ਵਿਰਲਾਪ ਕਰਦਾ ਹੋਇਆ ਸੌਰਭ ਦਾ ਪਰਿਵਾਰ
"ਮੇਰਾ ਘਰ ਮੇਰੇ ਸਾਹਮਣੇ ਡਿੱਗ ਪਿਆ, ਤੁਸੀਂ ਇਹ ਅੰਦਾਜ਼ਾ ਨਹੀਂ ਲਾ ਸਕਦੇ ਕਿ ਜਦੋਂ ਮੈਂ ਇਸਨੂੰ ਹੇਠਾਂ ਆਉਂਦੇ ਦੇਖਿਆ ਤਾਂ ਕਿਹੋ ਜਿਹਾ ਮਹਿਸੂਸ ਕੀਤਾ।"
15 ਅਗਸਤ ਨੂੰ ਜਦੋਂ ਭਾਰਤ ਵਿੱਚ ਆਜ਼ਾਦੀ ਦਾ ਜਸ਼ਨ ਮਨਾਇਆ ਜਾ ਰਿਹਾ ਸੀ ਉਸੇ ਦਿਨ ਲਗਾਤਾਰ ਮੀਂਹ ਕਾਰਨ 45 ਸਾਲ ਦੀ ਸੁਮਨ ਨੇ ਆਪਣੇ ਰਿਹਾਇਸ਼ੀ ਘਰ ਦੇ ਢਹਿ-ਢੇਰੀ ਹੋਣ ਦਾ ਮੰਜ਼ਰ ਅੱਖੀਂ ਦੇਖਿਆ।
ਭਰੀਆਂ ਅੱਖਾਂ ਤੋਂ ਹੰਝੂ ਪੂੰਝਦਿਆਂ ਆਪਣੀ ਕੰਬਦੀ ਆਵਾਜ਼ ਵਿੱਚ ਆਪਣੀ ਬੇਬਸੀ ਸਾਂਝੀ ਕਰਦਿਆਂ ਉਨ੍ਹਾਂ ਕਿਹਾ, “ਮੈਂ ਜ਼ੋਰ-ਜ਼ੋਰ ਨਾਲ ਚੀਕਾਂ ਮਾਰਦੀ ਰਹੀ, ਪਰ ਕੁਝ ਨਾ ਕਰ ਸਕੀ।”
ਸੁਮਨ ਦਾ ਘਰ ਸ਼ਿਮਲਾ ਸ਼ਹਿਰ ਜੋ ਕਿ ਆਪਣੇ ਖੁਸ਼ਨੁਮਾ ਮੌਸਮ ਅਤੇ ਅੰਗਰੇਜ਼ਾਂ ਦੇ ਸਮੇਂ ਦੀਆਂ ਇਮਾਰਤਾਂ ਲਈ ਜਾਣਿਆ ਜਾਂਦਾ ਹੈ ਦੇ ਇੱਕਦਮ ਵਿਚਕਾਰ ਸਥਿਤ ਹੈ। ਭਾਰੀ ਮੀਂਹ ਨੇ ਉਨ੍ਹਾਂ ਦੀ ਵਰ੍ਹਿਆਂ ਦੀ ਮਿਹਨਤ ਨੂੰ ਇੱਕ ਝਟਕੇ ਵਿੱਚ ਹੀ ਬਰਬਾਦ ਕਰ ਦਿੱਤਾ।
ਅੱਜ, ਉਨ੍ਹਾਂ ਨੂੰ ਸੂਬਾ ਸਰਕਾਰ ਵੱਲੋਂ ਸਥਾਪਤ ਇੱਕ ਅਸਥਾਈ ਕੈਂਪ ਵਿੱਚ ਪਨਾਹ ਮਿਲੀ ਹੋਈ ਹੈ, ਜੋ ਕੁਦਰਤ ਦੇ ਕਹਿਰ ਕਾਰਨ ਬੇਘਰ ਹੋਏ ਲੋਕ ਰਹਿ ਰਹੇ ਹਨ।
ਸੁਮਨ ਦੀਆਂ ਅੱਖਾਂ ਮੁਹਰੇ ਉਨ੍ਹਾਂ ਦਾ ਘਰ ਢਹਿ-ਢੇਰੀ ਹੋ ਗਿਆ
ਆਪਣੇ ਘਰਾਂ ਨੂੰ ਢਹਿ-ਢੇਰੀ ਹੁੰਦਿਆ ਦੇਖਣਾ
ਸੁਮਨ ਦੱਸਦੇ ਹਨ ਕਿ ਉਨ੍ਹਾਂ ਦੀ ਮਾਂ ਸਦਮੇ ਵਿੱਚ ਹੈ, "ਸਾਡੇ ਮਾਤਾ-ਪਿਤਾ ਨੇ ਇਸ ਘਰ ਨੂੰ ਬਣਾਉਣ ਲਈ ਆਪਣੀ ਜ਼ਿੰਦਗੀ ਦੀ ਸਾਰੀ ਕਮਾਈ ਲਗਾ ਦਿੱਤੀ ਸੀ, ਇਸ ਨੂੰ ਢਹਿੰਦੇ ਹੋਏ ਦੇਖਣਾ, ਮੈਂ ਸਹਿ ਨਹੀਂ ਸਕਦੀ।"
ਇਸ ਘਰ ਨੂੰ ਬਣਾਉਣ ਲਈ ਸਰੋਤ ਇਕੱਠੇ ਕਰਨ ਵਿੱਚ ਲੱਗੀਆਂ ਕਈ ਉਨੀਂਦਰੀਆਂ ਰਾਤਾਂ ਯਾਦ ਕਰਕੇ ਅੱਜ ਵੀ ਉਨ੍ਹਾਂ ਦਾ ਮਨ ਭਰ ਆਉਂਦਾ ਹੈ।
ਉਨ੍ਹਾਂ ਕਿਹਾ, "ਅਸੀਂ ਇੱਥੋਂ ਤੱਕ ਨਿਰਾਸ਼ ਹੋ ਚੁੱਕੇ ਹਾਂ ਕਿ ਅਸੀਂ ਹੁਣ ਕੋਈ ਘਰ ਬਣਾਉਣਾ ਹੀ ਨਹੀਂ ਚਾਹੁੰਦੇ, ਅਸੀਂ ਆਸ ਛੱਡ ਦਿੱਤੀ ਹੈ।"
ਅਜਿਹੀ ਨਿਰਾਸ਼ਾ ਹਿਮਾਚਲ ਪ੍ਰਦੇਸ਼ ਵਿੱਚ ਹੜ੍ਹਾਂ ਕਾਰਨ ਪ੍ਰਭਾਵਿਤ ਕੋਏ ਹਜ਼ਾਰਾਂ ਲੋਕਾਂ ਵਿੱਚ ਸਾਫ਼ ਨਜ਼ਰ ਆਉਂਦੀ ਹੈ।
ਕੁਦਰਤ ਦਾ ਕਹਿਰ ਇਸ ਵਾਰ ਕੁਝ ਇੰਨਾ ਸੀ ਕਿ ਭਾਰੀ ਮੀਂਹ ਨੇ ਬਰਬਾਦੀ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਹਨ।
ਸਰਕਾਰ ਦੀ ਰਿਪੋਰਟ ਮੁਤਾਬਕ ਜੂਨ ਦੇ ਆਖ਼ਰੀ ਹਫ਼ਤੇ ਵਿੱਚ ਮਾਨਸੂਨ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਜ਼ਮੀਨ ਖਿਸਕਣ ਅਤੇ ਹੜ੍ਹਾਂ ਕਾਰਨ 348 ਲੋਕਾਂ ਦੀ ਮੌਤ ਹੋਣ ਦਾ ਖੁਲਾਸਾ ਹੋਇਆ ਹੈ
348 ਮੌਤਾਂ, ਹਜ਼ਾਰਾਂ ਬੇਘਰ
ਇਸ ਤਰਾਸਦੀ ਬਾਰੇ ਸਾਹਮਣੇ ਆਏ ਅੰਕੜੇ ਇੱਕ ਭਿਆਨਕ ਤਸਵੀਰ ਪੇਸ਼ ਕਰਦੇ ਹਨ।
ਸੂਬਾ ਸਰਕਾਰ ਦੀਆਂ ਰਿਪੋਰਟਾਂ ਮੁਤਾਬਕ ਜੂਨ ਦੇ ਆਖ਼ਰੀ ਹਫ਼ਤੇ ਵਿੱਚ ਮਾਨਸੂਨ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਜ਼ਮੀਨ ਖਿਸਕਣ ਅਤੇ ਹੜ੍ਹਾਂ ਕਾਰਨ 348 ਲੋਕਾਂ ਦੀ ਮੌਤ ਹੋਣ ਦਾ ਖੁਲਾਸਾ ਹੋਇਆ ਹੈ।
ਸੂਬੇ ਦੀ ਰਾਜਧਾਨੀ ਇਸ ਨਾਲ ਸਭ ਤੋਂ ਵੱਧ ਪ੍ਰਭਾਵਿਤ ਹੋਈ ਹੈ। ਜਿੱਥੇ ਕਰੀਬ 80 ਲੋਕਾਂ ਦੀ ਮੌਤ ਹੋਈ ਹੈ ।
ਮੁੱਖ ਮੰਤਰੀ ਸੁਖਵਿੰਦਰ ਸੁੱਖੂ ਦਾ 10,000 ਕਰੋੜ ਰੁਪਏ ਤੋਂ ਵੱਧ ਦਾ ਨੁਕਸਾਨ ਹੋਣ ਦਾ ਐਲਾਨ ਤਬਾਹੀ ਦੇ ਪੈਮਾਨੇ ਨੂੰ ਦਰਸਾਉਂਦਾ ਹੈ।
ਇਸ ਦੌਰਾਨ ਕੁੱਲ 336 ਲੋਕ ਜ਼ਖਮੀ ਹੋਏ ਹਨ, 2220 ਘਰ ਤਬਾਹ ਹੋ ਗਏ ਹਨ, ਅਤੇ ਤਕਰੀਬਨ 10,000 ਘਰ ਨੁਕਸਾਨੇ ਗਏ ਹਨ।
ਮਨੁੱਖਾਂ ਦੇ ਨਾਲ-ਨਾਲ ਪਸ਼ੂਆਂ ਨੂੰ ਵੀ ਇਸਦੀ ਮਾਰ ਝੱਲਣੀ ਪਈ ਹੈ, 9930 ਮੁਰਗੀਆਂ, 6085 ਪਸ਼ੂ ਅਤੇ ਹੋਰ ਕਈ ਜਾਨਵਰ ਕੁਦਰਤ ਦੇ ਕਹਿਰ ਦਾ ਸ਼ਿਕਾਰ ਹੋਏ ਹਨ।
ਸੂਬੇ ਵਿੱਚ ਢਿੱਗਾਂ-ਡਿੱਗਣ ਦੀਆਂ 131 ਅਤੇ ਅਚਾਨਕ ਪਾਣੀ ਦੇ ਤੇਜ਼ ਵਹਾਅ ਦੀਆਂ 60 ਘਟਨਾਵਾਂ ਦਰਜ ਕੀਤੀਆਂ ਗਈਆਂ, ਜਿਸਨੇ ਖਿੱਤੇ ਦੀ ਭੂਗੌਲਿਕ ਰੂਪ-ਰੇਖਾ ਬਦਲ ਦਿੱਤੀ ਹੈ।
ਹਰ ਸੌ ਕੁ ਮੀਟਰ ਦੀ ਦੂਰੀ ਉੱਤੇ ਸੜਕਾਂ ਉੱਤੇ ਦਰੱਖ਼ਤ ਡਿੱਗੇ ਹੋਏ ਦਿਖਦੇ ਹਨ।
ਮੰਦਰ ਦਾ ਦੁਖਾਂਤ
14 ਅਗਸਤ ਨੂੰ ਸ਼ਿਵ ਮੰਦਿਰ ਅਚਾਨਕ ਢਿੱਗਾਂ, ਪੱਥਰਾਂ ਅਤੇ ਬਾਰਿਸ਼ ਦੀ ਮਾਰ ਹੇਠ ਆ ਗਿਆ ਸੀ। ਇਸ ਦੁਖਾਂਤ ਵਿੱਚ 20 ਸ਼ਰਧਾਲੂਆਂ ਦੀ ਮੌਤ ਹੋ ਗਈ ਸੀ, ਜਿਸ ਵਿੱਚ ਇੱਕੋ ਪਰਿਵਾਰ ਦੇ 7 ਜਾਣੇ ਮਾਰੇ ਗਏ ਸਨ।
ਇਸ ਦੁਖਾਂਤ ਵਿੱਚ ਆਪਣੇ 17 ਸਾਲਾਂ ਦੇ ਪੁੱਤਰ ਸੌਰਭ ਨੂੰ ਗਵਾਉਣ ਵਾਲੇ ਪਿਤਾ ਨੇ ਦਿਲ-ਕੰਬਾਊ ਪਲਾਂ ਨੂੰ ਯਾਦ ਕਰਦਿਆਂ ਦੱਸਿਆ,“ਅਸੀਂ ਉਸ ਦਿਲ ਦਹਿਲਾਉਣੀ ਸਵੇਰ ਨੂੰ ਇੱਕ ਗਰਜ ਸੁਣੀ।''''
ਮੇਰੀ ਪਤਨੀ ਨੇ ਕਿਹਾ, ''''ਸੌਰਭ ਕਿੱਥੇ ਹੈ? ਮੈਂ ਮੰਦਰ ਵੱਲ ਭੱਜਿਆ ਤਾਂ ਦੇਖਿਆ ਕਿ ਇਮਾਰਤ ਕੁਝ ਹੱਦ ਤੱਕ ਹੀ ਡਿੱਗੀ ਸੀ।”
“ਮਲਬੇ ਵਿੱਚ ਫਸਿਆ ਇੱਕ ਵਿਅਕਤੀ ਮਦਦ ਲਈ ਰੌਲਾ ਪਾ ਰਿਹਾ ਸੀ। ਅਸੀਂ ਤੇਜ਼ੀ ਨਾਲ ਉਸ ਨੂੰ ਬਚਾਉਣ ਲਈ ਦੌੜੇ।''''
''''ਫਿਰ ਇੱਕ ਵਾਰੀ ਫਿਰ ਜ਼ਮੀਨ ਖਿਸਕ ਗਈ ਅਤੇ ਮੰਦਿਰ ਦੇ ਉੱਪਰੋਂ ਰੇਲ ਪਟੜੀ ਤੋਂ ਢਿੱਗਾਂ ਹੇਠਾਂ ਡਿੱਗਣ ਲੱਗੀਆਂ ਜਿਸ ਤੋਂ ਬਾਅਦ ਕੁਝ ਵੀ ਨਾ ਬਚਿਆ।”
ਪਰਿਵਾਰ ਅਤੇ ਸਥਾਨਕ ਲੋਕ ਸੌਰਭ ਦੀ ਭਾਲ ਕਰਦੇ ਰਹੇ। ਉਨ੍ਹਾਂ ਨੂੰ ਅਗਲੇ ਦਿਨ ਉਸ ਦੀ ਲਾਸ਼ ਮਿਲੀ।
"ਮੈਨੂੰ ਆਪਣੇ ਬੇਟੇ ਦੀਆਂ ਗੱਲਾਂ ਰਹਿ-ਰਹਿ ਕੇ ਯਾਦ ਆਉਂਦੀਆਂ ਰਹਿੰਦੀਆਂ ਹਨ। ਆਹ ਦੇਖੋ, ਉਸ ਦੀਆਂ ਕਿਤਾਬਾਂ ਇੱਥੇ ਹੀ ਪਈਆਂ ਹਨ। ਉਸ ਦੇ ਕੱਪੜੇ ਵੀ ਪਏ ਹਨ। ਬਸ ਉਹ ਖ਼ੁਦ ਨੇੜੇ-ਤੇੜੇ ਨਹੀਂ ਹੈ। ਪਰ ਹੁਣ ਕੋਈ ਕੁਝ ਨਹੀਂ ਕਰ ਸਕਦਾ।"
ਹੜ੍ਹਾਂ ਦੌਰਾਨ ਵੱਡੀ ਗਿਣਤੀ ਵਿੱਚ ਵਾਹਨਾਂ ਦਾ ਨੁਕਸਾਨ ਹੋਇਆ
ਪ੍ਰਸਿੱਧ ਰੇਲ ਪੱਟੜੀਆਂ
ਕਈ ਵਿਰਾਸਤੀ ਇਮਾਰਤਾਂ ਜਿਨ੍ਹਾਂ ਵਿੱਚ ਸ਼ਿਮਲਾ ਦੀ ਪਛਾਣ ਟੋਆਏ ਟਰੇਨ ਵੀ ਸ਼ਾਮਲ ਹਨ, ਪ੍ਰਭਾਵਿਤ ਹੋਈਆਂ ਹਨ।
ਸੰਜੇ ਠਾਕੁਰ 120 ਸਾਲ ਪੁਰਾਣੀ ਯੂਨੈਸਕੋ ਦੀ ਵਿਸ਼ਵ ਵਿਰਾਸਤ ਸਥਾਨ ‘ਟੋਆਏ ਟਰੇਨ’ ਦੇ ਬੰਦ ਕੀਤੇ ਗਏ ਰੇਲਵੇ ਟਰੈਕਾਂ ਦਾ ਹਵਾਲਾ ਦੇ ਰਹੇ ਸਨ, ਜੋ ਹੁਣ ਕੁਦਰਤ ਦੇ ਕਹਿਰ ਦਾ ਪ੍ਰਤੀਕ ਬਣ ਗਏ ਹਨ।
ਹੁਣ ਟਰੇਨ ਦੀਆਂ ਪੱਟੜੀਆਂ ਸੂਬੇ ਦੇ ਮੁੜ ਪੈਰਾਂ ਸਿਰ ਹੋਣ ਦੇ ਸੰਘਰਸ਼ ਨੂੰ ਦਰਸਾਉਂਦੇ ਹਨ।
ਸੂਬੇ ਦੇ ਲੋਕਾਂ ''ਤੇ ਇਸ ਦੇ ਪ੍ਰਭਾਵ ਦਾ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ।
ਆਕਾਸ਼ ਕੁਮਾਰ ਦੇ ਪਰਿਵਾਰ ਦੀ ਰੋਜ਼ੀ-ਰੋਟੀ ਦਾ ਇੱਕੋ-ਇੱਕ ਵਸੀਲਾ ਉਨ੍ਹਾਂ ਦੀ ਮੀਟ ਦੀ ਦੁਕਾਨ ਹੈ, ਪਰ ਸਰਕਾਰੀ ਬੁੱਚੜਖਾਨੇ ਦੇ ਢਹਿ-ਢੇਰੀ ਹੋ ਜਾਣ ਕਾਰਨ ਉਨ੍ਹਾਂ ਕੋਲ ਨਾ ਕੰਮ ਬਚਿਆ ਤੇ ਘਰ ਤਾਂ ਉਹ ਪਹਿਲਾਂ ਹੀ ਗਵਾ ਚੁੱਕੇ ਸਨ।
ਹਿਮਾਚਲ ਤੇ ਕੁਦਰਤ ਦਾ ਕਹਿਰ
- ਸੂਬਾ ਸਰਕਾਰ ਦੀਆਂ ਰਿਪੋਰਟਾਂ ਮੁਤਾਬਕ ਜੂਨ ਦੇ ਆਖ਼ਰੀ ਹਫ਼ਤੇ ਵਿੱਚ ਮਾਨਸੂਨ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਜ਼ਮੀਨ ਖਿਸਕਣ ਅਤੇ ਹੜ੍ਹਾਂ ਕਾਰਨ 348 ਲੋਕਾਂ ਦੀ ਮੌਤ ਹੋਣ ਦਾ ਖੁਲਾਸਾ ਹੋਇਆ ਹੈ।
- ਸੂਬੇ ਦੀ ਰਾਜਧਾਨੀ ਇਸ ਨਾਲ ਸਭ ਤੋਂ ਵੱਧ ਪ੍ਰਭਾਵਿਤ ਹੋਈ ਹੈ। ਜਿੱਥੇ ਕਰੀਬ 80 ਲੋਕਾਂ ਦੀ ਮੌਤ ਹੋਈ ਹੈ।
- ਮੁੱਖ ਮੰਤਰੀ ਸੁਖਵਿੰਦਰ ਸੁੱਖੂ ਦਾ 10,000 ਕਰੋੜ ਰੁਪਏ ਤੋਂ ਵੱਧ ਦਾ ਨੁਕਸਾਨ ਹੋਣ ਦਾ ਐਲਾਨ ਤਬਾਹੀ ਦੇ ਪੈਮਾਨੇ ਨੂੰ ਦਰਸਾਉਂਦਾ ਹੈ।
- ਇਸ ਦੌਰਾਨ ਕੁੱਲ 336 ਲੋਕ ਜ਼ਖਮੀ ਹੋਏ ਹਨ, 2220 ਘਰ ਤਬਾਹ ਹੋ ਗਏ ਹਨ ਅਤੇ ਤਕਰੀਬਨ 10,000 ਘਰ ਨੁਕਸਾਨੇ ਗਏ ਹਨ।
- ਮਨੁੱਖਾਂ ਦੇ ਨਾਲ-ਨਾਲ ਪਸ਼ੂਆਂ ਨੂੰ ਵੀ ਇਸਦੀ ਮਾਰ ਝੱਲਣੀ ਪਈ ਹੈ, 9930 ਮੁਰਗੀਆਂ, 6085 ਪਸ਼ੂ ਅਤੇ ਹੋਰ ਕਈ ਜਾਨਵਰ ਕੁਦਰਤ ਦੇ ਕਹਿਰ ਦਾ ਸ਼ਿਕਾਰ ਹੋਏ ਹਨ।
- ਸੂਬੇ ਵਿੱਚ ਢਿੱਗਾਂ-ਡਿੱਗਣ ਦੀਆਂ 131 ਅਤੇ ਅਚਾਨਕ ਪਾਣੀ ਦੇ ਤੇਜ਼ ਵਹਾਅ ਦੀਆਂ 60 ਘਟਨਾਵਾਂ ਦਰਜ ਕੀਤੀਆਂ ਗਈਆਂ।
ਮਲਬੇ ਹੇਠਾਂ ਦੱਬੀ ਇੱਕ ਕਾਰ
“ਅਸੀਂ ਸਰਕਾਰੀ ਬੁੱਚੜਖਾਨੇ ਤੋਂ ਸਮਾਨ ਲਿਆਉਂਦੇ ਸੀ ਅਤੇ ਫਿਰ ਇਸਨੂੰ ਆਪਣੀ ਦੁਕਾਨ ''ਤੇ ਵੇਚਦੇ ਸੀ। ਪਰ ਫ਼ਿਰ ਮੀਂਹ ਦੌਰਾਨ ਬੁੱਚੜਖਾਨਾ ਢਹਿ ਗਿਆ ਅਤੇ ਉਸ ਤੋਂ ਥੋੜ੍ਹੀ ਦੂਰ ਸਥਿਤ ਸਾਡੇ ਘਰ ਨੂੰ ਵੀ ਖ਼ਤਰੇ ਵਿੱਚ ਐਲਾਨ ਦਿੱਤਾ ਗਿਆ।”
“ਸਮਝ ਨਹੀਂ ਆ ਰਿਹਾ ਕਿ ਅਸੀਂ ਸਾਰੇ ਹੁਣ ਕਮਾਈ ਕਿੱਥੋਂ ਕਰਾਂਗੇ। ਰੋਜ਼ੀ-ਰੋਟੀ ਕਿੱਥੋਂ ਖਾਵਾਂਗੇ।"
ਆਕਾਸ਼ ਕੁਮਾਰ ਨੇ ਆਪਣੇ ਮਾਪਿਆਂ, ਚਾਰ ਭਰਾਵਾਂ ਅਤੇ ਉਨ੍ਹਾਂ ਦੀਆਂ ਪਤਨੀਆਂ ਅਤੇ ਬੱਚਿਆਂ ਸਮੇਤ ਇਸ ਦੁਕਾਨ ’ਤੇ ਨਿਰਭਰ ਆਪਣੇ ਵੱਡੇ ਪਰਿਵਾਰ ਵੱਲ ਇਸ਼ਾਰਾ ਕਰਦਿਆਂ ਕਿਹਾ, “ਸਮਝ ਨਹੀਂ ਆ ਰਿਹਾ ਕਿ ਅਸੀਂ ਸਾਰੇ ਹੁਣ ਕਮਾਈ ਕਿੱਥੋਂ ਕਰਾਂਗੇ। ਰੋਜ਼ੀ-ਰੋਟੀ ਕਿੱਥੋਂ ਖਾਵਾਂਗੇ।"
ਹੁਣ ਇਹ ਪਰਿਵਾਰ ਸ਼ਿਮਲਾ ਦੇ ਇੱਕ ਪੁਨਰਵਾਸ ਕੈਂਪ ਵਿੱਚ ਦਿਨ ਕੱਟ ਰਿਹਾ ਹੈ।
ਨੁਕਸਾਨ ਦੀਆਂ ਕਹਾਣੀਆਂ ਦੇ ਵਿਚਕਾਰ, ਇੱਕ ਨਵੀਂ ਸੱਚਾਈ ਉੱਭਰਦੀ ਹੈ – ਹਿਮਾਲਿਆ ਖੇਤਰ ਦਾ ਨਾਜ਼ੁਕ ਵਾਤਾਵਰਨ।
ਇਹ ਤਬਾਹੀ ਬੇਰੋਕ ਵਿਕਾਸ ਦੇ ਖ਼ਤਰਿਆਂ ਅਤੇ ਪਹਿਲਾਂ ਤੋਂ ਹੀ ਖ਼ਤਰਨਾਕ ਪਹਾੜੀ ਢਲਾਣਾਂ ''ਤੇ ਭਾਰੀ ਮੀਂਹ ਦੇ ਪ੍ਰਭਾਵ ਨੂੰ ਦਰਸਾਉਂਦੀ ਹੈ।
ਚਕਨਾਚੂਰ ਹੋਈ ਗੱਡੀ
ਮੁੜ ਪੈਰਾਂ ਸਿਰ ਹੋਣ ਨੂੰ ਸਾਲ ਲੱਗੇਗਾ
ਇਹ ਤਬਾਹੀ ਯਾਦ ਦਿਵਾਉਂਦੀ ਹੈ ਕਿ ਕੁਦਰਤ ਨਾਲ ਇਕਸੁਰਤਾ ਸਭ ਤੋਂ ਮਹੱਤਵਪੂਰਨ ਹੈ, ਜਿਸ ਨੂੰ ਮੁੱਖ ਮੰਤਰੀ ਸੁਖਵਿੰਦਰ ਸੁੱਖੂ ਨੇ ਵੀ ਦਹੁਰਾਇਆ ਹੈ।
ਉਨ੍ਹਾਂ ਕਿਹਾ ਕਿ ਨੁਕਸਦਾਰ ਢਾਂਚਾਗਤ ਡਿਜ਼ਾਇਨ ਅਤੇ ਅੰਨ੍ਹੇਵਾਹ ਉਸਾਰੀ ਤਬਾਹੀ ਦੇ ਮੁੱਖ ਕਾਰਨ ਹਨ।
ਸੁੱਖੂ ਮੁਤਾਬਕ ਨੁਕਸਾਨ ਤੋਂ ਉਭਰਨ ਲਈ ਘੱਟੋ-ਘੱਟ ਇੱਕ ਸਾਲ ਦਾ ਸਮਾਂ ਲੱਗੇਗਾ।
ਜਿਸ ਵੇਲੇ ਸੂਬੇ ਵਿੱਚ 14 ਅਤੇ 15 ਅਗਸਤ ਨੂੰ ਢਿੱਗਾਂ ਡਿੱਗਣ ਕਾਰਨ ਹੋਈ ਬਰਬਾਦੀ ਤੋਂ ਉੱਭਰਨ ਦੀਆਂ ਕੋਸ਼ਿਸ਼ਾਂ ਚੱਲ ਰਹੀਆਂ ਸਨ, ਉਸ ਵੇਲੇ 24 ਅਗਸਤ ਨੂੰ ਕੁੱਲੂ ਜ਼ਿਲ੍ਹੇ ਵਿੱਚ ਇੱਕ ਹੋਰ ਢਿੱਗਾਂ ਡਿੱਗਣ ਦੀ ਵੱਡੀ ਘਟਨਾ ਵਾਪਰੀ।
ਢਿੱਗਾਂ ਡਿੱਗਣ ਕਾਰਨ ਮਕਾਨ ਰੇਤ ਦੀਆਂ ਉਸਾਰੀਆਂ ਵਾਂਗ ਢਹਿ ਗਏ, ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ''ਤੇ ਵਾਇਰਲ ਵੀ ਹੋਈ।
ਇਸ ਵਿੱਚ ਕਿੰਨਾ ਨੁਕਸਾਨ ਹੋਇਆ ਹੈ ਇਹ ਹਾਲੇ ਸਪਸ਼ਟ ਨਹੀਂ ਹੈ ਪਰ ਸਰਕਾਰੀ ਅਧਿਕਾਰੀ ਇਸ ਗੱਲ ਦੀ ਪੁਸ਼ਟੀ ਕਰਦੇ ਹਨ ਕਿ ਇਮਾਰਤਾਂ ਨੂੰ ਕੁਝ ਦਿਨ ਪਹਿਲਾਂ ਖਾਲੀ ਕਰਵਾ ਲਿਆ ਗਿਆ ਸੀ।
ਇਹ ਘਟਨਾ ਹਿਮਾਚਲ ਪ੍ਰਦੇਸ਼ ਦੇ ਕੁੱਲੂ ਜ਼ਿਲ੍ਹੇ ਦੇ ਨੇੜੇ ਪੈਂਦੇ ਆਨੀ ਕਸਬੇ ਵਿੱਚ ਵਾਪਰੀ ਜੋ ਕਿ ਕੁੱਲੂ ਦੇ ਜ਼ਿਲ੍ਹਾ ਹੈਡਕੁਆਰਟਰ ਤੋਂ 76 ਕਿਲੋਮੀਟਰ ਦੀ ਦੂਰੀ ਉੱਤੇ ਹੈ।
ਸੂਬੇ ਦੇ ਵਸਨੀਕ ਮਾਨਸਿਕ ਪਰੇਸ਼ਾਨੀ ਅਤੇ ਚਿੰਤਾ ਭਰੇ ਹਾਲਾਤਾਂ ਵਿੱਚ ਰਹਿ ਰਹੇ ਹਨ। 23 ਅਗਸਤ ਨੂੰ ਸ਼ਿਮਲਾ ਵਿੱਚ ਇੱਕ ਗੰਭੀਰ ਤੂਫ਼ਾਨ ਅਤੇ ਭਾਰੀ ਮੀਂਹ ਨੇ ਲੋਕਾਂ ਦੀ ਚਿੰਤਾ ਹੋਰ ਵਧਾ ਦਿੱਤੀ।
ਇੱਕ ਹੋਟਲ ਕਰਮਚਾਰੀ ਰਾਜੇਸ਼ ਨੇਗੀ ਨੇ ਕਿਹਾ, “ਅਸੀਂ ਪਹਿਲਾਂ ਕਦੇ ਅਜਿਹਾ ਕੁਝ ਨਹੀਂ ਦੇਖਿਆ ਸਵੇਰ ਦੇ 3 ਵਜੇ ਤੋਂ ਬਿਜਲੀ ਗਰਜ ਰਹੀ ਸੀ।”
“ਅਸੀਂ ਆਪਣੇ ਘਰ ਛੱਡ ਦਿੱਤੇ, ਮਨਾਂ ਵਿੱਚ ਡਰ ਸੀ ਕਿ ਇਹ ਕਿਸੇ ਵੀ ਪਲ ਢਹਿ ਸਕਦੇ ਹਨ।”
ਸਥਾਨਕ ਲੋਕਾਂ ਨੇ ਦੱਸਿਆ ਕਿ ਉਹ ਢਾਂਚੇ ਦੀ ਮੁੜ ਉਸਾਰੀ ਲਈ ਦ੍ਰਿੜ ਹਨ ਪਰ ਨਾਲ ਹੀ ਸਥਿਰ ਭਵਿੱਖ ਨੂੰ ਲੈ ਕੇ ਚਿੰਤਤ ਹਨ। ਉਹ ਅਜਿਹਾ ਸੰਤੁਲਨ ਲੋਚਦੇ ਹਨ ਜੋ ਮਨੁੱਖਾਂ ਅਤੇ ਪਹਾੜਾਂ ਦੇ ਵਾਤਾਵਰਣ ਵਿਚਕਾਰ ਇਕਸੁਰਤਾ ਬਣਾ ਸਕੇ।
ਇਸ ਉਥਲ-ਪੁਥਲ ਦੇ ਦੌਰਾਨ, ਸੁਮਨ ਅਤੇ ਆਕਾਸ਼ ਵਰਗੇ ਕਈ ਲੋਕ ਬੇਘਰ ਅਤੇ ਬੇਰੁਜ਼ਗਾਰ ਹੋ ਗਏ ਹਨ ਜੋ ਸਹਾਇਤਾ ਲਈ ਸਰਕਾਰ ਵੱਲ ਦੇਖ ਰਹੇ ਹਨ।
ਸੁਮਨ ਨੇ ਕਿਹਾ, "ਸਰਕਾਰ ਹੁਣ ਤੱਕ ਸਹਿਯੋਗ ਦਿੰਦੀ ਰਹੀ ਹੈ ਤੇ ਹੁਣ ਜੇ ਸਾਨੂੰ ਰਹਿਣ ਲਈ ਇੱਕ ਕਮਰਾ ਵੀ ਮਿਲ ਜਾਵੇ ਤਾਂ ਸਾਨੂੰ ਸੰਤੁਸ਼ਟੀ ਮਿਲ ਜਾਵੇਗੀ ਕਿਉਂਕਿ ਹੁਣ ਸਾਡੇ ਵਿੱਚ ਘਰ ਬਣਾਉਣ ਦੀ ਸਮਰੱਥਾ ਨਹੀਂ ਰਹੀ ਹੈ।"
(ਬੀਬੀਸੀ ਪੰਜਾਬੀ ਨਾਲ , , ਅਤੇ ''ਤੇ ਜੁੜੋ।)

ਕੀ ਮਣੀਪੁਰ ਵਿੱਚ ਹਿੰਸਾ ਪਿੱਛੇ ‘ਗੈਰ-ਕਾਨੂੰਨੀ ਘੁਸਪੈਠੀਆ ਲੋਕਾਂ ਦਾ ਹੱਥ ਹੈ - ਗਰਾਊਂਡ ਰਿਪੋਰਟ
NEXT STORY