ਇਕ ਨਵਾਂ ਰਾਜਾ ਦੁਨੀਆ ਦੇ ਤਖਤ ’ਤੇ ਬੈਠਿਆ ਹੈ। ਬਦਤਮੀਜ਼ ਹੈ, ਬਦਨੀਅਤ ਹੈ, ਬਦਨਾਮ ਵੀ ਹੈ ਪਰ ਹੈ ਤਾਂ ਰਾਜਾ। ਚਾਰੇ ਪਾਸੇ ਹਫੜਾ-ਦਫੜੀ ਮਚੀ ਹੈ। ਰਾਜੇ ਦੇ ਸੁਭਾਅ ਤੋਂ ਹਰ ਕੋਈ ਘਬਰਾਇਆ ਹੈ। ਪਤਾ ਨਹੀਂ ਕਦੋਂ ਕੀ ਆਫਤ ਆ ਜਾਵੇ। ਪਹਿਲਾਂ ਇਸ ਦੀ ਹੋੜ ਸੀ ਕਿ ਰਾਜਾ ਕਿਸ ਨੂੰ ਤਾਜਪੋਸ਼ੀ ’ਤੇ ਬੁਲਾਉਂਦਾ ਹੈ। ਹੁਣ ਰਾਜਾ ਕਿਸ ਨੂੰ, ਕਦੋਂ ਅਤੇ ਕਿਵੇਂ ਦਰਸ਼ਨ ਦਿੰਦੇ ਹਨ ਇਸ ਦੀ ਹੋੜ ਹੈ। ਕੀ ਸੂਬੇਦਾਰ ਅਤੇ ਕੀ ਜਨਤਾ ਸਾਰੇ ਲਾਈਨ ਲਗਾ ਕੇ ਖੜ੍ਹੇ ਹਨ।
ਇਸ ਲਾਈਨ ’ਚ ਕਿਤੇ ਸਾਡੇ ਪ੍ਰਧਾਨ ਮੰਤਰੀ ਵੀ ਹਨ। ਸਿਰਫ ਨਰਿੰਦਰ ਮੋਦੀ ਨਹੀਂ, ਭਾਰਤ ਦੇ ਪ੍ਰਧਾਨ ਮੰਤਰੀ। ਉਸ ਦੇਸ਼ ਦੇ ਪ੍ਰਧਾਨ ਮੰਤਰੀ ਜਿਸ ਨੇ ਕਦੇ ਦੁਨੀਆ ’ਚ ਹਰ ਕਿਸਮ ਦੇ ਸਾਮਰਾਜ ਵਿਰੁੱਧ ਆਵਾਜ਼ ਉਠਾਈ ਸੀ, ਤੀਜੀ ਦੁਨੀਆ ਨੂੰ ਸੰਗਠਿਤ ਕਰਨ ਦੀ ਹਿੰਮਤ ਦਿਖਾਈ ਸੀ ਜਿਸ ਨੇ ਪਿਛਲੇ ਕਈ ਦਹਾਕਿਆਂ ’ਚ ਹੌਲੀ-ਹੌਲੀ ਇਨ੍ਹਾਂ ਸਾਰੀਆਂ ਗੱਲਾਂ ਨੂੰ ਛੱਡ ਕੇ ਤਾਕਤਵਰ ਤੋਂ ਤਾਕਤਵਰ ਦੀਆਂ ਸ਼ਰਤਾਂ ’ਤੇ ਸਮਝੌਤੇ ਕਰਨੇ ਸਿੱਖ ਲਏ ਹਨ।
ਨਵਾਂ ਰਾਜਾ ਅਵਾ-ਤਵਾ ਬੋਲ ਰਿਹਾ ਹੈ-ਗ੍ਰੀਨਲੈਂਡ ਨੂੰ ਖਰੀਦਣਾ, ਕੈਨੇਡਾ ਨੂੰ ਅਮਰੀਕਾ ਦਾ ਸੂਬਾ ਬਣਾਉਣਾ, ਗਾਜ਼ਾ ’ਤੇ ਅਮਰੀਕੀ ਕਬਜ਼ਾ ਜਾਂ ਫਿਰ ਦੱਖਣੀ ਅਫਰੀਕਾ ’ਚ ਗੋਰਿਆਂ ਦੇ ਹੱਕ ’ਚ ਉਥੋਂ ਦੀ ਸਰਕਾਰ ਨੂੰ ਧਮਕਾਉਣਾ ਪਰ ਸਾਡੇ ਪ੍ਰਧਾਨ ਮੰਤਰੀ ਦਾ ਇਸ ਨਾਲ ਕੀ ਲੈਣਾ-ਦੇਣਾ। ਸਾਨੂੰ ਆਪਣੀ ਡੀਲ ਦੀ ਚਿੰਤਾ ਹੈ।
ਪ੍ਰਧਾਨ ਮੰਤਰੀ ਦੇ ਪਿੱਛੇ ਖੜ੍ਹੇ ਹਨ ਉਨ੍ਹਾਂ ਦੇ ਦਰਬਾਰੀ, ਮੰਤਰੀ, ਸੰਤਰੀ ਅਤੇ ਉਨ੍ਹਾਂ ਦੀ ਗੋਦ ’ਚ ਬੈਠਾ ਮੀਡੀਆ। ਸਾਡੇ ਵਿਦੇਸ਼ ਮੰਤਰੀ ਵੀ ਹਨ, ਜੋ ਅਮਰੀਕਾ ’ਚ ਡੇਰਾ ਲਾ ਕੇ ਬੈਠੇ ਸਨ ਤਾਂ ਕਿਸੇ ਕਿ ਤਰ੍ਹਾਂ ਰਾਜਾ ਦੀ ਸੱਤਾਪੋਸ਼ੀ ’ਤੇ ਸਾਡੇ ਪ੍ਰਧਾਨ ਮੰਤਰੀ ਨੂੰ ਸੱਦਾ ਹੀ ਮਿਲ ਜਾਵੇ। ਨਹੀਂ ਮਿਲਿਆ, ਕਿਰਕਿਰੀ ਹੋਈ ਸੋ ਵੱਖ ਪਰ ਉਸ ਦੇ ਬਦਲੇ ਇਕ ਦਿਨ ਦੇ ਦੌਰੇ ਦਾ ਹੌਸਲਾ ਅਫਜ਼ਾਈ ਇਨਾਮ ਮਿਲ ਗਿਆ। ਦਰਬਾਰ ਨੂੰ ਪ੍ਰਚਾਰ ਦਾ ਮੌਕਾ ਮਿਲ ਗਿਆ।
ਪਿੰਡ ’ਚ ਜ਼ਿਮੀਦਾਰ ਦਾ ਖਾਸ ਹੋਣ ਦੀ ਅਫਵਾਹ ਫੈਲਦੇ ਅਤੇ ਫੈਲਾਉਂਦੇ ਦੇਰ ਨਹੀਂ ਲੱਗਦੀ ਕਿ ਠਾਕੁਰ ਸਾਹਿਬ ਨੇ ਖੁਦ ਸੱਦਿਆ। ਕਿਹਾ ਤੂੰ ਘਰ ਦਾ ਆਦਮੀ ਹੈ, ਲਾਈਨ ’ਚ ਕਿਉਂ ਖੜ੍ਹਾ ਏਂ। ਜਾਣਦੇ ਹੋਏ ਹੱਥ ਫੜ ਕੇ ਕੁਰਸੀ ’ਤੇ ਬਿਠਾਇਆ ਬਾਬੂ ਜੀ ਨੇ। ਫਾਈਲਾਂ, ਅਖਬਾਰਾਂ, ਟੀ. ਵੀ. ਅਤੇ ਵਟ੍ਹਸਐਪ ਦਾ ਢਿੱਡ ਭਰਨ ਲਈ ਕਾਫੀ ਸਮੱਗਰੀ ਸੀ। ਅਮਰੀਕਾ ਵਾਲਿਆਂ ਨੂੰ ਸਾਡੇ ਨੇਤਾ ਦੀ ਕਮਜ਼ੋਰੀ ਪਤਾ ਸੀ ਕਿ ਫੋਟੋ ਚੰਗੀ ਹੋਣੀ ਚਾਹੀਦੀ, ਫਿਰ ਭਾਵੇਂ ਜੇਬ ਕੱਟ ਲਓ ਜਾਂ ਗਲਾ।
ਗਲਾ ਕੱਟਣ ਦੀ ਨੌਬਤ ਨਹੀਂ ਆਈ। ਲੋੜ ਵੀ ਨਹੀਂ ਸੀ। ਅਮਰੀਕਾ ਨੂੰ ਸਾਡੀ ਗਰਜ਼ ਹੈ, ਚੀਨ ’ਤੇ ਨਜ਼ਰ ਰੱਖਣ ਲਈ। ਉਨ੍ਹਾਂ ਨੂੰ ਸਾਡੇ ਸਸਤੇ ਇੰਜੀਨੀਅਰ ਚਾਹੀਦੇ ਅਤੇ ਸਾਡਾ ਬਾਜ਼ਾਰ ਵੀ ਪਰ ਸਭ ਕੁਝ ਆਪਣੀ ਸ਼ਰਤ ’ਤੇ ਚਾਹੀਦਾ। ਇਸ ਦਾ ਐਲਾਨ ਅਮਰੀਕੀ ਪ੍ਰਸ਼ਾਸਨ ਨੇ ਡੰਕੇ ਦੀ ਚੋਟ ’ਤੇ ਕਰ ਦਿੱਤਾ। ਪ੍ਰਧਾਨ ਮੰਤਰੀ ਦੇ ਦੌਰੇ ’ਤੇ ਪਹਿਲਾਂ ਉਹ ਸਭ ਕੀਤਾ ਜੋ ਡਿਪਲੋਮੈਟਿਕ ਸ਼ਰਾਫਤ ’ਚ ਪਾਬੰਦੀਸ਼ੁਦਾ ਹੈ। ਉਨ੍ਹੀਂ ਦਿਨੀਂ ਹੱਥਕੜੀਆਂ ਲਾ ਕੇ, ਪੱਗਾਂ ਲਾਹ ਕੇ ਭਾਰਤ ਦੇ ਨਾਜਾਇਜ਼ ਪ੍ਰਵਾਸੀਆਂ ਨੂੰ ਬੇਰੰਗ ਭਾਰਤ ਵਾਪਸ ਭੇਜਿਆ। ਜਿਸ ਦਿਨ ਪ੍ਰਧਾਨ ਮੰਤਰੀ ਅਮਰੀਕਾ ਪਹੁੰਚੇ ਉਸੇ ਦਿਨ ਟਰੰਪ ਨੇ ਬਦਲੇ ਦੇ ਟੈਰਿਫ ਦੀ ਧਮਕੀ ਦਿੱਤੀ । ਇਸ਼ਾਰਾ ਸਾਫ ਸੀ ਕਿ ਸਾਹਿਬ ਦਾ ਮੂਡ ਖਰਾਬ ਹੈ, ਇਸ ਵਾਰ ਗੱਲ ਸਖਤੀ ਨਾਲ ਹੋਵੇਗੀ।
ਗੱਲ ਕੀ ਹੋਈ, ਕਿਵੇਂ ਹੋਈ, ਇਸ ਦਾ ਰਾਜ਼ ਤਾਂ ਬਾਅਦ ’ਚ ਕਦੇ ਖੁੱਲ੍ਹੇਗਾ। ਅਸੀਂ ਤਾਂ ਬਸ ਮੁਲਾਕਾਤ ਤੋਂ ਬਾਅਦ ਜਾਰੀ ਸਾਂਝੇ ਰਸਮੀ ਬਿਆਨ ਅਤੇ ਦੋਵਾਂ ਧਿਰਾਂ ਵਲੋਂ ਦਿੱਤੇ ਬਿਆਨਾਂ ਦੇ ਸ਼ਬਦਾਂ ਦੇ ਅਰਥ ਅਤੇ ਭਾਵ ਅਰਥ ਹੀ ਸਮਝ ਸਕਦੇ ਹਾਂ। ਸ਼ਬਦਾਵਲੀ ਦੇਖੀਏ ਤਾਂ ਸਭ ਕੁਝ ਚੰਗਾ ਸੀ। ਜਿਵੇਂ ਵਿਦੇਸ਼ ਨੀਤੀ ਦੀ ਚਾਸ਼ਨੀ ਨਾਲ ਲਿਪਟੇ ਬਿਆਨਾਂ ’ਚ ਹਮੇਸ਼ਾ ਹੁੰਦਾ ਹੈ। ਭਾਰਤ ਅਤੇ ਅਮਰੀਕਾ ਨੇ ਵਪਾਰ, ਵਿਨਿਵੇਸ਼, ਸੁਰੱਖਿਆ, ਊਰਜਾ, ਤਕਨੀਕ, ਕੌਮਾਂਤਰੀ ਸਹਿਯੋਗ ਅਤੇ ਜਨ ਸਹਿਯੋਗ ਦੇ ਖੇਤਰਾਂ ’ਚ ਆਪਣੇ ਸਬੰਧ ਮਜ਼ਬੂਤ ਕਰਨ ਦਾ ਇਕ ਵਾਰ ਫਿਰ ਸੰਕਲਪ ਲਿਆ। ਦੋਵਾਂ ਦੇਸ਼ਾਂ ਨੇ ਅਗਲੇ ਕੁਝ ਮਹੀਨਿਆਂ ’ਚ ਇਕ ਨਵੇਂ ਵਪਾਰ ਸਮਝੌਤੇ ਦਾ ਐਲਾਨ ਕੀਤਾ ਤਾਂ ਕਿ ਆਪਸੀ ਵਪਾਰ ਦੁੱਗਣੇ ਤੋਂ ਜ਼ਿਆਦਾ ਵਧ ਜਾਵੇ। ਦੋਵਾਂ ਧਿਰਾਂ ਨੇ ਗੈਰ-ਕਾਨੂੰਨੀ ਪ੍ਰਵਾਸ ਨੂੰ ਜੜ੍ਹ ਤੋਂ ਪੁੱਟਣ ਅਤੇ ਕਿਸੇ ਵੀ ਅਪਰਾਧਿਕ ਗਤੀਵਿਧੀ ਨੂੰ ਰੋਕਣ ’ਚ ਸਹਿਯੋਗ ਦਾ ਵਾਅਦਾ ਕੀਤਾ, ਆਦਿ-ਆਦਿ।
ਭਾਵ ਅਰਥ ਦਾ ਖੁਲਾਸਾ ਕਰਨ ’ਤੇ ਇਨ੍ਹਾਂ ਮਿੱਠੇ ਸ਼ਬਦਾਂ ਦੇ ਪਿੱਛੇ ਹੋਈ ਸੌਦੇਬਾਜ਼ੀ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ। ਅਮਰੀਕਾ ਨੇ ਭਾਰਤੀ ਦਰਾਮਦ ’ਤੇ ਭਾਰੀ ਟੈਰਿਫ ਲਗਾਉਣ ਦੀ ਧਮਕੀ ਦਿੱਤੀ। ਭਾਰਤ ਨੇ ਇਸ ਲਈ ਕੁਝ ਸਮਾਂ ਮੰਗਿਆ। ਸੌਦੇਬਾਜ਼ੀ ਤੋਂ ਬਾਅਦ ਤੈਅ ਹੋਇਆ ਕਿ ਭਾਰਤ ਵੱਡੇ ਪੱਧਰ ’ਤੇ ਅਮਰੀਕਾ ਤੋਂ ਹਥਿਆਰ ਅਤੇ ਗੈਸ ਖਰੀਦੇਗਾ। 6 ਮਹੀਨਿਆਂ ’ਚ ਇਕ ਸਮਝੌਤਾ ਹੋਵੇਗਾ। ਇਹ ਵੀ ਸੰਭਵ ਹੈ ਕਿ ਅਮਰੀਕਾ ਇਸ ਸਮਝੌਤੇ ਦੇ ਘੇਰੇ ’ਚ ਖੇਤੀ ਵਸਤਾਂ ਨੂੰ ਲਿਆਉਣ ਦੀ ਕੋਸ਼ਿਸ਼ ਕਰੇਗਾ, ਜਿਸ ਦੀ ਗਾਜ ਭਾਰਤ ਦੇ ਕਿਸਾਨਾਂ ’ਤੇ ਡਿੱਗ ਸਕਦੀ ਹੈ।
ਮਤਲਬ ਸ਼ਰਤ ਅਮਰੀਕਾ ਦੀ ਮੰਨੀ ਗਈ ਪਰ ਭਾਰਤ ਨੂੰ ਕੁਝ ਸਮੇਂ ਦੀ ਮੌਹਲਤ ਮਿਲ ਗਈ। ਬਿਆਨ ’ਚ ਅਮਰੀਕਾ ਵਲੋਂ ਭਾਰਤ ਤੋਂ ਗਏ ਗੈਰ-ਕਾਨੂੰਨੀ ਪ੍ਰਵਾਸੀਆਂ ਨਾਲ ਹੋ ਰਹੇ ਵਤੀਰੇ ਦਾ ਜ਼ਿਕਰ ਤੱਕ ਨਹੀਂ ਹੈ। ਸਾਫ ਹੈ ਕਿ ਭਾਰਤ ਸਰਕਾਰ ਨੇ ਚੁੱਪਚਾਪ ਮੰਨ ਲਿਆ ਹੈ ਕਿ ਅਮਰੀਕਾ 2 ਤੋਂ 5 ਲੱਖ ਦੇ ਵਿਚਾਲੇ ਅਜਿਹੇ ਸਾਰੇ ਲੋਕਾਂ ਨੂੰ ਜਿਵੇਂ ਮਰਜ਼ੀ ਭਾਰਤ ਭੇਜ ਸਕਦਾ ਹੈ। ਅਪਰਾਧਿਕ ਗਤੀਵਿਧੀਆਂ ਨੂੰ ਰੋਕਣ ’ਚ ਸਹਿਯੋਗ ਕਰਨ ਵਾਲੇ ਜੁਮਲੇ ਦਾ ਮਤਲਬ ਇਹ ਹੈ ਕਿ ਅੱਗੇ ਤੋਂ ਭਾਰਤ ਦੀਆਂ ਸੁਰੱਖਿਆ ਏਜੰਸੀਆਂ ਅਮਰੀਕਾ ’ਚ ਦਾਖਲ ਹੋ ਕੇ ਕੋਈ ਫਾਲਤੂ ਹਰਕਤ ਨਹੀਂ ਕਰਨਗੀਆਂ। ਇਸ ਸਵਾਲ ’ਤੇ ਅਸੀਂ ਕੈਨੇਡਾ ਨਾਲ ਭਾਵੇਂ ਹੀ ਪੰਗਾ ਲੈ ਲਈਏ, ਅਮਰੀਕਾ ਦੇ ਸਾਹਮਣੇ ਚੁੱਪਚਾਪ ਬੈਠਾਂਗੇ। ਇੱਥੇ ਵੀ ਅਮਰੀਕਾ ਦੀ ਮੰਨੀ ਗਈ।
ਭਾਵ ਅਰਥ ਤੋਂ ਅੱਗੇ ਜਾ ਕੇ ਲੁਕੇ ਅਰਥ ਲੱਭਣੇ ਹੋਣ ਤਾਂ ਅਧਿਕਾਰਕ ਬਿਆਨਾਂ ਦੀ ਬਜਾਏ ਪ੍ਰੈੱਸ ਕਾਨਫਰੰਸ ਨੂੰ ਦੇਖਣਾ ਚਾਹੀਦਾ। ਅਮਰੀਕਾ ਨੇ ਇਕ ਵਾਰ ਫਿਰ ਭਾਰਤ ਦੇ ਪ੍ਰਧਾਨ ਮੰਤਰੀ ਨੂੰ ਮੀਡੀਆ ਦੇ ਸਾਹਮਣੇ ਪੇਸ਼ ਹੋਣ ’ਤੇ ਮਜਬੂਰ ਕੀਤਾ। ਜਿਸ ਤੋਂ ਉਹ ਆਪਣੇ ਦੇਸ਼ ’ਚ ਪਿਛਲੇ 10 ਸਾਲਾਂ ਤੋਂ ਬਚਦੇ ਰਹੇ ਹਨ। ਪ੍ਰੈੱਸ ਕਾਨਫਰੰਸ ’ਚ ਭਾਰਤ ਤੋਂ ਗਏ ਗੋਦੀ ਪੱਤਰਕਾਰਾਂ ਨੇ ਭਾਵੇਂ ਹੀ ਚਾਪਲੂਸੀ ਕਰ ਕੇ ਭਾਰਤ ਦੇ ਮੀਡੀਆ ਨੂੰ ਬੇਇੱਜ਼ਤ ਕੀਤਾ ਪਰ ਅਮਰੀਕੀ ਪੱਤਰਕਾਰਾਂ ਨੇ ਸਿੱਧਾ ਪੁੱਛਿਆ ਕਿ ਕੀ ਅਡਾਣੀ ਨੂੰ ਅਮਰੀਕਾ ’ਚ ਭ੍ਰਿਸ਼ਟਾਚਾਰ ਦੇ ਮੁਕੱਦਮੇ ਤੋਂ ਬਰੀ ਕਰਨ ’ਤੇ ਕੋਈ ਡੀਲ ਹੋਈ? ਪ੍ਰਧਾਨ ਮੰਤਰੀ ਨੇ ਜਿਵੇਂ-ਕਿਵੇਂ ਗੱਲ ਨੂੰ ਸੰਭਾਲ ਲਿਆ ਪਰ ਦਾਲ ’ਚ ਕੁਝ ਕਾਲਾ ਹੈ। ਇਹ ਸਾਰੀ ਦੁਨੀਆ ਨੂੰ ਨਜ਼ਰ ਆਇਆ।
ਉਧਰ ਟਰੰਪ ਨੇ ਉਹ ਗੱਲ ਕਹਿ ਦਿੱਤੀ ਜਿਸ ਦਾ ਕਿਸੇ ਬਿਆਨ ’ਚ ਕੋਈ ਜ਼ਿਕਰ ਨਹੀਂ ਸੀ। ਉਨ੍ਹਾਂ ਨੇ ਖੁਲਾਸਾ ਕਰ ਦਿੱਤਾ ਕਿ ਭਾਰਤ ਵਲੋਂ ਅਮਰੀਕਾ ਦਾ ਐੱਫ-35 ਲੜਾਕੂ ਜਹਾਜ਼ ਖਰੀਦਿਆ ਜਾਵੇਗਾ। ਮਜ਼ੇ ਦੀ ਗੱਲ ਇਹ ਹੈ ਕਿ ਸਰਕਾਰ ਨੇ ਅਜਿਹੀ ਕਿਸੇ ਖਰੀਦ ਦੀ ਸ਼ੁਰੂਆਤ ਵੀ ਨਹੀਂ ਕੀਤੀ ਹੈ, ਇਹ ਜਹਾਜ਼ ਭਾਰਤੀ ਹਵਾਈ ਫੌਜ ਦੀ ਲੋੜ ਦੇ ਅਨੁਸਾਰ ਨਹੀਂ ਹੈ ਅਤੇ ਖੁਦ ਐਲਨ ਮਸਕ ਇਸ ਜਹਾਜ਼ ਨੂੰ ਰੱਦੀ ਐਲਾਨ ਚੁੱਕੇ ਹਨ।
ਡੋਨਾਲਡ ਟਰੰਪ ਰੀਅਲ ਅਸਟੇਟ ਦਾ ਧੰਦਾ ਕਰਦੇ ਹਨ ਅਤੇ ਹਰ ਮਾਮਲੇ ’ਚ ਡੀਲ ਕਰਨ ਲਈ ਮਸ਼ਹੂਰ ਹਨ। ਤਾਂ ਕੀ ਵਾਸ਼ਿੰਗਟਨ ’ਚ ਇਕ ਗੁਪਤ ਡੀਲ ਹੋ ਗਈ ਹੈ, ਡੀਲ ਅਮਰੀਕਾ ਸਰਕਾਰ ਅਤੇ ਭਾਰਤ ਸਰਕਾਰ ਵਿਚਾਲੇ ਹੋਈ ਹੈ ਜਾਂ ਫਿਰ ਟਰੰਪ ਅਤੇ ਅਡਾਣੀ ਦੇ ਵਿਚਾਲੇ ਜਾਂ ਫਿਰ ਮੋਦੀ ਅਤੇ ਮਸਕ ਦੇ ਵਿਚਾਲੇ, ਫਿਲਹਾਲ ਸਾਡੇ ਕੋਲ ਇਸ ਦਾ ਜਵਾਬ ਨਹੀਂ ਹੈ ਅਤੇ ਜਿਨ੍ਹਾਂ ਕੋਲ ਹੈ ਉਹ ਗਾ ਰਹੇ ਹਨ, ‘ਯੇ ਦੁਨੀਆ ਵਾਲੇ ਪੁਛੇਂਗੇ, ਮੁਲਾਕਾਤ ਹੂਈ, ਕਯਾ ਬਾਤ ਹੂਈ, ਯੇ ਬਾਤ ਕਿਸੀ ਸੇ ਨਾ ਕਹਿਨਾ!’
ਯੋਗੇਂਦਰ ਯਾਦਵ
ਭਿਆਨਕ ਹਾਦਸਾ : ਕੀ ਕਿਸੇ ਨੂੰ ਕਿਸੇ ਦੇ ਜੀਵਨ ਦੀ ਪ੍ਰਵਾਹ ਹੈ?
NEXT STORY