ਨਲਿਨੀ ਨੇ ਕਦੇ ਸਿਗਰਟ ਨਹੀਂ ਪੀਤੀ, ਪਰ ਪਤੀ ਸਿਗਰਟ ਪੀਂਦਾ ਸੀ। ਇਸ ਕਾਰਨ ਅਪ੍ਰਤੱਖ ਤੌਰ ’ਤੇ ਨਲਿਨੀ ਵੀ ਤੰਬਾਕੂ ਦਾ ਧੂੰਆਂ ਸਾਹ ਰਾਹੀਂ ਲੈਂਦੇ ਰਹੇ ਅਤੇ ਨਤੀਜੇ ਵਜੋਂ ਕੈਂਸਰ ਦੀ ਚਪੇਟ ''ਚ ਆ ਗਏ।
ਨਲਿਨੀ ਦੀ ਉਦਾਹਰਨ ਕੋਈ ਇਕੱਲੀ ਨਹੀਂ ਹੈ। ਵਿਸ਼ਵ ਸਿਹਤ ਸੰਗਠਨ ਦੇ ਮੁਤਾਬਿਕ, ਹਰੇਕ ਸਾਲ ਅਪ੍ਰਤੱਖ ਤੌਰ ’ਤੇ ਤੰਬਾਕੂ ਸੇਵਨ ਕਰਨ ਵਾਲੇ ਕਰੀਬ 12 ਲੱਖ ਲੋਕਾਂ ਦੀ ਮੌਤ ਹੁੰਦੀ ਹੈ।
ਅਪ੍ਰਤੱਖ ਤੌਰ ’ਤੇ ਤੰਬਾਕੂ ਸੇਵਨ ਕਰਨ ਦਾ ਮਤਲਬ ਹੈ ਕਿ ਵਿਅਕਤੀ ਆਪ ਤਾਂ ਬੀੜੀ-ਸਿਗਰਟ ਆਦਿ ਨਹੀਂ ਪੀਂਦਾ ਪਰ ਉਸ ਦੇ ਨਾਲ ਰਹਿੰਦਾ ਕੋਈ ਵਿਅਕਤੀ ਤੰਬਾਕੂ ਪੀਂਦਾ ਹੈ।
75 ਸਾਲ ਦੇ ਨਲਿਨੀ ਸੱਤਿਆਨਾਰਾਇਣ ਕਹਿੰਦੇ ਹਨ, ‘‘ਮੈਂ ਨੱਕ ਤੋਂ ਸਾਹ ਨਹੀਂ ਲੈ ਸਕਦੀ। ਗਲੇ ਵਿੱਚ ਬਣਾਏ ਗਏ ਸੁਰਾਖ ਨਾਲ ਸਾਹ ਲੈਣਾ ਹੁੰਦਾ ਹੈ।’’
ਨਲਿਨੀ 33 ਸਾਲ ਤੋਂ ਆਪਣੇ ਵਿਆਹੁਤਾ ਜੀਵਨ ਵਿੱਚ ਅਪ੍ਰਤੱਖ ਤੌਰ ’ਤੇ ਤੰਬਾਕੂ ਦਾ ਸੇਵਨ ਕਰਦੇ ਰਹੇ, ਕਿਉਂਕਿ ਪਤੀ ਸਿਗਰਟ ਪੀਂਦਾ ਸੀ।
ਪਤੀ ਦੇ ਦੇਹਾਂਤ ਦੇ ਪੰਜ ਸਾਲ ਬਾਅਦ 2010 ਵਿੱਚ ਉਨ੍ਹਾਂ ਨੂੰ ਵੀ ਕੈਂਸਰ ਹੋ ਗਿਆ।
ਬੀਬੀਸੀ ਨੇ ਨਲਿਨੀ ਦੀ ਇਕ ਕਹਾਣੀ ਪਿਛਲੇ ਸਾਲ ਛਾਪੀ ਸੀ।
ਹੈਦਰਾਬਾਦ ਦੇ ਨਲਿਨੀ ਦੱਸਦੇ ਹਨ, ‘‘ਮੇਰੇ ਪਤੀ ਚੇਨ ਸਮੋਕਰ (ਬਹੁਤ ਜ਼ਿਆਦਾ ਤੇ ਲਗਾਤਾਰ ਸਿਗਰਟ ਪੀਣ ਵਾਲੇ) ਸਨ। ਮੈਨੂੰ ਨਹੀਂ ਪਤਾ ਸੀ ਕਿ ਇਸ ਦਾ ਅਸਰ ਮੇਰੇ ’ਤੇ ਵੀ ਹੋਵੇਗਾ ਅਤੇ ਇਹ ਇੰਨਾ ਖਰਾਬ ਹੋ ਸਕਦਾ ਹੈ।’’
‘‘ਮੈਂ ਹਮੇਸ਼ਾ ਉਨ੍ਹਾਂ ਦੀ ਚਿੰਤਾ ਕਰਦੀ ਸੀ ਅਤੇ ਉਨ੍ਹਾਂ ਨੂੰ ਸਿਗਰਟ ਪੀਣ ਤੋਂ ਰੋਕਣ ਦੀ ਕੋਸ਼ਿਸ਼ ਕਰਦੀ ਸੀ, ਪਰ ਉਹ ਨਹੀਂ ਬਦਲੇ।’’
ਅਵਾਜ਼ ਖਰਾਬ ਹੋ ਗਈ...
ਆਪਣੀ ਪੋਤੀ ਨੂੰ ਕਹਾਣੀਆਂ ਸੁਣਾਉਂਦੇ ਸਮੇਂ ਨਲਿਨੀ ਨੂੰ ਮਹਿਸੂਸ ਹੋਇਆ ਕਿ ਉਨ੍ਹਾਂ ਦੀ ਆਵਾਜ਼ ਖਰਾਬ ਯਾਨੀ ਭਾਰੀ ਜਿਹੀ ਹੋ ਰਹੀ ਹੈ। ਕੁਝ ਹੀ ਸਮੇਂ ਵਿੱਚ ਉਨ੍ਹਾਂ ਨੂੰ ਬੋਲਣ ਵਿੱਚ ਤਕਲੀਫ਼ ਹੋਣ ਲੱਗੀ, ਦਮ ਘੁੱਟਣ ਵਰਗਾ ਮਹਿਸੂਸ ਹੋਣ ਲੱਗਿਆ।
ਜਾਂਚ ਦੇ ਦੌਰਾਨ ਪਤਾ ਲੱਗਿਆ ਕਿ ਉਨ੍ਹਾਂ ਦੀ ਛਾਤੀ ਵਿੱਚ ਕੈਂਸਰ ਹੈ। ਡਾਕਟਰਾਂ ਨੂੰ ਉਨ੍ਹਾਂ ਦੇ ਵੋਕਲ ਕਾਰਡ ਅਤੇ ਥਾੲਰੌਇਡ ਦੀਆਂ ਗ੍ਰੰਥੀਆਂ ਨੂੰ ਕੱਢਣਾ ਪਿਆ।
ਨਲਿਨੀ ਨੇ ਦੱਸਿਆ, ‘‘ਮੈਂ ਗੱਲ ਨਹੀਂ ਕਰ ਪਾ ਰਹੀ ਸੀ। ਇਹ ਕਾਫ਼ੀ ਨਿਰਾਸ਼ ਕਰਨ ਵਾਲਾ ਸੀ। ਉਦੋਂ ਡਾਕਟਰਾਂ ਨੇ ਦੱਸਿਆ ਕਿ ਆਵਾਜ਼ ਪਹਿਲਾਂ ਵਰਗੀ ਨਹੀਂ ਰਹੇਗੀ।’’
ਨਲਿਨੀ ਦੀ ਪੋਤੀ ਜਨਨੀ ਹੁਣ 15 ਸਾਲ ਦੀ ਹੋ ਚੁੱਕੀ ਹੈ। ਜਨਨੀ ਯਾਦ ਕਰਦੀ ਹੈ ਕਿ ਉਨ੍ਹਾਂ ਨੂੰ ਲੱਗਦਾ ਸੀ ਕਿ ਅਚਾਨਕ ਦਾਦੀ ਨੂੰ ਕੀ ਹੋ ਗਿਆ।
ਜਨਨੀ ਨੇ ਦੱਸਿਆ, ‘‘ਇਲਾਜ ਲਈ ਉਨ੍ਹਾਂ ਨੂੰ ਲੰਬੇ ਸਮੇਂ ਤੱਕ ਹਸਪਤਾਲ ਵਿੱਚ ਰਹਿਣਾ ਪਿਆ। ਜਦੋਂ ਉਹ ਵਾਪਸ ਆਏ ਤਾਂ ਮੈਂ ਚਾਰ ਸਾਲ ਦੀ ਸੀ। ਉਨ੍ਹਾਂ ਦੇ ਪੇਟ ਵਿੱਚ ਕਾਫ਼ੀ ਟਿਊਬਾਂ ਲੱਗੀਆਂ ਹੋਈਆਂ ਸਨ। ਹਰ ਜਗ੍ਹਾ ਟਿਊਬਾਂ ਦਿਖਾਈ ਦੇ ਰਹੀਆਂ ਸਨ।’’
‘‘ਇੱਕ ਨਰਸ ਸਾਡੇ ਨਾਲ ਹੀ ਰਹਿਣ ਲੱਗੀ ਸੀ ਅਤੇ ਸਾਨੂੰ ਪੂਰਾ ਘਰ ਸਾਫ਼ ਰੱਖਣਾ ਪੈਂਦਾ ਸੀ। ਮੈਨੂੰ ਉਸ ਵਕਤ ਸਥਿਤੀ ਦੀ ਗੰਭੀਰਤਾ ਦਾ ਅੰਦਾਜ਼ਾ ਨਹੀਂ ਸੀ। ਇਹ ਸਭ ਨਿਰਾਸ਼ ਕਰਨ ਵਾਲਾ ਸੀ।’’
ਨਲਿਨੀ ਖੁਸ਼ਕਿਸਮਤ ਸਨ ਕਿ ਉਨ੍ਹਾਂ ਨੂੰ ਚੰਗਾ ਇਲਾਜ ਮਿਲਿਆ ਅਤੇ ਵਾਈਬ੍ਰੇਸ਼ਨ ਵੌਇਸ ਬਾਕਸ ਦੀ ਮਦਦ ਨਾਲ ਉਹ ਫਿਰ ਤੋਂ ਬੋਲਣ ਲੱਗੇ। ਪਰ ਉਨ੍ਹਾਂ ਨੂੰ ਆਪਣੀ ਤਕਲੀਫ਼ ਦੀ ਵਜ੍ਹਾ ਦਾ ਪਤਾ ਵੀ ਚੱਲ ਗਿਆ।
ਪੈਸਿਵ ਸਮੋਕਿੰਗ (ਅਪ੍ਰਤੱਖ ਸਿਗਰਟਨੋਸ਼ੀ) ਵੀ ਜਾਨਲੇਵਾ ਹੋ ਸਕਦੀ ਹੈ
‘‘ਪਤੀ ਕਾਰਨ ਮੈਨੂੰ ਕੈਂਸਰ ਹੋਇਆ। ਸਿਗਰਟਨੋਸ਼ੀ ਕਰਨ ਵਾਲੇ ਜ਼ਿਆਦਾਤਰ ਜ਼ਹਿਰੀਲਾ ਅੰਸ਼ ਬਾਹਰ ਕੱਢ ਦਿੰਦੇ ਹਨ ਅਤੇ ਪੈਸਿਵ ਸਮੋਕਰਜ਼ ਉਨ੍ਹਾਂ ਨੂੰ ਸਾਹ ਰਾਹੀਂ ਅੰਦਰ ਲੈ ਲੈਂਦੇ ਹਨ।’’
ਪੈਸਿਵ ਸਮੋਕਿੰਗ ਵੀ ਜਾਨਲੇਵਾ ਹੋ ਸਕਦੀ ਹੈ। ਵਿਸ਼ਵ ਸਿਹਤ ਸੰਗਠਨ ਦੇ ਮੁਤਾਬਕ ‘‘ਕਿਸੇ ਵੀ ਰੂਪ ਵਿੱਚ ਤੰਬਾਕੂ ਹਾਨੀਕਾਰਕ ਹੈ ਅਤੇ ਇਹ ਬਿਲਕੁਲ ਸੁਰੱਖਿਅਤ ਨਹੀਂ ਹੈ।’’
ਵਿਸ਼ਵ ਸਿਹਤ ਸੰਗਠਨ ਦੇ ਯੂਰਪੀ ਦਫ਼ਤਰ ਵਿੱਚ ਤੰਬਾਕੂ ਕੰਟਰੋਲ ਵਿਭਾਗ ਦੀ ਤਕਨੀਕੀ ਅਧਿਕਾਰੀ ਅੰਗੇਲਾ ਕਿਉਬਾਨੂ ਨੇ ਪੈਸਿਵ ਸਮੋਕਿੰਗ ਬਾਰੇ ਦੱਸਿਆ।
‘‘ਅਪ੍ਰਤੱਖ ਤੌਰ ’ਤੇ ਵੀ ਤੰਬਾਕੂ ਦਾ ਸੇਵਨ ਕਰਨ ਵਾਲਿਆਂ ਦੇ ਸਰੀਰ ਵਿੱਚ 7000 ਰਸਾਇਣ ਪਹੁੰਚਦੇ ਹਨ, ਜਿਨ੍ਹਾਂ ਵਿੱਚੋਂ 70 ਕੈਂਸਰ ਦੀ ਵਜ੍ਹਾ ਹੋ ਸਕਦੇ ਹਨ।’’
‘‘ਅਪ੍ਰਤੱਖ ਤੌਰ ’ਤੇ ਸਿਗਰਟਨੋਸ਼ੀ ਦੀ ਚਪੇਟ ਵਿੱਚ ਆਉਣ ਵਾਲੇ ਲੋਕਾਂ ਵਿੱਚ ਸਿਗਰਟਨੋਸ਼ੀ ਨਾ ਕਰਨ ਵਾਲਿਆਂ ਦੀ ਤੁਲਨਾ ਵਿੱਚ ਫੇਫੜਿਆਂ ਦਾ ਕੈਂਸਰ ਹੋਣ ਦਾ ਖ਼ਤਰਾ 20 ਤੋਂ 30 ਪ੍ਰਤੀਸ਼ਤ ਵਧ ਜਾਂਦਾ ਹੈ।’’
ਤੰਬਾਕੂ ਦਿਲ ਦੀ ਸਿਹਤ ਲਈ ਵੀ ਨੁਕਸਾਨਦਾਇਕ ਹੈ। ਅੰਗੇਲਾ ਦੇ ਮੁਤਾਬਕ, ‘‘ਇੱਕ ਘੰਟੇ ਦੀ ਅਪ੍ਰਤੱਖ ਸਮੋਕਿੰਗ ਨਾਲ ਦਿਲ ਤੱਕ ਖੂਨ ਪਹੁੰਚਾਉਣ ਵਾਲੀਆਂ ਧਮਣੀਆਂ ਦੀ ਅੰਦਰੂਨੀ ਪਰਤ ਨੂੰ ਨੁਕਸਾਨ ਹੋ ਸਕਦਾ ਹੈ, ਜਿਸ ਨਾਲ ਦਿਲ ਦੇ ਦੌਰੇ ਦਾ ਖ਼ਤਰਾ ਵਧ ਸਕਦਾ ਹੈ।’’
ਨਲਿਨੀ ਨੂੰ ਪਤੀ ਤੋਂ ਸ਼ਿਕਾਇਤ ਨਹੀਂ
ਹੈਦਰਾਬਾਦ ਵਿੱਚ ਨਲਿਨੀ ਗਲੇ ਵਿੱਚ ਬਣੇ ਸੁਰਾਖ ਨਾਲ ਸਾਹ ਲੈ ਰਹੇ ਹਨ ਅਤੇ ਕੇਵਲ ਨਰਮ ਖਾਣਾ ਖਾ ਸਕਦੇ ਹਨ, ਪਰ ਉਨ੍ਹਾਂ ਨੇ ਕੈਂਸਰ ਦੇ ਜੇਤੂ ਦੇ ਤੌਰ ’ਤੇ ਜ਼ਿੰਦਗੀ ਨਾਲ ਤਾਲਮੇਲ ਬੈਠਾ ਲਿਆ ਹੈ।
ਉਨ੍ਹਾਂ ਨੇ ਹਾਲ ਹੀ ਵਿੱਚ ਸ਼ਹਿਨਾਈ ਵਜਾਉਣੀ ਸਿੱਖੀ ਹੈ। ਨਲਿਨੀ ਵਨਸਪਤੀ ਵਿਗਿਆਨ ਵਿੱਚ ਐੱਮਫਿਲ ਹਨ ਬਾਗਵਾਨੀ ਵਿੱਚ ਬਹੁਤ ਦਿਲਚਸਪੀ ਰੱਖਦੇ ਹਨ। ਉਹ ਪਸ਼ੂਆਂ ਦੀ ਡਾਕਟਰ ਬਣਨ ਦੀ ਇੱਛਾ ਰੱਖਣ ਵਾਲੀ ਆਪਣੀ ਪੋਤੀ ਜਨਨੀ ਦੀ ਪੜ੍ਹਾਈ ਵਿੱਚ ਮਦਦ ਵੀ ਕਰਦੇ ਹਨ।
ਜਨਨੀ ਨੇ ਦੱਸਿਆ, ‘‘ਮੈਨੂੰ ਉਨ੍ਹਾਂ ’ਤੇ ਮਾਣ ਹੈ। ਉਹ ਹਰ ਕਿਸੇ ਲਈ ਪ੍ਰੇਰਨਾ ਸਰੋਤ ਹਨ।’’
ਨਲਿਨੀ ਸਕੂਲ, ਕਾਲਜ ਅਤੇ ਸਮੁਦਾਇਕ ਮੀਟਿੰਗਾਂ ਵਿੱਚ ਜਾ ਕੇ ਲੋਕਾਂ ਨੂੰ ਆਪਣੀ ਕਹਾਣੀ ਜ਼ਰੀਏ ਪੈਸਿਵ ਸਮੋਕਿੰਗ ਦੇ ਖ਼ਤਰੇ ਵੀ ਦੱਸਦੇ ਹਨ।
ਨਲਿਨੀ ਦੀ ਆਵਾਜ਼ ਖੋ ਗਈ ਸੀ ਅਤੇ ਉਨ੍ਹਾਂ ਨੂੰ ਕਾਫ਼ੀ ਕੁਝ ਬਰਦਾਸ਼ਤ ਕਰਨਾ ਪਿਆ, ਪਰ ਉਨ੍ਹਾਂ ਨੂੰ ਆਪਣੇ ਪਤੀ ਤੋਂ ਕੋਈ ਸ਼ਿਕਾਇਤ ਨਹੀਂ ਹੈ।
ਉਨ੍ਹਾਂ ਦੱਸਿਆ, ‘‘ਪਤੀ ਨੂੰ ਲੈ ਕੇ ਕਦੇ ਬੁਰਾ ਨਹੀਂ ਲੱਗਿਆ, ਇਸ ਗੱਲ ਨੂੰ ਲੈ ਕੇ ਰੋਣ ਦਾ ਕੋਈ ਫਾਇਦਾ ਨਹੀਂ ਹੈ। ਕੋਈ ਸਮੱਸਿਆ ਹੱਲ ਨਹੀਂ ਹੋਵੇਗੀ।’’
‘‘ਮੈਂ ਅਸਲੀਅਤ ਨੂੰ ਸਵੀਕਾਰ ਕਰ ਲਿਆ ਹੈ ਅਤੇ ਆਪਣੀ ਬਿਮਾਰੀ ਨੂੰ ਲੈ ਕੇ ਲੋਕਾਂ ਨਾਲ ਗੱਲ ਕਰਨ ਦੌਰਾਨ ਵੀ ਮੈਨੂੰ ਕਦੇ ਬੁਰਾ ਨਹੀਂ ਲੱਗਿਆ।’’
ਤੰਬਾਕੂ ਸੇਵਨ ਕਾਰਨ ਹਰ ਸਾਲ 80 ਲੱਖ ਮੌਤਾਂ
ਵਿਸ਼ਵ ਸਿਹਤ ਸੰਗਠਨ ਦੇ ਮੁਤਾਬਕ ਤੰਬਾਕੂ ਸੇਵਨ ਕਰਨ ਨਾਲ ਹਰ ਸਾਲ ਕਰੀਬ 80 ਲੱਖ ਲੋਕਾਂ ਦੀ ਮੌਤ ਹੁੰਦੀ ਹੈ, ਇਸ ਵਿੱਚ 12 ਲੱਖ ਅਪ੍ਰਤੱਖ ਤੌਰ ’ਤੇ ਤੰਬਾਕੂ ਦਾ ਸੇਵਨ ਕਰਨ ਵਾਲੇ ਸ਼ਾਮਲ ਹਨ।
ਵਿਸ਼ਵ ਸਿਹਤ ਸੰਗਠਨ ਦੇ ਮੁਤਾਬਕ, ਭਾਰਤ ਵਿੱਚ ਹਰ ਸਾਲ 13.5 ਲੱਖ ਲੋਕਾਂ ਦੀ ਮੌਤ ਤੰਬਾਕੂ ਦੇ ਸੇਵਨ ਦੇ ਕਾਰਨ ਹੁੰਦੀ ਹੈ।
ਭਾਰਤ ਦੁਨੀਆਂ ਦਾ ਦੂਜਾ ਸਭ ਤੋਂ ਵੱਡਾ ਤੰਬਾਕੂ ਉਤਪਾਦਕ ਅਤੇ ਖਪਤ ਕਰਨ ਵਾਲਾ ਦੇਸ਼ ਹੈ।
ਸਿਗਰਟਨੋਸ਼ੀ ’ਤੇ ਪਾਬੰਦੀ
ਵਿਸ਼ਵ ਸਿਹਤ ਸੰਗਠਨ ਸਿਗਰਟਨੋਸ਼ੀ ’ਤੇ ਪੂਰੀ ਤਰ੍ਹਾਂ ਦੀ ਪਾਬੰਦੀ ਦੀ ਵਕਾਲਤ ਕਰਦਾ ਹੈ। ਅੰਗੇਲਾ ਦੇ ਮੁਤਾਬਿਕ, ‘‘ਪੂਰੀ ਤਰ੍ਹਾਂ ਨਾਲ ਧੂੰਆਂ ਰਹਿਤ ਵਾਤਾਵਰਨ ਹੀ, ਸਮੋਕਿੰਗ ਨਾ ਕਰਨ ਵਾਲਿਆਂ ਦੀ ਸੁਰੱਖਿਆ ਦਾ ਕਾਰਗਰ ਉਪਾਅ ਹੋ ਸਕਦਾ ਹੈ।’’
ਅੰਗੇਲਾ ਕਹਿੰਦੇ ਹਨ, ‘‘ਕਿਸੇ ਨੂੰ ਵੀ ਆਪਣੇ ਜਾਂ ਆਪਣੇ ਬੱਚੇ ਦੇ ਆਸ-ਪਾਸ ਸਿਗਰਟਨੋਸ਼ੀ ਨਾ ਕਰਨ ਦਿਓ। ਸਾਫ਼ ਹਵਾ ਬੁਨਿਆਦੀ ਮਨੁੱਖੀ ਅਧਿਕਾਰ ਹੈ।’’
ਹਾਲਾਂਕਿ, ਤੰਬਾਕੂ ’ਤੇ ਪਾਬੰਦੀ ਲਗਾਉਣਾ ਇੰਨਾ ਆਸਾਨ ਵੀ ਨਹੀਂ ਹੈ। ਗ੍ਰੈਂਡ ਵਿਊ ਰਿਸਰਚ ਦੇ ਵਿਸ਼ਲੇਸ਼ਣ ਮੁਤਾਬਕ, ਸਾਲ 2021 ਵਿੱਚ ਤੰਬਾਕੂ ਦਾ ਉਦਯੋਗ 850 ਅਰਬ ਡਾਲਰ ਦਾ ਰਿਹਾ।
ਇਹ ਅਫ਼ਰੀਕਾ ਦੀ ਸਭ ਤੋਂ ਵੱਡੀ ਆਬਾਦੀ ਵਾਲੇ ਦੇਸ਼ ਨਾਈਜੀਰੀਆ ਦੀ ਕੁੱਲ ਜੀਡੀਪੀ ਦਾ ਲਗਭਗ ਦੁੱਗਣਾ ਹੈ। ਵਰਲਡ ਬੈਂਕ ਦੇ ਅਨੁਮਾਨ ਮੁਤਾਬਕ, ਸਾਲ 2020 ਵਿੱਚ ਨਾਈਜੀਰੀਆ ਦੀ ਜੀਡੀਪੀ 430 ਅਰਬ ਡਾਲਰ ਦੀ ਸੀ।
ਗ੍ਰੈਂਡ ਵਿਊ ਰਿਸਰਚ ਅਨੁਸਾਰ, ਤੰਬਾਕੂ ਦੀ ਮੰਗ ਇਸ ਲਈ ਵਧ ਰਹੀ ਹੈ ਕਿਉਂਕਿ ਏਸ਼ੀਆ ਅਤੇ ਅਫ਼ਰੀਕਾ ਵਿੱਚ ਸਿਗਰਟਨੋਸ਼ੀ ਕਰਨ ਵਾਲਿਆਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ।
ਆਪਣੇ ਕਾਰੋਬਾਰੀ ਹਿੱਤਾਂ ਦੇ ਚੱਲਦੇ ਤੰਬਾਕੂ ਕੰਪਨੀਆਂ ਸਿਹਤ ਸਬੰਧੀ ਨਿਯਮਾਂ ਨੂੰ ਚੁਣੌਤੀ ਦੇ ਰਹੀਆਂ ਹਨ ਅਤੇ ਸਿਗਰਟਨੋਸ਼ੀ ’ਤੇ ਪੂਰੀ ਤਰ੍ਹਾਂ ਦੀ ਪਾਬੰਦੀ ਨੂੰ ਟਾਲਣ ਵਿੱਚ ਕਾਮਯਾਬ ਹੋ ਰਹੀਆਂ ਹਨ।
ਹਜ਼ਾਰਾਂ ਬੱਚਿਆਂ ਦੀ ਮੌਤ
ਵਿਸ਼ਵ ਸਿਹਤ ਸੰਗਠਨ ਦੇ ਮੁਤਾਬਿਕ ਪੈਸਿਵ ਸਮੋਕਿੰਗ ਦੇ ਚੱਲਦਿਆਂ ਦੁਨੀਆਂ ਭਰ ਵਿੱਚ ਹਰ ਸਾਲ 65 ਹਜ਼ਾਰ ਬੱਚਿਆਂ ਦੀ ਮੌਤ ਹੁੰਦੀ ਹੈ।
ਅਪ੍ਰਤੱਖ ਸਿਗਰਟਨੋਸ਼ੀ ਦੇ ਚੱਲਦਿਆਂ ਬੱਚਿਆਂ ਵਿੱਚ ਸੁਣਨ ਦੀ ਸਮਰੱਥਾ ਘੱਟ ਹੋ ਜਾਂਦੀ ਹੈ। ਉਹ ਬੋਲ਼ੇ ਵੀ ਹੋ ਸਕਦੇ ਹਨ।
ਅੰਗੇਲਾ ਦੱਸਦੇ ਹਨ, ‘‘ਬੱਚਿਆਂ ਵਿੱਚ ਸਾਹ ਸਬੰਧੀ ਰੋਗ ਹੋਣ ਦਾ ਖ਼ਤਰਾ 50 ਤੋਂ 100 ਪ੍ਰਤੀਸ਼ਤ ਤੱਕ ਵਧ ਸਕਦਾ ਹੈ। ਅਸਥਮਾ ਅਤੇ ਸਡਨ ਇੰਫੈਂਟ ਡੈੱਥ ਸਿੰਡੋਰਮ ਹੋਣ ਦਾ ਖ਼ਤਰਾ ਵੀ ਵਧ ਜਾਂਦਾ ਹੈ।’’
ਲੰਬਾ ਸੰਘਰਸ਼
ਆਯਨੁਰੂ ਅਲਤਬਾਯੇਵਾ ਕਿਰਗਿਸਤਾਨ ਦੀਆਂ ਉਨ੍ਹਾਂ ਸੰਸਦ ਮੈਂਬਰਾਂ ਵਿੱਚੋਂ ਸਨ ਜਿਨ੍ਹਾਂ ਨੇ 2018 ਵਿੱਚ ਦੇਸ਼ ਵਿੱਚ ਜਨਤਕ ਸਥਾਨਾਂ ’ਤੇ ਸਿਗਰਟਨੋਸ਼ੀ ’ਤੇ ਪਾਬੰਦੀ ਵਾਲਾ ਬਿਲ ਪਾਸ ਕੀਤਾ ਸੀ।
ਅਲਤਬਾਯੇਵਾ ਦੇ ਮੁਤਾਬਕ, ਉਨ੍ਹਾਂ ਦੇ ਦੇਸ਼ ਵਿੱਚ ਹਰ ਸਾਲ 6000 ਲੋਕਾਂ ਦੀ ਮੌਤ ਤੰਬਾਕੂ ਨਾਲ ਹੁੰਦੀ ਹੈ। ਪਰ ਤੰਬਾਕੂ ਇੰਡਸਟਰੀ ਨਾਲ ਮਿਲੀਭੁਗਤ ਕਰਕੇ ਸੰਸਦ ਵਿੱਚ ਉਨ੍ਹਾਂ ਦੇ ਕੁਝ ਸਾਥੀ ਇਸ ਮਾਮਲੇ ਨੂੰ ਸਿਲੈਕਟ ਕਮੇਟੀ ਵਿੱਚ ਲੈ ਗਏ।
ਵਿੱਤ ਮੰਤਰਾਲੇ ਨੇ ਮਾਲੀਏ ਦੀ ਕਮੀ ’ਤੇ ਚਿੰਤਾ ਪ੍ਰਗਟਾਈ ਅਤੇ ਇਹ ਸਭ ਕਾਨੂੰਨ ਨੂੰ ਲਾਗੂ ਹੋਣ ਤੋਂ ਰੋਕਣ ਲਈ ਕੀਤਾ ਗਿਆ ਸੀ।
ਸੋਸ਼ਲ ਮੀਡੀਆ ਦੇ ਜ਼ਰੀਏ ਅਲਤਬਾਯੇਵਾ ਅਤੇ ਉਨ੍ਹਾਂ ਦੇ ਪਰਿਵਾਰ ’ਤੇ ਨਿੱਜੀ ਹਮਲੇ ਵੀ ਕੀਤੇ ਗਏ, ਪਰ ਉਨ੍ਹਾਂ ਨੇ ਆਪਣੀ ਲੜਾਈ ਜਾਰੀ ਰੱਖੀ ਅਤੇ ਆਖਿਰਕਾਰ 2021 ਵਿੱਚ ਉਨ੍ਹਾਂ ਦੇ ਦੇਸ਼ ਵਿੱਚ ਕਾਨੂੰਨ ਲਾਗੂ ਹੋ ਗਿਆ।
ਉਹ ਅਜੇ ਵੀ ਤੰਬਾਕੂ ਸੇਵਨ ਦੇ ਖਿਲਾਫ਼ ਜਾਗਰੂਕਤਾ ਅਭਿਆਨ ਚਲਾ ਰਹੇ ਹਨ।
ਉਨ੍ਹਾਂ ਦੱਸਿਆ, ‘‘2013 ਦੇ ਸਰਵੇਖਣ ਦੇ ਮੁਤਾਬਕ, ਪੁਰਸ਼ਾਂ ਵਿੱਚ ਸਿਗਰਟਨੋਸ਼ੀ ਘੱਟ ਹੋ ਰਹੀ ਹੈ, ਪਰ ਔਰਤਾਂ ਵਿੱਚ ਵਧ ਰਹੀ ਹੈ।’’
ਅਲਤਬਾਯੇਵਾ ਦਾ ਕਹਿਣਾ ਹੈ ਕਿ ਨੌਜਵਾਨ ਔਰਤਾਂ ਵਿੱਚ ਸਿਗਰਟਨੋਸ਼ੀ ਲਤ ਬਣੇ, ਉਸ ਤੋਂ ਪਹਿਲਾਂ ਉਨ੍ਹਾਂ ਨੂੰ ਰੋਕਣਾ ਹੋਵੇਗਾ।
ਤੰਬਾਕੂ ਸੇਵਨ ਰੋਕਣ ਲਈ ਅਭਿਆਨ
ਦੁਨੀਆਂ ਭਰ ਵਿੱਚ ਤੰਬਾਕੂ ਸੇਵਨ ਅਤੇ ਉਸ ਨਾਲ ਹੋਣ ਵਾਲੀਆਂ ਮੌਤਾਂ ਨੂੰ ਰੋਕਣ ਲਈ 2005 ਵਿੱਚ ਤੰਬਾਕੂ ਕੰਟਰੋਲ ਲਈ ਫਰੇਮਵਰਕ ਕਨਵੈਨਸ਼ਨ ਪੇਸ਼ ਕੀਤੀ ਗਈ ਸੀ, ਜਿਸ ’ਤੇ ਹੁਣ ਤੱਕ 182 ਦੇਸ਼ਾਂ ਨੇ ਹਸਤਾਖਰ ਕੀਤੇ ਹਨ।
ਇਸ ਅਭਿਆਨ ਨਾਲ ਜੁੜੇ ਲੋਕਾਂ ਦਾ ਕਹਿਣਾ ਹੈ ਕਿ ਜਨਤਕ ਥਾਵਾਂ ’ਤੇ ਸਿਗਰਟਨੋਸ਼ੀ ’ਤੇ ਪਾਬੰਦੀ ਲਗਾਉਣ ਤੋਂ ਅੱਗੇ ਵਧਣ ਦੀ ਜ਼ਰੂਰਤ ਹੈ, ਕਨਵੈਨਸ਼ਨ ਦੇ ਦੂਜੇ ਸੁਝਾਵਾਂ ’ਤੇ ਅਮਲ ਕਰਨ ਦੀ ਜ਼ਰੂਰਤ ਹੈ।
ਸਿਡਨੀ ਸਥਿਤ ਗੈਰ ਸਰਕਾਰੀ ਸੰਗਠਨ ਗਲੋਬਲ ਸੈਂਟਰ ਫਾਰ ਗੁੱਡ ਗਵਰਨੈਂਸ ਇਨ ਟੋਬੈਕੋ ਕੰਟਰੋਲ ਦੀ ਗਲੋਬਲ ਰਿਸਰਚ ਅਤੇ ਐਡਵੋਕੇਸੀ ਮੁਖੀ ਡਾਕਟਰ ਮੈਰੀ ਅਸਸੁਨਤਾ ਕਹਿੰਦੇ ਹਨ, ‘‘ਲੋਕਾਂ ਦੇ ਸਾਫ਼ ਹਵਾ ਦੇ ਅਧਿਕਾਰ ਲਈ ਸਮੋਕ ਫ੍ਰੀ ਪਾਲਿਸੀ ਹੋਣੀ ਚਾਹੀਦੀ ਹੈ।''''
''''ਜਨਤਕ ਥਾਵਾਂ ’ਤੇ ਸਿਗਰਟਨੋਸ਼ੀ ’ਤੇ ਪਾਬੰਦੀ ਨਾਲ ਮੌਤਾਂ ਘੱਟ ਹੋਈਆਂ ਹਨ, ਇਸ ਲਈ ਹੁਣ ਤੰਬਾਕੂ ਕੰਟਰੋਲ ਦੀਆਂ ਨੀਤੀਆਂ ਨੂੰ ਵਿਸਥਾਰ ਨਾਲ ਲਾਗੂ ਕਰਨ ਦੀ ਜ਼ਰੂਰਤ ਹੈ।’’
ਦੁਨੀਆਂ ਭਰ ਵਿੱਚ ਸਿਗਰਟਨੋਸ਼ੀ ਕਰਨ ਵਾਲੇ ਲੋਕਾਂ ਦੀ ਗਿਣਤੀ ਵਿੱਚ ਕਮੀ ਦੇਖਣ ਨੂੰ ਮਿਲੀ ਹੈ, ਪਰ ਹੁਣ ਵੀ ਇੱਕ ਅਰਬ ਤੀਹ ਕਰੋੜ ਲੋਕ ਸਿਗਰਟਨੋਸ਼ੀ ਕਰਦੇ ਹਨ।
ਵਿਸ਼ਵ ਸਿਹਤ ਸੰਗਠਨ ਦੇ ਮੁਤਾਬਿਕ ਬਿਨਾਂ ਕਿਸੇ ਰੈਗੂਲੇਸ਼ਨ ਨੂੰ ਮੰਨਣ ਵਾਲੇ ਵੀ ਤੰਬਾਕੂ ਇੰਡਸਟਰੀ ਦਾ ਹਿੱਸਾ ਹਨ, ਪ੍ਰਤੀ 10 ਸਿਗਰਟ ਵਿੱਚ ਇੱਕ ਸਿਗਰਟ ਗੈਰ ਕਾਨੂੰਨੀ ਕਾਰੋਬਾਰ ਦਾ ਹਿੱਸਾ ਹੈ।
ਅਸਸੁਨਤਾ ਮੁਤਾਬ, ਤੰਬਾਕੂ ਉਤਪਾਦਾਂ ਦੇ ਵਿਗਿਆਪਨ ਬੱਚਿਆਂ ਦੀਆਂ ਗੇਮਾਂ ਅਤੇ ਐਪਸ ਵਿੱਚ ਦਿਖਾਈ ਦਿੰਦੇ ਹਨ ਅਤੇ ਇਹ ਕਰੂਰਤਾ ਹੈ ਅਤੇ ਤੰਬਾਕੂ ਉਦਯੋਗ ਨੂੰ ਲੋਕਾਂ ਨੂੰ ਹੋਣ ਵਾਲੇ ਨੁਕਸਾਨ ਦੀ ਭਰਪਾਈ ਕਰਨੀ ਚਾਹੀਦੀ ਹੈ।
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube ''ਤੇ ਜੁੜੋ।)
ਓਡੀਸ਼ਾ ਰੇਲ ਹਾਦਸਾ :''ਮੈਂ 250 ਲਾਸ਼ਾਂ ਨੂੰ ਛੂਹ-ਛੂਹ ਦੇਖਿਆਂ ਪਰ ਮੇਰਾ ਭਰਾ ਨਹੀਂ ਮਿਲਿਆ''
NEXT STORY