੇ ਕਰੀਬ ਹੁੰਦੀ ਸੀ।
2021 ਤੱਕ, ਕੈਨੇਡਾ ਦਾ ਘਰਾਂ ਦਾ ਕਰਜ਼ਾ ਦੇਸ਼ ਦੇ ਸਮੁੱਚੇ ਜੀਡੀਪੀ ਨਾਲੋਂ 7 ਫ਼ੀਸਦ ਵੱਧ ਹੈ।
ਇਹ 2010 ਵਿੱਚ ਇੰਨਾਂ ਘੱਟ ਸੀ ਕਿ ਜੀਡੀਪੀ ਨਾਲੋਂ ਤਕਰੀਬਨ 5 ਫ਼ੀਸਦ ਘੱਟ ਸੀ।
ਤੁਲਨਾਤਮਕ ਤੌਰ ’ਤੇ , ਅਮਰੀਕਾ ਵਿੱਚ ਘਰਾਂ ਲਈ ਲਿਆ ਕਰਜ਼ਾ 2008 ਵਿੱਚ ਦੇਸ਼ ਦੇ ਜੀਡੀਪੀ ਦੇ 100 ਫ਼ੀਸਦ ਸੀ ਜੋ 2021 ਵਿੱਚ ਘੱਟ ਕੇ ਕਰੀਬ 75 ਫ਼ੀਸਦ ਰਹਿ ਗਿਆ।
ਯੂਕੇ ਦਾ ਘਰੇਲੂ ਕਰਜ਼ਾ ਵੀ 2010 ਵਿੱਚ 94 ਫ਼ੀਸਦ ਸੀ ਜੋ ਹੁਣ 2021 ਵਿੱਚ ਤੋਂ ਘਟ ਕੇ 86 ਫ਼ੀਸਦ ਰਹਿ ਗਿਆ ਹੈ।
ਇੱਕ ਪਾਸੇ ਅਮਰੀਕਾ ਵਿੱਚ ਰਹਿਣ ਵਾਲੇ ਲੋਕਾਂ ਨੇ ਕਰਜ਼ਾ ਲੈਣਾ ਘੱਟ ਕੀਤਾ ਹੈ।
ਅਲੇਦ ਕਹਿੰਦੇ ਹਨ, “ਕੈਨੇਡਾ ਵਾਸੀ ਹੁਣ ਵੱਧ ਕਰਜ਼ਾ ਲੈਂਦੇ ਹਨ ਤੇ ਸੰਭਾਵਤ ਤੌਰ ''ਤੇ ਇਹ ਉਦੋਂ ਤੱਕ ਵਧਦਾ ਰਹੇਗਾ ਜਦੋਂ ਤੱਕ ਅਸੀਂ ਘਰਾਂ ਨੂੰ ਸਸਤਾ ਬਣਾਉਣ ਦਾ ਹੱਲ ਨਹੀਂ ਕੱਢ ਲੈਂਦੇ।"
ਪ੍ਰਮੁੱਖ ਪੱਛਮੀ ਦੇਸ਼ਾਂ ਵਿੱਚੋਂ, ਸਿਰਫ਼ ਆਸਟ੍ਰੇਲੀਆ ਵਿੱਚ ਹੀ ਘਰੇਲੂ ਕਰਜਾ ਉਸ ਦੀ 119 ਫ਼ੀਸਦ ਜੀਡੀਪੀ ਦਾ ਹਿੱਸਾ ਹੈ।
ਕੈਨੇਡਾ ਦੀ ਸਰਕਾਰ ''ਤੇ ਨਵੇਂ ਘਰਾਂ ਦੀ ਗਿਣਤੀ ਵਧਾਉਣ ਤੇ ਉਨ੍ਹਾਂ ਦੀਆਂ ਕੀਮਤਾਂ ਨੂੰ ਕਾਬੂ ਵਿੱਚ ਰੱਖਣ ਲਈ ਦਬਾਅ ਪਾਇਆ ਜਾ ਰਿਹਾ ਹੈ।
ਇਸ ਸਾਲ ਦੇ ਸ਼ੁਰੂ ਵਿੱਚ, ਕੈਨੇਡਾ ਨੇ ਸਮਰੱਥਾ ਨੂੰ ਵਧਾਉਣ ਦੀ ਕੋਸ਼ਿਸ਼ ਵਿੱਚ ਦੇਸ਼ ਵਿੱਚ ਘਰ ਖਰੀਦਣ ਵਾਲੇ ਵਿਦੇਸ਼ੀਆਂ ''ਤੇ ਦੋ ਸਾਲਾਂ ਦੀ ਪਾਬੰਦੀ ਲਗਾ ਦਿੱਤੀ ਸੀ।
ਕਈਆਂ ਨੇ ਅਧਿਕਾਰੀਆਂ ਨੂੰ ਅਜਿਹੇ ਉਪਾਅ ਕਰਨ ਲਈ ਵੀ ਕਿਹਾ ਹੈ ਜੋ ਕੈਨੇਡਾ ਵਿੱਚ ਰਿਹਾਇਸ਼ ਨੂੰ ਵਧਾਉਣ, ਕਿਉਂਕਿ ਦੇਸ਼ ਦੀ ਆਬਾਦੀ 2022 ਵਿੱਚ 10 ਲੱਖ ਤੋਂ ਵੀ ਵੱਧ ਵਧੀ ਹੈ। ਜੋ ਹੁਣ ਤੱਕ ਦੇ ਕਿਸੇ ਵੀ ਸਾਲ ਦੇ ਅੰਕੜੇ ਤੋਂ ਵੱਧ ਹੈ।
1 ਜਨਵਰੀ ਤੋਂ ਉਨ੍ਹਾਂ ਲੋਕਾਂ ਨੂੰ ਰਿਹਾਇਸ਼ੀ ਜਾਇਦਾਦ ਖਰੀਦਣ ''ਤੇ ਰੋਕ ਲਗਾ ਦਿੱਤੀ ਗਈ ਸੀ ਜੋ ਕੈਨੇਡੀਅਨ ਨਾਗਰਿਕ ਨਹੀਂ ਹਨ ਜਾਂ ਸਥਾਈ ਨਿਵਾਸੀ ਯਾਨੀ ਪੀਆਰ ਨਹੀਂ ਹਨ
ਕੈਨੇਡਾ ਕਿਫ਼ਾਇਤੀ ਬਜ਼ਾਰ ਤੋਂ ਦੂਰ ਹੋ ਰਿਹਾ ਹੈ - ਮਾਹਰ
ਕੈਨੇਡਾ ਦੀ ਇੰਪੀਰੀਅਲ ਬੈਂਕ ਆਫ਼ ਕਾਮਰਸ ਦੇ ਅਰਥ ਸ਼ਾਸਤਰੀ, ਬੈਂਜਾਮਿਨ ਤਾਲ ਨੇ ਸੀਬੀਸੀ ਨਾਲ ਗੱਲਬਾਤ ਦੌਰਾਨ ਕਿਹਾ ਕਿ ਕੈਨੇਡਾ ਅਸਲ ਵਿੱਚ ‘ਲੋਕਾਂ ਦੀ ਖਰੀਦਣ ਦੀ ਘੱਟ ਸ਼ਕਤੀ’ ਨਾਲ ਜੂਝ ਰਿਹਾ ਹੈ।
ਯਾਨੀ ਲੋਕਾਂ ਦੀ ਸਮਰੱਥਾ ਬਜ਼ਾਰ ਦੀਆਂ ਕੀਮਤਾਂ ਦੇ ਮੁਕਬਾਲੇ ਘੱਟ ਹੈ।
ਉਹ ਕਹਿੰਦੇ ਹਨ,“ਜਦੋਂ ਇਹ ਰਿਹਾਇਸ਼ ਦੀ ਗੱਲ ਆਉਂਦੀ ਹੈ ਤਾਂ ਇਹ ਇੱਕ ਅਜਿਹੀ ਚੀਜ਼ ਹੈ ਜਿਸ ਨੂੰ ਬਣਾਉਣ ਵਿੱਚ ਕਈ ਸਾਲ ਲੱਗ ਜਾਂਦੇ ਹਨ।”
ਕੈਨੇਡਾ ਦੀ ਨਵੀਂ ਇਮੀਗ੍ਰੇਸ਼ਨ ਨੀਤੀ ਦੇ ਹਿਸਾਬ ਨਾਲ ਦੇਸ਼ ਵਿੱਚ ਪਰਵਾਸੀਆਂ ਦੀ ਗਿਣਤੀ ਵਿੱਚ ਵਾਧਾ ਹੋਣਾ ਸੁਭਾਵਿਕ ਹੈ। ਮਾਹਰ ਅਜਿਹੇ ਵਿੱਚ ਆਪਣੇ ਨਿੱਜੀ ਮਾਲਕੀਅਤ ਵਾਲੇ ਘਰ ਹੋਣ ਦੀ ਖ਼ੁਆਹਿਸ਼ ਨੂੰ ਘੱਟ ਕਰਨ ਦੀ ਲੋੜ ’ਤੇ ਜ਼ੋਰ ਦਿੰਦੇ ਹਨ।
ਬੈਂਜਾਮਿਨ ਕਹਿੰਦੇ ਹਨ, "ਸਾਨੂੰ ਅਜਿਹੀ ਸਥਿਤੀ ਬਣਾਉਣ ਦੀ ਲੋੜ ਹੈ, ਜਿਸ ਵਿੱਚ ਕੋਈ 35 ਸਾਲ ਦਾ ਵਿਆਹੁਤਾ ਵਿਅਕਤੀ ਹੋਵੇ, ਉਸ ਦੇ ਦੋ ਬੱਚੇ ਹੋਣ ਤੇ ਉਹ ਕਿਰਾਏ ਦੇ ਘਰ ਵਿੱਚ ਰਹਿ ਰਿਹਾ ਹੋਵੇ।”
“ਇਹ ਬਿਲਕੁਲ ਸਹੀ ਖਿਆਲ ਹੈ ਤੁਸੀਂ ਕੁਝ ਵੀ ਗ਼ਲਤ ਨਹੀਂ ਕਰ ਰਹੇ।”
"ਸਥਿਤੀ ਬਦ ਤੋਂ ਬਦਤਰ ਹੁੰਦੀ ਜਾ ਰਹੀ ਹੈ। ਇਸ ਲਈ ਸਾਨੂੰ ਇਸ ਨੂੰ ਇੱਕ ਸੰਕਟ ਵਜੋਂ ਮੰਨਣਾ ਪਏਗਾ ਅਤੇ ਕਿਰਾਏ ਦੇ ਮਕਾਨ ਇਸ ਦਾ ਹੱਲ ਹੋ ਸਕਦੇ ਹਨ।"
ਕੈਨੇਡਾ ਦੀ ਨਵੀਂ ਇਮੀਗ੍ਰੇਸ਼ਨ ਨੀਤੀ
ਮਾਹਰ ਇਸ ਗੱਲ ਲਈ ਫ਼ਿਕਰਮੰਦ ਹਨ ਕਿ ਜੇ ਕੈਨੇਡਾ ਵਿੱਚ ਇਸ ਦੀ ਨਵੀਂ ਇਮੀਗ੍ਰੇਸ਼ਨ ਨੀਤੀ ਦੇ ਆਧਾਰ ’ਤੇ ਵੱਧ ਪਰਵਾਸੀ ਆਉਂਦੇ ਹਨ ਤਾਂ ਮਕਾਨਾਂ ਦੀ ਕੀਮਤ ਵਿੱਚ ਹੋਰ ਵਾਧਾ ਹੋਣਾ ਨਿਸ਼ਚਿਤ ਹੈ।
ਅਸਲ ਵਿੱਚ ਵੱਡੀ ਉਮਰ ਦੇ ਲੋਕਾਂ ਦੀ ਸੇਵਾ ਮੁਕਤੀ ਹੋਣ ਕਾਰਨ ਕੈਨੇਡਾ ਦੀ ਆਰਥਿਕਤਾ ਵਿੱਚ ਪੈਦਾ ਹੋਏ ਖ਼ਲਾਅ ਨੂੰ ਭਰਨ ਲਈ ਕੈਨੇਡਾ ਦੀ ਝਾਕ ਪਰਵਾਸੀਆਂ ਉਪਰ ਹੈ।
ਨਵੰਬਰ 2022 ਵਿੱਚ ਕੈਨੇਡਾ ਦੀ ਫੈਡਰਲ ਸਰਕਾਰ ਨੇ ਐਲਾਨ ਕੀਤਾ ਸੀ ਕਿ 2025 ਤੱਕ ਹਰ ਸਾਲ 5 ਲੱਖ ਪਰਵਾਸੀਆਂ ਨੂੰ ਦਾਖਲਾ ਦਿੱਤਾ ਜਾਏਗਾ।
ਇਸ ਮੁਤਾਬਕ 2025 ਤੱਕ ਕਰੀਬ 15 ਲੱਖ ਪਰਵਾਸੀ ਕੈਨੇਡਾ ਪਹੁੰਚ ਸਕਦੇ ਹਨ।
ਇਸ ਦਾ ਅਰਥ ਹੈ ਕਿ ਮਕਾਨਾਂ ਦੀ ਮੰਗ ਵਧੇਗੀ, ਨਵੇਂ ਆਏ ਲੋਕ ਕਰਜ਼ੇ ਦੀ ਮਦਦ ਨਾਲ ਘਰ ਲੈਣ ਦੀ ਕੋਸ਼ਿਸ਼ ਕਰਨਗੇ।
ਇਸ ਤਰ੍ਹਾਂ ਜ਼ਮੀਨ ਤੇ ਮਕਾਨਾਂ ਦੀ ਕੀਮਤ ਵਿੱਚ ਵਾਧਾ ਹੋਵੇਗਾ ਤੇ ਇਹ ਚੱਕਰ ਤੇਜ਼ ਹੋ ਜਾਵੇਗਾ।
(ਬੀਬੀਸੀ ਪੰਜਾਬੀ ਨਾਲ , , ਅਤੇ ''ਤੇ ਜੁੜੋ।)

ਭਗਤ ਸਿੰਘ ਦੀ ਫ਼ਾਂਸੀ ਮਗਰੋਂ ਕਿਵੇਂ ਲਾਹੌਰ ਦੀਆਂ ਸੜਕਾਂ ’ਤੇ ਸੋਗ ਮਨਾਇਆ ਗਿਆ ਸੀ
NEXT STORY