ਪਿਛਲੇ ਮਹੀਨੇ, ਭਾਰਤ ਅਤੇ ਕੈਨੇਡਾ ਵਿਚਕਾਰ ਤਣਾਅ ਵਧਿਆ ਤਾਂ ਪ੍ਰਸਿੱਧ ਪੰਜਾਬੀ ਰੈਪਰ ਸ਼ੁਭਨੀਤ ਸਿੰਘ ਦਾ ਭਾਰਤ ਦੌਰਾ ਰੱਦ ਹੋ ਗਿਆ।
ਉਨ੍ਹਾਂ ਦਾ ਦੌਰਾ ਰੱਦ ਹੋਣ ਦਾ ਕਾਰਨ ਇੱਕ ਵਿਵਾਦ ਸੀ, ਜੋ ਇੱਕ ਪੁਰਾਣੀ ਸੋਸ਼ਲ ਮੀਡੀਆ ਪੋਸਟ ਨੂੰ ਲੈ ਕੇ ਛਿੜਿਆ ਸੀ। ਇਸ ਪੋਸਟ ਵਿੱਚ ਉਨ੍ਹਾਂ ਨੇ ਭਾਰਤ ਦਾ ਇੱਕ ਗਲਤ ਨਕਸ਼ਾ ਸਾਂਝਾ ਕੀਤਾ ਸੀ।
ਕੈਨੇਡਾ-ਅਧਾਰਤ ਇਸ ਗਾਇਕ, ਜਿਸ ਨੂੰ ਉਨ੍ਹਾਂ ਦੇ ਪ੍ਰਸ਼ੰਸਕ ਸ਼ੁਭ ਵਜੋਂ ਪਛਾਣਦੇ ਹਨ, ''ਤੇ ਇਲਜ਼ਾਮ ਲੱਗਿਆ ਕਿ ਉਹ ਖਾਲਿਸਤਾਨ ਜਾਂ ਇੱਕ ਵੱਖਰੇ ਸਿੱਖ ਰਾਜ ਵਾਲੀ ਮੰਗ ਦਾ ਸਮਰਥਨ ਕਰਦੇ ਹਨ।
ਭਾਰਤ ਵਿੱਚ ਇਹ ਇੱਕ ਸੰਵੇਦਨਸ਼ੀਲ ਮੁੱਦਾ ਹੈ, ਜਿਸ ਸਬੰਧੀ 1980ਵਿਆਂ ''ਚ ਮੁਸ਼ਕਿਲ ਹਾਲਾਤ ਵੀ ਬਣ ਗਏ ਸਨ।
ਭਾਰਤ ਤੋਂ ਬਾਹਰ ਕੈਨੇਡਾ ਹੀ ਅਜਿਹਾ ਦੇਸ਼ ਹੈ ਜਿੱਥੇ ਸਿੱਖ ਭਾਈਚਾਰੇ ਦੀ ਸਭ ਤੋਂ ਵੱਡੀ ਗਿਣਤੀ ਵੱਸਦੀ ਹੈ।
ਇਹ ਪੰਜਾਬੀ ਡਾਇਸਪੋਰਾ ਦੇ ਜਾਣੇ-ਪਛਾਣੇ ਸੰਗੀਤਕਾਰਾਂ ਦਾ ਵੀ ਘਰ ਹੈ ਜੋ ਕਿ ਅਕਸਰ ਦੋਵੇਂ ਦੇਸ਼ਾਂ ਵਿਚਕਾਰ ਯਾਤਰਾਵਾਂ ਕਰਦੇ ਰਹਿੰਦੇ ਹਨ ਅਤੇ ਸੰਗੀਤ ਦੀ ਦੁਨੀਆਂ ''ਚ ਕੰਮ ਕਰਦੇ ਹਨ।
ਦੋਵੇਂ ਦੇਸ਼ਾਂ ਦੇ ਨਾਲ-ਨਾਲ ਦੁਨੀਆਂ ਭਰ ''ਚ ਵੀ ਇਨ੍ਹਾਂ ਸੰਗੀਤਕਾਰਾਂ ਤੇ ਗੀਤਕਾਰਾਂ ਦੇ ਪ੍ਰਸ਼ੰਸਕਾਂ ਦੀ ਸੰਖਿਆ ਬਹੁਤ ਵੱਡੀ ਹੈ।
ਟਰੂਡੋ ਦਾ ਬਿਆਨ ਤੇ ਵਿਗੜਦੇ ਰਿਸ਼ਤੇ
ਹਰਦੀਪ ਸਿੰਘ ਨਿੱਝਰ
ਕੈਨੇਡਾ ਦੇ ਪ੍ਰਧਾਨ ਮੰਤਰੀ ਦੇ ਇਸ ਬਿਆਨ ਤੋਂ ਬਾਅਦ ਕਿ ਉਨ੍ਹਾਂ ਕੋਲ ''ਪੁਖਤਾ ਸਬੂਤ'' ਹਨ ਕਿ ਖਾਲਿਸਤਾਨੀ ਹਮਾਇਤੀ ਹਰਦੀਪ ਨਿੱਝਰ ਦੇ ਕਤਲ ਮਾਮਲੇ ''ਚ ਭਾਰਤੀ ਏਜੰਸੀਆਂ ਦੀ ਸ਼ਮੂਲੀਅਤ ਦੀ ਸੰਭਾਵਨਾ ਹੈ, ਦੋਵੇਂ ਦੇਸ਼ਾਂ ਵਿਚਕਾਰ ਤਣਾਅ ਦਾ ਮਾਹੌਲ ਹੈ।
ਹਾਲਾਂਕਿ ਭਾਰਤ ਨੇ ਕੈਨੇਡਾ ਦੇ ਸਾਰੇ ਇਲਜ਼ਾਮਾਂ ਤੋਂ ਇਨਕਾਰ ਕੀਤਾ ਹੈ ਅਤੇ ਅਣਮਿੱਥੇ ਸਮੇਂ ਲਈ ਕੈਨੇਡਾ ਦੇ ਨਾਗਰਿਕਾਂ ਨੂੰ ਭਾਰਤੀ ਵੀਜ਼ਾ ਦੇਣ ''ਤੇ ਵੀ ਰੋਕ ਲਗਾ ਦਿੱਤੀ ਹੈ।
ਪਰ ਇਹ ਤਣਾਅ ਉਨ੍ਹਾਂ ਕਲਾਕਾਰਾਂ ਲਈ ਵੀ ਚਿੰਤਾ ਦਾ ਵਿਸ਼ਾ ਹੈ ਜੋ ਦੋਵੇਂ ਦੇਸ਼ਾਂ ਨੂੰ ਆਪਣਾ ਘਰ ਕਹਿੰਦੇ ਹਨ ਅਤੇ ਜਿਨ੍ਹਾਂ ਦੇ ਪ੍ਰਸ਼ੰਸਕ ਦੋਵੇਂ ਹੀ ਦੇਸ਼ਾਂ ਵਿੱਚ ਵੱਡੀ ਗਿਣਤੀ ਵਿੱਚ ਮੌਜੂਦ ਹਨ।
ਉਦਾਹਰਣ ਵਜੋਂ, ਸ਼ੁਭ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ "ਹਰ ਪੰਜਾਬੀ ਨੂੰ ਵੱਖਵਾਦੀ ਜਾਂ ਦੇਸ਼ ਵਿਰੋਧੀ ਕਹਿਣ ਤੋਂ ਗੁਰੇਜ਼ ਕਰਨ", ਪਰ ਉਨ੍ਹਾਂ ਨੂੰ ਅਜੇ ਵੀ ਆਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਇਸੇ ਸਿਲਸਿਲੇ ''ਚ ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਵਿਰਾਟ ਕੋਹਲੀ ਸਮੇਤ ਕੁਝ ਹੋਰ ਭਾਰਤੀ ਕ੍ਰਿਕਟਰਾਂ, ਜਿਨ੍ਹਾਂ ਨੇ ਕਦੇ ਸ਼ੁਭ ਨੂੰ ਆਪਣਾ "ਮਨਪਸੰਦ ਕਲਾਕਾਰ" ਕਿਹਾ ਸੀ, ਨੇ ਸੋਸ਼ਲ ਮੀਡੀਆ ''ਤੇ ਸ਼ੁਭ ਨੂੰ ਅਨਫੌਲੋ ਕਰ ਦਿੱਤਾ।
ਇੱਕ ਹੋਰ ਇੰਡੋ-ਕੈਨੇਡੀਅਨ ਰੈਪਰ ਹਨ ਏਪੀ ਢਿੱਲੋਂ, ਜਿਨ੍ਹਾਂ ਦੇ ਲੱਖਾਂ ਪ੍ਰਸ਼ੰਸਕ ਹਨ। ਉਨ੍ਹਾਂ ਨੂੰ ਵੀ ਸੋਸ਼ਲ ਮੀਡੀਆ ''ਤੇ ਬਾਈਕਾਟ ਵਾਲੀਆਂ ਕਾਲਾਂ ਦਾ ਸਾਹਮਣਾ ਕਰਨਾ ਪਿਆ ਕਿਉਂਕਿ ਉਨ੍ਹਾਂ ਨੇ ਸ਼ੁਭ ਦੇ ਸੰਗੀਤ ਸਮਾਰੋਹ ਨੂੰ ਰੱਦ ਕਰਨ ਬਾਰੇ ਇੱਕ ਸੋਸ਼ਲ ਮੀਡੀਆ ਪੋਸਟ ਪਾਈ ਸੀ।
ਕੈਨੇਡਾ ਵੱਸਦੇ ਪੰਜਾਬੀ ਸੰਗੀਤਕਾਰ
ਏਪੀ ਢਿੱਲੋਂ
ਸ਼ੁਭ ਅਤੇ ਢਿੱਲੋਂ, ਕੈਨੇਡਾ ਵੱਸਦੇ ਉਨ੍ਹਾਂ ਹਿੱਪ-ਹੌਪ ਸੰਗੀਤਕਾਰਾਂ ਵਿੱਚੋਂ ਹਨ ਜਿਨ੍ਹਾਂ ਨੇ ਪਿਛਲੇ ਇੱਕ ਦਹਾਕੇ ''ਚ ਪੰਜਾਬੀ ਸੰਗੀਤ ਨੂੰ ਇੱਕ ਵੱਖਰੇ ਪੱਧਰ ''ਤੇ ਪਹੁੰਚ ਦਿੱਤਾ ਹੈ।
ਉਨ੍ਹਾਂ ਦੇ ਗੀਤ - ਪੰਜਾਬੀ ਬੋਲਾਂ ਅਤੇ ਚਿੱਤਰਾਂ ਦੇ ਨਾਲ-ਨਾਲ ਹਿੱਪ-ਹੌਪ ਤੇ ਹਾਰਡ ਰੌਕ ਮਿਊਜ਼ਿਕ ਵਾਲੇ ਹੁੰਦੇ ਹਨ, ਜਿਨ੍ਹਾਂ ਵਿੱਚ ਸਿੱਖ ਡਾਇਸਪੋਰਾ ਦੇ ਨਾਲ-ਨਾਲ ਸਰਹੱਦੀ ਇਲਾਕਿਆਂ ਦੀਆਂ ਵੀ ਗੱਲਾਂ ਹੁੰਦੀਆਂ ਹਨ।
ਅਕਸਰ ਹੀ ਉਨ੍ਹਾਂ ਦੇ ਗੀਤ ਅੰਤਰਰਾਸ਼ਟਰੀ ਮਿਊਜ਼ਿਕ ਚਾਰਟ ''ਚ ਟੌਪ ''ਤੇ ਰਹਿੰਦੇ ਹਨ।
ਇਸ ਸਾਲ ਦੇ ਸ਼ੁਰੂ ਵਿੱਚ, ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਪ੍ਰਸਿੱਧ ਕੈਲੀਫੋਰਨੀਆ ਸੰਗੀਤ ਸਮਾਰੋਹ ਕੋਚੇਲਾ ਵਿੱਚ ਪੇਸ਼ਕਾਰੀ ਕਰਨ ਵਾਲੇ ਪਹਿਲੇ ਪੰਜਾਬੀ ਕਲਾਕਾਰ ਬਣ ਗਏ ਸਨ।
ਫਿਲਹਾਲ ਸੰਗੀਤ ਜਗਤ ਨਾਲ ਜੁੜੇ ਮਾਹਰ ਅਤੇ ਹਿੱਸੇਦਾਰ ਦਿੱਲੀ ਅਤੇ ਓਟਵਾ ਵਿਚਕਾਰ ਪੈਦਾ ਹੋਈ ਇਸ ਤਣਾਅ ਵਾਲੀ ਸਥਿਤੀ ''ਤੇ ਨੇੜਿਓਂ ਨਜ਼ਰ ਬਣਾਏ ਹੋਏ ਹਨ।
ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਦੋਵੇਂ ਦੇਸ਼ਾਂ ਵਿਚਕਾਰ ਸਬੰਧ ਆਪਣੇ ਸਭ ਤੋਂ ਹੇਠਲੇ ਪੱਧਰ ''ਤੇ ਹਨ।
''ਦੇਸ਼ਾਂ ''ਚ ਤਣਾਅ ਦਾ ਅਸਰ ਸੱਭਿਆਚਾਰਕ ਸਹਿਯੋਗ ''ਤੇ ਪੈਂਦਾ ਹੈ''
ਰੋਲਿੰਗ ਸਟੋਨ ਇੰਡੀਆ ਦੀ ਸਾਬਕਾ ਕਾਰਜਕਾਰੀ ਸੰਪਾਦਕ ਅਤੇ ਵਰਤਮਾਨ ''ਚ ਇੱਕ ਟੈਲੇਂਟ ਮੈਨੇਜਮੈਂਟ ਕੰਪਨੀ ਚਲਾਉਣ ਵਾਲੇ ਨਿਰਮਿਕਾ ਸਿੰਘ ਕਹਿੰਦੇ ਹਨ, "ਜਦੋਂ ਵੀ ਦੋ ਦੇਸ਼ਾਂ ਵਿਚਕਾਰ ਤਣਾਅ ਪੈਦਾ ਹੁੰਦਾ ਹੈ, ਛੋਟਾ ਭਾਵੇਂ ਵੱਡਾ, ਇੱਕ ਚੀਜ਼ ਜੋ ਪ੍ਰਭਾਵਿਤ ਹੁੰਦੀ ਹੈ ਉਹ ਹੈ ਸੱਭਿਆਚਾਰਕ ਸਹਿਯੋਗ, ਜਿਵੇਂ ਕਿ ਅਸੀਂ ਆਪਣੇ ਗੁਆਂਢੀ ਦੇਸ਼ ਪਾਕਿਸਤਾਨ ਦੇ ਮਾਮਲੇ ''ਚ ਵੀ ਦੇਖਿਆ ਹੈ।''''
ਪਿਛਲੇ ਕੁਝ ਸਾਲਾਂ ਵਿੱਚ ਭਾਰਤੀ ਅਤੇ ਪਾਕਿਸਤਾਨੀ ਸੰਗੀਤਕਾਰਾਂ ਅਤੇ ਫ਼ਿਲਮ ਨਿਰਮਾਤਾਵਾਂ ਵਿਚਕਾਰ ਸੱਭਿਆਚਾਰਕ ਸਹਿਯੋਗ ਬੰਦ ਹੋ ਗਿਆ ਹੈ।
ਹਾਲਾਂਕਿ, ਕੁਝ ਲੋਕਾਂ ਦਾ ਇਹ ਵੀ ਮੰਨਣਾ ਹੈ ਕਿ ਭਾਰਤ ਅਤੇ ਕੈਨੇਡਾ ਦੋਵਾਂ ਦੇਸ਼ਾਂ ਵਿੱਚ ਪੰਜਾਬੀ ਸੰਗੀਤ ਉਦਯੋਗ ਇੰਨਾ ਵੱਡਾ ਹੈ ਕਿ ਉਹ ਇੰਨੇ ਸੌਖਿਆਂ ਪ੍ਰਭਾਵਿਤ ਨਹੀਂ ਹੋ ਸਕਦਾ।
''ਸਰੋਤੇ ਬਸ ਚੰਗਾ ਸੰਗੀਤ ਚਾਹੁੰਦੇ ਹਨ''
ਪੰਜਾਬੀ ਗੀਤਕਾਰ ਪਾਲੀ ਗਿੱਦੜਬਾਹਾ ਕਹਿੰਦੇ ਹਨ, "ਜੋ ਕੁਝ ਵੀ ਹੋ ਰਿਹਾ ਹੈ, ਉਹ ਪੂਰੀ ਤਰ੍ਹਾਂ ਸਿਆਸੀ ਹੈ ਅਤੇ ਅੱਜ ਦੇ ਕੈਂਸਲ ਕਲਚਰ ਦਾ ਜਿਉਂਦਾ ਜਾਗਦਾ ਪ੍ਰਤੀਕ ਹੈ।"
ਉਹ ਕਹਿੰਦੇ ਹਨ, "ਸਰੋਤੇ ਇਸ ਗੱਲ ਦੀ ਪਰਵਾਹ ਨਹੀਂ ਕਰਦੇ ਕਿ ਕੂਟਨੀਤਕ ਪੱਧਰ ''ਤੇ ਕੀ ਹੁੰਦਾ ਹੈ - ਉਹ ਸਿਰਫ਼ ਚੰਗਾ ਸੰਗੀਤ ਤੇ ਮਨੋਰੰਜਨ ਚਾਹੁੰਦੇ ਹਨ ਅਤੇ ਪੰਜਾਬੀ ਸੰਗੀਤ ਹਮੇਸ਼ਾ ਇਹ ਕਰਦਾ ਹੈ।"
ਅੰਕੜੇ ਵੀ ਉਨ੍ਹਾਂ ਦੇ ਇਸ ਤੱਥ ਨੂੰ ਸਹੀ ਦਰਸਾਉਂਦੇ ਹਨ।
ਸਟ੍ਰੀਮਿੰਗ ਪਲੇਟਫਾਰਮ ਸਪੌਟੀਫ਼ਾਈ ਦੇ ਅਨੁਸਾਰ, ਸਾਲ 2022 ਵਿੱਚ ਭਾਰਤ ਵਿੱਚ 10 ਸਭ ਤੋਂ ਵੱਧ-ਸਟ੍ਰੀਮ ਕੀਤੇ ਗਏ ਗੀਤਾਂ ਵਿੱਚੋਂ ਚਾਰ ਪੰਜਾਬੀ ਸਨ ਅਤੇ ਇਨ੍ਹਾਂ ਵਿੱਚ ਢਿੱਲੋਂ ਅਤੇ ਗੁਰਿੰਦਰ ਗਿੱਲ ਵਰਗੇ ਇੰਡੋ-ਕੈਨੇਡੀਅਨ ਰੈਪਰਾਂ ਦੇ ਟਰੈਕ ਸ਼ਾਮਲ ਸਨ।
ਇਹ ਇੱਕ ਵੱਡੀ ਤਬਦੀਲੀ ਹੈ, ਖਾਸ ਕਰਕੇ ਭਾਰਤ ਵਿੱਚ ਜਿੱਥੇ ਬਾਲੀਵੁੱਡ ਗੀਤਾਂ ਦਾ ਮਿਊਜ਼ਿਕ ਚਾਰਟਜ਼ ਵਿੱਚ ਰਵਾਇਤੀ ਤੌਰ ''ਤੇ ਦਬਦਬਾ ਰਹਿੰਦਾ ਹੈ।
ਪੰਜਾਬੀ ਸੰਗੀਤ ਦਾ ਬਦਲਦਾ ਦੌਰ
ਇੱਥੋਂ ਤੱਕ ਕਿ ਪੌਪ ਪੰਜਾਬੀ ਸੰਗੀਤ ਵੀ ਆਪਣੇ ਆਪ ਵਿੱਚ ਇਨ੍ਹਾਂ ਦੋਹਰੇ ਸੱਭਿਆਚਾਰਾਂ ਨਾਲ ਪ੍ਰਭਾਵਿਤ ਹੋਇਆ ਹੈ।
1980 ਅਤੇ 90 ਦੇ ਦਹਾਕੇ ਵਿੱਚ, ਅਮਰ ਸਿੰਘ ਚਮਕੀਲੇ ਵਰਗੇ ਪੰਜਾਬੀ ਲੋਕ ਗਾਇਕ ਕੈਨੇਡਾ ਵਿੱਚ ਵੱਸਦੇ ਸਿੱਖਾਂ ਵਿੱਚ ਬਹੁਤ ਮਸ਼ਹੂਰ ਸਨ। ਦਲੇਰ ਮਹਿੰਦੀ ਵਰਗੇ ਸੰਗੀਤਕਾਰ ਵੀ ਨਿਯਮਿਤ ਤੌਰ ''ਤੇ ਕੈਨੇਡਾ ਦਾ ਦੌਰਾ ਕਰਦੇ ਰਹਿੰਦੇ ਹਨ।
ਜਿਉਂ-ਜਿਉਂ ਉੱਥੇ ਭਾਈਚਾਰਾ ਵਧਦਾ ਗਿਆ, ਨਵੀਂ ਪੀੜ੍ਹੀ ਨੇ ਰਵਾਇਤੀ ਪੰਜਾਬੀ ਸੰਗੀਤ ਨਾਲ ਆਧੁਨਿਕ ਹਿੱਪ-ਹੌਪ ਧੁਨਾਂ ਨੂੰ ਮਿਲਾਉਣਾ ਸ਼ੁਰੂ ਕੀਤਾ।
ਬਹੁਤ ਸਾਰਿਆਂ ਨੇ ਤਾਂ ਸੰਗੀਤ ਰਾਹੀਂ ਸਿਆਸੀ ਮੁੱਦਿਆਂ, ਆਪਣੀ ਪਛਾਣ ਅਤੇ ਹੋਰ ਧਾਰਮਿਕ ਹਿੰਸਾ ਵਰਗੇ ਮੁੱਦਿਆਂ ਵੱਲ ਧਿਆਨ ਦਿਵਾਉਣ ਦੀ ਕੋਸ਼ਿਸ਼ ਕੀਤੀ ਹੈ।
ਪਰ ਆਲੋਚਕ ਕੁਝ ਪੰਜਾਬੀ ਸੰਗੀਤਕਾਰਾਂ ''ਤੇ ਇਲਜ਼ਾਮ ਲਗਾਉਂਦੇ ਹਨ ਕਿ ਉਨ੍ਹਾਂ ਨੇ ਹਿੰਸਾ ਨੂੰ ਗਲੈਮਰਾਈਜ਼ ਕੀਤਾ ਹੈ ਅਤੇ ਸੁੱਖਵਾਦ ਦਾ ਪ੍ਰਚਾਰ ਕੀਤਾ ਹੈ।
ਰੈਪਰ ਸਿੱਧੂ ਮੂਸੇਵਾਲਾ ਅਕਸਰ ਉਨ੍ਹਾਂ ਗਾਣਿਆਂ ਲਈ ਸੁਰਖੀਆਂ ਵਿੱਚ ਰਹਿੰਦੇ ਸਨ, ਜਿਨ੍ਹਾਂ ਵਿੱਚ ਸਿੱਖ ਖਾੜਕੂਵਾਦ ਦੀ ਗੱਲ ਹੁੰਦੀ ਸੀ। ਮੂਸੇਵਾਲਾ ''ਤੇ ''ਗੰਨ ਕਲਚਰ'' ਦੀ ਵਡਿਆਈ ਕਰਨ ਦੇ ਵੀ ਇਲਜ਼ਾਮ ਲੱਗੇ ਸਨ।
ਪਿਛਲੇ ਸਾਲ ਸਿੱਧੂ ਮੂਸੇਵਾਲਾ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ।
ਸਿੱਧੂ ਮੂਸੇਵਾਲਾ
ਕੈਨੇਡਾ, ਪੰਜਾਬੀ ਪਰਵਾਸੀ ਤੇ ਪਛਾਣ ਲਈ ਜੰਗ
ਅਕਾਦਮਿਕ ਹਰਜੀਤ ਗਰੇਵਾਲ ਅਤੇ ਸਾਰਾ ਗਰੇਵਾਲ ਇੱਕ ਕਿਤਾਬ ''ਤੇ ਕੰਮ ਕਰ ਰਹੇ ਹਨ, ਜੋ ਗਲੋਬਲ ਡਾਇਸਪੋਰਾ ਵਿੱਚ ਸਿੱਖ ਹਿੱਪ-ਹੌਪ ਬਾਰੇ ਪੜਚੋਲ ਕਰਦੀ ਹੈ।
ਉਹ ਕਹਿੰਦੇ ਹਨ, "ਹਿਪ-ਹੌਪ ਵਿਰੋਧ (ਭਾਵਨਾ) ਵਾਲਾ ਸੰਗੀਤ ਹੈ। ਇਸ ਨੂੰ ਸਿਆਹਫਾਮ ਅਮਰੀਕੀਆਂ ਦੀਆਂ ਸਮਾਜਿਕ-ਰਾਜਨੀਤਿਕ ਅਤੇ ਆਰਥਿਕ ਹਕੀਕਤਾਂ ਦੇ ਨਾਲ-ਨਾਲ ਅਮਰੀਕਾ ਵਿੱਚ ਅਸਮਾਨਤਾਵਾਂ ਬਾਰੇ ਵਿਅੰਗ ਕਰਨ ਦੇ ਸਾਧਨ ਵਜੋਂ ਦੇਖਿਆ ਗਿਆ ਹੈ।''''
ਉਹ ਪੰਜਾਬੀ ਜੋ ਵਿਦੇਸ਼ਾਂ ਵਿੱਚ ਹੀ ਪਲੇ-ਵੱਡੇ ਹੋਏ ਹਨ, ਸੰਗੀਤ ਉਨ੍ਹਾਂ ਦੀ ਪਛਾਣ ਨੂੰ ਦਰਸਾਉਣ ਦਾ ਵੀ ਇੱਕ ਮਹੱਤਵਪੂਰਨ ਮਾਧਿਅਮ ਹੈ।
1970 ਦੇ ਦਹਾਕੇ ਵਿੱਚ ਜਦੋਂ ਭਾਰਤ ਵਿੱਚ ਖਾਲਿਸਤਾਨ ਦੀ ਲਹਿਰ ਜ਼ੋਰ ਫੜਨ ਲੱਗੀ ਤਾਂ ਕੈਨੇਡਾ ਵਿੱਚ ਸਿੱਖਾਂ ਦੀ ਗਿਣਤੀ ਵਿੱਚ ਵਾਧਾ ਹੋਇਆ।
ਪਰਵਾਸੀਆਂ ਅਤੇ ਉਨ੍ਹਾਂ ਦੇ ਬੱਚਿਆਂ ਨੂੰ ਨਾ ਸਿਰਫ਼ ਆਪਣੀ ਜ਼ਿੰਦਗੀ ਮੁੜ ਤੋਂ ਸ਼ੁਰੂ ਕਰਨੀ ਪਈ, ਸਗੋਂ ਨਸਲਵਾਦ ਅਤੇ ਅਵਿਸ਼ਵਾਸ ਦਾ ਵੀ ਸਾਹਮਣਾ ਕਰਨਾ ਪਿਆ।
ਬਹੁਤ ਸਾਰੇ ਹਿੱਪ-ਹੌਪ ਕਲਾਕਾਰ ਇਨ੍ਹਾਂ ਤਜਰਬਿਆਂ ਨੂੰ ਸਾਂਝਾ ਕਰਨ ਲਈ ਆਪਣੇ ਗੀਤਾਂ ਦੀ ਵਰਤੋਂ ਕਰਦੇ ਹਨ।
ਢਿੱਲੋਂ ਦੇ ਹਿੱਟ ਗੀਤ ਬ੍ਰਾਊਨ ਮੁੰਡੇ ਦੇ ਵੀਡੀਓ ਵਿੱਚ, ਉਹ ਅਤੇ ਹੋਰ ਰੈਪਰਾਂ ਨੂੰ ਬਲੂ-ਕਾਲਰ ਵਾਲੀਆਂ ਨੌਕਰੀਆਂ ਕਰਦੇ ਦਿਖਾਇਆ ਗਿਆ ਹੈ, ਜਿਵੇਂ ਮਕੈਨਿਕ ਵਜੋਂ ਕੰਮ ਕਰਦੇ ਹੋਏ, ਕਿਸੇ ਫ਼ੂਡ ਡਿਲੀਵਰੀ ਰਸੋਈ ਵਿੱਚ ਅਤੇ ਉਸਾਰੀ ਵਾਲੀਆਂ ਥਾਵਾਂ ''ਤੇ ਆਦਿ।
ਸ਼ਹਿਰੀ ਜੀਵਨ ਦੀਆਂ ਹਨ੍ਹੇਰੀਆਂ, ਕੌੜੀਆਂ ਹਕੀਕਤਾਂ ਨੂੰ ਦਰਸਾਉਂਦਾ ਸੰਗੀਤ
ਹਰਜੀਤ ਗਰੇਵਾਲ ਅਤੇ ਸਾਰਾ ਗਰੇਵਾਲ ਦਾ ਕਹਿਣਾ ਹੈ, "ਇੱਕ ਕਲਾਕਾਰ ਨਸਲਵਾਦ ਅਤੇ ਵਿਤਕਰੇ ਦੇ ਤਜਰਬਿਆਂ ਨੂੰ ਪ੍ਰਗਟ ਕਰਦੇ ਹੋਏ ਆਪਣੇ ਵਿਰਸੇ ਵਿੱਚ ਮਿਲੇ ਸੱਭਿਆਚਾਰ ਨਾਲ ਜੁੜ ਸਕਦਾ ਹੈ। ਇਹੀ ਸੰਗੀਤ ਖੁਸ਼ੀ ਅਤੇ ਵਿਅੰਗ ਨੂੰ ਪ੍ਰਗਟ ਕਰਨ ਲਈ ਵੀ ਵਰਤਿਆ ਜਾਂਦਾ ਹੈ।''''
ਦੋਸਾਂਝ ਅਤੇ ਮੂਸੇਵਾਲਾ ਵਰਗੇ ਕਲਾਕਾਰਾਂ ਨਾਲ ਕੰਮ ਕਰਨ ਵਾਲੇ ਕੈਨੇਡਾ-ਅਧਾਰਤ ਸਿਨੇਮਾਟੋਗ੍ਰਾਫਰ ਰੂਪੇਨ ਭਾਰਦਵਾਜ ਅਤੇ ਸੁਕਰਨ ਪਾਠਕ ਕਹਿੰਦੇ ਹਨ ਕਿ ਸੰਗੀਤ ਸ਼ਹਿਰੀ ਜੀਵਨ ਦੀਆਂ ਹਨ੍ਹੇਰੀਆਂ, ਕੌੜੀਆਂ ਹਕੀਕਤਾਂ ਨੂੰ ਦਿਖਾਉਣ ਦੀ ਕੋਸ਼ਿਸ਼ ਕਰਦਾ ਹੈ।
ਉਹ ਕਹਿੰਦੇ ਹਨ ਕਿ ਇੱਕ ਬਾਹਰੀ ਵਿਅਕਤੀ ਲਈ, ਇਹ ਟਕਰਾਅ ਵਾਲਾ ਅਤੇ ਭੜਕਾਊ ਜਾਪਦਾ ਹੈ, ਪਰ ਇਹ ਸੰਗੀਤ ਉਨ੍ਹਾਂ ਪੰਜਾਬੀਆਂ ਨੂੰ ਇਕੱਠਾ ਕਰਦਾ ਹੈ ਜਿਨ੍ਹਾਂ ਵਿੱਚ ਸ਼ਾਇਦ ''''ਆਪਣੇ ਘਰ ਤੋਂ ਭੂਗੋਲਿਕ ਦੂਰੀ ਕਾਰਨ ਇੱਕ ਅਲਗਾਵ ਪੈਦਾ ਹੋ ਗਿਆ''''।
ਹਾਲਾਂਕਿ, ਕੱਟੜਪੰਥੀ ਪੰਜਾਬੀ ਬੌਧਿਕ ਪਰੰਪਰਾ ਦੇ ਇਤਿਹਾਸਕਾਰ ਸੁਮੇਲ ਸਿੰਘ ਸਿੱਧੂ ਦਾ ਕਹਿਣਾ ਹੈ ਕਿ ਕੁਝ ਭੜਕਾਊ ਸਮੱਗਰੀ ਉਸ ''ਅਲਗਾਵ ਜਾਂ ਬੇਗਾਨਗੀ'' ਦਾ ਵੀ ਨਤੀਜਾ ਹੋ ਸਕਦੀ ਹੈ ਜੋ ਵਿਦੇਸ਼ਾਂ ਵਿੱਚ ਨੌਜਵਾਨ ਪੰਜਾਬੀਆਂ ਨੂੰ ਝੱਲਣੀ ਪਈ।
ਉਹ ਕਹਿੰਦੇ ਹਨ, "ਕੈਨੇਡੀਅਨ ਸਮਾਜ ਨਾਲ ਆਰਗੈਨਿਕ (ਸੁਭਾਵਿਕ) ਸਬੰਧ ਰੱਖਣ ਦੀ ਬਜਾਏ, ਬਹੁਤ ਸਾਰੇ ਲੋਕਾਂ ਨੂੰ ਛੋਟੀ ਉਮਰ ਵਿੱਚ ਬਾਹਰ ਕਰ ਦਿੱਤਾ ਜਾਂਦਾ ਹੈ, ਜਿਸ ਨਾਲ ਉਹ ਸਿੱਖ ਹੋਣ ਦੀ ਇੱਕ ਸਵੱਛ ਸਮਝ ਪ੍ਰਤੀ ਅਸੁਰੱਖਿਅਤ ਮਹਿਸੂਸ ਕਰਨ ਲੱਗਦੇ ਹਨ।"
ਉਹ ਅੱਗੇ ਕਹਿੰਦੇ ਹਨ, ''ਕਿਸੇ ਨਾਲ ਸਬੰਧਿਤ ਹੋਣ'' ਦੀ ਇੱਛਾ ਕਾਰਨ ਉਹ ''ਡਰ ਅਤੇ ਅਸਿਹਜਤਾ ਵਾਲੀ ਭਾਵਨਾ'' ਵਿੱਚ ਫਸ ਜਾਂਦੇ ਹਨ।
ਸੁਮੇਲ ਸਿੰਘ ਸਿੱਧੂ ਦਾ ਕਹਿਣਾ ਹੈ ਕਿ ਹਿਪ-ਹੌਪ ਵਿੱਚ "ਵਿਅਕਤੀਗਤ (ਗੱਲ ਜਾਂ ਅਨੁਭਵ) ਪੇਸ਼ੇਵਰ ਬਣ ਜਾਂਦਾ ਹੈ", ਜੋ ਕਿ ਸੰਗੀਤਕਾਰਾਂ ਨੂੰ ਇੱਕ ਮੁਸ਼ਕਲ ਸਥਿਤੀ ਵਿੱਚ ਪਾ ਦਿੰਦਾ ਹੈ।
ਪਰ ਉਹ ਅੱਗੇ ਕਹਿੰਦੇ ਹਨ ਕਿ ਉਨ੍ਹਾਂ ਲਈ ਰਾਜਨੀਤਿਕ ਮੁੱਦਿਆਂ ਬਾਰੇ ਜਾਣੂ ਹੋਣਾ ਵੀ ਮਹੱਤਵਪੂਰਨ ਹੈ।
ਉਹ ਕਹਿੰਦੇ ਹਨ, "ਵੱਡੇ ਰਾਜਨੀਤਿਕ ਤਣਾਅ ਦੇ ਦੌਰਾਨ, ਤਰਕ ਕੰਮ ਨਹੀਂ ਆਉਂਦੇ ਅਤੇ ਲੋਕ ਹਰ ਚੀਜ਼ ''ਤੇ ਭੜਕ ਜਾਂਦੇ ਹਨ। ਇਸ ਲਈ ਕਲਾਕਾਰਾਂ ਨੂੰ ਵੀ ਅਜਿਹੀ ਸਥਿਤੀ ਨਾਲ ਨਜਿੱਠਣ ਲਈ ਸੰਵੇਦਨਸ਼ੀਲ ਹੋਣ ਦੀ ਲੋੜ ਹੈ।"
(ਬੀਬੀਸੀ ਪੰਜਾਬੀ ਨਾਲ , , ਅਤੇ ''ਤੇ ਜੁੜੋ।)
![](https://static.jagbani.com/jb2017/images/bbc-footer.png)
ਪੈਰਿਸ ਵਿੱਚ ਖਟਮਲਾਂ ਨੇ ਲੋਕਾਂ ਦਾ ਜਿਉਣਾ ਮੁਹਾਲ ਕੀਤਾ, ਸਰੀਰ ਦੇ ਨਾਲ-ਨਾਲ ਦਿਮਾਗ ''ਤੇ ਵੀ ਕਰ ਰਹੇ ਅਸਰ
NEXT STORY