ਮੱਧ ਪ੍ਰਦੇਸ਼ ਦੇ ਧਾਰਮਿਕ ਸ਼ਹਿਰ ਉਜੈਨ ''ਚ ਇੱਕ ਨਾਬਾਲਗ ਕੁੜੀ ਨਾਲ ਬਲਾਤਕਾਰ ਦੇ ਮਾਮਲੇ ''ਚ ਪੁਲਿਸ ਨੇ ਵੀਰਵਾਰ (28 ਸਤੰਬਰ) ਨੂੰ ਚਾਰ ਲੋਕਾਂ ਨੂੰ ਪੁੱਛਗਿੱਛ ਲਈ ਹਿਰਾਸਤ ''ਚ ਲਿਆ ਹੈ।
ਇਸ ਮਾਮਲੇ ਵਿੱਚ ਮੁਲਜ਼ਮ ਇੱਕ ਆਟੋ ਚਾਲਕ ਹੈ ਜਿਸ ਨੂੰ ਘਟਨਾ ਤੋਂ ਅਗਲੇ ਹੀ ਦਿਨ ਹਿਰਾਸਤ ਵਿੱਚ ਲਿਆ ਗਿਆ ਸੀ।
ਹੁਣ ਪੁਲਿਸ ਇਸ ਮਾਮਲੇ ਵਿੱਚ ਕੁੱਲ ਪੰਜ ਲੋਕਾਂ ਤੋਂ ਪੁੱਛਗਿੱਛ ਕਰ ਰਹੀ ਹੈ।
ਪੁੱਛਗਿੱਛ ਦੌਰਾਨ ਵੀਰਵਾਰ ਨੂੰ ਪੁਲਿਸ ਮੁਲਜ਼ਮਾਂ ਨੂੰ ਘਟਨਾ ਵਾਲੀ ਥਾਂ ਉੱਤੇ ਲੈ ਕੇ ਪਹੁੰਚੀ। ਇਸ ਦੌਰਾਨ ਇੱਕ ਮੁਲਜ਼ਮ ਨੇ ਭੱਜਣ ਦੀ ਕੋਸ਼ਿਸ਼ ਕੀਤੀ ਅਤੇ ਨੇੜਲੀ ਕੰਧ ਨਾਲ ਟਕਰਾ ਕੇ ਜ਼ਖ਼ਮੀ ਹੋ ਗਿਆ।
ਪੁਲਿਸ ਮੁਲਜ਼ਮਾਂ ਨੂੰ ਮੁੱਢਲੀ ਜਾਂਚ ਲਈ ਜ਼ਿਲ੍ਹਾ ਹਸਪਤਾਲ ਲੈ ਕੇ ਗਈ ਸੀ।
ਦਰਅਸਲ 25 ਸਤੰਬਰ ਨੂੰ ਉਜੈਨ ''ਚ ਨਾਬਾਲਗ ਕੁੜੀ ਨਾਲ ਬਲਾਤਕਾਰ ਦਾ ਮਾਮਲਾ ਸਾਹਮਣੇ ਆਇਆ ਸੀ।
ਮਹਾਕਾਲ ਥਾਣਾ ਖੇਤਰ ਦੇ ਬੜਨਗਰ ਰੋਡ ''ਤੇ ਡਾਂਡੀ ਆਸ਼ਰਮ ਦੇ ਕੋਲ ਸੋਮਵਾਰ ਸ਼ਾਮ ਕੁੜੀ ਜ਼ਖ਼ਮੀ ਹਾਲਤ ''ਚ ਮਿਲੀ। ਉਸ ਦੇ ਕੱਪੜੇ ਖੂਨ ਨਾਲ ਲੱਥਪੱਥ ਸਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਨੇ ਦੱਸਿਆ ਕਿ ਇਹ ਕੁੜੀ ਕਰੀਬ ਢਾਈ ਘੰਟੇ ਤੱਕ ਅੱਧੇ ਕੱਪੜਿਆਂ ''ਚ ਸਨਵਾਰਾਖੇੜੀ ਸਿੰਹਸਥਾ ਬਾਈਪਾਸ ਸਥਿਤ ਕਾਲੋਨੀਆਂ ''ਚ ਮਦਦ ਲਈ ਗੁਹਾਰ ਲਗਾਉਂਦੀ ਰਹੀ ਪਰ ਸਥਾਨਕ ਲੋਕਾਂ ਤੋਂ ਉਸ ਨੂੰ ਕੋਈ ਮਦਦ ਨਾ ਮਿਲੀ।
ਪੁਲਿਸ ਨੇ ਇਲਾਕੇ ਵਿੱਚੋਂ ਜਿੱਥੋਂ ਵੀ ਇਸ ਹਾਦਸੇ ਨਾਲ ਸਬੰਧਤ ਸੀਸੀਟੀਵੀ ਫੁਟੇਜ ਮਿਲੀ ਉਹ ਇਕੱਠੀ ਕੀਤੀ ਹੈ।
ਸੀਸੀਟੀਵੀ ਫੁਟੇਜ ਵਿੱਚ ਕੀ ਹੈ?
ਇਸ ਫੁਟੇਜ ਵਿੱਚ ਹੀ ਇਹ ਨਾਬਾਲਗ ਕੁੜੀ ਆਟੋ ਚਾਲਕ ਅਤੇ ਦੋ ਹੋਰ ਲੋਕਾਂ ਨਾਲ ਗੱਲ ਕਰਦੀ ਦਿਖਾਈ ਦਿੰਦੀ ਹੈ।
ਪੁਲਿਸ ਉਨ੍ਹਾਂ ਸਾਰਿਆਂ ਤੋਂ ਪੁੱਛ-ਪੜਤਾਲ ਕਰ ਰਹੀ ਹੈ।
ਪੁਲਿਸ ਮੁਤਾਬਕ ਇਹ ਨਾਬਾਲਗ ਕੁੜੀ ਸਤਨਾ ਦੀ ਰਹਿਣ ਵਾਲੀ ਹੈ ਅਤੇ ਪੁਲਿਸ ਨੇ ਪਹਿਲਾਂ ਬੱਚੀ ਦੀ ਉਮਰ 12 ਸਾਲ ਦੱਸੀ ਸੀ। ਪਰ ਐੱਫਆਈਆਰ ਦੀ ਕਾਪੀ ਵਿੱਚ ਉਸ ਦੀ ਉਮਰ 15 ਸਾਲ ਦਰਜ ਹੈ।
ਉਜੈਨ ਦੇ ਐੱਸਪੀ ਸਚਿਨ ਸ਼ਰਮਾ ਨੇ ਦੱਸਿਆ, “ਬੱਚੀ ਸਤਨਾ ਜ਼ਿਲ੍ਹੇ ਦੇ ਇੱਕ ਪਿੰਡ ਦੀ ਰਹਿਣ ਵਾਲੀ ਹੈ, ਉਹ 24 ਸਤੰਬਰ ਨੂੰ ਘਰੋਂ ਗਾਇਬ ਹੋਈ ਸੀ। ਉਸ ਨੂੰ ਅਗਵਾ ਕੀਤੇ ਜਾਣ ਦੀ ਰਿਪੋਰਟ ਵੀ ਸਤਨਾ ਦੇ ਇੱਕ ਥਾਣੇ ਵਿੱਚ ਦਰਜ ਹੈ।”
“ਬੱਚੀ ਦੀ ਮਾਂ ਬਚਪਨ ਵਿੱਚ ਹੀ ਉਸ ਨੂੰ ਛੱਡ ਕੇ ਚਲੀ ਗਈ ਸੀ ਅਤੇ ਪਿਤਾ ਇੱਕ ਮਾਨਸਿਕ ਸਥਿਤੀ ਨਾਲ ਜੂਝ ਰਹੇ ਹਨ। ਬੱਚੀ ਆਪਣੇ ਦਾਦਾ ਅਤੇ ਵੱਡੇ ਭਰਾ ਦੇ ਨਾਲ ਪਿੰਡ ਵਿੱਚ ਰਹਿੰਦੀ ਹੈ ਅਤੇ ਉੱਥੋਂ ਦੇ ਸਕੂਲ ਵਿੱਚ 8 ਵੀਂ ਜਮਾਤ ਦੀ ਵਿਦਿਆਰਥਣ ਹੈ।”
ਐੱਸਪੀ ਸਚਿਨ ਸ਼ਰਮਾ ਗੱਲਬਾਤ ਦੌਰਾਨ
ਐੱਸਪੀ ਨੇ ਅੱਗੇ ਦੱਸਿਆ, “ਬੱਚੀ ਦੇ ਲਾਪਤਾ ਹੋਣ ਤੋਂ ਬਾਅਦ ਉਸ ਦੇ ਦਾਦਾ ਨੇ 24 ਸਤੰਬਰ ਨੂੰ ਆਈਪੀਸੀ ਦੀ ਧਾਰਾ 363 ਦੇ ਤਹਿਤ ਕੇਸ ਦਰਜ ਕਰਵਾਇਆ ਸੀ।”
“ਬੱਚੀ ਬੜਨਗਰ ਰੋਡ ਉੱਤੇ ਸਥਿਤ ਦੰਡੀ ਆਸ਼ਰਮ ਦੇ ਬਾਹਰ ਆਸ਼ਰਮ ਦੇ ਆਚਾਰਿਆ ਰਾਹੁਲ ਸ਼ਰਮਾ ਨੂੰ ਜਦੋਂ ਮਿਲੀ ਤਾਂ ਉਨ੍ਹਾਂ ਨੇ ਪੁਲਿਸ ਨੂੰ ਸੂਚਨਾ ਦਿੱਤੀ, ਮੁੱਢਲੇ ਇਲਾਜ ਤੋਂ ਬਾਅਦ ਬੱਚੀ ਨੂੰ ਇੰਦੌਰ ਦੇ ਜ਼ਿਲ੍ਹਾ ਹਸਪਤਾਲ ਪਹੁੰਚਾਇਆ ਗਿਆ। ਇੱਥੇ ਉਸ ਦਾ ਆਪ੍ਰੇਸ਼ਨ ਕੀਤਾ ਗਿਆ ਹੁਣ ਬੱਚੀ ਦੀ ਹਾਲਤ ਵਿੱਚ ਸੁਧਾਰ ਹੈ।”
ਪੁਲਿਸ ਨੇ ਇਹ ਵੀ ਦੱਸਿਆ ਕਿ ਸਤਨਾ ਦੀ ਇੱਕ ਪੁਲਿਸ ਟੀਮ ਵੀ ਇੰਦੌਰ ਗਈ ਹੋਈ ਹੈ। ਉੱਥੇ ਹੀ ਪੁਲਿਸ ਹਾਲੇ ਇਹ ਦੱਸਣ ਦੀ ਸਥਿਤੀ ਵਿੱਚ ਨਹੀਂ ਹੈ ਕਿ ਉਹ ਕੁੜੀ ਉਜੈਨ ਕਿਵੇਂ ਪਹੁੰਚੀ।
ਸਤਨਾ ਦੇ ਵਧੀਕ ਪੁਲਿਸ ਕਪਤਾਨ ਸ਼ਿਵੇਸ਼ ਸਿੰਘ ਬਘੇਲ ਮੁਤਾਬਕ, ਉਜੈਨ ਵਿੱਚ ਜਬਰ-ਜਨਾਹ ਦਾ ਸ਼ਿਕਾਰ ਹੋਈ ਬੱਚੀ ਮਾਨਸਿਕ ਤੌਰ ''ਤੇ ਬਿਮਾਰ ਹੈ। ਉਹ ਪਿੰਡ ਵਿੱਚ ਆਪਣੇ ਦਾਦਾ ਅਤੇ ਭਰਾ ਦੇ ਨਾਲ ਰਹਿੰਦੀ ਹੈ।
ਬਘੇਲ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉਹ ਘਰੋਂ ਸਕੂਲ ਜਾਣ ਲਈ ਨਿਕਲੀ ਸੀ ਅਤੇ ਸ਼ਾਮ ਤੱਕ ਜਦੋਂ ਘਰ ਨਹੀਂ ਪਹੁੰਚੀ ਤਾਂ ਉਸ ਦੀ ਭਾਲ ਕੀਤੀ ਗਈ।
ਉਨ੍ਹਾਂ ਦੱਸਿਆ ਕਿ ਬੱਚੀ ਦਾ ਕੁਝ ਪਤਾ ਨਾ ਲੱਗਾ ਤਾਂ ਦੂਜੇ ਦਿਨ ਉਸ ਦੀ ਰਿਪੋਰਟ ਦਰਜ ਕਰਵਾਈ ਗਈ।
ਬੱਚੀ ਦੀ ਭਾਲ ਕੀਤੀ ਜਾ ਰਹੀ ਸੀ ਅਤੇ ਸੂਚਨਾ ਸਾਰੇ ਥਾਣਿਆਂ ਨੂੰ ਭੇਜੀ ਗਈ। ਫਿਰ ਉਜੈਨ ਵਾਲਾ ਮਾਮਲਾ ਸਾਹਮਣੇ ਆਉਣ ‘ਤੇ ਉਸ ਦਾ ਵੀਡੀਓ ਬੱਚੀ ਦੇ ਦਾਦਾ ਜੀ ਨੂੰ ਦਿਖਾਇਆ ਗਿਆ ਅਤੇ ਉਨ੍ਹਾਂ ਨੇ ਉਸ ਨੂੰ ਪਛਾਣ ਲਿਆ।
ਇਸ ਘਟਨਾ ਨੇ ਨਾ ਸਿਰਫ਼ ਪੂਰੇ ਉਜੈਨ ਸਗੋਂ ਮੱਧ ਪ੍ਰਦੇਸ਼ ਅਤੇ ਪੂਰੇ ਮੁਲਕ ਨੂੰ ਝੰਜੋੜ ਕੇ ਰੱਖ ਦਿੱਤਾ ਹੈ।
ਕੁੜੀ ਮਦਦ ਲਈ ਭਟਕਦੀ ਰਹੀ ਪਰ ਮਹਾਕਾਲ ਦੇ ਸ਼ਹਿਰ ਵਿੱਚ ਕੋਈ ਉਸ ਦੀ ਮਦਦ ਲਈ ਅੱਗੇ ਨਾ ਆਇਆ।
ਉਹ ਸ਼ਖ਼ਸ, ਜਿਸ ਨੇ ਪੁਲਿਸ ਨੂੰ ਸੂਚਨਾ ਦਿੱਤੀ
ਰਾਹੁਲ ਸ਼ਰਮਾ ਨੇ ਹੀ ਜਾਣਕਾਰੀ ਪੁਲਿਸ ਨੂੰ ਦਿੱਤੀ ਸੀ
ਰਾਹੁਲ ਸ਼ਰਮਾ ਉਹ ਸ਼ਖ਼ਸ ਹਨ ਜਿਨ੍ਹਾਂ ਨੇ ਸਭ ਤੋਂ ਪਹਿਲਾਂ ਪੁਲਿਸ ਨੂੰ ਬੱਚੀ ਬਾਰੇ ਜਾਣਕਾਰੀ ਦਿੱਤੀ।
ਰਾਹੁਲ ਸ਼ਰਮਾ ਨੇ ਦੱਸਿਆ ਕਿ ਪੁਲਿਸ ਨੂੰ ਸੂਚਨਾ ਦੇਣ ਤੋਂ ਬਾਅਦ 20 ਮਿੰਟ ਦੇ ਅੰਦਰ-ਅੰਦਰ ਪੁਲਿਸ ਮੌਕੇ ਉੱਤੇ ਪਹੁੰਚ ਗਈ।
ਉਨ੍ਹਾਂ ਨੇ ਕਿਹਾ, “ਮੈਨੂੰ ਇਸ ਗੱਲ ਦਾ ਬਹੁਤ ਦੁੱਖ ਹੈ ਕਿ ਉਜੈਨ ਜਿਹੇ ਸ਼ਹਿਰ ਵਿੱਚ ਉਸ ਕੁੜੀ ਨੂੰ ਕੋਈ ਮਦਦ ਨਹੀਂ ਮਿਲੀ, ਜਿੱਥੇ ਲੋਕਾਂ ਨੂੰ ਅੱਗੇ ਆਉਣਾ ਚਾਹੀਦਾ ਸੀ।”
ਰਾਹੁਲ ਨੇ ਦੱਸਿਆ ਕਿ ਉਸ ਵੇਲੇ ਕੁੜੀ ਕੋਲੋਂ ਖੜ੍ਹਿਆ ਵੀ ਨਹੀਂ ਜਾ ਰਿਹਾ ਸੀ ਅਤੇ ਉਹ ਜਿਹੜੀ ਭਾਸ਼ਾ ਬੋਲ ਰਹੀ ਸੀ ਉਹ ਉਨ੍ਹਾਂ ਨੂੰ ਸਮਝ ਨਹੀਂ ਆ ਰਹੀ ਸੀ।
ਉਨ੍ਹਾਂ ਨੇ ਦੱਸਿਆ ਕਿ ਉਸ ਵੇਲੇ ਕੁੜੀ ਦੀ ਸਥਿਤੀ ਠੀਕ ਨਹੀਂ ਸੀ ਅਤੇ ਮੇਰੀ ਪਹਿਲੀ ਤਰਜੀਹ ਉਸ ਦਾ ਇਲਾਜ ਕਰਵਾਉਣਾ ਸੀ।
ਇਲਾਕੇ ਵਿੱਚ ਹੀ ਰਹਿੰਦੇ ਪੱਤਰਕਾਰ ਜੈ ਕੌਸ਼ਲ ਦੱਸਦੇ ਹਨ ਕਿ ਇਹ ਘਟਨਾ ਸੱਚ-ਮੁੱਚ ਹੀ ਦਿਲ ਨੂੰ ਦੁਖਾਉਣ ਵਾਲੀ ਹੈ।
ਪਰ ਕੁੜੀ ਨੂੰ ਮਦਦ ਨਾ ਮਿਲਣ ਬਾਰੇ ਉਹ ਕਹਿੰਦੇ ਹਨ, “ਲੋਕਾਂ ਵਿੱਚ ਗੈਰ-ਭਰੋਸਗੀ ਦੀ ਭਾਵਨਾ ਪੈਦਾ ਹੋ ਗਈ ਹੈ।”
ਉਨ੍ਹਾਂ ਨੇ ਕਿਹਾ, “ਲੋਕ ਮਦਦ ਲਈ ਅੱਗੇ ਨਹੀਂ ਆ ਰਹੇ, ਸ਼ਾਇਦ ਉਨ੍ਹਾਂ ਨੂੰ ਇਹ ਲੱਗਦਾ ਹੈ ਕਿ ਕਿਤੇ ਸਾਨੂੰ ਇਸ ਲਈ ਜ਼ਿੰਮੇਵਾਰ ਨਾ ਮੰਨ ਲਿਆ ਜਾਵੇ।”
“ਲੋਕਾਂ ਨੂੰ ਲੱਗਦਾ ਹੈ ਕਿ ਕਿਤੇ ਪੁਲਿਸ ਉਨ੍ਹਾਂ ਨੂੰ ਇਸ ਮਾਮਲੇ ਵਿੱਚ ਉਲਝਾ ਨਾ ਦਵੇ।”
ਹਾਲਾਂਕਿ ਉਹ ਕਹਿੰਦੇ ਹਨ, “ਉਜੈਨ ਦੇ ‘ਮਹਾਕਾਲ ਲੋਕ’ ਬਣ ਜਾਣ ਤੋਂ ਬਾਅਦ ਇੱਥੇ ਘੁੰਮਣ ਲਈ ਆਉਣ ਵਾਲੇ ਲੋਕਾਂ ਦੀ ਗਿਣਤੀ ਵੱਧ ਗਈ ਹੈ ਅਤੇ ਇਹ ਘਟਨਾ ਦੱਸਦੀ ਹੈ ਕਿ ਅਸੀਂ ਕਿੰਨੇ ਅਸੁਰੱਖਿਅਤ ਹਾਂ।”
ਉਜੈਨ ਵਿੱਚ ਰਹਿੰਦੇ ਅਮਿਤਾਭ ਤਿਵਾਰੀ ਕਹਿੰਦੇ ਹਨ, “ਬੱਚੀ ਦੇ ਨਾਲ ਜੋ ਹੋਇਆ ਅਤੇ ਉਸ ਤੋਂ ਬਾਅਦ ਲੋਕਾਂ ਦਾ ਮਦਦ ਨਾ ਕਰਨਾ ਮੈਨੂੰ ਵੀ ਹੈਰਾਨ ਕਰਦਾ ਹੈ, ਅਜਿਹਾ ਇਸ ਸ਼ਹਿਰ ਵਿੱਚ ਨਹੀਂ ਹੋਣਾ ਚਾਹੀਦਾ।”
“ਭਗਵਾਨ ਮਹਾਕਾਲ ਦੁਨੀਆਂ ਭਰ ਦੇ ਲੋਕਾਂ ਦਾ ਦੁੱਖ ਦੂਰ ਕਰਨ ਲਈ ਜਾਣੇ ਜਾਂਦੇ ਹਨ, ਫਿਰ ਇਸ ਮਾਮਲੇ ‘ਚ ਉਹ ਇੰਨੇ ਨਿਰਦਈ ਕਿਵੇਂ ਹੋ ਸਕਦੇ ਹਨ।”
ਵਿਰੋਧੀ ਧਿਰ ਨੇ ਸਰਕਾਰ ਨੂੰ ਘੇਰਿਆ
ਵਿਰੋਧੀ ਪਾਰਟੀ ਕਾਂਗਰਸ ਇਸ ਮਾਮਲੇ ਨੂੰ ਲੈ ਕੇ ਸੂਬਾ ਸਰਕਾਰ ਦੀ ਨਿੰਦਾ ਕਰ ਰਹੀ ਹੈ।
ਸਾਬਕਾ ਮੁੱਖ ਮੰਤਰੀ ਕਮਲਨਾਥ ਨੇ ਵੀ ਸਰਕਾਰ ਨੂੰ ਨਿਸ਼ਾਨਾ ਬਣਾਉਂਦਿਆ ਕਿਹਾ, “ਇਹ ਘਟਨਾ ਪ੍ਰਸ਼ਾਸਨ ਅਤੇ ਸਮਾਜ ਲਈ ਇੱਕ ਕਲੰਕ ਹੈ, ਮੈਂ ਮੁੱਖ ਮੰਤਰੀ ਕੋਲੋਂ ਇਹ ਜਾਨਣਾ ਚਾਹੁੰਦਾ ਹਾਂ ਕਿ ਕੀ ਤੁਸੀਂ ਸਿਰਫ਼ ਚੋਣਾਂ ਹੀ ਲੜਦੇ ਰਹੋਗੇ ਅਤੇ ਝੂਠੇ ਐਲਾਨ ਹੀ ਕਰਦੇ ਰਹੋਗੇ।”
ਉੱਥੇ ਹੀ, ਭਾਜਪਾ ਵੱਲੋਂ ਸਾਬਕਾ ਮੁੱਖ ਮੰਤਰੀ ਉਮਾ ਭਾਰਤੀ ਨੇ ਇਸ ਘਟਨਾ ਵਿੱਚ ਇੱਕ ਨਾਬਾਲਗ ਕੁੜੀ ਦੇ ਖ਼ੂਨੋ-ਖ਼ੂਨ ਹੋ ਕੇ ਸੜਕ ਉੱਤੇ ਭਟਕਣ ਦੀ ਘਟਨਾ ਨੂੰ ਮੰਦਭਾਗਾ ਦੱਸਿਆ ਹੈ। ਉਨ੍ਹਾਂ ਕਿਹਾ ਕਿ ਇਹ ਘਟਨਾ ਸਾਡੇ ਸਮਾਜ ਲਈ ਕਲੰਕ ਹੈ।
ਉਧਰ ਸੂਬੇ ਦੇ ਗ੍ਰਹਿ ਮੰਤਰੀ ਨਰੋਤਮ ਮਿਸ਼ਰਾ ਨੇ ਭੋਪਾਲ ਵਿੱਚ ਪੱਤਰਕਾਰਾਂ ਨੂੰ ਦੱਸਿਆ ਕਿ ਇਸ ਮਾਮਲੇ ਦੀ ਜਾਂਚ ਲਈ ਐੱਸਆਈਟੀ ਦਾ ਗਠਨ ਕਰ ਦਿੱਤਾ ਗਿਆ ਹੈ ਅਤੇ ਜਾਂਚ ਦੇ ਆਧਾਰ ਉੱਤੇ ਇਸ ਮਾਮਲੇ ਵਿੱਚ ਠੋਸ ਕਾਰਵਾਈ ਕੀਤੀ ਜਾਵੇਗੀ।
(ਬੀਬੀਸੀ ਪੰਜਾਬੀ ਨਾਲ , , ਅਤੇ ''ਤੇ ਜੁੜੋ।)

ਬਰਗਾੜੀ ਮੋਰਚੇ ਵਿੱਚ ਖਾਲਿਸਤਾਨੀ ਹਮਾਇਤੀਆਂ ਦੀ ਭੂਮਿਕਾ ਬਾਰੇ ਐੱਨਆਈਏ ਦੀ ਚਾਰਜਸ਼ੀਟ ''ਚ ਕੀਤਾ ਗਿਆ ਇਹ...
NEXT STORY