ਖੋਜਰਾਥੀ ਦੱਖਣ ਏਸ਼ੀਆਈ ਮੂਲ ਦੀਆਂ ਉਨ੍ਹਾਂ ਔਰਤਾਂ ਦੀ ਭਾਲ ਕਰ ਰਹੇ ਹਨ, ਜਿਨ੍ਹਾਂ ਨੂੰ 1960 ਦੇ ਦਹਾਕੇ ਵਿੱਚ ਇੱਕ ਸਟੱਡੀ ਦੇ ਤਹਿਤ ਰੇਡੀਓਐਕਟਿਵ ਰੋਟੀਆਂ ਖਵਾਈਆਂ ਗਈਆਂ ਸਨ।
ਬੀਬੀਸੀ ਪੱਤਰਕਾਰ ਸ਼ਹਿਨਾਜ਼ ਖਾਨ ਦੀ ਰਿਪੋਰਟ ਮੁਤਾਬਕ, ਸਾਲ 1995 ਵਿੱਚ ਇਸ ਗੱਲ ਦਾ ਖ਼ੁਲਾਸਾ ਹੋਇਆ ਸੀ ਕਿ ਦੱਖਣੀ ਏਸ਼ੀਆਈ ਮੂਲ ਦੀਆਂ ਤਕਰੀਬਨ 21 ਔਰਤਾਂ ਨੂੰ ਇਸ ਅਧਿਐਨ ਵਿੱਚ ਸ਼ਾਮਲ ਕੀਤਾ ਗਿਆ ਸੀ।
ਇਹ ਅਧਿਐਨ ‘ਆਇਰਨ ਆਬਜ਼ੋਰਪਸ਼ਨ’ ਬਾਰੇ ਸੀ।
ਕੋਵੇਂਟਰੀ ਤੋਂ ਐਮਪੀ ਤਾਈਵੋ ਓਵਾਟਮੀ ਨੇ ਆਪਣੇ ਐਕਸ ਅਕਾਊਂਟ (ਪਹਿਲਾਂ ਟਵਿੱਟਰ) ਉੱਤੇ ਲਿਖਿਆ ਕਿ ਇਹ ਜਾਣਕਾਰੀ ਬਹੁਤ ਹੀ ਡਰਾਉਣੀ ਹੈ।
ਉਨ੍ਹਾਂ ਕਿਹਾ ਕਿ ਮੈਡੀਕਲ ਰਿਸਰਚ ਕੌਂਸਲ (ਐਮਆਰਸੀ) ਵਲੋਂ ਇਹ ਅਧਿਐਨ ਕੋਵੇਂਟਰੀ ਸ਼ਹਿਰ ਵਿੱਚ ਕੀਤਾ ਗਿਆ ਸੀ।
ਕੋਵੇਂਟਰੀ ਤੋਂ ਐਮਪੀ ਤਾਈਵੋ ਓਵਾਟਮੀ
ਉਨ੍ਹਾਂ ਲਿਖਿਆ, “ਯੂਨੀਵਰਸਿਟੀ ਆਫ ਵਾਰਵਿੱਕ ਦੇ ਖੋਜਾਰਥੀਆਂ ਨੇ ਇਨ੍ਹਾਂ ਔਰਤਾਂ ਦੀ ਪਛਾਣ ਲਈ ਮੇਰੇ ਨਾਲ ਸੰਪਰਕ ਕੀਤਾ ਹੈ ਅਤੇ ਮੈਂ ਉਨ੍ਹਾਂ ਨਾਲ ਕੰਮ ਕਰ ਰਹੀ ਹਾਂ।”
ਮੈਡੀਕਲ ਰਿਸਰਚ ਕੌਂਸਲ (ਐਮਆਰਸੀ) ਦੇ ਇੱਕ ਬੁਲਾਰੇ ਨੇ ਕਿਹਾ ਕਿ ਇੱਕ ਸੁਤੰਤਰ ਜਾਂਚ ਵਿੱਚ ਇਸ ਅਧਿਐਨ ਬਾਰੇ ਚੁੱਕੇ ਗਏ ਸਵਾਲਾਂ ਦੀ ਪੜਤਾਲ ਕੀਤੀ ਗਈ ਸੀ।
ਸੰਸਥਾ ਦੇ ਮੁਤਾਬਕ, ਇਸ ਬਾਰੇ ਸੁਤੰਤਰ ਜਾਂਚ 1998 ਵਿੱਚ ਛਪੀ ਸੀ ਜਿਸ ਵਿੱਚ ਇਹ ਸਾਹਮਣੇ ਆਇਆ ਸੀ ਕਿ ਖੋਜ ਅਭਿਆਸ, ਨੈਤਿਕਤਾ ਅਤੇ ਨਿਯਮਾਂ ਵਿੱਚ “ਕਾਫੀ ਬਦਲਾਅ” ਆਏ ਸਨ, ਜਿਸ ਤੋਂ ਬਾਅਦ “ਸਿੱਧੇ ਨਤੀਜੇ” ਵਜੋਂ ਨਵੀਂਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਸਨ।
ਡਾਕੂਮੈਂਟਰੀ ਵਿੱਚ ਖ਼ੁਲਾਸੇ ਤੋਂ ਬਾਅਦ ਸ਼ੁਰੂ ਹੋਈ ਸੀ ਜਾਂਚ
ਸੰਕੇਤਕ ਤਸਵੀਰ
ਚੈਨਲ-4 ਵੱਲੋਂ ਬਣਾਈ ਗਈ ਇੱਕ ਡਾਕੂਮੈਂਟਰੀ ਵਿੱਚ ਇਸ ਅਧਿਐਨ ਵਿੱਚ ਸ਼ਾਮਲ ਲੋਕਾਂ, ਜਿਨ੍ਹਾਂ ਵਿੱਚ ਗਰਭਵਤੀ ਔਰਤਾਂ ਵੀ ਸ਼ਾਮਲ ਸਨ, ਦੇ ਇਸ ਅਧਿਐਨ ਲਈ ਸਹਿਮਤ ਹੋਣ ਬਾਰੇ ਸਵਾਲ ਚੁੱਕੇ ਗਏ ਸਨ, ਜਿਸ ਤੋਂ ਬਾਅਦ ਜਾਂਚ ਸ਼ੁਰੂ ਕੀਤੀ ਗਈ ਸੀ।
ਇਸ ਅਧਿਐਨ ਵਿੱਚ ਸ਼ਾਮਲ ਕੀਤੀਆਂ ਗਈਆਂ ਔਰਤਾਂ ਆਪਣੇ ਨੇੜਲੇ ਡਾਕਟਰਾਂ( ਜਨਰਲ ਪ੍ਰੈਕਟੀਸ਼ਨਰਸ) ਕੋਲ ਡਾਕਟਰੀ ਸਹਾਇਤਾ ਲਈ ਗਈਆਂ ਸਨ।
ਇਸ ਅਧਿਐਨ ਵਿੱਚ ਭਾਗ ਲੈਣ ਵਾਲੀਆਂ ਔਰਤਾਂ ਦੇ ਘਰ ਆਇਰਨ-59 – ਇੱਕ ਆਇਰਨ ਆਇਸੋਟੋਪ, ਜਿਸ ਨਾਲ ਗਾਮਾ-ਬੀਟਾ ਏਮੀਟਰ ਹੁੰਦਾ ਹੈ – ਵਾਲੀਆਂ ਰੋਟੀਆਂ ਪਹੁੰਚਾਈਆਂ ਗਈਆਂ ਸਨ।
ਇਹ ਅਧਿਐਨ ਸ਼ੁਰੂ ਕਰਨ ਪਿਛਲਾ ਕਾਰਨ ਇਹ ਖ਼ਦਸ਼ਾ ਸੀ ਕਿ ਏਸ਼ੀਆਈ ਮੂਲ ਦੀਆਂ ਔਰਤਾਂ ਵਿੱਚ ਖ਼ੂਨ ਦੀ ਕਮੀ (ਅਨੇਮੀਆ) ਦਾ ਖ਼ਤਰਾ ਹੈ ਅਤੇ ਖੋਜਾਰਥੀਆਂ ਨੂੰ ਇਹ ਸ਼ੱਕ ਸੀ ਕਿ ਦੱਖਣ ਏਸ਼ੀਆਈ ਖ਼ੁਰਾਕ ਇਸ ਲਈ ਜਿੰਮੇਵਾਰ ਹੈ।
ਇਸ ਤੋਂ ਬਾਅਦ, ਉਨ੍ਹਾਂ ਔਰਤਾਂ ਨੂੰ ਔਕਸਫੋਰਡਸ਼ਾਇਰ ਵਿਖੇ ਇੱਕ ਰਿਸਰਚ ਕੇਂਦਰ ਵਿੱਚ ਲੈ ਕੇ ਜਾਇਆ ਗਿਆ, ਜਿੱਥੇ ਉਨ੍ਹਾਂ ਦੇ ਰੇਡੀਏਸ਼ਨ ਪੱਧਰ ਦੀ ਜਾਂਚ ਕੀਤੀ ਗਈ ਸੀ।
ਬੀਬੀਸੀ ਪੱਤਰਕਾਰ ਸ਼ਹਿਨਾਜ਼ ਖਾਨ ਦੀ ਰਿਪੋਰਟ ਮੁਤਾਬਕ, ਐੱਮਆਰਸੀ ਨੇ ਕਿਹਾ ਸੀ ਕਿ ਇਸ ਅਧਿਐਨ ਵਿੱਚ ਇਹ ਸਾਬਤ ਹੋਇਆ ਕਿ “ਏਸ਼ੀਆਈ ਮੂਲ ਦੀਆਂ ਔਰਤਾਂ ਨੂੰ ਵੱਧ ਆਇਰਨ ਲੈਣਾ ਚਾਹੀਦਾ ਹੈ ਕਿਉਂਕਿ ਆਟੇ ਵਿਚਲਾ ਅਇਰਨ ਘੁਲਣਸ਼ੀਲ ਨਹੀਂ ਹੁੰਦਾ।”
ਪਾਰਲੀਮੈਂਟ ਵਿੱਚ ਮੁੱਦਾ ਚੁੱਕਾਂਗੀ: ਐੱਮਪੀ
ਉੱਤਰ ਪੱਛਮੀ ਕੋਵੇਂਟਰੀ ਤੋਂ ਸੰਸਦ ਮੈਂਬਰ ਤਾਈਵੋ ਓਵਾਟਮੀ ਨੇ ਕਿਹਾ “ਮੇਰੀ ਪਹਿਲੀ ਚਿੰਤਾ ਉਨ੍ਹਾਂ ਔਰਤਾਂ ਅਤੇ ਪਰਿਵਾਰਾਂ ਬਾਰੇ ਹੈ, ਜਿਨ੍ਹਾਂ ਨੂੰ ਇਸ ਅਧਿਐਨ ਵਿੱਚ ਸ਼ਾਮਲ ਕੀਤਾ ਗਿਆ ਸੀ। ਮੈਨੂੰ ਪਤਾ ਹੈ ਕਿ ਕੋਵੇਂਟਰੀ ਦੇ ਦੱਖਣੀ ਏਸ਼ੀਆਈ ਭਾਈਚਾਰੇ ਵਿੱਚ ਇਸ ਗੱਲ ਨੂੰ ਲੈ ਕੇ ਬਹੁਤ ਚਿੰਤਾ ਹੈ।”
ਉਨ੍ਹਾਂ ਲਿਖਿਆ, “ਖੋਜਾਰਥੀਆਂ ਨਾਲ ਗੱਲ ਕਰਕੇ ਅਤੇ ਰਿਪੋਰਟਾਂ ਪੜ੍ਹ ਕੇ ਮੈਨੂੰ ਇਹ ਸਮਝ ਆਇਆ ਹੈ ਕਿ ਜਦੋਂ ਔਰਤਾਂ ਨੇ ਇਸ ਅਧਿਐਨ ਵਿੱਚ ਭਾਗ ਲਿਆ ਤਾਂ ਉਨ੍ਹਾਂ ਨੂੰ ਸਹੀ ਜਾਣਕਾਰੀ ਨਹੀਂ ਦਿੱਤੀ ਗਈ ਸੀ ਅਤੇ ਨਾ ਹੀ ਸਹੀ ਤਰੀਕੇ ਨਾਲ ਉਨ੍ਹਾਂ ਦੀ ਸਹਿਮਤੀ ਲਈ ਗਈ ਸੀ।”
ਉਨ੍ਹਾਂ ਕਿਹਾ ਕਿ ਉਹ ਸਤੰਬਰ ਵਿੱਚ ਸੰਸਦ ਦਾ ਸੈਸ਼ਨ ਸ਼ੁਰੂ ਹੋਣ ‘ਤੇ ਇਸ ਬਾਰੇ ਬਹਿਸ ਦੀ ਮੰਗ ਕਰਨਗੇ।
ਤਾਈਵੋ ਓਵਾਟਮੀ
ਓਵਾਟਮੀ ਮੁਤਾਬਕ, “ਇਹ ਲੱਗਦਾ ਹੈ ਕਿ ਇਸ ਅਧਿਐਨ ਤੋਂ ਬਾਅਦ ਉਨ੍ਹਾਂ ਔਰਤਾਂ ਦੀ ਸਿਹਤ ‘ਤੇ ਪੈਣ ਵਾਲੇ ਪ੍ਰਭਾਵਾਂ ਨੂੰ ਜਾਣਨ ਲਈ ਕੋਈ ਹੋਰ ਅਧਿਐਨ ਨਹੀਂ ਕੀਤਾ ਗਿਆ।
ਉਨ੍ਹਾਂ ਕਿਹਾ ਕਿ ਉਹ ਇਸ ਬਾਰੇ ਕਾਨੂੰਨੀ ਜਾਂਚ ਦੀ ਮੰਗ ਕਰਨਗੇ ਕਿ ਐੱਮਆਰਸੀ ਦੀ ਰਿਪੋਰਟ ਵਿੱਚ ਕੀਤੀਆਂ ਗਈਆਂ ਸਿਫਾਰਿਸ਼ਾਂ, ਜਿਨ੍ਹਾਂ ਵਿੱਚ ਪ੍ਰਭਾਵਿਤ ਔਰਤਾਂ ਦੀ ਪਛਾਣ ਕਰਨੀ ਵੀ ਸ਼ਾਮਲ ਸੀ, ਦੀ ਪਾਲਣਾ ਨਹੀਂ ਕੀਤੀ ਗਈ।
“ਤਾਂ ਜੋ ਉਹ ਆਪਣੀ ਕਹਾਣੀ ਦੱਸ ਸਕਣ ਅਤੇ ਨਾਲ ਹੀ ਉਨ੍ਹਾਂ ਨੂੰ ਲੋੜੀਂਦੀ ਮਦਦ ਮਿਲੀ ਅਤੇ ਅੱਗੇ ਲਈ ਸਿੱਖਿਆ ਲਈ ਜਾ ਸਕੇ।”
ਬੁੱਧਵਾਰ ਨੂੰ ਜਾਰੀ ਕੀਤੇ ਆਪਣੇ ਬਿਆਨ ਵਿੱਚ ਐੱਮਆਰਸੀ ਨੇ ਕਿਹਾ ਕਿ ਸੰਸਥਾ ਉੱਚੇ ਮਿਆਰਾਂ, ਪਾਰਦਰਸ਼ਤਾ, ਖੁੱਲ੍ਹ, ਸ਼ਮੂਲੀਅਤ ਬਾਰੇ ਵਚਨਬੱਧ ਰਹੀ ਹੈ।
“ਇਨ੍ਹਾਂ ਮਾਮਲਿਆਂ ਬਾਰੇ 1995 ਵਿੱਚ ਪ੍ਰਸਾਰਤ ਹੋਈ ਡਾਕੂਮੈਂਟਰੀ ਤੋਂ ਬਾਅਦ, ਇਸ ਵਿੱਚ ਚੁੱਕੇ ਗਏ ਸਵਾਲਾਂ ਬਾਰੇ ਸੁਤੰਤਰ ਜਾਂਚ ਸ਼ੁਰੂ ਕੀਤੀ ਗਈ ਸੀ”।
“ਭਾਈਚਾਰੇ ਨੂੰ ਹਾਲੇ ਵੀ ਨਹੀਂ ਮਿਲਿਆ ਸਪੱਸ਼ਟੀਕਰਨ”
ਅਗਸਤ 25 ਨੂੰ ਲੇਬਰ ਪਾਰਟੀ ਵੱਲੋਂ ਦੱਖਣੀ ਕੋਵੇਂਟਰੀ ਤੋਂ ਐਮਪੀ, ਜ਼ਾਰ੍ਹਾ ਸੁਲਤਾਨਾ ਨੇ ਲਿਖਿਆ, “ਮੈਨੂੰ ਪਤਾ ਹੈ ਕਿ ਕੋਵੇਂਟਰੀ ਵਿੱਚ ਰਹਿਣ ਵਾਲੇ ਦੱਖਣ ਏਸ਼ੀਆਈ ਮੂਲ ਦੇ ਲੋਕ 1960ਵਿਆਂ ਵਿੱਚ ਹੋਏ ਇੱਕ ਅਧਿਐਨ ਬਾਰੇ ਬਹੁਤ ਚਿੰਤਤ ਹਨ।”
ਉਨ੍ਹਾਂ ਕਿਹਾ ਕਿ ਇਸ ਗੱਲ ਦਾ ਖ਼ੁਲਾਸਾ 1990 ਵਿੱਚ ਹੋਇਆ ਅਤੇ ਇਹ ਵੀ ਸਾਹਮਣੇ ਆਇਆ ਕਿ ਇਸ ਵਿੱਚ ਸ਼ਾਮਲ ਔਰਤਾਂ ਕੋਲੋਂ ਸਹਿਮਤੀ ਨਹੀਂ ਲਈ ਗਈ ਸੀ।
“ਯੂਨੀਵਰਸਿਟੀ ਆਫ ਵਾਰਵਿਕ ਦੇ ਖੋਜਾਰਥੀ, ਜੋ ਇਸ ਬਾਰੇ ਖੋਜ ਕਰ ਰਹੇ ਹਨ, ਨੇ ਮੇਰੇ ਨਾਲ ਚਰਚਾ ਕੀਤੀ। ਮੈਂ ਸਮਝਦੀ ਹਾਂ ਕਿ ਇੰਨੇ ਸਾਲਾਂ ਦੌਰਾਨ ਇਸ ਵਿੱਚ ਸ਼ਾਮਲ ਔਰਤਾਂ ਦੀ ਪਛਾਣ ਨਹੀਂ ਕੀਤੀ ਗਈ, ਜਿਸ ਦਾ ਮਤਲਬ ਹੈ ਕਿ ਬੀਤੇ ਸਮੇਂ ਦੀਆਂ ਗਲਤੀਆਂ ਹਾਲੇ ਵੀ ਸੁਧਾਰੀਆਂ ਨਹੀਂ ਗਈਆਂ ਹਨ।”
“ਮੈਂ ਇਸ ਗੱਲ ਨੂੰ ਲੈ ਕੇ ਬਹੁਤ ਹੈਰਾਨ ਹਾਂ ਕਿ ਇਸ ਅਧਿਐਨ ਨੂੰ ਇਸ ਤਰੀਕੇ ਨਾਲ ਹੋਣ ਦਿੱਤਾ ਗਿਆ ਸੀ, ਇਸ ਦਾ ਖ਼ੁਲਾਸਾ ਦਹਾਕਿਆਂ ਪਹਿਲਾਂ ਹੋਣ ਤੋਂ ਬਾਅਦ ਵੀ ਕੋਵੇਂਟਰੀ ਵਿੱਚ ਰਹਿਣ ਵਾਲੇ ਦੱਖਣ ਏਸ਼ੀਆਈ ਲੋਕਾਂ ਨੂੰ ਇਸ ਗੱਲ ਦਾ ਸਪੱਸ਼ਟੀਕਰਨ ਨਹੀਂ ਮਿਲਿਆ ਕਿ ਕੀ ਵਾਪਰਿਆ।”
ਉਨ੍ਹਾਂ ਕਿਹਾ ਕਿ ਇਸ ਲਈ ਉਹ ਇਸ ਅਧਿਐਨ ਅਤੇ ਇਸ ਵਿੱਚ ਸ਼ਾਮਲ ਔਰਤਾਂ ਨਾਲ ਹੋਏ ਵਿਵਹਾਰ ਦੀ ਕਾਨੂੰਨੀ ਜਾਂਚ ਦੀ ਮੰਗ ਦਾ ਸਮਰਥਨ ਕਰਦੇ ਹਨ ਤਾਂ ਜੋ ਭਾਈਚਾਰੇ ਨੂੰ ਸਵਾਲਾਂ ਦੇ ਜਵਾਬ ਮਿਲ ਸਕਣ।
(ਬੀਬੀਸੀ ਪੰਜਾਬੀ ਨਾਲ , , ਅਤੇ ''ਤੇ ਜੁੜੋ।)

ਚੰਦਰਯਾਨ-3: ਚੰਦਰਮਾ ਦੀ ਕਿਸ ਚੀਜ਼ ਲਈ ਵੱਖ-ਵੱਖ ਦੇਸਾਂ ਵਿਚਾਲੇ ਸ਼ੁਰੂ ਹੋ ਸਕਦੀ ਹੈ ਦੁਸ਼ਮਣੀ
NEXT STORY