ਵਿਪਿਨ ਪੱਬੀ
ਭਾਰਤ ਦੀ ਸਭ ਤੋਂ ਪੁਰਾਣੀ ਵੱਡੀ ਪਾਰਟੀ ਕਾਂਗਰਸ ਆਪਣੇ ਹੁਣ ਤਕ ਦੇ ਵੱਡੇ ਸੰਕਟ ’ਚੋਂ ਲੰਘ ਰਹੀ ਹੈ। ਹਾਲੀਆ ਲੋਕ ਸਭਾ ਚੋਣਾਂ ’ਚ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਰਤੀ ਜਨਤਾ ਪਾਰਟੀ ਹੱਥੋਂ ਪਾਰਟੀ ਦੀ ਸ਼ਰਮਨਾਕ ਹਾਰ ਨੇ ਇਸ ਦਾ ਮਨੋਬਲ ਹੋਰ ਵੀ ਡੇਗ ਦਿੱਤਾ ਹੈ। ਇਸ ਹਾਰ ਦਾ ਇਕੋ-ਇਕ ਚੰਗਾ ਨਤੀਜਾ ਰਾਹੁਲ ਗਾਂਧੀ ਦਾ ਪਾਰਟੀ ਦੇ ਪ੍ਰਧਾਨਗੀ ਅਹੁਦੇ ਤੋਂ ਅਸਤੀਫਾ ਦੇਣਾ ਹੈ। ਹਾਲੀਆ ਅਤੀਤ ’ਚ ਉਨ੍ਹਾਂ ਵਲੋਂ ਚੁੱਕਿਆ ਗਿਆ ਇਹ ਇਕੋ-ਇਕ ਚੰਗਾ ਕਦਮ ਹੈ ਅਤੇ ਹੁਣ ਤਕ ਉਹ ਇਸ ਨੂੰ ਵਾਪਸ ਨਾ ਲੈਣ ’ਤੇ ਅੜੇ ਹੋਏ ਸਨ। ਇਹ ਵੀ ਚੰਗਾ ਹੈ ਕਿ ਹਾਰ ਦਾ ਦੋਸ਼ ਉਨ੍ਹਾਂ ਨੇ ਆਪਣੇ ਸਿਰ ਲਿਆ ਹੈ, ਜਿਥੇ ਭਾਜਪਾ ਦੀ ਜਿੱਤ ਲਈ ਹੋਰ ਕਈ ਕਾਰਣ ਹਨ, ਕਾਂਗਰਸ ਵਿਰੁੱਧ ਜੋ ਇਕਲੌਤਾ ਕਾਰਕ ਗਿਆ ਉਹ ਸੀ ਇਸ ਦਾ ਪ੍ਰਧਾਨ ਕਿਉਂਕਿ ਉਹ ਮੋਦੀ ਦੇ ਮੁਕਾਬਲੇ ’ਚ ਕਿਤੇ ਖੜ੍ਹਾ ਨਹੀਂ ਹੋ ਸਕਦਾ ਸੀ। ਇਸ ਦਾ ਕੋਈ ਭਰੋਸੇਯੋਗ ਬਦਲ ਨਹੀਂ ਸੀ। ਨਿਸ਼ਚਿਤ ਤੌਰ ’ਤੇ ਰਾਹੁਲ ਗਾਂਧੀ 15 ਸਾਲ ਤੋਂ ਵੱਧ ਸਮੇਂ ਤੋਂ ਸਰਗਰਮ ਸਿਆਸਤ ’ਚ ਹਨ ਪਰ ਉਨ੍ਹਾਂ ਨੇ ਸਿੱਖਣ ਜਾਂ ਵਿਕਸਿਤ ਹੋਣ ਤੋਂ ਇਨਕਾਰ ਕਰ ਦਿੱਤਾ। ਇਹ ਇਸ ਦੇ ਬਾਵਜੂਦ ਹੈ ਕਿ ਮਾਰਗਦਰਸ਼ਨ ਅਤੇ ਨਿਰਦੇਸ਼ਨ ਲਈ ਉਨ੍ਹਾਂ ਕੋਲ ਬਿਹਤਰੀਨ ਹੁਨਰ ਮੁਹੱਈਆ ਸੀ। ਪ੍ਰਤੱਖ ਤੌਰ ’ਤੇ ਉਨ੍ਹਾਂ ’ਚ ਬਿਹਤਰ ਅਤੇ ਸਮਝਦਾਰ ਲੋਕਾਂ ਨੂੰ ਚੁਣਨ ਦੀ ਵੀ ਸਮਝ ਨਹੀਂ ਸੀ। ਉਨ੍ਹਾਂ ਨੇ ਅਜਿਹੇ ਲੋਕਾਂ ਨੂੰ ਆਪਣਾ ਮਾਰਗਦਰਸ਼ਨ ਕਰਨ ਦੀ ਇਜਾਜ਼ਤ ਦਿੱਤੀ, ਜਿਨ੍ਹਾਂ ਦੀ ਸਮਰੱਥਾ ’ਤੇ ਵੀ ਸਵਾਲ ਸਨ। ਹੋ ਸਕਦਾ ਹੈ ਕਿ ਸਾਲਾਂ ਦੌਰਾਨ ਭਾਸ਼ਣ ਦੇਣ ਦੀ ਉਨ੍ਹਾਂ ਦੀ ਸਮਰੱਥਾ ’ਚ ਕੁਝ ਸੁਧਾਰ ਹੋਇਆ ਹੋਵੇ ਪਰ ਵਿਸ਼ਾ-ਵਸਤੂ ਓਨਾ ਹੀ ਘਟੀਆ ਰਿਹਾ, ਜਿੰਨਾ ਹਮੇਸ਼ਾ ਸੀ।
ਗੈਰ-ਪ੍ਰਪੱਕ ਕਦਮ ਅਤੇ ਕਾਰਵਾਈਆਂ
ਅਤੀਤ ’ਚ ਉਨ੍ਹਾਂ ਦੀਆਂ ਕਈ ਕਾਰਵਾਈਆਂ ਅਤੇ ਉਨ੍ਹਾਂ ਵਲੋਂ ਚੁੱਕੇ ਗਏ ਕਦਮ ਘੱਟੋ-ਘੱਟ ਗੈਰ-ਪ੍ਰਪੱਕ ਤਾਂ ਕਹੇ ਹੀ ਜਾ ਸਕਦੇ ਹਨ। ਉਨ੍ਹਾਂ ਦੀ ਜੋ ਸਖਤ ਦਿੱਖ ਉੱਭਰ ਕੇ ਸਾਹਮਣੇ ਆਉਂਦੀ ਹੈ, ਉਸ ’ਚ ਨਾਟਕੀ ਤੌਰ ’ਤੇ ਇਕ ਪ੍ਰੈੱਸ ਕਾਨਫਰੰਸ ’ਚ ਆ ਕੇ ਮਨਮੋਹਨ ਸਿੰਘ ਦੀ ਅਗਵਾਈ ਵਾਲੀ ਆਪਣੀ ਹੀ ਪਾਰਟੀ ਦੀ ਸਰਕਾਰ ਵਲੋਂ ਪਾਸ ਇਕ ਕਾਨੂੰਨ ਦੀਆਂ ਕਾਪੀਆਂ ਫਾੜਨਾ ਸ਼ਾਮਲ ਹੈ। ਇਸ ਤੋਂ ਇਲਾਵਾ ਇਹ ਕਾਨੂੰਨ ਉਨ੍ਹਾਂ ਦੀ ਆਪਣੀ ਹੀ ਪਾਰਟੀ ਵਲੋਂ ਸੰਚਾਲਿਤ ਸਰਕਾਰ ਵਲੋਂ ਪਾਸ ਕੀਤਾ ਗਿਆ ਸੀ, ਮਨਮੋਹਨ ਸਿੰਘ ਵਰਗੇ ਸਨਮਾਨਿਤ ਨੇਤਾ ਨੂੰ ਜਨਤਕ ਤੌਰ ’ਤੇ ਸ਼ਰਮਿੰਦਾ ਕਰਨਾ ਕਿਸੇ ਅਤਿਅੰਤ ਗੈਰ-ਪ੍ਰਪੱਕ ਵਿਅਕਤੀ ਦਾ ਹੀ ਕੰਮ ਹੋ ਸਕਦਾ ਹੈ। ਜੇਕਰ ਕਾਨੂੰਨ ਦੀਆਂ ਧਾਰਾਵਾਂ ਤੋਂ ਉਹ ਇੰਨੇ ਹੀ ਖਫਾ ਸਨ ਤਾਂ ਪ੍ਰਧਾਨ ਮੰਤਰੀ ਦੇ ਨਾਲ ਨਿੱਜੀ ਤੌਰ ’ਤੇ ਮਾਮਲਾ ਉਠਾ ਸਕਦੇ ਸਨ। ਹੁਣ ਹਾਲੀਆ ਲੋਕ ਸਭਾ ਚੋਣਾਂ ’ਤੇ ਆਉਂਦੇ ਹਾਂ। ਜਿਸ ਕਿਸੇ ਨੇ ਵੀ ਉਨ੍ਹਾਂ ਨੂੰ ਮੋਦੀ ਵਿਰੁੱਧ ‘ਚੌਕੀਦਾਰ ਚੋਰ ਹੈ’ ਮੁਹਿੰਮ ਚਲਾਉਣ ਲਈ ਕਿਹਾ, ਉਸ ਨੇ ਸਭ ਤੋਂ ਵੱਧ ਮੂਰਖਤਾ ਭਰੀ ਸਲਾਹ ਦਿੱਤੀ ਹੋਵੇਗੀ। ਸਮੱਸਿਆ ਇਹ ਹੈ ਕਿ ਉਨ੍ਹਾਂ ਨੇ ਸਲਾਹ ਲਈ ਅਤੇ ਇਸੇ ਨੂੰ ਇਕ ਚੋਣ ਮੁੱਦਾ ਬਣਾਉਣ ਦਾ ਯਤਨ ਕੀਤਾ। ਕਿਸੇ ਦੇ ਮੋਦੀ ਜਾਂ ਭਾਜਪਾ ਜਾਂ ਸਰਕਾਰ ਨਾਲ ਕੋਈ ਵੀ ਮਤਭੇਦ ਹੋਣ, ਬਹੁਤ ਘੱਟ ਲੋਕ ਅਜਿਹੇ ਹੋਣਗੇ, ਜੋ ਉਨ੍ਹਾਂ ਦੀ ਨਿੱਜੀ ਨਿਸ਼ਠਾ ’ਤੇ ਉਂਗਲੀ ਉਠਾਉਣਗੇ। ਇਕੋ-ਇਕ ਦੋਸ਼, ਜੋ ਰਾਹੁਲ ਗਾਂਧੀ ਉਨ੍ਹਾਂ ’ਤੇ ਲਾ ਸਕੇ, ਉਹ ਸੀ ਰਾਫੇਲ ਸੌਦਾ। ਸੌਦੇ ’ਚ ਕੋਈ ਭਾਈ-ਭਤੀਜਾਵਾਦ ਜਾਂ ਪੱਖਪਾਤ ਹੋ ਸਕਦਾ ਹੈ ਪਰ ਕੋਈ ਵੀ ਧਨ ਦੇ ਲੈਣ-ਦੇਣ ਬਾਰੇ ਉਂਗਲੀ ਉਠਾਉਣ ’ਚ ਸਫਲ ਨਹੀਂ ਸੀ, ਜਿਵੇਂ ਕਿ ਅਗਸਤਾ ਵੈਸਟਲੈਂਡ ਮਾਮਲੇ ’ਚ ਸੀ।
ਚੌਕੀਦਾਰ ਚੋਰ ਹੈ ਦਾ ਨਾਅਰਾ
ਨਿੱਜੀ ਵਿੱਤੀ ਈਮਾਨਦਾਰੀ ਅਤੇ ਇਹ ਤੱਥ ਕਿ ਮੋਦੀ ਸਰਕਾਰ ’ਚ ਕਿਸੇ ਵੀ ਮੰਤਰੀ ’ਤੇ ਭ੍ਰਿਸ਼ਟਾਚਾਰ ਦਾ ਕੋਈ ਦੋਸ਼ ਨਹੀਂ ਹੈ, ਹਾਲੀਆ ਚੋਣਾਂ ’ਚ ਮੋਦੀ ਦੀ ਅਗਵਾਈ ਵਾਲੇ ਭਾਜਪਾ ਦੇ ਪੱਖ ’ਚ ਸਭ ਤੋਂ ਮਜ਼ਬੂਤ ਕਾਰਕ ਸਨ ਅਤੇ ਰਾਹੁਲ ਨੇ ਉਨ੍ਹਾਂ ’ਤੇ ਹਮਲਾ ਕਰਨ ਲਈ ਮਹਿੰਗਾਈ ਅਤੇ ਵਧਦੀ ਬੇਰੋਜ਼ਗਾਰੀ ਵਰਗੇ ਕਮਜ਼ੋਰ ਮੁੱਦਿਆਂ ਨੂੰ ਚੁਣਿਆ। ਇਸ ਨਾਲ ਮੋਦੀ ’ਤੇ ਨਿੱਜੀ ਹਮਲੇ ਦੀ ਬਜਾਏ ਉਨ੍ਹਾਂ ਨੂੰ ਜ਼ਿਆਦਾ ਜਨ-ਸਮਰਥਨ ਯਕੀਨੀ ਹੋਇਆ, ਅਜਿਹਾ ਹੋ ਸਕਦਾ ਹੈ। ‘ਚੌਕੀਦਾਰ ਚੋਰ ਹੈ’ ਦਾ ਨਾਅਰਾ ਲੋਕਾਂ ਨੂੰ ਇਹ ਪ੍ਰਭਾਵਿਤ ਕਰਨ ’ਚ ਅਸਫਲ ਰਿਹਾ ਕਿ ਮੋਦੀ ਜਾਂ ਉਨ੍ਹਾਂ ਦੀ ਸਰਕਾਰ ਨਿੱਜੀ ਤੌਰ ’ਤੇ ਭ੍ਰਿਸ਼ਟ ਹੈ। ਇਸ ਤੋਂ ਵੀ ਵਧ ਕੇ ਤ੍ਰਾਸਦੀ ਦੇਖੋ ਕਿ ਨਾਅਰਾ ਇਕ ਅਜਿਹੀ ਪਾਰਟੀ ਵਲੋਂ ਆਉਂਦਾ ਹੈ, ਜਿਸ ’ਤੇ ਬੋਫਰਜ਼, ਅਗਸਤਾ ਵੈਸਟਲੈਂਡ, 2ਜੀ ਸਪੈਕਟ੍ਰਮ, ਕਾਮਨਵੈਲਥ ਖੇਡਾਂ ਅਤੇ ਹੋਰ ਕਈ ਘਪਲਿਆਂ ਸਮੇਤ ਭ੍ਰਿਸ਼ਟਾਚਾਰ ਦੇ ਸਭ ਤੋਂ ਵੱਧ ਦੋਸ਼ ਹਨ। ਇਥੋਂ ਤਕ ਕਿ ਅਜਿਹਾ ਲੱਗਦਾ ਸੀ ਕਿ ਖੁਦ ਰਾਹੁਲ ਨਾਅਰੇ ਤੋਂ ਪ੍ਰਭਾਵਿਤ ਨਹੀਂ ਸਨ ਕਿਉਂਕਿ ਉਨ੍ਹਾਂ ਦੀਆਂ ਸਾਰੀਆਂ ਰੈਲੀਆਂ ’ਚ ਭਾਸ਼ਣ ਦੌਰਾਨ ਅਜਿਹਾ ਲੱਗਦਾ ਸੀ, ਜਿਵੇਂ ਰਿਹਰਸਲ ਕਰ ਕੇ ਅਤੇ ਵਧਾ-ਚੜ੍ਹਾਅ ਕੇ ਬੋਲ ਰਹੇ ਹਨ। ਇਸੇ ਲਈ ਸ਼ਾਇਦ ਰਾਹੁਲ ਨੇ ਆਪਣੇ ਅਸਤੀਫੇ ’ਚ ਇਹ ਦੋਸ਼ ਲਾਇਆ ਹੈ ਕਿ ਉਨ੍ਹਾਂ ਨੂੰ ਆਪਣੇ ਸੀਨੀਅਰ ਨੇਤਾਵਾਂ ਤੋਂ ਵੀ ਸਮਰਥਨ ਨਹੀਂ ਮਿਲਿਆ। ਦਰਅਸਲ, ਸਮਰਥਨ ਦੀ ਘਾਟ ’ਚ ਉਨ੍ਹਾਂ ਨੂੰ ਇਹ ਸੰਕੇਤ ਮਿਲ ਜਾਣਾ ਚਾਹੀਦਾ ਸੀ ਕਿ ਉਹ ਗਲਤ ਦਰੱਖਤ ’ਤੇ ਪੰਜੇ ਚਲਾ ਰਹੇ ਹਨ। ਪਾਰਟੀ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇ ਕੇ ਉਨ੍ਹਾਂ ਨੇ ਸ਼ਾਇਦ ਪਾਰਟੀ ਨੂੰ ਬਿਹਤਰੀਨ ਤੋਹਫਾ ਦਿੱਤਾ ਹੈ। ਹੁਣ ਇਹ ਸੀਨੀਅਰ ਸਮੇਤ ਹੋਰਨਾਂ ਨੇਤਾਵਾਂ ’ਤੇ ਨਿਰਭਰ ਕਰਦਾ ਹੈ ਕਿ ਉਹ ਇਸ ਦਾ ਕਿਵੇਂ ਲਾਭ ਉਠਾਉਂਦੇ ਹਨ? ਉਨ੍ਹਾਂ ’ਚੋਂ ਕੁਝ ਜਿਸ ਤਰ੍ਹਾਂ ਉਨ੍ਹਾਂ ਦੇ ਅੱਗੇ ਗਿੜਗਿੜਾ ਰਹੇ ਹਨ, ਸ਼ਰਮਨਾਕ ਹੈ ਅਤੇ ਉਨ੍ਹਾਂ ਦੇ ਦੀਵਾਲੀਏਪਣ ਨੂੰ ਦਰਸਾਉਂਦਾ ਹੈ। ਪਾਰਟੀ ’ਚ ਪ੍ਰਤਿਭਾ ਦੀ ਕੋਈ ਘਾਟ ਨਹੀਂ ਹੈ। ਸਿਰਫ ਇਸ ਦੀ ਪਛਾਣ ਕਰਨ ਦੀ ਲੋੜ ਹੈ।
ਪਾਰਟੀ ਨੇਤਾਵਾਂ ਅਤੇ ਸਮਰਥਕਾਂ ਦੀ ਮਾਨਸਿਕਤਾ
ਪਾਰਟੀ ਨੇਤਾਵਾਂ ਅਤੇ ਸਮਰਥਕਾਂ ਦੀ ਮਾਨਸਿਕਤਾ ਨੂੰ ਦੇਖਦੇ ਹੋਏ ਉਨ੍ਹਾਂ ਲਈ ਗਾਂਧੀਆਂ ਨੂੰ ਪਾਰਟੀ ਤੋਂ ਦੂਰ ਰੱਖਣਾ ਅਸਲ ’ਚ ਮੁਸ਼ਕਿਲ ਹੋਵੇਗਾ ਪਰ ਉਨ੍ਹਾਂ ਲਈ ਬਹੁਤ ਹੀ ਚੰਗਾ ਹੋਵੇਗਾ, ਜੇਕਰ ਲੀਹੋਂ ਲੱਥ ਚੁੱਕੀ ਪਾਰਟੀ ਨੂੰ ਵਾਪਸ ਲੀਹ ’ਤੇ ਲਿਆਉਣ ਦੀ ਇਜਾਜ਼ਤ ਹੋਰਨਾਂ ਪ੍ਰਤਿਭਾਸ਼ਾਲੀ ਨੇਤਾਵਾਂ ਨੂੰ ਦਿੱਤੀ ਜਾਵੇ। ਇਸ ਦੌਰਾਨ ਉਹ ਸਿਰਫ ਇੰਨੀ ਆਸ ਕਰ ਸਕਦੇ ਹਨ ਕਿ ਰਾਹੁਲ ਗਾਂਧੀ ਆਪਣੇ ਲਈ ਕੁਝ ਚੰਗੇ ਸਲਾਹਕਾਰ ਹਾਸਲ ਕਰ ਸਕਣ, ਜਿਨ੍ਹਾਂ ’ਚ ਸਾਰੀਆਂ ਮਜਬੂਰੀਆਂ ਅਤੇ ਬਿਨਾਂ ਦੇਰੀ ਦੇ ਲੰਬੇ ਸਮੇਂ ’ਚ ਉਨ੍ਹਾਂ ਨੂੰ ਸੰਵਾਰਨ ਦੀ ਸਮਰੱਥਾ ਹੋਵੇ।
vipinpubby@gmail.com
ਨਨਕਾਣਾ ਸਾਹਿਬ ਤਕ ਦੇ ਨਗਰ ਕੀਰਤਨ ’ਤੇ ਸਿਆਸੀ ਪਰਛਾਵਾਂ?
NEXT STORY