ਸ਼ਾਹਰੁਖ ਖਾਨ ਅਕਸਰ ਆਪਣੇ ਬੰਗਲੇ ‘ਮੰਨਤ’ ਬਾਹਰ ਖੜ੍ਹੇ ਪ੍ਰਸ਼ੰਸਕਾਂ ਲਈ ਇਸ ਗਰਿੱਲ ਉੱਤੇ ਆਉਂਦੇ ਹਨ
ਬਾਲੀਵੁੱਡ ਦੇ ਫਿਲਮੀ ਸਿਤਾਰੇ ਜਿੰਨੇ ਹਰਮਨ ਪਿਆਰੇ ਹਨ, ਉਨ੍ਹਾਂ ਦੇ ਬੰਗਲਿਆਂ ਬਾਰੇ ਵੀ ਉਨ੍ਹਾਂ ਦੇ ਚਾਹੁਣ ਵਾਲੇ ਓਨੇ ਹੀ ਉਤਸੁਕ ਰਹਿੰਦੇ ਹਨ।
ਸ਼ਾਹਰੁਖ ਖਾਨ ਦੇ ਜਨਮ ਦਿਨ ’ਤੇ ਉਨ੍ਹਾਂ ਦੀ ਇੱਕ ਝਲਕ ਪਾਉਣ ਲਈ ਉਨ੍ਹਾਂ ਦੇ ਬੰਗਲੇ ‘ਮੰਨਤ’ ’ਤੇ ਪ੍ਰਸ਼ੰਸਕਾਂ ਦੀ ਭੀੜ ਜਮ੍ਹਾਂ ਹੋ ਜਾਂਦੀ ਹੈ।
ਅਜਿਹੀ ਹੀ ਭੀੜ ਅਮਿਤਾਭ ਬੱਚਨ ਦੇ ਬੰਗਲੇ ‘ਜਲਸਾ’ ’ਤੇ ਵੀ ਨਜ਼ਰ ਆਉਂਦੀ ਹੈ।
ਸਿਤਾਰਿਆਂ ਦੇ ਬੰਗਲਿਆਂ ਨੂੰ ਲੈ ਕੇ ਕਈ ਤਰ੍ਹਾਂ ਦੀ ਚਰਚਾ ਆਮ ਰਹਿੰਦੀ ਹੈ। ਉਨ੍ਹਾਂ ਵਿੱਚੋਂ ਇੱਕ ਚਰਚਾ ਸਿਤਾਰਿਆਂ ਦੇ ‘ਭੂਤ ਬੰਗਲਿਆਂ’ ਦੀ ਵੀ ਹੁੰਦੀ ਰਹਿੰਦੀ ਹੈ।
ਸਾਲ 1950 ਵਿੱਚ ਜਦੋਂ ਕਾਰਟਰ ਰੋਡ ’ਤੇ ਨੌਸ਼ਾਦ ਸਾਹਬ ਦੇ ਗੁਆਂਢ ਵਿੱਚ ਭਾਰਤ ਭੂਸ਼ਣ ਨੇ ਇੱਕ ਬੰਗਲਾ ਖਰੀਦਿਆ ਤਾਂ ਇਸ ਨੂੰ ‘ਭੂਤ ਬੰਗਲਾ’ ਕਿਹਾ ਜਾਂਦਾ ਸੀ।
ਸੀਨੀਅਰ ਪੱਤਰਕਾਰ ਸ਼ਾਂਤੀ ਸਵਰੂਪ ਕਹਿੰਦੇ ਹਨ, ‘‘ਇਹ ਬੰਗਲਾ ਖਰੀਦਦੇ ਹੀ ਭਾਰਤ ਭੂਸ਼ਣ ਦੀ ਕਿਸਮਤ ਚਮਕੀ। ਸ਼ੁਰੂ ਵਿੱਚ ਕਾਮਯਾਬੀ ਮਿਲੀ, ਪਰ ਬਾਅਦ ਵਿੱਚ ਪੈਸਿਆਂ ਦੀ ਤੰਗੀ ਦੀ ਵਜ੍ਹਾ ਨਾਲ ਉਨ੍ਹਾਂ ਨੇ ਬੰਗਲਾ ਰਾਜਿੰਦਰ ਕੁਮਾਰ ਨੂੰ ਵੇਚ ਦਿੱਤਾ।’’
ਕਿਹਾ ਜਾਂਦਾ ਹੈ ਕਿ ਇਸ ਘਰ ਨੂੰ ਖਰੀਦਣ ਲਈ ਰਾਜਿੰਦਰ ਕੁਮਾਰ ਨੇ ਬੀ ਆਰ ਚੋਪੜਾ ਦੀ ‘ਕਾਨੂੰਨ’ ਅਤੇ ਦੂਜੀਆਂ ਫਿਲਮਾਂ ਸਾਈਨ ਕੀਤੀਆਂ।
ਉਨ੍ਹਾਂ ਨੂੰ ਵੀ ਇੱਥੇ ਖ਼ੂਬ ਕਾਮਯਾਬੀ ਮਿਲੀ, ਕਈ ਸੁਪਰਹਿੱਟ ਫਿਲਮਾਂ ਦਿੱਤੀਆਂ। ਇਸ ਤੋਂ ਬਾਅਦ ਹੀ ਉਹ ਜੁਬਲੀ ਕੁਮਾਰ ਦੇ ਨਾਂ ਨਾਲ ਜਾਣੇ ਜਾਣ ਲੱਗੇ।
ਰਾਜੇਸ਼ ਖੰਨਾ ਦਾ ਬੰਗਲਾ ‘ਆਸ਼ੀਰਵਾਦ’
ਪੱਤਰਕਾਰ ਸ਼ਾਂਤੀ ਸਵਰੂਪ ਦੱਸਦੇ ਹਨ ਕਿ ਬਾਅਦ ਵਿੱਚ ਰਾਜਿੰਦਰ ਕੁਮਾਰ ਨੇ ਦੂਜਾ ਬੰਗਲਾ ਬਣਾ ਲਿਆ ਅਤੇ ਉੱਥੇ ਚਲੇ ਗਏ।
1970 ਵਿੱਚ ਉਨ੍ਹਾਂ ਨੇ ਇੱਕ ਬੰਗਲਾ ਰਾਜੇਸ਼ ਖੰਨਾ ਨੂੰ ਵੇਚ ਦਿੱਤਾ।
ਦਿਲਚਸਪ ਹੈ ਕਿ ਰਾਜੇਸ਼ ਖੰਨਾ ਨੇ ਵੀ ਇਸ ਬੰਗਲੇ ਨੂੰ ਖਰੀਦਣ ਲਈ ‘ਹਾਥੀ ਮੇਰੇ ਸਾਥੀ’ ਦੇ ਨਿਰਮਾਤਾ ਤੋਂ ਰਕਮ ਐਡਵਾਂਸ ਲਈ। ਇਸ ਬੰਗਲੇ ਦਾ ਨਾਂ ਉਨ੍ਹਾਂ ਨੇ ‘ਆਸ਼ੀਰਵਾਦ’ ਰੱਖਿਆ।
‘ਹਾਥੀ ਮੇਰੇ ਸਾਥੀ’ ਦੀ ਪੇਂਟਿੰਗ ਇਸ ਬੰਗਲੇ ਦੀਆਂ ਕੰਧਾਂ ’ਤੇ ਆਖਰੀ ਦਿਨ ਤੱਕ ਰਹੀ। ਬੰਗਲੇ ਵਿੱਚ ਰਹਿੰਦੇ ਹੋਏ ਉਨ੍ਹਾਂ ਨੇ ਕਈ ਸੁਪਰ ਹਿੱਟ ਫਿਲਮਾਂ ਦਿੱਤੀਆਂ।
ਰਾਜੇਸ਼ ਖੰਨਾ ਇਸ ਬੰਗਲੇ ਵਿੱਚ ਅੰਤ ਤੱਕ ਰਹੇ। ਇਸ ਨੂੰ ਰਾਜੇਸ਼ ਖੰਨਾ ਦੀਆਂ ਧੀਆਂ ਟਵਿੰਕਲ ਅਤੇ ਰਿੰਕੀ ਨੇ ਅਲਕਾਰਗੋ ਦੇ ਚੇਅਰਮੈਨ ਸ਼ਸ਼ੀ ਕਿਰਨ ਸ਼ੇੱਟੀ ਨੂੰ ਵੇਚ ਦਿੱਤਾ।
70 ਸਾਲ ਪੁਰਾਣੇ ‘ਆਸ਼ੀਰਵਾਦ’ ਬੰਗਲੇ ਨੂੰ ਸ਼ਸ਼ੀ ਕਿਰਨ ਨੇ ਢਾਹ ਦਿੱਤਾ।
ਸਿਤਾਰਿਆਂ ਦੇ ਬੰਗਲਿਆਂ ਪ੍ਰਤੀ ਸੈਲਾਨੀਆਂ ਦੀ ਖਿੱਚ
ਆਪਣੇ ਬੰਗਲੇ ‘ਜਲਸਾ’ ਸਾਹਮਣੇ ਇਕੱਠੇ ਹੋਏ ਪ੍ਰਸ਼ੰਸਕਾਂ ਨੂੰ ਹੱਥ ਜੋੜ ਕੇ ਮਿਲਣ ਆਉਂਦੇ ਅਮਿਤਾਭ
ਫਿਲਮ ਇਤਿਹਾਸਕਾਰ ਐੱਸਐੱਮਐੱਮ ਔਸਾਜਾ ਕਹਿੰਦੇ ਹਨ, ‘‘1940 ਤੋਂ ਬਾਅਦ ਦੇ ਇਹ ਬੰਗਲੇ ਆਪਣੇ ਜ਼ਮਾਨੇ ਵਿੱਚ ਸੈਲਾਨੀਆਂ ਦੀ ਖਿੱਚ ਦਾ ਕੇਂਦਰ ਸਨ। ਇਨ੍ਹਾਂ ਵਿੱਚ ਅਸ਼ੋਕ ਕੁਮਾਰ, ਭੂਸ਼ਣ, ਦੇਵਾਨੰਦ, ਰਾਜ ਕਪੂਰ, ਕਿਸ਼ੋਰ ਕੁਮਾਰ, ਮਨੋਜ ਕੁਮਾਰ, ਦਿਲੀਪ ਕੁਮਾਰ, ਧਰਮਿੰਦਰ, ਰਾਜੇਸ਼ ਖੰਨਾ ਅਤੇ ਸੁਨੀਲ ਦੱਤ ਦੇ ਵੱਡੇ ਬੰਗਲੇ ਸ਼ਾਮਲ ਹਨ। ਇਨ੍ਹਾਂ ਨੂੰ ਦੇਖਣ ਵਾਲਿਆਂ ਦੀ ਭੀੜ ਲੱਗੀ ਰਹਿੰਦੀ ਸੀ।’’
ਲੋਕਾਂ ਵਿੱਚ ਉਤਸੁਕਤਾ ਹੁੰਦੀ ਸੀ ਕਿ ਜਿਨ੍ਹਾਂ ਸਿਤਾਰਿਆਂ ਨੂੰ ਉਹ ਪਰਦੇ ’ਤੇ ਦੇਖਦੇ ਸਨ, ਉਨ੍ਹਾਂ ਦੇ ਆਸ਼ੀਆਨੇ ਕਿਵੇਂ ਦੇ ਹੋਣਗੇ?
ਇਸ ਦੌਰਾਨ ਪ੍ਰਸ਼ੰਸਕਾਂ ਨੂੰ ਆਪਣੇ ਮਨਪਸੰਦ ਹੀਰੋ-ਹੀਰੋਇਨ ਦੀ ਇੱਕ ਝਲਕ ਦੇਖਣ ਦੀ ਵੀ ਉਮੀਦ ਰਹਿੰਦੀ ਸੀ।
ਪ੍ਰਸ਼ੰਸਕ ਬੰਗਲੇ ਦੇ ਬਾਹਰ ਆਪਣੀ ਫੋਟੋ ਖਿਚਵਾਉਂਦੇ ਅਤੇ ਉਸ ਨੂੰ ਆਪਣੀਆਂ ਯਾਦਾਂ ਵਿੱਚ ਸੰਜੋਅ ਲੈਂਦੇ।
ਔਸਾਦਾ ਕਹਿੰਦੇ ਹਨ ਕਿ ਇਹ ਪ੍ਰਸ਼ੰਸਕਾਂ ਲਈ ਮਾਣ ਦੀ ਗੱਲ ਹੁੰਦੀ ਸੀ। ਸ਼ਾਹਰੁਖ ਖਾਨ ਦਾ ‘ਮੰਨਤ’ ਬੰਗਲਾ ਅੱਜ ਵੀ ਕਈ ਮਾਅਨਿਆਂ ਵਿੱਚ ਲੈਂਡਮਾਰਕ ਬਣਿਆ ਹੋਇਆ ਹੈ।
ਬੰਗਲੇ ਲਈ ਬਦਲੀ ਫਿਲਮ ਦੀ ਸਕ੍ਰਿਪਟ
ਦੇਵਾਨੰਦ ਦਾ ਪੁਰਾਣਾ ਦਫ਼ਤਰ
ਇਤਿਹਾਸਕਾਰ ਔਸਾਜਾ ਕਹਿੰਦੇ ਹਨ, ‘‘ਅਮਿਤਾਭ ਬੱਚਨ ਨੂੰ ਆਪਣਾ ਬੰਗਲਾ ਖਰੀਦਣ ਲਈ ਬਹੁਤ ਮਿਹਨਤ ਕਰਨੀ ਪਈ। ਪਹਿਲਾਂ ਉਹ ਮੰਗਲਮ ਬਿਲਡਿੰਗ ਵਿੱਚ ਰਹਿੰਦੇ ਸਨ, ਫਿਰ ਉਨ੍ਹਾਂ ਨੇ ‘ਪ੍ਰਤੀਕਸ਼ਾ’ ਬਣਾਇਆ ਅਤੇ ਉਸ ਤੋਂ ਬਾਅਦ ‘ਜਲਸਾ’ ਅਤੇ ‘ਜਨਕ’ ਖਰੀਦਿਆ।’’
ਸਿਤਾਰਿਆਂ ਲਈ ਆਸ਼ਿਆਨਾ ਬਣਾਉਣਾ ਇੱਕ ਅਹਿਮ ਗੱਲ ਹੁੰਦੀ ਸੀ। ਖਰੀਦਣ ਤੋਂ ਪਹਿਲਾਂ ਉਹ ਉਸ ਦਾ ਵਾਸਤੂ ਠੀਕ ਤਰ੍ਹਾਂ ਨਾਲ ਦੇਖਦੇ ਸਨ।
ਔਸਾਜਾ ਕਹਿੰਦੇ ਹਨ ਕਿ ਜੇ ਕਿਸੇ ਸੁਪਰ ਸਟਾਰ ਨੂੰ ਕੋਈ ਘਰ ਪਸੰਦ ਆਇਆ ਤਾਂ ਉਸ ਨੂੰ ਆਪਣਾ ਬਣਾਉਣ ਵਿੱਚ ਉਹ ਪੂਰੀ ਜਾਨ ਲਾ ਦਿੰਦੇ ਸਨ।
ਉਹ ਕਹਿੰਦੇ ਹਨ, ‘‘ਮੈਨੂੰ ਜਾਵੇਦ ਅਖ਼ਤਰ ਨੇ ਇੱਕ ਕਿੱਸਾ ਸੁਣਾਇਆ ਸੀ ਕਿ ਰਾਜੇਸ਼ ਖੰਨਾ ਨੂੰ ਇੱਕ ਬੰਗਲਾ ਬਹੁਤ ਪਸੰਦ ਆਇਆ ਸੀ, ਇਸ ਲਈ ਉਹ ਫਿਲਮ ‘ਹਾਥੀ ਮੇਰੇ ਸਾਥੀ’ ਦੇ ਨਿਰਮਾਤਾ ਤੋਂ ਪੈਸੇ ਲੈ ਚੁੱਕੇ ਸਨ। ਪਰ ਉਨ੍ਹਾਂ ਨੂੰ ਇਸ ਦੀ ਸਕ੍ਰਿਪਟ ਪਸੰਦ ਨਹੀਂ ਆਈ।’’
‘‘ਉਨ੍ਹਾਂ ਨੂੰ ਲੱਗਿਆ ਕਿ ਇਹ ਫਿਲਮ ਡੁੱਬ ਜਾਵੇਗੀ, ਇਸ ਲਈ ਉਦੋਂ ਉਨ੍ਹਾਂ ਨੇ ਜਾਵੇਦ ਅਤੇ ਸਲੀਮ ਨੂੰ ਇਸ ਨੂੰ ਦੁਬਾਰਾ ਲਿਖਣ ਦੀ ਗੁਜ਼ਾਰਿਸ਼ ਕੀਤੀ।’’
‘‘ਸਕ੍ਰਿਪਟ ਬਦਲੀ ਗਈ ਅਤੇ ਇਸ ਫਿਲਮ ਨੇ ਚੰਗੀ ਕਮਾਈ ਕੀਤੀ ਅਤੇ ਉਹ ਸਾਰੀ ਰਕਮ ਉਨ੍ਹਾਂ ਦੇ ਬੰਗਲੇ ਵਿੱਚ ਲੱਗ ਗਈ।’’
ਸਿਤਾਰਿਆਂ ਦੇ ਬੰਗਲੇ
ਰਾਜੇਸ਼ ਖੰਨਾ ਦੇ ਪੁਰਾਣੇ ਬੰਗਲੇ ‘ਆਸ਼ੀਰਵਾਦ’ ਨੂੰ ਤੋੜ ਕੇ ਹੁਣ ਉੱਥੇ ਅਪਾਰਟਮੈਂਟ ਬਣਾ ਦਿੱਤਾ ਗਿਆ ਹੈ
ਉੱਘੇ ਪ੍ਰਾਪਰਟੀ ਮਾਹਿਰ ਪੰਕਜ ਕਪੂਰ ਦਾ ਕਹਿਣਾ ਹੈ ਕਿ ਫਿਲਮੀ ਸਿਤਾਰਿਆਂ ਦੇ ਕਈ ਬੰਗਲਿਆਂ ਨੂੰ ਬਣੇ ਹੋਏ 30 ਤੋਂ 40 ਸਾਲ ਹੋ ਗਏ ਹਨ।
ਇਸ ਦੌਰਾਨ ਮੁੰਬਈ ਦੀ ਪ੍ਰਾਪਰਟੀ ਵਿੱਚ ਕਾਫ਼ੀ ਤਬਦੀਲੀ ਆਈ ਹੈ। ਪਹਿਲਾਂ ਸਾਊਥ ਮੁੰਬਈ ਵਿੱਚ ਘਰਾਂ ਦੀਆਂ ਕੀਮਤਾਂ 1 ਤੋਂ 2 ਕਰੋੜ ਰੁਪਏ ਹੁੰਦੀਆਂ ਸਨ, ਪਰ ਹੁਣ 4 ਤੋਂ 5 ਕਰੋੜ ਰੁਪਏ ਹੋ ਗਈਆਂ ਹਨ।
ਉਹ ਕਹਿੰਦੇ ਹਨ ਕਿ ਹੁਣ ਸਾਰੇ ਐਕਟਰ ਬੰਗਲੇ ਦੀ ਜ਼ਮੀਨ ਦੀ ਪੂਰੀ ਤਰ੍ਹਾਂ ਵਰਤੋਂ ਕਰਕੇ ਉਸ ਤੋਂ ਜ਼ਿਆਦਾ ਤੋਂ ਜ਼ਿਆਦਾ ਕਮਾਈ ਕਰਨਾ ਚਾਹੁੰਦੇ ਹਨ।
ਹੁਣ ਜ਼ਿਆਦਾਤਰ ਸਿਤਾਰੇ ਤਾਂ ਫਲੈਟ ਅਤੇ ਰੈਜੀਡੈਂਸ਼ੀਅਲ ਅਪਾਰਟਮੈਂਟ ਵਿੱਚ ਸ਼ਿਫਟ ਹੋ ਗਏ ਹਨ।
ਪੰਕਜ ਕਪੂਰ ਮੁਤਾਬਕ ਐਕਟਰ ਦਿਲੀਪ ਕੁਮਾਰ ਦੇ ਬੰਗਲੇ ਦੇ ਕੋਲ ਪ੍ਰਾਪਰਟੀ ਦਾ ਰੇਟ 80 ਹਜ਼ਾਰ ਤੋਂ ਇੱਕ ਲੱਖ ਰੁਪਏ ਪ੍ਰਤੀ ਵਰਗ ਫੁੱਟ ਤੱਕ ਪਹੁੰਚ ਗਿਆ ਹੈ।
ਕਪੂਰ ਕਹਿੰਦੇ ਹਨ ਕਿ ਹਾਊਸ ਟੈਕਸ, ਸਾਂਭ-ਸੰਭਾਲ ਅਤੇ ਹੋਰ ਖਰਚੇ ਇੰਨੇ ਵਧ ਗਏ ਹਨ ਕਿ ਬੰਗਲਾ ਰੱਖਣਾ ਖਰਚੀਲਾ ਹੋ ਗਿਆ ਹੈ।
ਉਨ੍ਹਾਂ ਅਨੁਸਾਰ, ‘‘ਦਿਲੀਪ ਕੁਮਾਰ ਦੇ ਬੰਗਲੇ ਦੀ ਜਗ੍ਹਾ ਟਾਵਰ ਬਣ ਰਿਹਾ ਹੈ ਅਤੇ ਉੱਥੇ ਮਿਊਜ਼ੀਅਮ ਬਣਾਉਣ ਦੀ ਗੱਲ ਹੋ ਰਹੀ ਹੈ। ਹੁਣ ਦੇਖਣਾ ਇਹ ਹੈ ਕਿ ਕੀ ਅਸਲ ਵਿੱਚ ਅਜਿਹਾ ਹੁੰਦਾ ਹੈ ਜਾਂ ਨਹੀਂ।’’
ਅਪਾਰਟਮੈਂਟ ਕਲਚਰ ਵਧਿਆ
ਰਣਬੀਰ ਕਪੂਰ ਦਾ ਉਸਾਰੀ ਅਧੀਨ ਘਰ
ਸੀਨੀਅਰ ਪੱਤਰਕਾਰ ਅਤੇ ਫਿਲਮ ਆਲੋਚਕ ਡਾ. ਰਾਮਚੰਦਰਨ ਸ਼੍ਰੀਨਿਵਾਸਨ ਕਹਿੰਦੇ ਹਨ ਕਿ ਸੁਨੀਲ ਦੱਤ ਦੇ ਬੰਗਲੇ ਨੂੰ ਢਾਹ ਕੇ ਉਨ੍ਹਾਂ ਦੇ ਬੇਟੇ ਸੰਜੇ ਦੱਤ ਨੇ ਹੁਣ ਇੰਪੀਰੀਅਲ ਹਾਈਟਸ ਨਾਂ ਦਾ ਟਾਵਰ ਬਣਾ ਦਿੱਤਾ ਹੈ।
ਮਸ਼ਹੂਰ ਐਕਟਰ, ਨਿਰਦੇਸ਼ਕ ਰਾਜ ਕਪੂਰ ਦਾ ਸਟੂਡਿਓ ਅਤੇ ਘਰ ਗੋਦਰੇਜ ਨੂੰ ਵੇਚ ਦਿੱਤੇ ਗਏ ਹਨ।
ਰਾਜੇਸ਼ ਖੰਨਾ ਦਾ ਬੰਗਲਾ ਉਨ੍ਹਾਂ ਦੀਆਂ ਧੀਆਂ ਨੇ ਬਿਜ਼ਨਸਮੈਨ ਸ਼ਸ਼ੀ ਕਿਰਨ ਸ਼ੇੱਟੀ ਨੂੰ ਵੇਚ ਦਿੱਤਾ ਸੀ।
ਇਸ ਤੋਂ ਇਲਾਵਾ ਦਿਲੀਪ ਕੁਮਾਰ ਦੇ ਬੰਗਲੇ ਕੋਲ ਪਾਲੀ ਹਿਲ ਵਿੱਚ ਦੇਵਾਨੰਦ ਦਾ ਦਫ਼ਤਰ ਹੁੰਦਾ ਸੀ, ਹੁਣ ਉੱਥੇ ਵੀ ਇੱਕ ਬਹੁਮੰਜ਼ਿਲਾ ਇਮਾਰਤ ਹੈ।
ਉਹ ਕਹਿੰਦੇ ਹਨ, ‘‘ਅੱਜ ਦੀ ਪੀੜ੍ਹੀ ਨੂੰ ਬੰਗਲਾ ਕਲਚਰ ਪਸੰਦ ਨਹੀਂ। ਇਸ ਲਈ ਹੌਲੀ-ਹੌਲੀ ਬੰਗਲੇ ਮੁੰਬਈ ਦੇ ਬਾਹਰ ਸ਼ਿਫਟ ਹੋ ਰਹੇ ਹਨ।’’
ਸ਼ਾਹਰੁਖ ਦੇ ਬੰਗਲੇ ਮੰਨਤ ਦੀ ਕਹਾਣੀ
ਮੰਨਤ ਬਾਹਰ ਆਪਣੇ ਫ਼ੈਨਜ਼ ਨੂੰ ਦੇਖਣ ਆਉਂਦੇ ਸ਼ਾਹਰੁਖ
ਸ਼੍ਰੀਨਿਵਾਸਨ ਕਹਿੰਦੇ ਹਨ ਕਿ ਜੋ ਸਟਾਰ ਮੁੰਬਈ ਤੋਂ ਬਾਹਰ ਦੇ ਹਨ, ਉਨ੍ਹਾਂ ਨੂੰ ਖੁਦ ਦਾ ਵੱਡਾ ਆਸ਼ੀਆਨਾ ਲੁਭਾਉਂਦਾ ਹੈ, ਜਿਵੇਂ ਸ਼ਾਹਰੁਖ ਖਾਨ। ਉਹ ਦਿੱਲੀ ਤੋਂ ਸਨ ਅਤੇ ਜਦੋਂ ਉਨ੍ਹਾਂ ਨੇ ਮੰਨਤ ਲੈਣਾ ਚਾਹਿਆ ਤਾਂ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕੀਤੀ।
ਸ਼ੁਰੂ ਵਿੱਚ ਸ਼ਾਹਰੁਖ ਖਾਨ ਕਿਸੇ ਦੇ ਘਰ ਵਿੱਚ ਰਹਿੰਦੇ ਸਨ ਜੋ ਮੰਨਤ ਦੇ ਕੋਲ ਸੀ। ਉਹ ਹਰ ਰੋਜ਼ ਮੰਨਤ ਨੂੰ ਖਰੀਦਣ ਦਾ ਸੁਪਨਾ ਦੇਖਦੇ ਸਨ। ਪਹਿਲਾਂ ਮੰਨਤ ਇੱਕ ਸ਼ੂਟਿੰਗ ਲੋਕੇਸ਼ਨ ਸੀ।
ਪਰ ਸ਼ਾਹਰੁਖ ਨੇ ਰਤਨ ਜੈਨ, ਯਸ਼ ਚੋਪੜਾ ਅਤੇ ਕਈ ਲੋਕਾਂ ਤੋਂ ਪੈਸੇ ਐਡਵਾਂਸ ਲਏ, ਸਭ ਦੀਆਂ ਫਿਲਮਾਂ ਕੀਤੀਆਂ ਅਤੇ ਫਿਰ ਇਹ ਬੰਗਲਾ ਖਰੀਦਿਆ।
ਮੰਨਤ ਸ਼ਾਹਰੁਖ ਖਾਨ ਲਈ ਭਾਗਾਂ ਵਾਲਾ ਸਾਬਤ ਹੋਇਆ ਅਤੇ ਇੱਥੇ ਰਹਿੰਦੇ ਹੋਏ ਉਹ ਆਪਣੇ ਕਰੀਅਰ ਦੀ ਉਚਾਈ ’ਤੇ ਪਹੁੰਚ ਕੇ ਸੁਪਰਸਟਾਰ ਬਣ ਗਏ।
ਡਾ. ਰਾਮਚੰਦਰਨ ਸ਼੍ਰੀਨਿਵਾਸਨ ਕਹਿੰਦੇ ਹਨ ਕਿ ਕਈ ਸੁਪਰਸਟਾਰ ਬੰਗਲੇ ਦੀ ਡੀਲ ਵੱਡੇ ਡੀਲਰ ਨਾਲ ਕਰਦੇ ਹਨ ਅਤੇ ਉਨ੍ਹਾਂ ਨੂੰ ਉੱਥੇ ਹੀ ਕੁਝ ਫਲੈਟ ਮਿਲ ਜਾਂਦੇ ਹਨ।
ਸੰਜੇ ਦੱਤ, ਰਣਬੀਰ ਕਪੂਰ, ਰਣਧੀਰ ਕਪੂਰ, ਮਨੋਜ ਕੁਮਾਰ, ਫਿਰੋਜ਼ ਖਾਨ ਅਤੇ ਰਾਕੇਸ਼ ਰੌਸ਼ਨ ਨੇ ਵੀ ਕੁਝ ਅਜਿਹਾ ਹੀ ਕੀਤਾ।
ਇੱਥੇ ਉਨ੍ਹਾਂ ਨੂੰ ਸਿਕਓਰਿਟੀ ਤੋਂ ਲੈ ਕੇ ਸਾਂਭ-ਸੰਭਾਲ ਦੀ ਚਿੰਤਾ ਨਹੀਂ ਕਰਨੀ ਪੈਂਦੀ। ਜ਼ਾਹਿਰ ਹੈ ਕਿ ਸਮੇਂ ਦੇ ਨਾਲ ਜੀਵਨਸ਼ੈਲੀ ਬਦਲੀ ਤਾਂ ਰਹਿਣ ਦੇ ਤਰੀਕਿਆਂ ਵਿੱਚ ਵੀ ਤਬਦੀਲੀ ਆਈ।
ਪਰ ਸਿਤਾਰਿਆਂ ਦੇ ਬੰਗਲਿਆਂ ਦਾ ਪਾਗਲਪਾਨ ਅੱਜ ਵੀ ਉਸ ਤਰ੍ਹਾਂ ਹੀ ਬਣਿਆ ਹੋਇਆ ਹੈ।
(ਬੀਬੀਸੀ ਪੰਜਾਬੀ ਨਾਲ , , ਅਤੇ ''ਤੇ ਜੁੜੋ।)

ਦਾਦਾ-ਦਾਦੀ ਜਾਂ ਨਾਨਾ-ਨਾਨੀ ਤੋਂ ਦੂਰ ਰਹਿ ਕੇ ਬੱਚੇ ਕੀ ਗੁਆ ਰਹੇ ਹਨ?
NEXT STORY