"ਸਾਨੂੰ ਨਹੀਂ ਪਤਾ ਕਿ ਇਹ ਕਿਵੇਂ ਹੋ ਗਿਆ।"
ਜਦੋਂ ਮੈਂ ਅੱਜ ਇਜ਼ਰਾਇਲੀ ਅਧਿਕਾਰੀਆਂ ਨੂੰ ਪੁੱਛਿਆ ਕਿ ਇੰਨੇ ਵਿਆਪਕ ਸਰੋਤਾਂ ਵਾਲਾ ਇਜ਼ਰਾਇਲੀ ਖੂਫ਼ੀਆ ਤੰਤਰ ਇਸ ਹਮਲੇ ਨੂੰ ਦੇਖ ਕਿਵੇਂ ਨਹੀਂ ਸਕਿਆ ਤਾਂ ਉਨ੍ਹਾਂ ਇਹ ਪ੍ਰਤੀਕਿਰਿਆ ਦਿੱਤੀ।
ਸ਼ਨੀਵਾਰ ਸਵੇਰੇ ਜਦੋਂ ਗਾਜ਼ਾ ਪੱਟੀ ਤੋਂ ਇਜ਼ਰਾਈਲ ''ਤੇ ਹਜ਼ਾਰਾਂ ਰਾਕੇਟ ਦਾਗੇ ਜਾ ਰਹੇ ਸਨ, ਉਸੇ ਦੌਰਾਨ ਦਰਜਨਾਂ ਹਥਿਆਰਬੰਦ ਫਲਸਤੀਨੀ ਲੜਾਕੇ ਗਾਜ਼ਾ ਪੱਟੀ ਅਤੇ ਇਜ਼ਰਾਈਲ ਵਿਚਕਾਰ ਭਾਰੀ ਸੁਰੱਖਿਆ ਵਾਲੀ ਸਰਹੱਦ ਨੂੰ ਪਾਰ ਕਰਨ ਵਿਚ ਸਫਲ ਰਹੇ।
ਇਜ਼ਰਾਈਲ ਦੀ ਘਰੇਲੂ ਜਾਂਚ ਏਜੰਸੀ ਸ਼ਿਨ ਬੇਤ, ਵਿਦੇਸ਼ਾਂ ''ਚ ਜਾਸੂਸੀ ਕਰਨ ਵਾਲੀ ਖੂਫ਼ੀਆ ਏਜੰਸੀ ਮੋਸਾਦ ਅਤੇ ਸ਼ਕਤੀਸ਼ਾਲੀ ਇਜ਼ਰਾਇਲੀ ਫੌਜ ਦੇ ਬਾਵਜੂਦ ਇਸ ਹਮਲੇ ਬਾਰੇ ਕਿਸੇ ਨੂੰ ਕੋਈ ਸੂਹ ਨਹੀਂ ਲੱਗੀ।
ਜਾਂ ਉਨ੍ਹਾਂ ਨੂੰ ਪਤਾ ਲੱਗਾ ਪਰ ਇਸ ਨੂੰ ਰੋਕਣ ਲਈ ਕੁਝ ਨਹੀਂ ਕਰ ਸਕੇ!
ਇਸ ਹਮਲੇ ਵਿੱਚ 250 ਤੋਂ ਵੱਧ ਇਜ਼ਰਾਈਲੀ ਨਾਗਰਿਕ ਮਾਰੇ ਗਏ ਹਨ ਅਤੇ 1000 ਤੋਂ ਵੱਧ ਜ਼ਖਮੀ ਹੋਏ ਹਨ। ਜਦਕਿ ਇਜ਼ਰਾਈਲ ਦੇ ਜਵਾਬੀ ਹਮਲੇ ਵਿੱਚ ਵੀ 200 ਤੋਂ ਵੱਧ ਫਲਸਤੀਨੀ ਮਾਰੇ ਗਏ ਹਨ ਅਤੇ 1000 ਤੋਂ ਵੱਧ ਜ਼ਖਮੀ ਹੋ ਗਏ ਹਨ।
ਤਾਜ਼ਾ ਸੰਘਰਸ਼ ''ਤੇ ਇੱਕ ਨਜ਼ਰ
- ਗਾਜ਼ਾ ਪੱਟੀ ਤੋਂ ਅਚਾਨਕ ਹਮਲੇ ਤੋਂ ਬਾਅਦ, ਫਲਸਤੀਨੀ ਇਸਲਾਮੀ ਕੱਟੜਪੰਥੀ ਸਮੂਹ ਹਮਾਸ ਦੇ ਦਰਜਨਾਂ ਹਥਿਆਰਬੰਦ ਲੜਾਕੇ ਦੱਖਣੀ ਇਜ਼ਰਾਈਲ ਵਿੱਚ ਦਾਖਲ ਹੋਏ।
- ਗਾਜ਼ਾ ਪੱਟੀ ਤੋਂ ਇਜ਼ਰਾਈਲ ''ਤੇ ਹਜ਼ਾਰਾਂ ਰਾਕੇਟ ਦਾਗੇ ਗਏ। ਇਸ ਹਮਲੇ ''ਚ ਘੱਟੋ-ਘੱਟ 250 ਇਜ਼ਰਾਈਲੀ ਨਾਗਰਿਕ ਮਾਰੇ ਗਏ ਹਨ ਜਦਕਿ 1000 ਤੋਂ ਵੱਧ ਜ਼ਖਮੀ ਹੋਏ ਹਨ।
- ਹਮਾਸ ਦੇ ਆਗੂ ਮੁਹੰਮਦ ਜ਼ੈਫ ਨੇ ਕਿਹਾ, "ਅਸੀਂ ਇਹ ਐਲਾਨ ਕਰਨ ਦਾ ਫੈਸਲਾ ਕੀਤਾ ਹੈ ਕਿ ਹੁਣ ਬਹੁਤ ਹੋ ਗਿਆ ਹੈ।"
- ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਕਿਹਾ, "ਇਹ ਸਿਰਫ਼ ਭੜਕਾਉਣ ਵਾਲੀ ਗੱਲ ਨਹੀਂ ਬਲਕਿ ਇੱਕ ਜੰਗ ਹੈ ਅਤੇ ਦੁਸ਼ਮਣ ਨੂੰ ਇਸ ਦੀ ਭਾਰੀ ਕੀਮਤ ਚੁਕਾਉਣੀ ਪਵੇਗੀ।"
- ਕਈ ਇਜ਼ਰਾਈਲੀਆਂ ਨੂੰ ਬੰਧਕ ਬਣਾ ਕੇ ਗਾਜ਼ਾ ਪੱਟੀ ਲੈ ਕੇ ਜਾਇਆ ਗਿਆ ਹੈ।
- ਇਜ਼ਰਾਈਲ ਦੇ ਸੁਰੱਖਿਆ ਮੁਖੀਆਂ ਦੀ ਬੈਠਕ ''ਚ ਪੀਐੱਮ ਨੇਤਨਯਾਹੂ ਨੇ ਘੁਸਪੈਠੀਆਂ ਨੂੰ ਖਤਮ ਕਰਨ ਦੇ ਨਿਰਦੇਸ਼ ਦਿੱਤੇ ਹਨ। ਉਨ੍ਹਾਂ ਕਿਹਾ ਹੈ ਕਿ "ਇਹ ਇੱਕ ਜੰਗ ਹੈ ਅਤੇ ਅਸੀਂ ਇਸ ਜੰਗ ਨੂੰ ਜਿੱਤਾਂਗੇ।"
- ਆਈਡੀਐਫ਼ ਨੇ ਹਮਾਸ ਦੇ ਟਿਕਾਣਿਆਂ ''ਤੇ ਜਵਾਬੀ ਹਮਲੇ ਸ਼ੁਰੂ ਕਰ ਦਿੱਤੇ ਹਨ। ਇਜ਼ਰਾਈਲ ਨੇ ਗਾਜ਼ਾ ਪੱਟੀ ਵਿਚ ਹਮਾਸ ਦੇ 17 ਟਿਕਾਣਿਆਂ ਅਤੇ 4 ਹੈੱਡਕੁਆਰਟਰਾਂ ''ਤੇ ਹਵਾਈ ਹਮਲੇ ਕੀਤੇ ਹਨ।
- ਇਜ਼ਰਾਈਲ ਦੇ ਰੱਖਿਆ ਮੰਤਰੀ ਯੋਆਵ ਗੈਲੈਂਟ ਨੇ ਕਿਹਾ ਕਿ ਹਮਾਸ ਨੇ "ਵੱਡੀ ਗਲਤੀ" ਕਰ ਦਿੱਤੀ ਹੈ।
- ਇਜ਼ਰਾਇਲੀ ਮੀਡੀਆ ਮੁਤਾਬਕ, ਦੱਖਣੀ ਇਜ਼ਰਾਈਲ ''ਚ ਕਈ ਥਾਵਾਂ ''ਤੇ ਇਜ਼ਰਾਇਲੀ ਸੁਰੱਖਿਆ ਬਲਾਂ ਅਤੇ ਫਲਸਤੀਨੀ ਲੜਾਕਿਆਂ ਵਿਚਾਲੇ ਗੋਲੀਬਾਰੀ ਹੋ ਰਹੀ ਹੈ।
- ਇਜ਼ਰਾਇਲੀ ਹਸਪਤਾਲਾਂ ਨੇ ਕਿਹਾ ਹੈ ਕਿ ਦਰਜਨਾਂ ਜ਼ਖਮੀਆਂ ਦਾ ਇਲਾਜ ਕੀਤਾ ਜਾ ਰਿਹਾ ਹੈ, ਜਿਨ੍ਹਾਂ ''ਚੋਂ ਕਈਆਂ ਦੀ ਹਾਲਤ ਗੰਭੀਰ ਹੈ।
- ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਜ਼ਰਾਈਲ ''ਚ ਹੋਏ ''ਅੱਤਵਾਦੀ ਹਮਲਿਆਂ'' ''ਤੇ ਦੁੱਖ ਪ੍ਰਗਟ ਕਰਦੇ ਹੋਏ ਕਿਹਾ ਹੈ ਕਿ ''''ਅਸੀਂ ਇਸ ਔਖੇ ਸਮੇਂ ''ਚ ਇਜ਼ਰਾਈਲ ਦੇ ਨਾਲ ਖੜ੍ਹੇ ਹਾਂ''''।
- ਸਾਊਦੀ ਅਰਬ ਦੇ ਵਿਦੇਸ਼ ਮੰਤਰਾਲੇ ਨੇ ਇਕ ਬਿਆਨ ਜਾਰੀ ਕਰਕੇ ਕਿਹਾ ਹੈ ਕਿ ਉਹ ਫਲਸਤੀਨੀ ਸਮੂਹਾਂ ਅਤੇ ਕਾਬਜ਼ ਇਜ਼ਰਾਈਲੀ ਬਲਾਂ ਵਿਚਾਲੇ ਪੈਦਾ ਹੋਈ ਸਥਿਤੀ ਕਾਰਨ ਵੱਖ-ਵੱਖ ਮੋਰਚਿਆਂ ''ਤੇ ਜਾਰੀ ਹਿੰਸਾ ''ਤੇ ਨਜ਼ਰ ਰੱਖ ਰਿਹਾ ਹੈ।
- ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਂ, ਜਰਮਨੀ ਦੇ ਵਿਦੇਸ਼ ਮੰਤਰੀ ਅਤੇ ਯੂਰਪੀਅਨ ਕਮਿਸ਼ਨ ਦੀ ਪ੍ਰਧਾਨ ਉਰਸੁਲਾ ਵਾਨ ਡੇਰ ਲੇਅਨ ਨੇ ਵੀ ਹਮਾਸ ਦੇ ਹਮਲਿਆਂ ਦੀ ਨਿੰਦਾ ਕੀਤੀ ਹੈ।
- ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਨੇਤਨਯਾਹੂ ਨਾਲ ਫੋਨ ''ਤੇ ਗੱਲ ਕੀਤੀ ਅਤੇ ਕਿਹਾ ਕਿ ਉਹ ਇਜ਼ਰਾਈਲ ਦੇ ਨਾਲ ਖੜ੍ਹੇ ਹਨ ਅਤੇ ਉਸ ਨੂੰ ਪੂਰਾ ਸਮਰਥਨ ਦੇਣਗੇ।
- ਈਰਾਨ ਦੇ ਸੁਪਰੀਮ ਲੀਡਰ ਅਯਾਤੁੱਲਾ ਅਲੀ ਖਾਮਨੇਈ ਦੇ ਇੱਕ ਸਲਾਹਕਾਰ ਨੇ ਇਜ਼ਰਾਈਲ ਵਿੱਚ ਫਲਸਤੀਨੀ ਲੜਾਕਿਆਂ ਦੇ ਹਮਲੇ ਦਾ ਸਮਰਥਨ ਕੀਤਾ ਹੈ।
-
ਇਜ਼ਰਾਈਲ ਦਾ ਸੁਰੱਖਿਆ ਘੇਰਾ ਕਿੰਨਾ ਮਜ਼ਬੂਤ?
ਇਹ ਮੰਨਿਆ ਜਾਂਦਾ ਹੈ ਕਿ ਇਜ਼ਰਾਈਲ ਕੋਲ ਪੱਛਮੀ ਏਸ਼ੀਆ ਵਿੱਚ ਸਭ ਤੋਂ ਜ਼ਿਆਦਾ ਵਿਆਪਕ ਅਤੇ ਸਾਧਨਾਂ ਨਾਲ ਲੈਸ ਖੂਫ਼ੀਆ ਏਜੰਸੀ ਹੈ।
ਇਜ਼ਰਾਈਲ ਦੀ ਖੂਫ਼ੀਆ ਏਜੰਸੀ ਦੇ ਏਜੰਟ ਅਤੇ ਸੂਚਨਾ ਦੇਣ ਵਾਲੇ ਫਲਸਤੀਨੀ, ਕੱਟੜਪੰਥੀ ਸਮੂਹਾਂ ਤੋਂ ਇਲਾਵਾ ਲੈਬਨਾਨ, ਸੀਰੀਆ ਅਤੇ ਹਰ ਥਾਂ ''ਤੇ ਮੌਜੂਦ ਹਨ।
ਅਤੀਤ ਵਿੱਚ, ਇਸ ਨੇ ਕੱਟੜਪੰਥੀ ਆਗੂਆਂ ਦੇ ਬਹੁਤ ਸਟੀਕ ਢੰਗ ਨਾਲ ਕਤਲ ਕੀਤੇ ਹਨ ਅਤੇ ਉਨ੍ਹਾਂ ਨੂੰ ਹਰੇਕ ਮੂਵਮੈਂਟ ਦੀ ਅੰਦਰ ਤੱਕ ਦੀ ਜਾਣਕਾਰੀ ਹੁੰਦੀ ਹੈ।
ਜਦੋਂ ਕੋਈ ਏਜੰਟ ਕਿਸੇ ਟਾਰਗੇਟ ਕਾਰ ''ਤੇ ਜੀਪੀਐਸ ਟਰੈਕਰ ਲਗਾ ਦਿੰਦਾ ਹੈ ਤਾਂ ਉਸ ਨੂੰ ਡਰੋਨ ਨਾਲ ਨਿਸ਼ਾਨਾ ਬਣਾਇਆ ਜਾਂਦਾ ਹੈ। ਕਈ ਵਾਰ ਤਾਂ ਵਿਸਫੋਟਕ ਮੋਬਾਈਲ ਫੋਨ ਦੀ ਵੀ ਵਰਤੋਂ ਕੀਤੀ ਗਈ।
ਜ਼ਮੀਨੀ ਸੁਰੱਖਿਆ ਵੀ ਬਹੁਤ ਸਖ਼ਤ ਹੁੰਦੀ ਹੈ। ਗਾਜ਼ਾ ਅਤੇ ਇਜ਼ਰਾਈਲ ਦੀ ਸਰਹੱਦ ''ਤੇ ਮਜ਼ਬੂਤ ਬਾੜ ਲੱਗੀ ਹੋਈ ਹੈ। ਉੱਥੇ ਕੈਮਰੇ, ਜ਼ਮੀਨੀ ਮੋਸ਼ਨ ਸੈਂਸਰ ਹਨ ਅਤੇ ਫੌਜ ਲਗਾਤਾਰ ਗਸ਼ਤ ਕਰਦੀ ਰਹਿੰਦੀ ਹੈ।
ਕੰਧਾਂ ''ਤੇ ਕੰਡਿਆਲੀ ਤਾਰਾਂ ਹਨ, ਜਿੱਥੇ ਅਜਿਹੀ ਘੁਸਪੈਠ ਦੀ ਸੰਭਾਵਨਾ ਘੱਟ ਹੋ ਜਾਂਦੀ ਹੈ, ਜਿਹੋ-ਜਿਹੀ ਇਸ ਵਾਰ ਹੋਈ ਹੈ।
ਪਰ ਹਮਾਸ ਦੇ ਲੜਾਕਿਆਂ ਨੇ ਇਨ੍ਹਾਂ ਕੰਧਾਂ ਨੂੰ ਬੁਲਡੋਜ਼ਰਾਂ ਨਾਲ ਢਾਹ ਦਿੱਤਾ, ਤਾਰਾਂ ਕੱਟ ਦਿੱਤੀਆਂ ਅਤੇ ਸਮੁੰਦਰੀ ਰਸਤੇ ਅਤੇ ਪੈਰਾਗਲਾਈਡਰਾਂ ਦੀ ਮਦਦ ਨਾਲ ਇਜ਼ਰਾਈਲ ਵਿਚ ਦਾਖਲ ਹੋ ਗਏ ਹਨ।
ਇਜ਼ਰਾਇਲੀਆਂ ਦੇ ਨੱਕ ਹੇਠ ਇੰਨੇ ਵੱਡੇ ਪੈਮਾਨੇ ''ਤੇ ਅਤੇ ਅਜਿਹੇ ਤਾਲਮੇਲ ਨਾਲ ਇਹ ਗੁੰਝਲਦਾਰ ਹਮਲਾ ਹੋਇਆ, ਜਿਸ ਵਿੱਚ ਹਜ਼ਾਰਾਂ ਰਾਕੇਟ ਦਾਗੇ ਗਏ। ਇਸ ਤੋਂ ਪਤਾ ਲੱਗਦਾ ਹੈ ਕਿ ਹਮਾਸ ਨੇ ਅਸਾਧਾਰਨ ਪੱਧਰ ਦੀ ਫੌਜੀ ਕਾਰਵਾਈ ਵਾਲਾ ਤਰੀਕਾ ਅਪਣਾਇਆ ਸੀ।
ਇਜ਼ਰਾਈਲੀ ਖੂਫ਼ੀਆ ਤੰਤਰ ਕਿਵੇਂ ਖੁੰਝ ਗਿਆ
ਇਹ ਕੋਈ ਹੈਰਾਨੀ ਵਾਲੀ ਗੱਲ ਨਹੀਂ ਹੈ ਕਿ ਇਜ਼ਰਾਈਲੀ ਮੀਡੀਆ ਆਪਣੇ ਦੇਸ਼ ਦੀ ਫੌਜੀ ਅਤੇ ਰਾਜਨੀਤਿਕ ਲੀਡਰਸ਼ਿਪ ਨੂੰ ਸਵਾਲ ਕਰ ਰਿਹਾ ਹੈ ਕਿ ਅਕਤੂਬਰ 1973 ਵਿਚ ਯੋਮ ਕਿਪੁਰ ਯੁੱਧ ਵਿਚ ਇਸੇ ਤਰ੍ਹਾਂ ਦੇ ਅਚਾਨਕ ਹਮਲੇ ਦੀ 50ਵੀਂ ਵਰ੍ਹੇਗੰਢ ''ਤੇ ਇਹ ਹਮਲਾ ਕਿਵੇਂ ਹੋਇਆ।
ਇਜ਼ਰਾਈਲੀ ਅਧਿਕਾਰੀਆਂ ਨੇ ਮੈਨੂੰ ਦੱਸਿਆ ਕਿ ਇੱਕ ਵੱਡੀ ਜਾਂਚ ਸ਼ੁਰੂ ਹੋ ਗਈ ਹੈ ਅਤੇ ''ਇਹ ਸਵਾਲ ਕਈ ਸਾਲਾਂ ਤੱਕ ਬਣਿਆ ਰਹੇਗਾ।''
ਪਰ ਇਜ਼ਰਾਈਲ ਕੋਲ ਇਸ ਸਮੇਂ ਹੋਰ ਜ਼ਿਆਦਾ ਜ਼ਰੂਰੀ ਕੰਮ ਹਨ। ਇਸ ਨੇ ਆਪਣੀ ਦੱਖਣੀ ਸਰਹੱਦ ਤੋਂ ਦਾਖਲ ਹੋਣ ਵਾਲੇ ਘੁਸਪੈਠੀਆਂ ਨੂੰ ਦਬਾਉਣਾ ਹੈ ਅਤੇ ਸਰਹੱਦੀ ਵਾੜ ਦੇ ਇਜ਼ਰਾਈਲ ਵਾਲੇ ਪਾਸੇ ਹਮਾਸ ਦੇ ਕੱਟੜਪੰਥੀਆਂ ਦੇ ਕਬਜ਼ੇ ਤੋਂ ਬਹੁਤ ਸਾਰੇ ਭਾਈਚਾਰਿਆਂ ਨੂੰ ਮੁਕਤ ਕਰਾਉਣਾ ਹੈ।
ਇਜ਼ਰਾਈਲ ਨੂੰ ਬੰਧਕ ਬਣਾਏ ਗਏ ਨਾਗਰਿਕਾਂ ਨੂੰ ਆਜ਼ਾਦ ਕਰਾਉਣ ਦੇ ਤਰੀਕੇ ਲੱਭਣੇ ਪੈਣਗੇ, ਭਾਵੇਂ ਫੌਜੀ ਬਚਾਅ ਮਿਸ਼ਨ ਰਾਹੀਂ ਜਾਂ ਗੱਲਬਾਤ ਰਾਹੀਂ।
ਇਜ਼ਰਾਈਲ ਉਨ੍ਹਾਂ ਸਾਰੀਆਂ ਲਾਂਚ ਸਾਈਟਾਂ ਨੂੰ ਖ਼ਤਮ ਕਰਨ ਦੀ ਕੋਸ਼ਿਸ਼ ਕਰੇਗਾ, ਜਿੱਥੋਂ ਇਜ਼ਰਾਈਲ ਵਿੱਚ ਰਾਕੇਟ ਦਾਗੇ ਗਏ। ਪਰ ਇਹ ਬਹੁਤ ਔਖਾ ਕੰਮ ਹੈ ਕਿਉਂਕਿ ਇਨ੍ਹਾਂ ਨੂੰ ਬਹੁਤ ਘੱਟ ਸਮੇਂ ਵਿੱਚ ਕਿਤੋਂ ਵੀ ਦਾਗਿਆ ਜਾ ਸਕਦਾ ਹੈ।
ਪਰ ਇਜ਼ਰਾਈਲ ਦੀ ਸਭ ਤੋਂ ਵੱਡੀ ਚਿੰਤਾ ਇਹ ਹੈ ਕਿ ਹਮਾਸ ਦੀ ਅਪੀਲ ''ਤੇ ਇਸ ਜੰਗ ਵਿੱਚ ਸ਼ਾਮਿਲ ਹੋਣ ਵਾਲੇ ਹੋਰ ਲੋਕਾਂ ਨੂੰ ਕਿਵੇਂ ਰੋਕਿਆ ਜਾਵੇ ਅਤੇ ਇਸ ਲੜਾਈ ਨੂੰ ਪੱਛਮੀ ਤੱਟ ਤੱਕ ਫੈਲਣ ਤੋਂ ਕਿਵੇਂ ਰੋਕਿਆ ਜਾਵੇ।
ਕਿਉਂਕਿ ਲੇਬਨਾਨ ਨਾਲ ਲੱਗਦੀ ਉੱਤਰੀ ਸਰਹੱਦ ਦੇ ਪਾਰ ਅਤਿ ਆਧੁਨਿਕ ਹਥਿਆਰਾਂ ਨਾਲ ਲੈਸ ਹਿਜ਼ਬੁੱਲਾ ਲੜਾਕੇ ਇਸ ਲੜਾਈ ਵਿੱਚ ਸ਼ਾਮਲ ਹੋ ਸਕਦੇ ਹਨ।
ਮੋਸਾਦ ਕੀ ਹੈ?
ਮੋਸਾਦ, ਇਜ਼ਰਾਈਲ ਦੀ ਖੂਫ਼ੀਆ ਏਜੰਸੀ ਹੈ, ਜਿਸ ਦੀ ਸਥਾਪਨਾ 1949 ਵਿੱਚ ਹੋਈ ਸੀ। ਬਹੁਤ ਹੀ ਗੁਪਤ ਤਰੀਕੇ ਨਾਲ ਕੰਮ ਕਰਨ ਵਾਲੀ ਮੋਸਾਦ ਆਪਣੀਆਂ ਬਹਾਦਰੀ ਵਾਲੀਆਂ ਕਾਰਵਾਈਆਂ ਲਈ ਜਾਣੀ ਜਾਂਦੀ ਹੈ।
ਮੋਸਾਦ ''ਤੇ ਕਈ ਕਤਲਾਂ ਦੇ ਇਲਜ਼ਾਮ ਵੀ ਹਨ।
ਮੋਸਾਦ ਦੇ ਸਾਬਕਾ ਏਜੰਟ ਗੈਡ ਸ਼ਿਮਰੋਨ ਨੇ ਬੀਬੀਸੀ ਨੂੰ ਦੱਸਿਆ ਸੀ, "ਉਹ ਇਮਾਨਦਾਰ ਧੋਖੇਬਾਜ਼ਾਂ ਦੀ ਤਲਾਸ਼ ਕਰ ਰਹੇ ਹਨ। ਉਹ ਮੇਰੇ ਵਰਗੇ ਲੋਕਾਂ ਨੂੰ ਲੈ ਜਾਂਦੇ ਹਨ। ਮੈਂ ਕੋਈ ਧੋਖੇਬਾਜ਼ ਨਹੀਂ ਸਗੋਂ ਇਜ਼ਰਾਈਲ ਦਾ ਆਗਿਆਕਾਰ ਨਾਗਰਿਕ ਹਾਂ। ਉਹ ਉਨ੍ਹਾਂ ਨੂੰ ਚੋਰੀ ਕਰਨਾ ਸਿਖਾਉਂਦੇ ਹਨ, ਕਈ ਵਾਰ ਕਤਲ ਕਰਨਾ ਵੀ। ਇਹ ਸਭ ਕੁਝ ਆਮ ਲੋਕ ਨਹੀਂ ਕਰਦੇ, ਸਿਰਫ ਅਪਰਾਧੀ ਕਰਦੇ ਹਨ।"
ਹਮਾਸ ਕੀ ਹੈ?
ਹਮਾਸ ਫਲਸਤੀਨੀ ਕੱਟੜਪੰਥੀ ਇਸਲਾਮਿਕ ਜਥੇਬੰਦੀਆਂ ਵਿੱਚ ਸਭ ਤੋਂ ਵੱਡੀ ਖਾੜਕੂ ਜਥੇਬੰਦੀ ਹੈ।
ਇਸ ਦਾ ਨਾਮ ‘ਇਸਲਾਮਿਕ ਰਜ਼ਿਸਟੈਂਟ ਮੂਵਮੈਂਟ’ ਦਾ ਸੰਖੇਪ ਹੈ, ਜੋ 1987 ਇਜ਼ਰਾਈਲ ਵੱਲੋਂ ਵੈਸਟ ਬੈਂਕ ਤੇ ਗਾਜ਼ਾ ਪੱਟੀ ਉਪਰ ਕਬਜ਼ੇ ਤੋਂ ਬਾਅਦ ਸ਼ੁਰੂ ਹੋਇਆ ਸੀ।
ਸ਼ੁਰੂਆਤ ਵਿੱਚ ਹਮਾਸ ਦੇ ਦੋ ਮੁੱਖ ਮਕਸਦ ਸੀ - ਪਹਿਲਾ ਇਜ਼ਰਾਈਲ ਦੇ ਖ਼ਿਲਾਫ਼ ਇਸ ਦੇ ਮਿਲਟਰੀ ਵਿੰਗ- ਅਜ਼ਦੀਨ ਅਲ ਕਾਸਮ ਨਾਲ ਹਥਿਆਰਬੰਦ ਲੜਾਈ ਅਤੇ ਦੂਜਾ ਸਮਾਜਿਕ ਭਲਾਈ ਦੇ ਕੰਮ।
ਪਰ 2005 ਤੋਂ ਬਾਅਦ ਇਹ ਫਲਸਤੀਨ ਦੇ ਰਾਜਨੀਤਿਕ ਮਾਮਲਿਆਂ ਵਿੱਚ ਵੀ ਸਰਗਰਮ ਹੋਇਆ ਹੈ। ਇਹ ਅਰਬ ਸੰਸਾਰ ਦਾ ਪਹਿਲਾ ਇਸਲਾਮਿਕ ਗਰੁੱਪ ਹੈ, ਜਿਸ ਨੇ ਬੈਲੇਟ ਬਾਕਸ ਰਾਹੀਂ ਚੋਣਾਂ ਜਿੱਤੀਆਂ।
ਇਜ਼ਰਾਈਲ, ਅਮਰੀਕਾ, ਯੂਰਪੀਅਨ ਯੂਨੀਅਨ, ਯੂਕੇ ਅਤੇ ਹੋਰ ਕਈ ਦੇਸ਼ਾਂ ਵੱਲੋਂ ਹਮਾਸ ਨੂੰ ਇੱਕ ''''ਅੱਤਵਾਦੀ ਗਰੁੱਪ'''' ਕਰਾਰ ਦਿੱਤਾ ਗਿਆ ਹੈ।
-
ਦੂਜੀ ਵਿਸ਼ਵ ਜੰਗ: ਉਹ ਫੌਜੀ ਜਿਸ ਨੇ ਉਸ ਵੇਲੇ ਦੀਆਂ ‘ਦੁਰਲੱਭ’ ਤਸਵੀਰਾਂ ਖਿੱਚੀਆਂ ਤੇ ਹਾਲੇ ਤੱਕ ਸਾਂਭੀਆਂ
NEXT STORY