ਇਹ 1970ਵਿਆਂ ਦੀ ਗੱਲ ਹੈ। ਜਦੋਂ ਭਾਰਤ ਵਿੱਚ ਘੁੰਮਦੀਆਂ ਚਿਲਮਾਂ ਵਿਚਕਾਰ ਝੂਮਦੀ ਜ਼ੀਨਤ ਅਮਾਨ ''ਦਮ ਮਾਰੋ ਦਮ'' ਗਾਉਂਦੀ ਹੈ, ਤਾਂ ਪਾਕਿਸਤਾਨ ਵਿੱਚ ਇੱਕ ਗੁਫਾ ਵਿੱਚ ਸਿਗਰਟ ਫੜ੍ਹੇ ਹੋਏ ਸ਼ਬਨਮ ਦੀ ਪੁਕਾਰ ''ਦਮ ਦਾਮਾ ਦਮ, ਪੀਕੇ ਜ਼ਰਾ ਦੇਖੋ'' ਹੈ।
ਪਹਿਲਾ ਗੀਤ 1971 ਦੀ ਫਿਲਮ ''ਹਰੇ ਰਾਮਾ ਹਰੇ ਕ੍ਰਿਸ਼ਨਾ'' ਲਈ ਆਸ਼ਾ ਭੌਂਸਲੇ ਨੇ ਗਾਇਆ ਸੀ ਅਤੇ ਦੂਜਾ ਨਾਇਰਾ ਨੂਰ ਨੇ 1974 ''ਚ ਆਈ ਫਿਲਮ ''ਮਿਸ ਹਿੱਪੀ'' ਲਈ ਗਾਇਆ ਸੀ।
ਧੂੰਆਂ-ਧੂੰਆਂ ਸੈੱਟ ''ਤੇ ਫਿਲਮਾਏ ਗਏ ਗੀਤਾਂ ''ਚ ਜ਼ਿਆਦਾਤਰ ਚਿਹਰੇ ਆਪਣੇ ਪਹਿਰਾਵੇ ਅਤੇ ਵਿਵਹਾਰ ''ਚ ਫੱਕਰ ਨੌਜਵਾਨ ਹਨ।
ਇਨ੍ਹਾਂ ਨੂੰ ਸੰਸਾਰ ਹਿੱਪੀ ਵਜੋਂ ਜਾਣਦਾ ਹੈ।
ਅਮਰੀਕੀ ਮੀਡੀਆ ਵਿੱਚ, ਇਹ ਨਾਮ 1960 ਦੇ ਦਹਾਕੇ ਦੇ ਅਜਿਹੇ ਨੌਜਵਾਨਾਂ ਨੂੰ ਦਿੱਤਾ ਗਿਆ ਸੀ, ਜਿਨ੍ਹਾਂ ਨੂੰ ਭੌਤਿਕਤਾਵਾਦੀ ਵਿਰੋਧੀ ''ਬੀਟਨਿਕਸ'' ਦਾ ਵਿਕਸਤ ਹੁੰਦਾ ਰੂਪ ਕਿਹਾ ਜਾ ਸਕਦਾ ਹੈ।
ਬੀਟਨਿਕਸ ਨੇ 1950 ਅਤੇ 1960 ਦੇ ਦਹਾਕੇ ਦੇ ਸ਼ੁਰੂ ਵਿੱਚ ਅਮਰੀਕੀ ਸੱਭਿਆਚਾਰ ਨੂੰ ਰੱਦ ਕਰਦੇ ਹੋਏ ਕਵਿਤਾ, ਸੰਗੀਤ ਅਤੇ ਚਿੱਤਰਕਾਰੀ ਰਾਹੀਂ ਆਪਣੇ ਆਪ ਨੂੰ ਪ੍ਰਗਟ ਕੀਤਾ।
ਇਨ੍ਹਾਂ ਨੌਜਵਾਨਾਂ ਨੇ ਵਿਅਤਨਾਮ ਯੁੱਧ ਅਤੇ ਉਸ ਦੇ ਲਈ ਭਰਤੀ ਦਾ ਵਿਰੋਧ ਕਰਦੇ ਹੋਏ ਚਰਸ ਪੀਣ, ਜਿਨਸੀ ਸਬੰਧਾਂ ਦੀ ਆਜ਼ਾਦੀ ਅਤੇ ਆਪਣੇ ਵਾਲ ਨਾ ਕੱਟਣ ਦੀ ਵਕਾਲਤ ਕੀਤੀ ਸੀ।
ਬਾਗੀਆਂ ਦਾ ''ਹਿੱਪੀ ਟਰੇਲ''
ਸਾਰੇ ਦੇਸ਼ਾਂ ਦੇ ਹਿੱਪੀਆਂ ਦਾ 1965 ਅਤੇ 1980 ਦੇ ਵਿਚਕਾਰ, ਨਸ਼ੇ ਦੀ ਤਲਾਸ਼ ''ਚ ਯੂਰਪ ਤੋਂ ਅਫਗਾਨਿਸਤਾਨ, ਪਾਕਿਸਤਾਨ, ਨੇਪਾਲ, ਭਾਰਤ ਦੇ ਹਿਮਾਚਲ ਅਤੇ ਸਰਦੀਆਂ ਵਿੱਚ ਗੋਆ ਤੱਕ ਦਾ ਜ਼ਮੀਨੀ ਸਫ਼ਰ ਬ੍ਰਿਟੇਨ ''ਚ ''ਹਿੱਪੀ ਟਰੇਲ'' ਕਹਾਇਆ।
ਇਸੇ ਨੂੰ ਅਮਰੀਕੀ ਮੀਡੀਆ ਨੇ ''ਹਸ਼ੀਸ਼ ਟ੍ਰੇਲ'' ਕਿਹਾ।
ਪਰ 1967 ਤੱਕ ''ਬੀਟਨਿਕਸ'' ਦੀ ਥਾਂ ''ਹਿੱਪੀ'' ਸ਼ਬਦ ਨਹੀਂ ਵਰਤਿਆ ਜਾਂਦਾ ਸੀ।
1968 ਵਿੱਚ ਜਦੋਂ ਰੌਕ ਬੈਂਡ ''ਬੀਟਲਜ਼'' ਭਾਰਤ ਆਇਆ ਤਾਂ ਪੱਛਮੀ ਯੂਰਪ ਤੋਂ ਆਉਣ ਵਾਲੇ ਨੌਜਵਾਨਾਂ ਦੀ ਗਿਣਤੀ ਵਿੱਚ ਕਾਫੀ ਵਾਧਾ ਹੋਣਾ ਸ਼ੁਰੂ ਹੋ ਗਿਆ। ਇਨ੍ਹਾਂ ਵਿੱਚੋਂ ਕੁਝ ਸਿਰਫ਼ ਦੁਨੀਆਂ ਵੇਖਣਾ ਚਾਹੁੰਦੇ ਸਨ।
ਹਿੱਪੀ ਟਰੇਲ ਦੇ ਦਿਨਾਂ ਵਿੱਚ, ਇਸ ਗੱਲ ''ਤੇ ਪਾਬੰਦੀਆਂ ਸਨ ਕਿ ਕੋਈ ਵਿਅਕਤੀ ਕਿੰਨੀ ਨਕਦੀ ਲੈ ਕੇ ਜਾ ਸਕਦਾ ਹੈ।
1974 ਵਿੱਚ, ਬਰਤਾਨੀਆ ਵਿੱਚ ਇਹ ਸੀਮਾ 25 ਪਾਊਂਡ ਸੀ। ਇਸ ਦੀ ਬਜਾਏ, ਹਰ ਕਿਸੇ ਨੂੰ ਕਮਿਸ਼ਨ ਦੇ ਕੇ ਬੈਂਕ ਤੋਂ ਟਰੈਵਲਰਜ਼ ਚੈੱਕ ਖਰੀਦਣਾ ਪੈਂਦਾ ਸੀ। ਯਾਤਰੀ, ਅਮਰੀਕੀ ਡਾਲਰਾਂ ਦੀ ਤਸਕਰੀ ਵੀ ਕਰਦੇ ਸਨ।
ਹਿੱਪੀ ਟਰੇਲ ਦੇ ਯਾਤਰੀ ਆਪਣੇ ਆਪ ਨੂੰ ''ਹਿੱਪੀ'' ਨਹੀਂ ਕਹਿੰਦੇ ਸਨ, ਸਗੋਂ ਉਹ ਫਰੀਕ ਕਹਾਉਣਾ ਪਸੰਦ ਕਰਦੇ ਸਨ।
ਇਹ ਚਰਸ-ਗਾਂਜਾ ਤਾਂ ਹਿੱਪੀਆਂ ਦੇ ਜੀਵਨ ਦਾ ਇੱਕ ਪਹਿਲੂ ਹੈ। ਹਿੱਪੀ ਉਹ ਨੌਜਵਾਨ ਸਨ, ਜੋ ਆਮ ਤੌਰ ''ਤੇ ਆਪਣੇ ਪਹਿਰਾਵੇ ਅਤੇ ਵਿਵਹਾਰ ਵਿੱਚ ਸੁਤੰਤਰ ਸਨ ਅਤੇ ਆਪਣੀਆਂ ਪਸੰਦਾਂ ਅਤੇ ਸੋਚ ਵਿੱਚ ਸਮਝੌਤਾਵਾਦੀ ਸਨ।
ਕਈ ਦੇਸਾਂ ਦੀ ਯਾਤਰਾ ਕਰ ਚੁੱਕੇ ਲੇਖਕ ਫਾਰੂਖ ਸੋਹੇਲ ਗੋਇੰਦੀ ਲਿਖਦੇ ਹਨ ਕਿ ਉਹ ਅਜਿਹੇ ਬਾਗੀ ਸਨ, ਜਿਨ੍ਹਾਂ ਨੇ ਆਪਣੇ ਵਿਦਰੋਹੀ ਜੀਵਨ ਵਿੱਚ ਕਦੇ ਵੀ ਕਿਸੇ ਨੂੰ ਹਿੰਸਾ ਦਾ ਨਿਸ਼ਾਨਾ ਨਹੀਂ ਬਣਾਇਆ।
"ਦੌਲਤ ਨਾਲ ਅਮੀਰ ਅਤੇ ਪੂੰਜੀਵਾਦੀ ਜੀਵਨ ਸ਼ੈਲੀ ਦੀ ਅਗਵਾਈ ਕਰਦੇ ਇਨ੍ਹਾਂ ਵਿਦਰੋਹੀਆਂ ਨੇ ਜਿੱਥੇ-ਜਿਥੇ ਕਦਮ ਰੱਖੇ, ਆਪਣੇ ਛਾਪ ਛੱਡਦੇ ਚਲੇ ਗਏ।''''
''''ਉਨ੍ਹਾਂ ਲਈ, ਖਾਦਾਂ ਅਤੇ ਰਸਾਇਣਾਂ ਨਾਲ ਸੁਰੱਖਿਅਤ ਕੀਤੇ ਗਏ ਭੋਜਨ ਨੂੰ ਛੂਹਣਾ ਇੱਕ ਪਾਪ ਸੀ। ਇੱਥੋਂ ਤੱਕ ਕਿ ਉਹ ਕਦੇ-ਕਦਾਈਂ ਹੀ ਨਹਾਉਂਦੇ ਸਨ।''''
"ਉਹ ਕੱਪੜੇ ਵੀ ਜਿੰਨਾ ਸੰਭਵ ਹੋ ਸਕੇ, ਉਨੇ ਘੱਟ ਪਹਿਨਦੇ ਸਨ। ਵਾਲ ਕਟਾਉਣਾ ਤਾਂ ਉਨ੍ਹਾਂ ਦੀ ਨਜ਼ਰ ''ਚ ਬਹੁਤ ਮਾੜੀ ਗੱਲ ਸੀ।''''
ਫਾਰੂਖ ਸੋਹੇਲ ਗੋਇੰਦੀ ਲਿਖਦੇ ਹਨ, "ਇਹ ਬਾਗੀਆਂ ਦਾ ਇੱਕ ਅਜੀਬ ਅੰਦੋਲਨ ਸੀ, ਜਿਸ ਦਾ ਕੋਈ ਆਗੂ ਨਹੀਂ ਸੀ। ਕੋਈ ਦਫ਼ਤਰ, ਸਕੱਤਰੇਤ, ਛਾਪੇ ਹੋਏ ਨਿਯਮ, ਅਧਿਕਾਰੀ, ਆਗੂ ਅਤੇ ਮੈਂਬਰਸ਼ਿਪ ਵਰਗੀਆਂ ਚੀਜ਼ਾਂ ਨਹੀਂ ਸਨ।''''
''''ਇਹ ਇੱਕ ਪੂਰੀ ਤਰ੍ਹਾਂ ਸੁਤੰਤਰ ਅੰਦੋਲਨ ਸੀ ਅਤੇ ਆਪਣੀ ਮਰਜ਼ੀ ਵਾਲਾ ਅੰਦੋਲਨ ਸੀ। ਸ਼ੀਤ ਯੁੱਧ ਦੇ ਜ਼ਮਾਨੇ ''ਚ ਜਨਮ ਲੈਣ ਵਾਲੇ ਇਨ੍ਹਾਂ ਵਿਦਰੋਹੀਆਂ ਨੇ ਵਿਸ਼ਵ ਰਾਜਨੀਤੀ ਅਤੇ ਸੱਭਿਆਚਾਰ ''ਤੇ ਅਜਿਹੀ ਛਾਪ ਛੱਡੀ ਕਿ ਵਿਸ਼ਵ ਦੀਆਂ ਸ਼ਕਤੀਆਂ ਆਪਣੇ ਸਾਧਨਾਂ ਅਤੇ ਪ੍ਰਚਾਰ ਨਾਲ ਵੀ ਅਜਿਹਾ ਨਹੀਂ ਕਰ ਸਕੀਆਂ।
ਹਿੱਪੀ ਟਰੇਲ ਦੇ ਕੁਝ ਯਾਤਰੀ ਅਫ਼ਗ਼ਾਨਿਸਤਾਨ ਵਿੱਚ ਕਿਉਂ ਰੁਕ ਜਾਂਦੇ ਸੀ?
ਰਿਚਰਡ ਗ੍ਰੈਗੋਰੀ ਖੁਦ ਵੀ ਆਪਣੀ ਜਵਾਨੀ ਵਿੱਚ ਟਰੇਲ ਦਾ ਹਿੱਸਾ ਬਣ ਗਏ ਸਨ। ਉਹ ਲਿਖਦੇ ਹਨ ਕਿ ਹਿੱਪੀ ਟਰੇਲ ਇਸਤਾਂਬੁਲ ਤੋਂ ਸ਼ੁਰੂ ਹੁੰਦੀ, ਜਿੱਥੇ ਯੂਰਪ ਦੀਆਂ ਸਾਰੀਆਂ ਸੜਕਾਂ ਮਿਲਦੀਆਂ ਹਨ।
ਹਿੱਪੀ ਟਰੇਲ ਦੇ ਨਾਲ-ਨਾਲ ਮਸ਼ਹੂਰ ਹੋਣ ਵਾਲੇ ਹੋਟਲ ਇਸਤਾਂਬੁਲ ਵਿੱਚ ਗੁਲਹਾਏ, ਤਹਿਰਾਨ ਵਿੱਚ ਅਮੀਰ ਕਬੀਰ, ਕਾਬੁਲ ਵਿੱਚ ਮੁਸਤਫ਼ਾ, ਪੇਸ਼ਾਵਰ ਵਿੱਚ ਰੇਨਬੋ, ਲਾਹੌਰ ਵਿੱਚ ਏਸ਼ੀਆ ਹੋਟਲ, ਦਿੱਲੀ ਵਿੱਚ ਕਰਾਊਨ ਅਤੇ ਮੁੰਬਈ ਵਿੱਚ ਰੈਕਸ ਐਂਡ ਸਟੀਫਲਸ ਸਨ।
ਗ੍ਰੈਗੋਰੀ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਥਾਂ ਹੋਰ ਹੋਟਲ ਬਿਹਤਰ ਅਤੇ ਆਮ ਤੌਰ ''ਤੇ ਸਸਤੇ ਸਨ।
ਉਹ ਦੱਸਦੇ ਹਨ, "ਮੈਨੂੰ ਕੰਧਾਰ ਵਿੱਚ ਨਿਊ ਟੂਰਿਸਟ, ਕਾਬੁਲ ਵਿੱਚ ਪੀਸ ਅਤੇ ਪੋਖਰਾ (ਨੇਪਾਲ) ਵਿੱਚ ਵ੍ਹਾਈਟ ਹਾਊਸ ਦੇ ਨਾਮ ਯਾਦ ਹਨ। ਸ਼੍ਰੀਨਗਰ ਵਿੱਚ, ਹਾਊਸਬੋਟ ਦੀ ਬਹੁਤ ਜ਼ਿਆਦਾ ਵਰਤੋਂ ਕੀਤੀ ਜਾਂਦੀ ਸੀ, ਜਦਕਿ ਗੋਆ ਵਿੱਚ ਲੋਕ ਸਥਾਨਕ ਘਰ ਕਿਰਾਏ ''ਤੇ ਲੈਂਦੇ ਸਨ। ਪੇਸ਼ਾਵਰ ਅਤੇ ਲਾਹੌਰ ਵਿੱਚ ਆਧੁਨਿਕ ਉੱਚ-ਆਧੁਨਿਕ ਹੋਟਲਾਂ ਦੀ ਵਰਤੋਂ ਕਰਦੇ ਸਨ।''''
ਉਨ੍ਹਾਂ ਲਿਖਿਆ ਹੈ, "ਜਦੋਂ ਮੈਂ ਇਸਤਾਂਬੁਲ ਵਿੱਚੋਂ ਲੰਘਿਆ, ਤਾਂ ਗੁਲਹਾਏ ਪੁਲਿਸ ਦੇ ਛਾਪਿਆਂ ਲਈ ਬਦਨਾਮ ਸੀ ਅਤੇ ਆਸਪਾਸ ਕਈ ਹੋਰ ਹੋਟਲ ਸਨ, ਜਿਨ੍ਹਾਂ ਵਿੱਚੋਂ ਇੱਕ ਮੈਂ ਇਸਤੇਮਾਲ ਕੀਤਾ।''''
ਸੁਲਤਾਨ ਅਹਿਮਦ, ਇਸਤਾਂਬੁਲ ਵਿੱਚ ਲੇਲੇ ਰੈਸਟੋਰੈਂਟ ਨੂੰ ਦੁਨੀਆਂ ਭਰ ਦੇ ਲੋਕ ਪੁਡਿੰਗ ਸ਼ੌਪ ਦੇ ਨਾਮ ਨਾਲ ਜਾਣਦੇ ਸਨ। ਇਹ 1957 ਵਿੱਚ ਖੋਲ੍ਹਿਆ ਗਿਆ ਸੀ।
ਬਲੂ ਮਸਜਿਦ ਅਤੇ ਹਾਗਿਆ ਸੋਫ਼ੀਆ ਦੇ ਨੇੜੇ ਇਹ ਸਥਾਨ ਆਦਰਸ਼ ਥਾਂ ਸੀ। ਕਾਠਮੰਡੂ ਨੂੰ ਜਾਂਦੇ ਸਮੇਂ ਲਗਭਗ ਹਰ ਕੋਈ ਇਸਤਾਂਬੁਲ ਵਿੱਚੋਂ ਦੀ ਲੰਘਦਾ ਸੀ ਅਤੇ ਓਵਰਲੈਂਡ ਬੱਸਾਂ ਨੇੜੇ ਦੇ ਸਸਤੇ ਹੋਟਲਾਂ ਕੋਲ ਖੜ੍ਹੀਆਂ ਹੁੰਦੀਆਂ ਸਨ।
ਗ੍ਰੈਗੋਰੀ ਦੇ ਅਨੁਸਾਰ, ਇਸਤਾਂਬੁਲ ਵਿੱਚ ਬਹੁਤ ਸਾਰੇ ਆਕਰਸ਼ਕ ਸਥਾਨ ਹਨ, ਪਰ ਇਹ ਯੂਰਪ ਵਿੱਚ ਹੈ।
ਉਹ ਕਹਿੰਦੇ ਹਨ, "ਹਿੱਪੀ ਟਰੇਲ ''ਤੇ ਤੁਹਾਡੀ ਮੁਹਿੰਮ ਉਦੋਂ ਤੱਕ ਸ਼ੁਰੂ ਨਹੀਂ ਹੁੰਦੀ, ਜਦੋਂ ਤੱਕ ਤੁਸੀਂ ਇਸ ਨੂੰ ਪਿੱਛੇ ਨਹੀਂ ਛੱਡ ਦਿੰਦੇ।"
ਕੁਝ ਲੋਕ ਦੱਖਣ ਵੱਲ ਮੱਧ ਪੂਰਬ ਵਿੱਚ ਇੱਕ ਮਹੱਤਵਪੂਰਨ ਚਰਸ ਪੈਦਾ ਕਰਨ ਵਾਲੇ ਦੇਸ਼ ਲਿਬਨਾਨ ਵੱਲ ਨਿਕਲ ਜਾਂਦੇ ਜਾਂ ਤੁਰਕੀ ਤੋਂ ਇਹ ਰਸਤਾ ਉਸ ਸਮੇਂ ਸ਼ਾਹ (ਰਜ਼ਾ ਸ਼ਾਹ ਪਹਿਲਵੀ) ਦੇ ਰਾਜ ਵਿੱਚ ਇੱਕ ਸੈਕੂਲਰ ਦੇਸ਼ ਈਰਾਨ ਤੋਂ ਹੁੰਦਾ ਹੋਇਆ ਅਫ਼ਗ਼ਾਨਿਸਤਾਨ ਜਾ ਨਿਕਲਦਾ।
ਅਫ਼ਗ਼ਾਨਿਸਤਾਨ ਦੇ ਵੱਡੇ ਸ਼ਹਿਰਾਂ ਵਿੱਚ ਹੋਟਲ, ਕੈਫੇ ਅਤੇ ਰੈਸਟੋਰੈਂਟ ਸਨ, ਜਿਨ੍ਹਾਂ ਦੇ ਗਾਹਕ ਖ਼ਾਸ ਤੌਰ ''ਤੇ ''ਹਿੱਪੀ ਟਰੇਲਰ'' ਸਨ।
ਗ੍ਰੈਗੋਰੀ ਦੇ ਅਨੁਸਾਰ, ਦੁਨੀਆਂ ਦੀ ਬੇਹਤਰੀਨ ਚਰਸ (ਹਸ਼ੀਸ਼) ਦਾ ਸੇਵਨ ਕਰਨ ਵਾਲੇ ਯਾਤਰੀ ਇੱਕ-ਦੂਜੇ ਨੂੰ ਕਹਾਣੀਆਂ ਸੁਣਾਉਂਦੇ ਅਤੇ ਅਗਲੇ ਸ਼ਹਿਰ ਵਿੱਚ ਕਿੱਥੇ ਜਾਣਾ ਹੈ, ਇਸ ਬਾਰੇ ਸਲਾਹ ਦਿੰਦੇ ਹਨ ।
ਅਜਿਹੇ ਹਰੇਕ ਸਥਾਨ ਦੀ ਇੱਕ ਵਿਸ਼ੇਸ਼ਤਾ ਉਹ ਲਾਇਬ੍ਰੇਰੀ ਸੀ, ਜਿਸ ਵਿੱਚ ਬਹੁਤ ਸਾਰੀਆਂ ਭਾਸ਼ਾਵਾਂ ਵਿੱਚ ਪੇਪਰਬੈਕਾਂ ਦਾ ਇੱਕ ਅੰਤਰਰਾਸ਼ਟਰੀ ਸੰਗ੍ਰਹਿ ਸੀ, ਜੋ ਯਾਤਰੀ ਆਪਣੇ ਪਿੱਛੇ ਛੱਡ ਜਾਂਦੇ ਸਨ।
ਗ੍ਰੈਗੋਰੀ ਦੇ ਅਨੁਸਾਰ, ਹੇਰਾਤ ਹਿੱਪੀ ਟਰੇਲ ''ਤੇ ਪਹਿਲੀ ਅਸਲੀ ਮੰਜ਼ਿਲ ਸੀ।
"ਇੱਥੇ ਜੀਵਨ ਦੀ ਰਫ਼ਤਾਰ ਧੀਮੀ ਸੀ। ਪ੍ਰਭਾਵਸ਼ਾਲੀ ਆਵਾਜਾਈ ਪ੍ਰਣਾਲੀ ਬਹੁਤ ਘੱਟ ਸੀ। ਮੁੱਖ ਸੜਕਾਂ ''ਤੇ ਜ਼ਿਆਦਾਤਰ ਘੋੜਿਆਂ, ਗਧਿਆਂ ਅਤੇ ਊਠਾਂ ਦੁਆਰਾ ਖਿੱਚੀਆਂ ਜਾਣ ਵਾਲੀਆਂ ਗੱਡੀਆਂ ਅਤੇ ਤਾਂਗੇ ਸ਼ਾਮਲ ਸਨ।"
ਹਿੱਪੀ ਟਰੇਲ ''ਤੇ ਇੱਕ ਹੋਰ ਮਸ਼ਹੂਰ ਰੈਸਟੋਰੈਂਟ, ਕਾਬੁਲ ਵਿੱਚ ਇੱਕ ਜਰਮਨ, ਸੇਗੀ ਦਾ ਹੋਟਲ ਸੀ, ਜਿਸ ਵਿੱਚ ਵਧੀਆ ਭੋਜਨ ਅਤੇ ਖੀਰ ਦੇ ਨਾਲ-ਨਾਲ ਗਰੀਨ ਟੀ ਅਤੇ ਸ਼ਤਰੰਜ ਦੇ ਬੋਰਡ ਵੀ ਮਿਲਦੇ ਸਨ।
ਰਿਚਰਡ ਨੇਵਲ ਨੇ ਆਪਣੇ 1966 ਦੇ ਲੇਖ ਵਿੱਚ ਕਾਬੁਲ ਵਿੱਚ ਖੈਬਰ ਰੈਸਟੋਰੈਂਟ ਬਾਰੇ ਲਿਖਿਆ ਹੈ। ਉਸ ਸਮੇਂ, ਇਹ ਸ਼ਹਿਰ ਵਿੱਚ ਇੱਕੋ-ਇੱਕ ਜਗ੍ਹਾ ਸੀ, ਜਿੱਥੇ ਪੱਛਮੀ ਸ਼ੈਲੀ ਦਾ ਭੋਜਨ ਪਰੋਸਿਆ ਜਾਂਦਾ ਸੀ।
ਅਫ਼ਗ਼ਾਨਿਸਤਾਨ ਵਿੱਚ ਹੋਟਲ ਦੇ ਆਲੇ-ਦੁਆਲੇ ਬਹੁਤ ਸਾਰੇ ਵਪਾਰੀ ਹੱਥ ਨਾਲ ਬੁਣੇ ਹੋਏ ਕੱਪੜੇ, ਚਮੜੇ ਦਾ ਸਮਾਨ ਅਤੇ ਗਲੀਚੇ ਵੇਚਦੇ ਸਨ ਅਤੇ ਜ਼ਿਆਦਾਤਰ ਵਪਾਰੀਆਂ ਕੋਲ ਚਰਸ ਵੀ ਹੁੰਦੀ ਸੀ। ਆਪਣੇ ਲਈ ਵੀ ਅਤੇ ਵੇਚਣ ਲਈ ਵੀ।
ਸ਼ਾਇਦ ਇਸੇ ਲਈ ਕੁਝ ਲੋਕ ਅਫ਼ਗ਼ਾਨਿਸਤਾਨ ਤੋਂ ਅੱਗੇ ਨਹੀਂ ਜਾਂਦੇ ਸਨ।
ਪਾਕਿਸਤਾਨ ''ਚ ਸੂਫ਼ੀਆਂ ਦੀਆਂ ਮਜ਼ਾਰਾਂ ''ਹਿੱਪੀਆਂ ਦੇ ਟਿਕਾਣੇ''
ਅਫ਼ਗ਼ਾਨਿਸਤਾਨ ਤੋਂ ਬਾਅਦ ਕਈ ਮੋੜ ਸਨ। ਪਾਕਿਸਤਾਨ ਵਿੱਚ ਦਾਖਲ ਹੋਣ ਤੋਂ ਬਾਅਦ, ਉੱਤਰ ਵੱਲ ਸਵਾਤ ਅਤੇ ਚਿਤਰਾਲ ਵੱਲ ਜਾਇਆ ਜਾ ਸਕਦਾ ਸੀ।
ਲੇਖਕ ਨਦੀਮ ਫਾਰੂਕ ਪਰਾਚਾ ਅਨੁਸਾਰ, ਜਦੋਂ ਪਾਕਿਸਤਾਨ ਹਿੱਪੀ ਟਰੇਲ ਵਿੱਚ ਮੱਧ ਸਥਾਨ ਬਣ ਗਿਆ ਤਾਂ ਪੇਸ਼ਾਵਰ, ਸਵਾਤ, ਲਾਹੌਰ ਅਤੇ ਕਰਾਚੀ ਹਿੱਪੀਆਂ ਲਈ ਮਹੱਤਵਪੂਰਨ ਸਥਾਨ ਬਣ ਗਏ।
ਉਹ ਕਹਿੰਦੇ ਹਨ, "ਹਿੱਪੀ ਖੈਬਰ ਦੱਰੇ ਰਾਹੀਂ ਰਾਵਲਪਿੰਡੀ ਆਉਂਦੇ, ਫਿਰ ਉੱਥੋਂ ਲਾਹੌਰ ਜਾਂਦੇ ਅਤੇ ਫਿਰ ਬੱਸ ਰਾਹੀਂ ਭਾਰਤ ਜਾਂਦੇ। ਬਹੁਤ ਸਾਰੇ ਹਿੱਪੀ ਕਰਾਚੀ ਦੀਆਂ ਬੀਚਾਂ ਦਾ ਆਨੰਦ ਲੈਣ ਚਲੇ ਜਾਂਦੇ ਸਨ।
"ਪਾਕਿਸਤਾਨ ਵਿੱਚ ਉਨ੍ਹਾਂ ਲਈ ਇੱਕ ਹੋਰ ਪ੍ਰਸਿੱਧ ਮੰਜ਼ਿਲ ਲਾਹੌਰ ਅਤੇ ਕਰਾਚੀ ਦੀਆਂ ਸੂਫ਼ੀ ਮਜ਼ਾਰਾਂ ਸਨ। ਉਸ ਜ਼ਮਾਨੇ ''ਚ ਮੱਧ ਵਰਗ ਦੇ ਨੌਜਵਾਨਾਂ ਨੇ ਵੀ ਪਹਿਲਾਂ ਨਾਲੋਂ ਜ਼ਿਆਦਾ ਮਜ਼ਾਰਾਂ ''ਤੇ ਜਾਣਾ ਸ਼ੁਰੂ ਕਰ ਦਿੱਤਾ ਸੀ।''''
''''ਖਾਸ ਤੌਰ ''ਤੇ ਵੀਰਵਾਰ ਦੀ ਰਾਤ ਨੂੰ ਜਦੋਂ ਬਹੁਤ ਸਾਰੀਆਂ ਮਜ਼ਾਰਾਂ ''ਤੇ ਰਵਾਇਤੀ ਸੂਫ਼ੀ ਸੰਗੀਤ, ਕੱਵਾਲੀ ਦਾ ਪ੍ਬੰਧ ਕੀਤਾ ਜਾਂਦਾ ਸੀ।''''
ਉਹ ਲਿਖਦੇ ਹਨ, "ਨੌਜਵਾਨ ਪਾਕਿਸਤਾਨੀਆਂ ਵਿੱਚ ਵੀ ਹਿੱਪੀ ਪਹਿਰਾਵੇ ਪ੍ਰਸਿੱਧ ਹੋਣੇ ਸ਼ੁਰੂ ਹੋ ਗਏ ਸਨ। ਨੌਜਵਾਨ, ਜਿਨ੍ਹਾਂ ਦੇ ਵਾਲ ਸੱਠਵਿਆਂ ਦੇ ਅੰਤ ਤੱਕ ਛੋਟੇ ਹੁੰਦੇ ਸਨ, ਸੱਤਰਵਿਆਂ ਦੇ ਸ਼ੁਰੂ ਵਿੱਚ ਲੰਬੇ ਹੋਣੇ ਸ਼ੁਰੂ ਹੋ ਗਏ ਸਨ। ਔਰਤਾਂ ਦੀਆਂ ਕਮੀਜ਼ਾਂ ਛੋਟੀਆਂ ਹੋਣ ਲੱਗ ਪਈਆਂ ਸਨ।"
ਫਾਰੂਖ ਸੋਹੇਲ ਗੋਇੰਦੀ ਕਹਿੰਦੇ ਹਨ, "ਮੈਂ ਆਪਣੀ ਯਾਤਰਾ ਦੌਰਾਨ ਕਈ ਹਿੱਪੀਆਂ ਨਾਲ ਦੋਸਤੀ ਕੀਤੀ। ਕਈ ਵਾਰ ਤਾਂ ਮੈਂ ਲਾਹੌਰ ਦੇ ਇੰਟਰਨੈਸ਼ਨਲ ਹੋਟਲ ਵਿੱਚ ਜਾ ਕੇ ਉਨ੍ਹਾਂ ਨੂੰ ਮਿਲਦਾ, ਜਿੱਥੇ ਉਨ੍ਹਾਂ ਦੀਆਂ ਮਸ਼ਹੂਰ ਡਬਲ-ਡੈਕਰ ਬੱਸਾਂ ਰੁਕਦੀਆਂ ਸਨ।"
:-
ਇਹ ਉਹ ਜ਼ਮਾਨਾ ਸੀ ਜਦੋਂ ਵਿਦੇਸ਼ੀ ਇੱਥੇ ਆਉਣ ਤੋਂ ਡਰਦੇ ਨਹੀਂ ਸਨ, ਸਗੋਂ ਆਪਣੇ ਆਪ ਨੂੰ ਬਹੁਤ ਸੁਰੱਖਿਅਤ ਸਮਝਦੇ ਸਨ।
"ਇੱਕ ਹਿੱਪੀ ਨੂੰ ਮੈਂ ਲਗਾਤਾਰ ਚਾਰ ਦਿਨਾਂ ਤੱਕ ਲਾਹੌਰ ਛਾਉਣੀ ਵਿੱਚ ਆਪਣੇ ਘਰ ਦੇ ਨੇੜੇ ਇੱਕ ਪਾਰਕ ਵਿੱਚ ਪਿਆ ਦੇਖਿਆ। ਜਦੋਂ ਮੈਂ ਪੰਜਵੇਂ ਦਿਨ ਉਸ ਕੋਲ ਗਿਆ ਤਾਂ ਪਤਾ ਲੱਗਿਆ ਕਿ ਉਹ ਭੁੱਖ ਨਾਲ ਅੱਧ-ਮਰਿਆ ਹੋਇਆ ਪਿਆ ਸੀ।''''
''''ਉਸ ਨੌਜਵਾਨ ਹਿੱਪੀ ਦਾ ਸਬੰਧ ਸਾਬਕਾ ਯੂਗੋਸਲਾਵੀਆ ਨਾਲ ਸੀ। ਉਹ ਕਈ ਦਿਨ ਮੇਰੇ ਘਰ ਖਾਂਦਾ-ਪੀਂਦਾ ਅਤੇ ਸੌਂਦੇ ਰਿਹਾ, ਬਲਕਿ ਮੈਂ ਉਸ ਨੂੰ ਨਹਾਉਣ ਲਈ ਵੀ ਮਜਬੂਰ ਕੀਤਾ ਅਤੇ ਉਸ ਦੇ ਸਾਰੇ ਕੱਪੜੇ ਵੀ ਧੁਆ ਦਿੱਤੇ। ਫਿਰ ਉਹ ਮੇਰਾ ਅਜਿਹਾ ਦੋਸਤ ਬਣ ਗਿਆ ਕਿ ਦੁਨੀਆਂ ਬਦਲ ਗਈ, ਪਰ ਸਾਡੀ ਦੋਸਤੀ ਨਹੀਂ ਬਦਲੀ।"
ਉਨ੍ਹਾਂ ਯਾਤਰੀਆਂ ਨੂੰ ਠਹਿਰਾਉਣ ਲਈ ਬਹੁਤ ਸਾਰੇ ਸਸਤੇ ਹੋਟਲ ਬਣੇ ਅਤੇ ਪੇਸ਼ਾਵਰ, ਲਾਹੌਰ ਅਤੇ ਕਰਾਚੀ ਵਿੱਚ ਸੈਰ-ਸਪਾਟਾ ਉਦਯੋਗ ਚੰਗਾ ਵਧਿਆ।
ਗ੍ਰੈਗੋਰੀ ਦੇ ਅਨੁਸਾਰ, ਪੇਸ਼ਾਵਰ ਵਿੱਚ ਰੇਨਬੋ ਗੈਸਟ ਹਾਊਸ ਇੱਕ ਪ੍ਰਸਿੱਧ ''ਫ੍ਰੀਕ ਹੈਂਗਆਊਟ'' ਸੀ। ਲਾਹੌਰ ਵਿੱਚ ਰੇਲਵੇ ਸਟੇਸ਼ਨ ਦੇ ਨੇੜੇ ਏਸ਼ੀਆ ਹੋਟਲ ਪੱਛਮੀ ਲੋਕਾਂ ਲਈ ਇੱਕ ਪ੍ਰਸਿੱਧ ਅੱਡਾ ਰਿਹਾ ਹੈ।
ਬਹੁਤ ਘੱਟ ਲੋਕ ਚਿਤਰਾਲ ਜਾਂਦੇ ਸਨ ਕਿਉਂਕਿ ਉੱਥੇ ਬੱਸਾਂ ਨਹੀਂ ਸੀ ਪਰ ਇੱਥੇ 1968 ਤੋਂ ਇੱਕ ਹੋਟਲ ''ਮਾਊਂਟੇਨ ਇਨ'' ਸੀ, ਜਿਸ ਨੂੰ ਹੈਦਰ ਅਲੀ ਸ਼ਾਹ ਚਲਾਉਂਦੇ ਸਨ।
"ਭਾਰਤ ਵਿੱਚ ਕਦੇ ਸ਼ਰਾਬ ਨਹੀਂ ਪੀਤੀ, ਲੱਸੀ ਮੇਰਾ ਮਨਪਸੰਦ ਕੋਲਡ ਡਰਿੰਕ ਸੀ"
ਜ਼ਿਆਦਾਤਰ ਹਿੱਪੀ ਪਾਕਿਸਤਾਨ ਨੂੰ ਪਾਰ ਕਰਕੇ ਭਾਰਤ ਵਿਚ ਦਾਖਲ ਹੋ ਜਾਂਦੇ ਸਨ, ਜਿੱਥੇ ਨਸ਼ਾ ਤਲਾਸ਼ ਕਰਨ ਵਾਲੇ ਕਸ਼ਮੀਰ ਵੱਲ ਜਾ ਸਕਦੇ ਸਨ।
ਉੱਤਰੀ ਭਾਰਤ ਵਿੱਚ ਕੁੱਲੂ ਅਤੇ ਮਨਾਲੀ ਵੀ ਸਨ, ਜੋ ਕਿ ਹਿੱਪੀਆਂ ਲਈ ਪ੍ਰਸਿੱਧ ਸਥਾਨ ਅਤੇ ਭੰਗ ਦੀ ਖੇਤੀ ਦੇ ਦੋ ਪ੍ਰਮੁੱਖ ਕੇਂਦਰ ਸਨ।
ਸਰਦੀਆਂ ਵਿੱਚ, ਜ਼ਿਆਦਾਤਰ ਹਿੱਪੀ ਉੱਤਰ ਵੱਲ ਗੋਆ ਦੇ ਬੀਚਾਂ ਵੱਲ ਜਾਂਦੇ ਸਨ, ਜਿੱਥੇ ਭੰਗ ਤੇ ਚਰਸ ਹਮੇਸ਼ਾ ਉਪਲੱਬਧ ਹੁੰਦੀ ਸੀ। ਹਾਲਾਂਕਿ ਇਹ ਉੱਥੇ ਪੈਦਾ ਨਹੀਂ ਹੁੰਦੀ ਸੀ।
ਰਿਚਰਡ ਗ੍ਰੈਗੋਰੀ ਕਹਿੰਦੇ ਹਨ, "ਬੀੜੀਆਂ ਸਸਤੀਆਂ ਸਨ, ਜਿਸ ਨੂੰ ਉਹ ਅਕਸਰ ਪੀਂਦੇ ਸਨ। ਪੈਦਲ ਜਾਣ ਤੋਂ ਬਾਅਦ, ਮੈਂ ਜ਼ਿਆਦਾਤਰ ਦੂਰ ਜਾਣ ਲਈ ਸਾਈਕਲ ਟੈਕਸੀਆਂ ਦੀ ਵਰਤੋਂ ਕਰਦਾ ਸੀ। ਇਹ ਤਿੰਨ ਚੱਕਿਆਂ ਵਾਲੀਆਂ ਖੁੱਲ੍ਹੀਆਂ ਗੱਡੀਆਂ ਸਥਾਨਕ ਲੋਕਾਂ ਦੁਆਰਾ ਚਲਾਈਆਂ ਜਾਂਦੀਆਂ ਸਨ।"
ਭਾਰਤ ਵਿੱਚ ਕੁਝ ਹਿੱਪੀਆਂ ਨੇ ਮੰਦਰਾਂ ਵਿੱਚ ਮੁਫਤ ਮਿਲਣ ਵਾਲੇ ਭੋਜਨ ਅਤੇ ਨੀਂਦ ਦੀ ਵਿਵਸਥਾ ਦਾ ਵੀ ਫਾਇਦਾ ਉਠਾਇਆ।
ਗ੍ਰੈਗੋਰੀ ਦਿੱਲੀ ਦੇ ਪਹਾੜਗੰਜ ਇਲਾਕੇ ਦੇ ‘ਵਿਕਾਸ’ ਵਿੱਚ ਠਹਿਰੇ ਸਨ। ਦਿੱਲੀ ਦੇ ਹੋਟਲ ਕਰਾਊਨ ਬਾਰੇ ਵੀ ਸੁਣਿਆ ਸੀ। ਵਿਲਕੋ ਜਾਨਸਨ 1970 ਦੇ ਦਹਾਕੇ ਵਿੱਚ ਉੱਥੇ ਰਹੇ ਸਨ।
ਉਨ੍ਹਾਂ ਦਾ ਕਹਿਣਾ ਸੀ, "ਇੱਕ ਰਾਤ ਪੁਰਾਣੀ ਦਿੱਲੀ ਦੇ ਕਰਾਊਨ ਹੋਟਲ ਵਿੱਚ, ਅਸੀਂ ਇੱਕ ਵਰ੍ਹੇਗੰਢ ਦੇ ਮੌਕੇ ''ਤੇ ਖਰੀਦਿਆ ਇੱਕ ਕਰੀਮ ਕੇਕ ਦੇਖਿਆ, ਜਿਸ ਨੂੰ ਇੱਕ ਸੂਰ ਘੜੀਸ ਕੇ ਲੈ ਕੇ ਜਾ ਰਿਹਾ ਸੀ।''''
ਮੁੰਬਈ ਖਾਸ ਕਰਕੇ ਰਹਿਣ ਲਈ ਇੱਕ ਮਹਿੰਗਾ ਸ਼ਹਿਰ ਸੀ। ਵਿਲਕੋ ਦਾ ਕਹਿਣਾ ਹੈ ਕਿ ਮੁੰਬਈ ਵਿੱਚ ਉਹ ਵਿਕਟੋਰੀਆ ਟਰਮਿਨਲਜ਼ ਵਿੱਚ ਸੌਂਦੇ ਸਨ।
ਇਕ ਹੋਰ ਮਸ਼ਹੂਰ ਹੈਂਗਆਊਟ ਮੁੰਬਈ ਵਿੱਚ ਮਿਸ਼ਨ ਰੋਡ ''ਤੇ ਦੀਪਤੀ ਦਾ ਹਾਊਸ ਆਫ ਪਿਓਰ ਡ੍ਰਿੰਕਸ ਸੀ।
ਗ੍ਰੈਗੋਰੀ ਕਹਿੰਦੇ ਹਨ, "ਸ਼ਾਕਾਹਾਰੀ ਹੋਣ ਦੇ ਨਾਤੇ, ਮੈਨੂੰ ਭਾਰਤ ਇੱਕ ਸ਼ਾਨਦਾਰ ਥਾਂ ਲੱਗੀ। ਮੁੰਬਈ ਦੇ ਚਰਚਗੇਟ ਸਟੇਸ਼ਨ ਦਾ ਰੈਸਟੋਰੈਂਟ ਸ਼ਾਇਦ ਮੇਰਾ ਪਸੰਦੀਦਾ ਸੀ, ਜਿਸ ਵਿੱਚ ਸੁਆਦੀ ਡੋਸੇ ਅਤੇ ਥਾਲੀਆਂ ਪਰੋਸੀਆਂ ਜਾਂਦੀਆਂ ਸਨ, ਹਾਲਾਂਕਿ ਕਲਾਨ ਗੋਟ ਵਿਖੇ ਭੇਲਪੁਰੀ ਦੀ ਸਟਾਲ ਵੀ ਮੇਰੀ ਯਾਦ ਵਿੱਚ ਵੱਖਰੀ ਥਾਂ ਰੱਖਦੀ ਹੈ।
"ਰਾਤ ਦਾ ਭੋਜਨ ਆਮ ਤੌਰ ''ਤੇ ਸਬਜ਼ੀ ਅਤੇ ਚਪਾਤੀ ਜਾਂ ਪੂਰੀ ਨਾਲ ਹੁੰਦਾ ਸੀ। ਆਮ ਨਾਸ਼ਤਾ ਪਕੌੜੇ, ਸਮੋਸੇ, ਕਚੋਰੀ ਅਤੇ ਚਾਟ ਸਨ।''''
''''ਮੈਂ ਦਾਲਮੋਠ ਅਤੇ ਚੂੜਾ ਖਾਂਦਾ ਸੀ। ਮੈਨੂੰ ਮਿੱਠਾ ਬਹੁਤ ਪਸੰਦ ਸੀ; ਹਲਵਾ, ਬਰਫ਼ੀ, ਲੱਡੂ, ਗੁਲਾਬ ਜਾਮੁਨ ਅਤੇ ਕਾਲਾ ਜਾਮੁਨ ਮਿਲੇ। ਲੱਸੀ ਮੇਰੀ ਮਨਪਸੰਦ ਕੋਲਡ ਡਰਿੰਕ ਸੀ ਪਰ ਮੈਂ ਆਮ ਤੌਰ ''ਤੇ ਖਾਣੇ ਦੇ ਨਾਲ ਸਿਰਫ਼ ਇੱਕ ਗਲਾਸ ਪਾਣੀ ਪੀਂਦਾ ਸੀ। ਮੈਂ ਭਾਰਤ ਵਿੱਚ ਕਦੇ ਸ਼ਰਾਬ ਨਹੀਂ ਪੀਤੀ।"
ਉਹ ਦੱਸਦੇ ਹਨ, "ਗੋਆ ਦੀ ਮੇਰੀ ਬਾਅਦ ਦੀ ਯਾਤਰਾ ''ਤੇ ਮੈਂ ਭੇਲਪੁਰੀ, ਡੋਸਾ ਅਤੇ ਥਾਲੀ ਦਾ ਅਨੰਦ ਲਿਆ। ਮੈਂ ਕੁਲਫੀ, ਸ਼੍ਰੀਖੰਡ, ਫਲੂਦਾ ਅਤੇ ਗੁਲਾਬ ਦੁੱਧ ਬਾਰੇ ਜਾਣਿਆ। ਬੰਬਈ ਦੀ ਇੱਕ ਗਲੀ ਤੋਂ ਗੰਨੇ ਦੇ ਤਾਜ਼ੇ ਰਸ ਦਾ ਆਨੰਦ ਲਿਆ।"
"ਅਤੇ ਮੈਂ ਬਹੁਤ ਸਾਰੀ ਚਾਹ ਪੀਤੀ"
ਉਨ੍ਹਾਂ ਦੱਸਿਆ, "ਕਾਨਪੁਰ ਵਿੱਚ ਰੇਲਵੇ ਸਟੇਸ਼ਨ ਦੇ ਕੋਲ ਇੱਕ ਚਾਹ ਦੀ ਸਟਾਲ ਹੈ। ਚਾਹ ਦੁਨੀਆਂ ਭਰ ਵਿੱਚ ਕਈ ਤਰੀਕਿਆਂ ਨਾਲ ਪਰੋਸੀ ਜਾਂਦੀ ਹੈ ਪਰ ਮੇਰੀ ਪਸੰਦੀਦਾ ਅਤੇ ਭਾਰਤੀ ਟਰੱਕ ਡਰਾਈਵਰ ਦੀ ਚਾਹ ਪਾਣੀ ਤੋਂ ਬਿਨਾਂ ਬਣਾਈ ਜਾਂਦੀ ਹੈ।''''
''''ਚਾਹ ਦੀ ਪੱਤੀ, ਹਰੀ ਇਲਾਇਚੀ ਅਤੇ ਲੌਂਗ ਨੂੰ ਦੁੱਧ ਵਿੱਚ ਉਬਾਲਿਆ ਜਾਂਦਾ ਹੈ। ਉਸ ਤੋਂ ਬਣੀ ਚਾਹ ਨੂੰ ਇੱਕ ਗਲਾਸ ਵਿੱਚ ਗਰਮ-ਗਰਮ ਪਰੋਸਿਆ ਜਾਂਦਾ ਹੈ, ਹਮੇਸ਼ਾ ਚੰਗੀ ਮਾਤਰਾ ਵਿੱਚ ਖੰਡ ਦੇ ਨਾਲ।"
"ਸਟੇਸ਼ਨ ਦੇ ਸਾਹਮਣੇ ਇੱਕ ਪਗੜੀ ਵਾਲੇ ਬਜ਼ੁਰਗ ਨੇ ਮੈਨੂੰ ਇਸ਼ਾਰਾ ਕੀਤਾ ਅਤੇ ਇੱਕ ਚਿਲਮ ਕੱਢੀ। ਅਸੀਂ ਉੱਥੇ ਬੈਠ ਕੇ ਤੰਬਾਕੂ ਪੀਤਾ। ਉੱਥੇ ਇੱਕ ਵੱਡੀ ਭੀੜ ਤਮਾਸ਼ਾ ਦੇਖਣ ਲਈ ਇਕੱਠੀ ਸੀ। ਅਸੀਂ ਵਾਰਾਣਸੀ ਵਿੱਚ ਕੁਝ ਦਿਨ ਰੁਕੇ, ਜਿਸ ਨੂੰ ਅੰਗਰੇਜ਼ ਬਨਾਰਸ ਦੇ ਨਾਂ ਨਾਲ ਜਾਣਦੇ ਹਨ।''''
ਉਹ ਦੱਸਦੇ ਹਨ, "ਅਗਲੇ ਦਿਨ ਅਸੀਂ ਸਰਕਾਰੀ ਗਾਂਜੇ ਦੀ ਦੁਕਾਨ ਦਾ ਪਤਾ ਲਗਾਇਆ। ਵਾਰਾਣਸੀ ਵਿੱਚ ਕੁਝ ਖਾਸ ਪ੍ਰਬੰਧ ਕੀਤੇ ਗਏ ਸਨ ਅਤੇ ਇਹ ਜ਼ਮੀਨ ''ਤੇ ਬਾਕੀ ਬਚੀਆਂ ਕੁਝ ਥਾਵਾਂ ਵਿੱਚੋਂ ਇੱਕ ਸੀ, ਜਿੱਥੇ ਹਾਲੇ ਵੀ ਕਾਨੂੰਨੀ ਤੌਰ ''ਤੇ ਚਰਸ ਖਰੀਦੀ ਜਾ ਸਕਦੀ ਸੀ। ਹਾਲਾਂਕਿ ਹੋਰ ਥਾਵਾਂ ''ਤੇ ਕਾਨੂੰਨ ਅਕਸਰ ਨਜ਼ਰਅੰਦਾਜ਼ ਕੀਤਾ ਜਾਂਦਾ ਸੀ।''''
“ਇੱਕ ਦੁਕਾਨ ਤੋਂ ਭੰਗ ਖਰੀਦੀ ਗਈ। ਇੱਕ ਸਥਾਨਕ ਨੌਜਵਾਨ ਨੇ ਉਸ ਨੂੰ ਦਹੀਂ ਵਿੱਚ ਮਿਲਾ ਕੇ ਘੋਟਾ ਬਣਾਉਣ ਦਾ ਪ੍ਰਬੰਧ ਕੀਤਾ ਅਤੇ ਸਾਨੂੰ ਇੱਕ ਸ਼ਾਨਦਾਰ ਭੰਗ ਲੱਸੀ ਪੇਸ਼ ਕੀਤੀ।
"ਮੈਂ ਭਾਸ਼ਾ ਤੋਂ ਬਿਨਾਂ ਗੱਲਬਾਤ ਕਰਨਾ ਸਿੱਖਿਆ"
ਕਲਾਸਿਕ ਹਿੱਪੀ ਟਰੇਲ ਕਾਠਮੰਡੂ ਪਹੁੰਚ ਕੇ ਖਤਮ ਹੁੰਦੀ ਹੈ। ਇਹ ਉਹ ਥਾਂ ਸੀ, ਜਿੱਥੋਂ ਤੱਕ ਤੁਸੀਂ ਗੱਡੀ ਚਲਾ ਸਕਦੇ ਸੀ।
ਤਿੱਬਤ ਅਤੇ ਯਾਰਕੰਦ ਤੱਕ ਪਹੁੰਚਣਾ ਅਸੰਭਵ ਸੀ। ਬਰਮਾ ਵਿੱਚੋਂ ਲੰਘਦੀ ਸੜਕ ਬੰਦ ਕਰ ਦਿੱਤੀ ਗਈ ਸੀ। ਇਸ ਤਰ੍ਹਾਂ, ਬੈਂਕਾਕ ਲਈ ਫਲਾਈਟ ਜਾ ਸਕਦੀ ਸੀ ਜਾਂ ਵਾਪਸ ਮੁੜ ਕੇ ਘਰ ਵਾਪਸ ਜਾਇਆ ਜਾ ਸਕਦਾ ਸੀ।
ਕਾਠਮੰਡੂ ਇੱਕ ਸੁੰਦਰ ਸ਼ਹਿਰ ਸੀ, ਜੋ ਜ਼ਿਆਦਾਤਰ ਲੱਕੜ ਦਾ ਬਣਿਆ ਹੋਇਆ ਸੀ ਅਤੇ ਇਸ ਦੀਆਂ ਕਈ ਇਮਾਰਤਾਂ ਨੂੰ ਸਜਾਇਆ ਹੋਇਆ ਸੀ।
ਕਾਠਮੰਡੂ ਦਾ ਕੈਫੇ ਦਿ ਗਲੋਬ ਅਤੇ ਦਿ ਕੈਂਪ ''ਬੀਟਨਿਕਸ'' ਦੁਆਰਾ ਵਰਤੇ ਜਾਣ ਵਾਲੇ ਪਹਿਲੇ ਗੈਸਟ ਹਾਊਸ ਬਣੇ, ਪਰ 1969 ਵਿੱਚ ਸਭ ਕੁਝ ਬਦਲ ਗਿਆ।
ਨੇਪਾਲ ਦੇ ਮਾਰਕ ਲੇਚਟੀ ਨੇ ਆਪਣੀ ਕਿਤਾਬ ''ਫਾਰ ਆਊਟ'' ਵਿਚ ਦੱਸਿਆ ਹੈ ਕਿ ਫਰੀਕ ਸਟ੍ਰੀਟ ''ਤੇ ਓਰੀਐਂਟਲ ਲਾਜ ਪਹਿਲਾ ਹੋਟਲ ਸੀ। ਇਸ ਤੋਂ ਬਾਅਦ ਵਾਲੀਆਂ ਇਮਾਰਤਾਂ ਨੂੰ ਬਦਲ ਦਿੱਤਾ ਗਿਆ।
ਫਰੀਕ ਸਟ੍ਰੀਟ ਨਾਂ ਦੀ ਇਸ ਗਲੀ ਦਾ ਅਸਲੀ ਨਾਂ ''ਝੂ ਛਨ ਟੋਲਾ'' ਸੀ। ਇਸ ਗਲੀ ਵਿੱਚ ਬਹੁਤ ਸਾਰੇ ਹੋਟਲ ਅਤੇ ਰੈਸਟੋਰੈਂਟ ਸਨ, ਜਿੱਥੇ ਅਕਸਰ ਹਿੱਪੀ ਟਰੇਲਰ ਦੁਆਰਾ ਆਉਂਦੇ ਸਨ।
"1973 ਤੱਕ ਇੱਥੇ ਬਹੁਤ ਸਾਰੀਆਂ ਚਰਸ ਦੀਆਂ ਦੁਕਾਨਾਂ ਕਾਨੂੰਨੀ ਤੌਰ ''ਤੇ ਚੱਲ ਰਹੀਆਂ ਸਨ ਅਤੇ ਇਸ ਤਰ੍ਹਾਂ ਦੁਨੀਆਂ ਦੀ ਸਭ ਤੋਂ ਵਧੀਆ ਚਰਸ ਪ੍ਰਾਪਤ ਕਰਨ ਵਿੱਚ ਕੋਈ ਮੁਸ਼ਕਲ ਨਹੀਂ ਹੁੰਦੀ।"
ਹਿੱਪੀਆਂ ਨੇ ਰਵਾਇਤੀ ਸੈਲਾਨੀਆਂ ਦੇ ਮੁਕਾਬਲੇ ਸਥਾਨਕ ਲੋਕਾਂ ਨਾਲ ਗੱਲਬਾਤ ਕਰਨ ਵਿੱਚ ਵਧੇਰੇ ਸਮਾਂ ਬਿਤਾਇਆ।
ਉਨ੍ਹਾਂ ਨੂੰ ਲਗਜ਼ਰੀ ਰਿਹਾਇਸ਼ ਵਿਚ ਕੋਈ ਦਿਲਚਸਪੀ ਨਹੀਂ ਸੀ ਫਿਰ ਭਾਵੇਂ ਉਹ ਉਸ ਲਈ ਕੀਮਤ ਅਦਾ ਕਰਨ ਦੀ ਸਥਿਤੀ ''ਚ ਹੋਣ ਚਾਹੇ ਨਾ ਹੋਣ (ਜੋ ਕੁਝ ਹੀ ਹੋ ਸਕਦੇ ਸਨ)।
ਗ੍ਰੈਗੋਰੀ ਕਹਿੰਦੇ ਹਨ, "ਮੈਂ ਬਿਨਾਂ ਭਾਸ਼ਾ ਦੇ ਗੱਲਬਾਤ ਕਰਨੀ ਸਿੱਖੀ। ਮੇਰਾ ਕੁਝ ਸਭ ਤੋਂ ਵਧੀਆ ਸਮਾਂ ਉਨ੍ਹਾਂ ਲੋਕਾਂ ਨਾਲ ਲੰਘਿਆ ਜੋ ਜ਼ਿਆਦਾਤਰ ਇਸ਼ਾਰੇ ਅਤੇ ਮੁਸਕਰਾਹਟ ਦੀ ਵਰਤੋਂ ਕਰਦੇ ਸਨ।''''
''''ਉਨ੍ਹਾਂ ਵਿੱਚ ਨੇਪਾਲ ਦੇ ਤਿੱਬਤੀ ਸ਼ਰਨਾਰਥੀ ਵੀ ਸਨ, ਜਿਨ੍ਹਾਂ ਨੂੰ ਅੰਗਰੇਜ਼ੀ ਨਹੀਂ ਆਉਂਦੀ ਸੀ ਪਰ ਉਹ ਚੰਗੀ ਤਰ੍ਹਾਂ ਨਾਲ ਮਿਲਦੇ ਸੀ।''''
ਜੌਨ ਬੱਟ ਵਰਗੇ ਹਿੱਪੀ ਇੱਥੋਂ ਦੇ ਹੀ ਹੋ ਗਏ
1986 ਵਿੱਚ, ਫਰਾਂਸੀਸੀ ਸੀਰੀਅਲ ਕਿਲਰ ਚਾਰਲਸ ਸੋਭਰਾਜ ਨੂੰ ਭਾਰਤੀ ਸ਼ਹਿਰ ਗੋਆ ਵਿੱਚ ਗ੍ਰਿਫਤਾਰ ਕੀਤਾ ਗਿਆ।
ਸ਼ੋਭਰਾਜ ਨੇ 1975 ਵਿੱਚ ਕਾਠਮੰਡੂ ਵਿੱਚ ਦੋ ਸੈਲਾਨੀਆਂ ਦੀ ਹੱਤਿਆ ਦੇ ਦੋਸ਼ ਵਿੱਚ ਨੇਪਾਲ ਦੀ ਜੇਲ੍ਹ ਵਿੱਚ 19 ਸਾਲ ਬਿਤਾਏ ਹਨ, ਪਰ ਉਹ 1970 ਦੇ ਦਹਾਕੇ ਵਿੱਚ ਸੈਲਾਨੀਆਂ ਦੀ ਹੱਤਿਆ ਦੇ ਹੋਰ ਮਾਮਲਿਆਂ ਵਿੱਚ ਵੀ ਸ਼ਾਮਲ ਸੀ।
ਉਸ ਨੇ ਫਰਾਂਸੀਸੀ ਸੈਲਾਨੀਆਂ ਨੂੰ ਜ਼ਹਿਰ ਦੇਣ ਦੇ ਦੋਸ਼ ਵਿੱਚ ਭਾਰਤ ਵਿੱਚ ਵੀ 20 ਸਾਲ ਜੇਲ੍ਹ ਵਿੱਚ ਬਿਤਾਏ।
ਉਸ ਦਾ ਸਬੰਧ 1972 ਤੋਂ 1982 ਦਰਮਿਆਨ ਵੀਹ ਤੋਂ ਵੱਧ ਮੌਤਾਂ ਨਾਲ ਜੋੜਿਆ ਜਾਂਦਾ ਹੈ। ਇਨ੍ਹਾਂ ਵਿੱਚੋਂ ਜ਼ਿਆਦਾਤਰ ਨੌਜਵਾਨ ਪੱਛਮੀ ਬੈਕਪੈਕਰ ਸਨ ਜੋ ਭਾਰਤ ਅਤੇ ਥਾਈਲੈਂਡ ਵਿੱਚ ਹਿੱਪੀ ਟਰੇਲ ''ਤੇ ਸਨ।
ਗ੍ਰੈਗੋਰੀ ਲਿਖਦੇ ਹਨ, "ਤੰਦਰੁਸਤ ਰਹਿਣਾ ਮੁਸ਼ਕਲ ਹੋ ਸਕਦਾ ਹੈ, ਖਾਸ ਕਰਕੇ ਜੇ ਤੁਸੀਂ ਅਫ਼ਗ਼ਾਨਿਸਤਾਨ ਵਿੱਚ ਹੋ, ਅਤੇ ਇੱਥੋਂ ਤੱਕ ਕਿ ਹਿੱਪੀ ਵੀ ਸੱਭਿਆਚਾਰ ਦੇ ਸਦਮੇ ਦਾ ਸ਼ਿਕਾਰ ਹੁੰਦੇ।"
"ਕੁਝ ਗੰਭੀਰ ਰੂਪ ਨਾਲ ਬਿਮਾਰ ਹੋ ਜਾਂਦੇ ਜਾਂ ਉਨ੍ਹਾਂ ਦੇ ਪੈਸੇ ਖਤਮ ਹੋ ਜਾਂਦੇ ਅਤੇ ਉਨ੍ਹਾਂ ਨੂੰ ਘਰ ਲੈ ਕੇ ਜਾਣਾ ਪੈਂਦਾ। ਕੁਝ ਤਾਂ ਜੇਲ੍ਹ ਵੀ ਜਾਂਦੇ ਪਰ ਜ਼ਿਆਦਾਤਰ ਬਚ ਜਾਂਦੇ।"
ਹਿੱਪੀ ਅਕਸਰ ਦੂਜਿਆਂ ਨੂੰ ਉਨ੍ਹਾਂ ਦੇ ਨਕਸ਼ੇ-ਕਦਮਾਂ ''ਤੇ ਚੱਲਣ ਲਈ ਪ੍ਰੇਰਿਤ ਕਰਦੇ ਸਨ। ਉਨ੍ਹਾਂ ਵਿਚੋਂ ਕਈਆਂ ਨੇ ਆਪਣੀ ਰੋਜ਼ੀ-ਰੋਟੀ ਦਾ ਸਾਧਨ ਬਣਾ ਲਿਆ ਅਤੇ ਭਾਰਤ ਵਿਚ ਪੱਕੇ ਤੌਰ ''ਤੇ ਰਹਿਣ ਲੱਗ ਪਏ।
ਇਸਲਾਮ ਦੇ ਜਾਣਕਾਰ ਅਤੇ ਬੀਬੀਸੀ ਦੇ ਪੱਤਰਕਾਰ ਜਾਨ ਮੁਹੰਮਦ ਬੱਟ ਦੀ ਕਹਾਣੀ ਤਾਂ ਤੁਸੀਂ ਜਾਣਦੇ ਹੀ ਹੋਵੋਗੇ।
ਉਹ ਸੱਠ ਦੇ ਦਹਾਕੇ ਵਿੱਚ ਜੌਹਨ ਮਾਈਕਲ ਬੱਟ ਦੇ ਨਾਂ ਨਾਲ ਹਿੱਪੀ ਟਰੇਲ ਦਾ ਹਿੱਸਾ ਬਣੇ। ਪਾਕਿਸਤਾਨ ਵਿੱਚ ਇਸਲਾਮ ਕਬੂਲ ਕਰ ਲਿਆ।
ਬਾਅਦ ਵਿੱਚ ਭਾਰਤ ਤੋਂ ਰਸਮੀ ਧਾਰਮਿਕ ਸਿੱਖਿਆ ਪ੍ਰਾਪਤ ਕੀਤੀ। ਉਨ੍ਹਾਂ ਦੀਆਂ ਯਾਦਾਂ ''ਤੇ ਆਧਾਰਿਤ ਕਿਤਾਬ ''ਏਕ ਤਾਲਿਬ ਕੀ ਕਹਾਨੀ, ਏਕ ਪਸ਼ਤੂਨ ਅੰਗਰੇਜ਼ ਕੀ ਜ਼ਿੰਦਗੀ'' ਦੇ ਨਾਂ ਹੇਠ ਪ੍ਰਕਾਸ਼ਿਤ ਹੋਈ ਹੈ।
ਵਿਸ਼ਲੇਸ਼ਕ ਉਸ ਨੂੰ ਇੱਕ ''ਬਾਹਰਲੇ'' ਵਜੋਂ ਪਸ਼ਤੂਨ ਜੀਵਨ ਦਾ ਇੱਕ ਕਮਾਲ ਦਾ, ਅੱਖ ਖੋਲ੍ਹਣ ਵਾਲਾ ਬਿਰਤਾਂਤ ਦੱਸਦੇ ਹਨ।
"ਜਾਨ ਮੁਹੰਮਦ ਬੱਟ ਦੀਆਂ ਯਾਦਾਂ ਪਾਠਕਾਂ ਨੂੰ ਇੰਗਲੈਂਡ ਤੋਂ ਪਾਕਿਸਤਾਨ ਦੀ ਵਾਦੀ ਸਵਾਤ ਅਤੇ ਕੈਥੋਲਿਕ ਧਰਮ ਤੋਂ ਇਸਲਾਮ ਤੱਕ ਦੀ ਯਾਤਰਾ ''ਤੇ ਲੈ ਜਾਂਦੀਆਂ ਹਨ।"
ਹਿੱਪੀ ਟਰੇਲ ਕਿਵੇਂ ਖਤਮ ਹੋਈ?
ਕਲਾਸਿਕ ਹਿੱਪੀ ਟਰੇਲ 1979 ਵਿੱਚ ਉਸ ਵੇਲੇ ਖ਼ਤਮ ਹੋਈ ਜਦੋਂ ਰੂਸ ਨੇ ਅਫ਼ਗ਼ਾਨਿਸਤਾਨ ''ਤੇ ਹਮਲਾ ਕੀਤਾ ਅਤੇ ਪੱਛਮੀ ਯਾਤਰੀਆਂ ਲਈ ਸਰਹੱਦ ਬੰਦ ਕਰ ਦਿੱਤੀ।
ਈਰਾਨ ਵਿੱਚ 1979 ਦੀ ਇਸਲਾਮੀ ਕ੍ਰਾਂਤੀ ਤੋਂ ਬਾਅਦ ਜ਼ਮੀਨੀ ਰਸਤੇ ਤੁਰੰਤ ਬੰਦ ਨਹੀਂ ਕੀਤੇ ਗਏ ਸਨ, ਪਰ ਬਹੁਤ ਸਾਰੀਆਂ ਬੱਸ ਕੰਪਨੀਆਂ ਕੋਈ ਜੋਖਮ ਲੈਣ ਲਈ ਤਿਆਰ ਨਹੀਂ ਸਨ।
1980 ਵਿੱਚ ਇਰਾਕ ਦੇ ਈਰਾਨ ਉੱਤੇ ਹਮਲੇ ਤੋਂ ਬਾਅਦ, ਇਹ ਸੇਵਾਵਾਂ ਜਲਦੀ ਹੀ ਬੰਦ ਕਰ ਦਿੱਤੀਆਂ ਗਈਆਂ ਸਨ।
ਬਲੋਚਿਸਤਾਨ ਰਾਹੀਂ ਦੱਖਣੀ ਸੜਕ ਦੀ ਵਰਤੋਂ ਹੁਣ ਸੰਭਵ ਨਹੀਂ ਸੀ। ਲਿਬਨਾਨ ਪਹਿਲਾਂ ਹੀ ਘਰੇਲੂ ਯੁੱਧ ਵਿੱਚ ਘਿਰਿਆ ਹੋਇਆ ਸੀ, ਕਸ਼ਮੀਰ ਵਿੱਚ ਤਣਾਅ ਵਧ ਗਿਆ ਸੀ ਅਤੇ ਨੇਪਾਲ ਵੀ ਆਪਣੀ ਸ਼ਾਂਤੀ ਗੁਆ ਚੁੱਕਾ ਸੀ।
ਇਸ ਤਰ੍ਹਾਂ ਓਵਰਲੈਂਡ ਹਿੱਪੀ ਟਰੇਲ ਦਾ ਅੰਤ ਹੋਣਾ ਸ਼ੁਰੂ ਹੋਇਆ। ਹਵਾਈ ਯਾਤਰਾ ਹੁਣ ਸਸਤੀ ਹੋ ਗਈ ਸੀ ਅਤੇ ਗੋਆ ਹਿੱਪੀਆਂ ਦਾ ਕੇਂਦਰ ਬਣ ਗਿਆ ਸੀ। ਇਸ ਲਈ ਹਿੱਪੀ ਟਰੇਲ ਹਵਾਈ ਮਾਰਗ ਰਾਹੀਂ ਜਾਰੀ ਰਹੀ।
ਗੋਇੰਦੀ ਲਿਖਦੇ ਹਨ ਕਿ ਇੱਕ ਹਿੱਪੀ ਜੋੜਾ ਕੁਝ ਸਾਲ ਪਹਿਲਾਂ ਹੀ ਦੋਸਤ ਬਣਿਆ।
"ਇਹ ਇਤਾਲਵੀ ਜੋੜਾ ਇਸਤਾਂਬੁਲ ''ਚ ਆਇਆ। ਸੋਫ਼ੀਆ (ਹਾਗਿਆ ਸੋਫ਼ੀਆ) ਕੋਲ ਸੂਫ਼ੀ ਪਹਿਰਾਵੇ ਵਿੱਚ ਮਿਲਿਆ। ਇਸ ਇਤਾਲਵੀ ਸੂਫ਼ੀ ਜੋੜੇ ਨੇ ਦੱਸਿਆ ਕਿ ਉਹ ਵਿਆਹ ਤੋਂ ਪਹਿਲਾਂ ਹਿੱਪੀ ਸਨ।"
ਉਹ ਦੱਸਦੇ ਹਨ ਕਿ ਅਸੀਂ ਖਾਲੀ ਜੇਬ੍ਹ ਪੂਰੀ ਦੁਨੀਆਂ ਘੁੰਮਦੇ ਹਾਂ।
"ਸਫ਼ਰ ਦੌਰਾਨ ਅਸੀਂ ਦੋਵੇਂ ਹਮਸਫ਼ਰ ਬਣੇ ਅਤੇ ਫਿਰ ਇੱਕ ਦਿਨ ''ਹਰੇ ਕ੍ਰਿਸ਼ਨਾ, ਹਰੇ ਰਾਮਾ'' ਕਰਦੇ-ਕਰਦੇ ਅਸੀਂ ''ਦਮਾ ਦਮ ਮਸਤ ਕਲੰਦਰ'' ਗੀਤ ਸੁਣਿਆ।''''
''''ਗੀਤ ਦੇ ਨੇੜੇ ਹੁੰਦੇ ਹੋਏ ਅਸੀਂ ਇੱਕ ਦਿਨ ਮੁਸਲਮਾਨ ਹੋ ਗਏ। ਪਰ ਅਸੀਂ ਫਿਰ ਵੀ ਇੱਕ ਤੋਂ ਦੂਜੇ ਦੇਸ਼ ਚਲੇ ਜਾਂਦੇ ਹਾਂ, ਜੇ ਸਾਨੂੰ ਸਮਾਂ ਮਿਲੇ ਤਾਂ ਅਸੀਂ ਵਾਪਸ ਆਪਣੇ ਦੇਸ਼ ਇਟਲੀ ਚਲੇ ਜਾਂਦੇ ਹਾਂ, ਸਾਰੀ ਦੁਨੀਆਂ ਸਾਡੀ ਹੈ।''''
(ਬੀਬੀਸੀ ਪੰਜਾਬੀ ਨਾਲ , , ਅਤੇ ''ਤੇ ਜੁੜੋ।)
ਕਿਰਪਾਨ ਰੱਖਣ ਕਾਰਨ ਇੱਕ ਸਿੱਖ ਨੂੰ ''ਬਰਮਿੰਘਮ ਜਿਊਰੀ ਸਰਵਿਸ ਤੋਂ ਵਰਜਿਤ'' ਰੱਖੇ ਜਾਣ ਦਾ ਕੀ ਹੈ ਮਾਮਲਾ
NEXT STORY