ਰਿਸ਼ਭ ਮਿਸ਼ਰਾ
ਅੱਜ ਦੇ ਡਿਜੀਟਲ ਯੁੱਗ ’ਚ ਦੇਸ਼ ਦੀ ਵਧੇਰੇ ਆਬਾਦੀ ਇੰਟਰਨੈੱਟ ਅਤੇ ਸਮਾਰਟਫੋਨ ਦੀ ਵਰਤੋਂ ਕਰਦੀ ਹੈ। ਲੈਣ-ਦੇਣ ਲਈ ਯੂ. ਪੀ. ਆਈ. ਸਭ ਤੋਂ ਪਸੰਦ ਵਾਲਾ ਤਰੀਕਾ ਬਣ ਚੱੁਕਾ ਹੈ। ਵਧੇਰੇ ਲੋਕ ਆਪਣੀ ਸਹੂਲਤ ਲਈ ਦੋ ਜਾਂ ਇਸ ਤੋਂ ਵੱਧ ਨੰਬਰ ਵੀ ਰੱਖਦੇ ਹਨ ਅਤੇ ਆਪਣੇ ਫੋਨ ’ਚ ਡਿਊਲ ਸਿਮ ਭਾਵ ਦੋ ਸਿਮ ਦੀ ਵਰਤੋਂ ਕਰਦੇ ਹਨ। ਡਿਊਲ ਸਿਮ ਦੇ ਮੌਜੂਦਾ ਦੌਰ ’ਚ ਦੂਜੇ ਨੰਬਰ ਨੂੰ ਰੀਚਾਰਜ ਕਰਵਾਉਣਾ ਲੋਕ ਅਕਸਰ ਭੁੱਲ ਜਾਂਦੇ ਹਨ ਅਤੇ ਇਹੀ ਇਕ ਗਲਤ ਆਦਤ ਸਾਈਬਰ ਲੁਟੇਰਿਆਂ ਲਈ ਕਿਸੇ ਵਰਦਾਨ ਤੋਂ ਘੱਟ ਸਾਬਤ ਨਹੀਂ ਹੁੰਦੀ।
ਇਸ ਛੋਟੀ ਜਿਹੀ ਲਾਪ੍ਰਵਾਹੀ ਕਾਰਨ ਲੋਕ ਆਪਣੀ ਸਾਰੀ ਉਮਰ ਦੀ ਕਮਾਈ ਹੱਥੋਂ ਗਵਾ ਬੈਠਦੇ ਹਨ। ਪਿਛਲੇ ਕੁਝ ਸਮੇਂ ਤੋਂ ਦੇਸ਼ ’ਚ ਕਈ ਮਾਮਲੇ ਸਾਹਮਣੇ ਆਏ ਹਨ ਜਿੱਥੇ ਲੋਕਾਂ ਨੇ ਆਪਣੇ ਦੂਜੀ ਸਿਮ ਨੂੰ ਰੀਚਾਰਜ ਕਰਵਾਉਣਾ ਬੰਦ ਕਰ ਦਿੱਤਾ ਅਤੇ ਬਾਅਦ ’ਚ ਉਹ ਸਿਮ ਕਿਸੇ ਸਾਈਬਰ ਠੱਗ ਦੇ ਹੱਥ ਲੱਗ ਗਿਆ ਅਤੇ ਠੱਗਾਂ ਨੇ ਪੀੜਤ ਵਿਅਕਤੀਆਂ ਦਾ ਪੂਰਾ ਖਾਤਾ ਖਾਲੀ ਕਰ ਦਿੱਤਾ।
ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ’ਚ ਵੀ ਪਿਛਲੇ ਮਹੀਨੇ ਅਜਿਹੇ ਕੁਝ ਮਾਮਲੇ ਸਾਹਮਣੇ ਆਏ ਸਨ ਜਿੱਥੇ ਸਾਈਬਰ ਠੱਗਾਂ ਨੇ ਬੰਦ ਪਏ ਸਿਮ ਕਾਰਡ ਨੂੰ ਦੁਬਾਰਾ ਜਾਰੀ ਕਰਵਾ ਕੇ ਲੱਖਾਂ ਰੁਪਏ ਦੀ ਠੱਗੀ ਨੂੰ ਅੰਜਾਮ ਦਿੱਤਾ। ਲਖਨਊ ਪੁਲਸ ਮੁਤਾਬਕ ਫੜਿਆ ਗਿਆ ਇਕ ਮੁਲਜ਼ਮ ਕੇ. ਵਾਈ. ਸੀ. ਰਾਹੀਂ ਬੰਦ ਪਏ ਸਿਮ ਨੂੰ ਖਰੀਦ ਕੇ ਠੱਗੀ ਨੂੰ ਅੰਜਾਮ ਦੇ ਰਿਹਾ ਸੀ। ਕਈ ਮਾਮਲਿਆਂ ’ਚ ਤਾਂ ਉਨ੍ਹਾਂ ਦੀ ਸਿਮ ਵੇਚਣ ਵਾਲਿਆਂ ਨਾਲ ਗੰਢਤੁੱਪ ਤੱਕ ਹੁੰਦੀ ਹੈ।
ਸਾਈਬਰ ਲੁਟੇਰਿਆਂ ਦੀ ਕੋਸ਼ਿਸ਼ ਹੁੰਦੀ ਹੈ ਕਿ ਉਹ ਪੁਰਾਣੀ ਡਿਜਿਟ ਦੇ ਨੰਬਰ ਹੀ ਖਰੀਦਣ ਕਿਉਂਕਿ ਵਧੇਰੇ ਲੋਕਾਂ ਦਾ ਪੁਰਾਣੇ ਨੰਬਰ ’ਚ ਹੀ ਬੈਂਕ ਖਾਤਾ ਅਤੇ ਈ. ਮੇਲ ਆਈ. ਡੀ. ਨਾਲ ਸਭ ਕੁਝ ਜੁੜਿਆ ਹੁੰਦਾ ਹੈ। ਲਾਪ੍ਰਵਾਹੀ ਜਾਂ ਫਿਰ ਜਾਣਕਾਰੀ ਨਾ ਹੋਣ ਕਾਰਨ ਉਹ ਇਸ ਨੂੰ ਬਦਲਦੇ ਵੀ ਨਹੀਂ ਹਨ। ਇਕ ਵਾਰ ਸਿਮ ਮਿਲਣ ਪਿੱਛੋਂ ਅਪਰਾਧੀ ਉਕਤ ਸਿਮ ’ਚ ਤੁਹਾਡੇ ਪਿਨ, ਯੂ. ਪੀ. ਆਈ., ਪੇਟੀਐੱਮ, ਫੋਨ ਪੇ ਜਾਂ ਫਿਰ ਗੂਗਲ ਪੇ ਵਰਗੇ ਕਿਸੇ ਐਪ ਨੂੰ ਲਾਗਿਨ ਕਰਦੇ ਹਨ।
ਲਾਗਿਨ ਕਰਨ ਪਿੱਛੋਂ ਇਨ੍ਹਾਂ ਨੂੰ ਇਸ ਐਪ ਨਾਲ ਅਟੈਚ ਜਾਂ ਤੁਹਾਡਾ ਜੁੜਿਆ ਹੋਇਆ ਬੈਂਕ ਖਾਤਾ ਨੰਬਰ ਜਾਂ ਫਿਰ ਈ. ਮੇਲ ਆਈ. ਡੀ. ਵੀ ਮਿਲ ਜਾਂਦੀ ਹੈ। ਅਪਰਾਧੀ ਯੂ. ਪੀ. ਆਈ. ਤੋਂ ਪੈਸਾ ਟ੍ਰਾਂਸਫਰ ਨਹੀਂ ਕਰਦੇ ਕਿਉਂਕਿ ਯੂ. ਪੀ. ਆਈ. ਰਾਹੀਂ ਇਕ ਦਿਨ ’ਚ ਵੱਧ ਤੋਂ ਵੱਧ ਇਕ ਲੱਖ ਰੁਪਏ ਤੱਕ ਦਾ ਹੀ ਲੈਣ-ਦੇਣ ਹੋ ਸਕਦਾ ਹੈ। ਤੁਹਾਡੇ ਬੈਂਕ ਖਾਤੇ ਦਾ ਵੇਰਵਾ ਲੈਣ ਪਿੱਛੋਂ ਇਹ ਠੱਗ ਬੈਂਕ ਦੀ ਇੰਟਰਨੈੱਟ ਬੈਂਕਿੰਗ ਵੈੱਬਸਾਈਟ ’ਤੇ ਜਾਂਦੇ ਹਨ। ਉੱਥੇ ਪਹਿਲਾਂ ਫਾਰਗੈੱਟ ਯੂਅਰ ਆਈ. ਡੀ. ਭਾਵ ਤੁਸੀਂ ਆਈ. ਡੀ. ਭੁੱਲ ਗਏ ਹੋ, ਦੇ ਬਦਲ ’ਤੇ ਕਲਿਕ ਕਰਦੇ ਹਨ। ਬੈਂਕ ਦੀ ਵੈੱਬਸਾਈਟ ਉਨ੍ਹਾਂ ਨੂੰ ਅਕਾਊਂਟ ਨੰਬਰ, ਈ. ਮੇਲ ਅਤੇ ਰਜਿਸਟਰਡ ਫੋਨ ਨੰਬਰ ਐਂਟਰ ਕਰਨ ਜਾਂ ਮੁੜ ਪਾਉਣ ਲਈ ਕਹਿੰਦੀ ਹੈ। ਇਸ ਨੂੰ ਐਂਟਰ ਕਰਨ ਪਿੱਛੋਂ ਤੁਹਾਡੇ ਹੀ ਬੰਦ ਪਏ ਸਿਮ ’ਤੇ ਜੋ ਬੈਂਕ ਨਾਲ ਰਜਿਸਟਰਡ ਹੈ ਤੇ ਹੁਣ ਸਾਈਬਰ ਠੱਗ ਦੇ ਕੋਲ ਮੌਜੂਦ ਹੈ, ਉਸ ’ਤੇ ਇਕ ਓ. ਟੀ. ਪੀ. ਆਉਂਦਾ ਹੈ।
ਓ. ਟੀ. ਪੀ. ਨੂੰ ਐਂਟਰ ਕਰਦਿਆਂ ਹੀ ਅਪਰਾਧੀ ਕੋਲ ਇੰਟਰਨੈੱਟ ਬੈਂਕਿੰਗ ਦੀ ਯੂਜ਼ਰ ਆਈ. ਡੀ. ਆ ਜਾਂਦੀ ਹੈ। ਠੀਕ ਇਸੇ ਪ੍ਰਕਿਰਿਆ ਜਾਂ ਪ੍ਰਾਸੈੱਸ ਰਾਹੀਂ ਇਹ ਠੱਗ ਫਾਰਗੈੱਟ ਪਾਸਵਰਡ ਬਦਲ ਦੀ ਵਰਤੋਂ ਕਰਦੇ ਹਨ। ਨਾਲ ਹੀ ਆਪਣਾ ਨਵਾਂ ਪਾਸਵਰਡ ਜਨਰੇਟ ਕਰ ਲੈਂਦੇ ਹਨ। ਇਸ ਤੋਂ ਬਾਅਦ ਇਹ ਸਾਈਬਰ ਲੁਟੇਰੇ ਇੰਟਰਨੈੱਟ ਬੈਂਕਿੰਗ ਰਾਹੀਂ ਤੁਹਾਡੇ ਅਕਾਊਂਟ ਨੂੰ ਖੋਲ੍ਹਦੇ ਹਨ। ਫਿਰ ਪੂਰਾ ਅਕਾਊਂਟ ਸਾਫ ਹੋ ਜਾਂਦਾ ਹੈ। ਇੱਥੇ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਤੁਹਾਨੂੰ ਪਤਾ ਵੀ ਨਹੀਂ ਲੱਗਦਾ ਕਿਉਂਕਿ ਤੁਸੀਂ ਆਪਣਾ ਉਹ ਨੰਬਰ ਪਹਿਲਾਂ ਹੀ ਬੰਦ ਕਰ ਚੁੱਕੇ ਹੁੰਦੇ ਹੋ। ਤੁਹਾਡੇ ਕੋਲ ਬੈਂਕ ’ਚ ਹੋਏ ਲੈਣ-ਦੇਣ ਨਾਲ ਸਬੰਧਤ ਕੋਈ ਐੱਸ. ਐੱਮ. ਐੱਸ. ਆਉਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ।
ਅਸਲ ’ਚ ਸਾਈਬਰ ਲੁਟੇਰੇ ਟ੍ਰਾਈ ਭਾਵ ਟੈਲੀਕਾਮ ਰੈਗੂਲੇਟਰੀ ਅਥਾਰਿਟੀ ਆਫ ਇੰਡੀਆ ਦੇ ਨਵੇਂ ਨਿਯਮਾਂ ਦਾ ਲਾਭ ਉਠਾ ਰਹੇ ਹਨ। ਪਿਛਲੇ ਸਾਲ 2022 ’ਚ ਟ੍ਰਾਈ ਨੇ ਨਵੀਆਂ ਗਾਈਡਲਾਈਨਜ਼ ਜਾਰੀ ਕੀਤੀਆਂ ਸਨ। ਉਸ ਮੁਤਾਬਕ ਜੋ ਟੈਲੀਕਾਮ ਕੰਪਨੀਆਂ ਸਿਮ ਖਰੀਦਣ ’ਤੇ ਲਾਈਫ ਟਾਈਮ ਵੈਲੀਡਿਟੀ ਦੇ ਰਹੀਆਂ ਸਨ, ਨੂੰ ਬੰਦ ਕਰ ਦਿੱਤਾ ਗਿਆ ਹੈ। ਹੁਣ ਨਵੇਂ ਨਿਯਮਾਂ ਮੁਤਾਬਕ ਜੇ ਯੂਜ਼ਰ ਨੂੰ ਆਪਣਾ ਨੰਬਰ ਚਾਲੂ ਰੱਖਣਾ ਹੈ ਤਾਂ ਉਸ ਨੂੰ ਹਰ ਮਹੀਨੇ ਆਪਣਾ ਸਿਮ ਰੀਚਾਰਜ ਕਰਵਾਉਣਾ ਹੋਵੇਗਾ ਜਾਂ ਫਿਰ 3 ਮਹੀਨੇ ਜਾਂ 6 ਮਹੀਨੇ ਦਾ ਪੈਕੇਜ ਲੈਣਾ ਹੋਵੇਗਾ।
ਜੇ ਉਹ ਅਜਿਹਾ ਨਹੀਂ ਕਰਦੇ ਤਾਂ 3 ਮਹੀਨਿਆਂ ਬਾਅਦ ਨੰਬਰ ਆਪਣੇ ਆਪ ਬੰਦ ਹੋ ਜਾਵੇਗਾ। ਫਿਰ ਟੈਲੀਕਾਮ ਕੰਪਨੀ ਉਸੇ ਨੰਬਰ ਵਾਲਾ ਸਿਮ ਕਿਸੇ ਹੋਰ ਵਿਅਕਤੀ ਨੂੰ ਜਾਰੀ ਕਰ ਦੇਵੇਗੀ। ਟ੍ਰਾਈ ਦਾ ਇਹ ਨਿਯਮ ਸਾਈਬਰ ਠੱਗਾਂ ਲਈ ਪੈਸਾ ਲੁੱਟਣ ਦਾ ਇਕ ਨਵਾਂ ਅੱਡਾ ਬਣ ਗਿਆ ਹੈ। ਇਸ ਤਰੀਕੇ ਦੀ ਵਰਤੋਂ ਕਰ ਕੇ ਸਾਈਬਰ ਠੱਗਾਂ ਨੇ ਦਿੱਲੀ ਦੇ ਇਕ ਵਪਾਰੀ ਦੇ ਬੈਂਕ ਖਾਤੇ ’ਚੋਂ ਇਕ-ਦੋ ਨਹੀਂ, 75 ਲੱਖ ਰੁਪਏ ਉਡਾ ਲਏ। 5 ਮਹੀਨੇ ਬੀਤ ਜਾਣ ਤੋਂ ਬਾਅਦ ਵੀ ਉਨ੍ਹਾਂ ਨੂੰ ਇਕ ਰੁਪਏ ਤੱਕ ਵਾਪਸ ਨਹੀਂ ਹੋਇਆ।
ਅਸਲ ’ਚ ਵਧੇਰੇ ਲੋਕ ਆਪਣਾ ਓ. ਟੀ. ਪੀ. ਦੂਜਿਆਂ ਨਾਲ ਸ਼ੇਅਰ ਕਰਨ ਦੀ ਗਲਤੀ ਕਰ ਬੈਠਦੇ ਹਨ ਜਾਂ ਕੋਈ ਗੈਰ-ਅਧਿਕਾਰਤ ਲੈਣ-ਦੇਣ ਕਰ ਲੈਂਦੇ ਹਨ। ਜਦੋਂ ਅਜਿਹੇ ਕਿਸੇ ਕੇਸ ਦੀ ਆਰ. ਬੀ. ਆਈ. ਵੱਲੋਂ ਜਾਂਚ ਕੀਤੀ ਜਾਂਦੀ ਹੈ ਅਤੇ ਜੇ ਉਸ ਨੂੰ ਲੱਗਦਾ ਹੈ ਕਿ ਗਲਤ ਲੈਣ-ਦੇਣ ਸਬੰਧਤ ਵਿਅਕਤੀ ਦੀ ਗਲਤੀ ਕਾਰਨ ਹੋਇਆ ਹੈ ਤਾਂ ਅਜਿਹੇ ਕੇਸ ’ਚ ਆਰ. ਬੀ. ਆਈ. ਕਲੇਮ ਨੂੰ ਰੱਦ ਕਰ ਦਿੰਦੀ ਹੈ।
ਸਾਈਬਰ ਮਾਹਿਰ ਦੱਸਦੇ ਹਨ ਕਿ ਅੱਜ ਤੁਹਾਡਾ ਸਿਮ ਅਤੇ ਫੋਨ ਵੀ ਤੁਹਾਡੀ ਕਿਸੇ ਜਾਇਦਾਦ ਤੋਂ ਘੱਟ ਨਹੀਂ ਹੈ। ਇਸ ਗੱਲ ਦਾ ਧਿਆਨ ਰੱਖਣਾ ਬੜਾ ਹੀ ਜ਼ਰੂਰੀ ਹੈ। ਜੇ ਤੁਸੀਂ ਨਹੀਂ ਚਾਹੁੰਦੇ ਕਿ ਕੋਈ ਸਾਈਬਰ ਅਪਰਾਧੀ ਤੁਹਾਡਾ ਬੈਂਕ ਖਾਤਾ ਸਿਰਫ ਇਸ ਕਾਰਨ ਖਾਲੀ ਕਰ ਦੇਵੇ ਕਿ ਤੁਸੀਂ ਆਪਣੇ ਦੂਜੇ ਸਿਮ ਨੂੰ ਰੀਚਾਰਜ ਕਰਵਾਉਣਾ ਭੁੱਲ ਗਏ ਹੋ ਤਾਂ ਹੁਣ ਤੁਹਾਨੂੰ ਚੌਕਸ ਹੋ ਜਾਣਾ ਚਾਹੀਦਾ ਹੈ। ਹਰ ਮਹੀਨੇ ਆਪਣੇ ਸਿਮ ਕਾਰਡ ਦੀ ਵੈਲੀਡਿਟੀ ਭਾਵ ਉਸ ਦੀ ਸਮਾਂ-ਹੱਦ ਦੀ ਜਾਂਚ ਕਰਦੇ ਰਹਿਣਾ ਚਾਹੀਦਾ ਹੈ।
ਅਸਲ ’ਚ ਦੇਸ਼ ’ਚ ਡਿਜੀਟਲ ਕ੍ਰਾਂਤੀ ਨਾਲ ਸਾਈਬਰ ਲੁਟੇਰਿਆਂ ਦਾ ਵੀ ਗੋਲਡਨ ਪੀਰੀਅਡ ਸ਼ੁਰੂ ਹੋ ਚੁੱਕਾ ਹੈ। ਇਨ੍ਹਾਂ ਲੁਟੇਰਿਆਂ ਦੀ ਬਾਜ ਵਰਗੀ ਅੱਖ ਹਰ ਸਮੇਂ ਤੁਹਾਡੀ ਖੂਨ-ਪਸੀਨੇ ਦੀ ਕਮਾਈ ’ਤੇ ਰਹਿੰਦੀ ਹੈ। ਟ੍ਰਾਈ ਦੀ ਨਵੀਂ ਗਾਈਡਲਾਈਨ ਨੇ ਸਾਈਬਰ ਠੱਗਾਂ ਨੂੰ ਇਕ ਨਵਾਂ ਮੌਕਾ ਦੇ ਦਿੱਤਾ ਹੈ ਕਿਉਂਕਿ ਹੁਣ ਲੁਟੇਰਿਆਂ ਦੀ ਨਜ਼ਰ ਤੁਹਾਡੇ ਦੂਜੇ ਸਿਮ ’ਤੇ ਹੈ। ਅਜਿਹੇ ਸਿਮ ’ਤੇ ਜੋ ਰੀਚਾਰਜ ਨਾ ਕਰਵਾਏ ਜਾਣ ਕਾਰਨ ਬੰਦ ਹੋ ਚੁੱਕਾ ਹੈ।
ਲੁਟੇਰੇ ਅਜਿਹੀ ਸਿਮ ਨੂੰ ਆਪਣੇ ਨਾਂ ’ਤੇ ਜਾਰੀ ਕਰਵਾ ਲੈਂਦੇ ਹਨ। ਫਿਰ ਉਸ ਸਿਮ ਨਾਲ ਅਟੈਚ ਤੁਹਾਡੇ ਬੈਂਕ ਖਾਤਿਆਂ ’ਚ ਘੁਸਪੈਠ ਕਰਨ ਦਾ ਸਿਲਸਿਲਾ ਸ਼ੁਰੂ ਕਰ ਦਿੰਦੇ ਹਨ। ਹੈਰਾਨੀ ਵਾਲੀ ਗੱਲ ਇਹ ਹੈ ਕਿ ਸਿਮ ਬੰਦ ਹੋਣ ਕਾਰਨ ਪੀੜਤ ਵਿਅਕਤੀ ਨੂੰ ਵੀ ਆਪਣੇ ਨਾਲ ਹੋਈ ਠੱਗੀ ਦਾ ਪਤਾ ਨਹੀਂ ਲੱਗਦਾ। ਜਦੋਂ ਪਤਾ ਲੱਗਦਾ ਹੈ ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਹੁੰਦੀ ਹੈ।
ਪੰਜਾਬ 'ਚ 1916 ਵਿੱਚ ਇਸ ਵਿਅਕਤੀ ਨੂੰ ਜਾਰੀ ਹੋਇਆ ਪਹਿਲਾ ਬਿਜਲੀ ਕੁਨੈਕਸ਼ਨ, ਵਿਭਾਗ ਨੇ ਮੰਗੇ ਸਨ 55 ਰੁਪਏ
NEXT STORY