ਵਿਨੀਤ ਨਾਰਾਇਣ
ਉੱਤਰ ਪ੍ਰਦੇਸ਼ ਦੀਆਂ ਚੋਣਾਂ ਕਿਵੇਂ ਜਿੱਤੀਆਂ ਜਾਣ ਇਸ ’ਤੇ ਡੂੰਘੇ ਚਿੰਤਨ ਲਈ ਰਾਸ਼ਟਰੀ ਸਵੈਮਸੇਵਕ ਸੰਘ ਦੇ ਸਾਰੇ ਅਧਿਕਾਰੀਆਂ ਅਤੇ ਪ੍ਰਚਾਰਕਾਂ ਦਾ ਇਕ ਸੰਮੇਲਨ ਚਿਤਰਕੂਟ ’ਚ ਹੋਇਆ। ਅਜਿਹੇ ਕੈਂਪ ’ਚ ਕੋਈ ਵੀ ਗੱਲਬਾਤ ਜਾਂ ਲਏ ਗਏ ਫੈਸਲੇ ਇੰਨੇ ਖੁਫੀਆ ਰੱਖੇ ਜਾਂਦੇ ਹਨ ਕਿ ਉਹ ਕਦੀ ਬਾਹਰ ਨਹੀਂ ਆਉਂਦੇ। ਮੀਡੀਆ ’ਚ ਜੋ ਖਬਰਾਂ ਛਪਦੀਆਂ ਹਨ ਉਹ ਸਿਰਫ ਅੰਦਾਜ਼ੇ ’ਤੇ ਆਧਾਰਿਤ ਹੁੰਦੀਆਂ ਹਨ ਕਿਉਂਕਿ ਸੰਘ ਦੇ ਪ੍ਰਚਾਰਕ ਕਦੀ ਅਸਲੀ ਗੱਲ ਬਾਹਰ ਕਿਸੇ ਨਾਲ ਸਾਂਝੀ ਨਹੀਂ ਕਰਦੇ। ਇਸ ਲਈ ਕਿਆਸਅਰਾਈਆਂ ਲਾਉਣ ਦੀ ਬਜਾਏ ਅਸੀਂ ਆਪਣੀ ਸਾਧਾਰਨ ਬੁੱਧੀ ਨਾਲ ਇਸ ਮਹੱਤਵਪੂਰਨ ਕੈਂਪ ਦੇ ਮਕਸਦ, ਗੱਲਬਾਤ ਦੇ ਵਿਸ਼ੇ ਅਤੇ ਰਣਨੀਤੀ ’ਤੇ ਆਪਣੇ ਵਿਚਾਰ ਤਾਂ ਸਮਾਜ ਦੇ ਸਾਹਮਣੇ ਰੱਖ ਹੀ ਸਕਦੇ ਹਾਂ।
ਜਿੱਥੋਂ ਤੱਕ ਉੱਤਰ ਪ੍ਰਦੇਸ਼ ਦੀਆਂ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੀ ਗੱਲ ਹੈ ਤਾਂ ਜਿਸ ਤਰ੍ਹਾਂ ਦੀ ਹਫੜਾ-ਦਫੜੀ ਸੰਘ ਅਤੇ ਭਾਜਪਾ ’ਚ ਮਚੀ ਹੈ ਉਸ ਤੋਂ ਇਹ ਤਾਂ ਸਪੱਸ਼ਟ ਹੈ ਕਿ ਯੋਗੀ ਸਰਕਾਰ ਦੀ ਫਿਰ ਤੋਂ ਜਿੱਤ ਨੂੰ ਲੈ ਕੇ ਡੂੰਘਾ ਖਦਸ਼ਾ ਪ੍ਰਗਟ ਕੀਤਾ ਜਾ ਰਿਹਾ ਹੈ, ਜੋ ਨਿਰਮੂਲ ਨਹੀਂ ਹੈ। ਸੰਘ ਅਤੇ ਭਾਜਪਾ ਦੇ ਖੁਫੀਆ ਸਰਵੇਖਣਾਂ ’ਚ ਯੋਗੀ ਸਰਕਾਰ ਦੀ ਪ੍ਰਸਿੱਧੀ ਉਹੋ ਜਿਹੀ ਸਾਹਮਣੇ ਨਹੀਂ ਆਈ ਜਿਹੋ ਜਿਹੀ ਸੈਂਕੜੇ ਕਰੋੜਾਂ ਦੇ ਇਸ਼ਤਿਹਾਰ ਦਿਖਾ ਕੇ ਅਕਸ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਹੈ।
ਇਹ ਠੀਕ ਉਹੋ ਜਿਹਾ ਹੀ ਹੈ, ਜਿਵੇਂ 2004 ਦੀਆਂ ਲੋਕ ਸਭਾ ਚੋਣਾਂ ’ਚ ਵਾਜਪਾਈ ਜੀ ਦੇ ਚੋਣ ਪ੍ਰਚਾਰ ਨੂੰ ਤੱਤਕਾਲੀਨ ਭਾਜਪਾ ਆਗੂ ਪ੍ਰਮੋਦ ਮਹਾਜਨ ਨੇ ‘ਇੰਡੀਆ ਸ਼ਾਈਨਿੰਗ’ ਦਾ ਨਾਅਰਾ ਦੇ ਕੇ ਬੜਾ ਢਿੰਡੋਰਾ ਪਿੱਟਿਆ ਸੀ। ਵਿਰੋਧੀ ਧਿਰ ਉਦੋਂ ਵੀ ਖਿਲਰੀ ਹੋਈ ਸੀ। ਵਾਪਜਾਈ ਜੀ ਦੀ ਪ੍ਰਸਿੱਧੀ ਦੇ ਸਾਹਮਣੇ ਸੋਨੀਆ ਗਾਂਧੀ ਨੂੰ ਬੜੇ ਹੌਲੇਪਨ ’ਚ ਲਿਆ ਜਾ ਰਿਹਾ ਸੀ। ਸੁਸ਼ਮਾ ਸਵਰਾਜ ਅਤੇ ਪ੍ਰਮੋਦ ਮਹਾਜਨ ਨੇ ਤਾਂ ਉਨ੍ਹਾਂ ਨੂੰ ਵਿਦੇਸ਼ੀ ਦੱਸ ਕੇ ਕਾਫੀ ਪਿੱਛੇ ਧੱਕਣ ਦੀ ਕੋਸ਼ਿਸ਼ ਕੀਤੀ।
ਪਰ ਨਤੀਜੇ ਭਾਜਪਾ ਅਤੇ ਸੰਘ ਦੀਆਂ ਇੱਛਾਵਾਂ ਦੇ ਉਲਟ ਆਏ। ਅਜਿਹਾ ਹੀ ਦਿੱਲੀ, ਪੰਜਾਬ ਅਤੇ ਪੱਛਮੀ ਬੰਗਾਲ ਆਦਿ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ’ਚ ਵੀ ਹੋਇਆ ਜਿੱਥੇ ਸੰਘ ਅਤੇ ਭਾਜਪਾ ਨੇ ਹਰ ਹੱਥਕੰਡੇ ਅਪਣਾਏ, ਹਜ਼ਾਰਾਂ ਕਰੋੜ ਰੁਪਏ ਖਰਚ ਕੀਤੇ ਪਰ ਵੋਟਰਾਂ ਨੇ ਉਸ ਨੂੰ ਨਕਾਰ ਦਿੱਤਾ।
ਜੇਕਰ ਯੋਗੀ ਜੀ ਦੇ ਸ਼ਾਸਨ ਦੀ ਗੱਲ ਕਰੀਏ ਤਾਂ ਯਾਦ ਕਰਨਾ ਹੋਵੇਗਾ ਕਿ ਮੁੱਖ ਮੰਤਰੀ ਬਣਦੇ ਹੀ ਉਨ੍ਹਾਂ ਨੇ ਸਭ ਤੋਂ ਪਹਿਲੇ ਕਦਮ ਕੀ ਚੁੱਕੇ, ਰੋਮੀਓ ਸਕੁਐਡ, ਬੁੱਚੜਖਾਨੇ ਅਤੇ ਮੀਟ ਦੀਆਂ ਦੁਕਾਨਾਂ ’ਤੇ ਛਾਪੇ, ਲਵ ਜਿਹਾਦ ਦਾ ਨਾਅਰਾ ਅਤੇ ਦੰਗਿਆਂ ’ਚ ਮੁਸਲਮਾਨਾਂ ਨੂੰ ਦੋਸ਼ੀ ਬਣਾ ਕੇ ਉਨ੍ਹਾਂ ’ਤੇ ਪੁਲਸ ਦਾ ਸਖਤ ਡੰਡਾ ਜਾਂ ਉਨ੍ਹਾਂ ਦੀ ਜਾਇਦਾਦ ਕੁਰਕ ਕਰਨ ਵਰਗੇ ਕੁਝ ਚਰਚਿਤ ਕਦਮ ਚੁੱਕ ਕੇ ਯੋਗੀ ਜੀ ਨੇ ਉੱਤਰ ਪ੍ਰਦੇਸ਼ ਦੇ ਕੱਟੜ ਹਿੰਦੂਆਂ ਦਾ ਦਿਲ ਜਿੱਤ ਲਿਆ। ਦਹਾਕਿਆਂ ਬਾਅਦ ਉਨ੍ਹਾਂ ਨੂੰ ਜਾਪਿਆ ਕਿ ਕੋਈ ਅਜਿਹਾ ਮੁੱਖ ਮੰਤਰੀ ਆਇਆ ਹੈ ਜੋ ਹਿੰਦੂਤਵ ਦੇ ਮੁੱਦੇ ਨੂੰ ਪੂਰੇ ਜੋਸ਼ੋ-ਖਰੋਸ਼ ਨਾਲ ਲਾਗੂ ਕਰੇਗਾ ਪਰ ਇਹ ਮੋਹ ਜਲਦੀ ਹੀ ਭੰਗ ਹੋ ਗਿਆ। ਯੋਗੀ ਦੀ ਇਸ ਕਾਰਜਸ਼ੈਲੀ ਦੇ ਪ੍ਰਸ਼ੰਸਕ ਹੁਣ ਪਹਿਲਾਂ ਦੀ ਤੁਲਨਾ ’ਚ ਕਾਫੀ ਘੱਟ ਗਏ ਹਨ।
ਇਸ ਦਾ ਮੁੱਖ ਕਾਰਨ ਹੈ ਯੋਗੀ ਰਾਜ ’ਚ ਬੇਰੋਜ਼ਗਾਰੀ ਸਿਖਰ ’ਤੇ ਪਹੁੰਚ ਗਈ ਹੈ। ਮਹਿੰਗਾਈ ਤਾਂ ਸਾਰੇ ਦੇਸ਼ ’ਚ ਹੀ ਆਸਮਾਨ ਨੂੰ ਛੂਹ ਰਹੀ ਹੈ ਅਤੇ ਉੱਤਰ ਪ੍ਰਦੇਸ਼ ਵੀ ਉਸ ਤੋਂ ਅਛੂਤਾ ਨਹੀਂ ਹੈ। ਇਸ ਦੇ ਨਾਲ ਹੀ ਨੋਟਬੰਦੀ ਅਤੇ ਜੀ. ਐੱਸ. ਟੀ. ਦੇ ਕਾਰਨ ਸਾਰੇ ਉਦਯੋਗ-ਧੰਦੇ ਅਤੇ ਕਾਰੋਬਾਰ ਠੱਪ ਹੋ ਗਏ ਹਨ, ਜਿਸ ਦੇ ਕਾਰਨ ਉੱਤਰ ਪ੍ਰਦੇਸ਼ ਦੀ ਵੱਡੀ ਗਿਣਤੀ ਜਨਤਾ ਆਰਥਿਕ ਤੌਰ ’ਤੇ ਮੰਦੇ ਹਾਲ ਹੋਈ ਹੈ।
ਰਹਿੰਦੀ-ਖੂੰਹਦੀ ਮਾਰ ਕੋਵਿਡ ਕਾਲ ’ਚ, ਖਾਸ ਕਰ ਕੇ ਦੂਸਰੇ ਦੌਰ ’ਚ, ਸਿਹਤ ਸੇਵਾਵਾਂ ਦੀ ਅਸਫਲਤਾ ਨੇ ਪੂਰੀ ਕਰ ਦਿੱਤੀ। ਕੋਈ ਘਰ ਅਜਿਹਾ ਨਹੀਂ ਹੋਵੇਗਾ ਜਿਸ ਦਾ ਜਾਣੂ ਜਾਂ ਰਿਸ਼ਤੇਦਾਰ ਇਸ ਅਵਿਵਸਥਾ ਕਾਰਨ ਮੌਤ ਦੀ ਭੇਟ ਨਾ ਚੜ੍ਹਿਆ ਹੋਵੇ। ਵੱਡੀ ਗਿਣਤੀ ’ਚ ਲਾਸ਼ਾਂ ਨੂੰ ਗੰਗਾ ’ਚ ਰੋੜ੍ਹਿਆ ਜਾਣਾ ਜਾਂ ਦਫਨਾਇਆ ਜਾਣਾ ਇਕ ਅਜਿਹਾ ਦਿਲ-ਕੰਬਾਊ ਤਜਰਬਾ ਸੀ, ਜੋ ਹਿੰਦੂ ਸ਼ਾਸਨ ਕਾਲ ’ਚ ਹਿੰਦੂਆਂ ਦੀ ਆਤਮਾ ਤੱਕ ’ਚ ਕੰਬਣੀ ਪੈਦਾ ਕਰ ਗਿਆ।
ਕਿਉਂਕਿ 1000 ਸਾਲ ਦੇ ਮੁਸਲਮਾਨਾਂ ਦੇ ਸ਼ਾਸਨ ਕਾਲ ’ਚ ਇਕ ਵਾਰ ਵੀ ਅਜਿਹਾ ਨਹੀਂ ਹੋਇਆ ਜਦੋਂ ਆਰਥਿਕ ਤੰਗੀ ਜਾਂ ਲੱਕੜਾਂ ਨਾ ਮਿਲਣ ਦੇ ਕਾਰਨ ਹਿੰਦੂਆਂ ਨੂੰ ਆਪਣੇ ਪਿਆਰੇ ਪਰਿਵਾਰਕ ਮੈਂਬਰਾਂ ਦੀਆਂ ਲਾਸ਼ਾਂ ਨੂੰ ਦਫਨਾਉਣਾ ਪਿਆ ਹੋਵੇ। ਇਸ ਭਿਆਨਕ ਤ੍ਰਾਸਦੀ ਨਾਲ ਹਿੰਦੂ ਮਨ ’ਤੇ ਜੋ ਸੱਟ ਲੱਗੀ ਹੈ ਉਸ ਨੂੰ ਭੁੱਲਣ ’ਚ ਸਦੀਆਂ ਲੰਘ ਜਾਣਗੀਆਂ।
ਯੋਗੀ ਸਰਕਾਰ ਦੇ ਕੁਝ ਅਧਿਕਾਰੀ ਉਨ੍ਹਾਂ ਨੂੰ ਗੁੰਮਰਾਹ ਕਰ ਕੇ ਹਜ਼ਾਰਾਂ ਕਰੋੜ ਰੁਪਏ ਹਿੰਦੂਤਵ ਦੇ ਨਾਂ ’ਤੇ ਨਾਟਕ-ਡਰਾਮੇਬਾਜ਼ੀਆਂ ’ਤੇ ਖਰਚ ਕਰਵਾਉਂਦੇ ਰਹੇ ਜਿਸ ਨਾਲ ਯੋਗੀ ਸਰਕਾਰ ਨੂੰ ਕੁਝ ਪਲਾਂ ਲਈ ਵਾਹ-ਵਾਹ ਤਾਂ ਮਿਲ ਗਈ ਪਰ ਇਸ ਦਾ ਆਮ ਵੋਟਰ ਨੂੰ ਕੋਈ ਵੀ ਲਾਭ ਨਹੀਂ ਮਿਲਿਆ। ਬਹੁਤ ਵੱਡੀ ਰਕਮ ਇਨ੍ਹਾਂ ਨਾਚ-ਗਾਣਿਆਂ ਅਤੇ ਅਡੰਬਰ ’ਚ ਬਰਬਾਦ ਹੋ ਗਈ।
ਪ੍ਰਯਾਗਰਾਜ ਦੇ ਅਰਧ-ਕੁੰਭ ਨੂੰ ਮੁਕੰਮਲ ਕੁੰਭ ਦੱਸ ਕੇ ਹਜ਼ਾਰਾਂ ਕਰੋੜ ਰੁਪਏ ਬਰਬਾਦ ਕਰਨੇ ਜਾਂ ਵ੍ਰਿੰਦਾਵਨ ਦੀ ‘ਕੁੰਭ ਤੋਂ ਪਹਿਲਾਂ ਵੈਸ਼ਣਵ ਬੈਠਕ’ ਦੀ ਵੀ ਕੋਵਿਡ ਕਾਲ ’ਚ ਮੁਕੰਮਲ ਕੁੰਭ ਵਾਂਗ ਮਹਿਮਾ ਗਾਉਣਾ ਸ਼ੇਖਚਿੱਲੀ ਵਾਲੇ ਕੰਮ ਸਨ। ਮਥੁਰਾ ਜ਼ਿਲੇ ’ਚ ਤਾਂ ਕੋਰੋਨਾ ਦੀ ਦੂਸਰੀ ਲਹਿਰ ਵ੍ਰਿੰਦਾਵਨ ਦੇ ਇਸੇ ਬੇਕਾਬੂ ਆਯੋਜਨ ਦੇ ਬਾਅਦ ਬੁਰੀ ਤਰ੍ਹਾਂ ਆਈ। ਇਸ ਦੇ ਕਾਰਨ ਹਰ ਪਿੰਡ ਨੇ ਮੌਤ ਦਾ ਮੰਜ਼ਰ ਦੇਖਿਆ। ਕੋਵਿਡ ਕਾਲ ’ਚ ਸੰਘ ਦੀ ਕੋਈ ਭੂਮਿਕਾ ਨਜ਼ਰ ਨਹੀਂ ਆਈ। ਨਾ ਤਾਂ ਦਵਾਈ ਅਤੇ ਟੀਕਿਆਂ ਦੀ ਕਾਲਾਬਾਜ਼ਾਰੀ ਰੋਕਣ ’ਚ, ਨਾ ਹਸਪਤਾਲਾਂ ’ਚ ਬੈੱਡ ਦੇ ਲਈ ਪ੍ਰੇਸ਼ਾਨ ਦੌੜਦੇ ਪਰਿਵਾਰਾਂ ਦੀ ਮਦਦ ਕਰਨ ’ਚ ਅਤੇ ਨਾ ਹੀ ਗਰੀਬ ਪਰਿਵਾਰਾਂ ਨੂੰ ਅੰਤਿਮ ਸੰਸਕਾਰ ਲਈ ਲੱਕੜਾਂ ਮੁਹੱਈਆ ਕਰਵਾਉਣ ’ਚ।
ਮਥੁਰਾ, ਅਯੁੱਧਿਆ ਅਤੇ ਕਾਸ਼ੀ ਦੇ ਵਿਕਾਸ ਦੇ ਨਾਂ ’ਤੇ ਦਿਲ ਖੋਲ੍ਹ ਕੇ ਧਨ ਲੁਟਾਇਆ ਗਿਆ ਪਰ ਦ੍ਰਿਸ਼ਟੀ, ਤਜਰਬੇ, ਗਿਆਨ ਅਤੇ ਧਰਮ ਪ੍ਰਤੀ ਸੰਵੇਦਨਸ਼ੀਲਤਾ ਦੀ ਘਾਟ ’ਚ ਹਵਾਈ ਮਾਹਿਰਾਂ ਦੀ ਸਲਾਹ ’ਤੇ ਇਹ ਧਨ ਭ੍ਰਿਸ਼ਟਾਚਾਰ ਅਤੇ ਬਰਬਾਦੀ ਦਾ ਕਾਰਨ ਬਣਿਆ ਜਿਸ ਦੀ ਕੋਈ ਸ਼ਲਾਘਾਯੋਗ ਤਬਦੀਲੀ ਇਨ੍ਹਾਂ ਧਰਮ ਨਗਰੀਆਂ ’ਚ ਨਹੀਂ ਦਿਖਾਈ ਦੇ ਰਹੀ। ਆਧੁਨਿਕੀਕਰਨ ਦੇ ਨਾਂ ’ਤੇ ਪ੍ਰਾਚੀਨ ਵਿਰਾਸਤਾਂ ਨੂੰ ਜਿਸ ਬੇਦਰਦੀ ਨਾਲ ਤਬਾਹ ਕੀਤਾ ਗਿਆ ਉਸ ਤੋਂ ਕਾਸ਼ੀ ਵਾਸੀਆਂ ਅਤੇ ਦੁਨੀਆ ਭਰ ’ਚ ਕਾਸ਼ੀ ਦੀਆਂ ਅਨੋਖੀਆਂ ਗਲੀਆਂ ਦੇ ਪ੍ਰਸ਼ੰਸਕਾਂ ਨੂੰ ਅਜਿਹੀ ਦਿਲ ’ਤੇ ਸੱਟ ਲੱਗੀ ਹੈ ਕਿਉਂਕਿ ਉਹ ਇਸ ਨੂੰ ਰੋਕਣ ਲਈ ਕੁਝ ਵੀ ਨਹੀਂ ਕਰ ਸਕੇ। ਸਦੀਆਂ ਦੀ ਸੱਭਿਆਚਾਰਕ ਵਿਰਾਸਤ ਨੂੰ ਬੁਲਡੋਜ਼ਰਾਂ ਨੇ ਬੜੀ ਬੇਰਹਿਮੀ ਨਾਲ ਮਿੱਟੀ ’ਚ ਮਿਲਾ ਦਿੱਤਾ।
ਯੋਗੀ ਸਰਕਾਰ ਨੇ ਗਊ ਸੇਵਾ ਅਤੇ ਗਊ ਰੱਖਿਆ ਦੀ ਮੁਹਿੰਮ ਨੂੰ ਵੀ ਖੁੱਲ੍ਹੇ ਹੱਥ ਨਾਲ ਸੈਂਕੜੇ ਕਰੋੜ ਰੁਪਏ ਦਿੱਤੇ ਜੋ ਇਕ ਸ਼ਲਾਘਾਯੋਗ ਕਦਮ ਸੀ ਪਰ ਬਦਕਿਸਮਤੀ ਨਾਲ ਇੱਥੇ ਵੀ ਸੰਘ ਅਤੇ ਭਾਜਪਾ ਦੇ ਵੱਡੇ ਲੋਕਾਂ ਨੇ ਰਲ ਕੇ ਗਊਸ਼ਾਲਾਵਾਂ ’ਤੇ ਕਬਜ਼ੇ ਕਰਨ ਦਾ ਅਤੇ ਗਊ ਸੇਵਾ ਦੇ ਧਨ ਨੂੰ ਖੁਰਦ-ਬੁਰਦ ਕਰਨ ਦਾ ਅਜਿਹਾ ਨਿੰਦਣਯੋਗ ਕਾਰਾ ਕੀਤਾ ਹੈ ਜਿਸ ਨਾਲ ਗਊ ਮਾਤਾ ਉਨ੍ਹਾਂ ਨੂੰ ਕਦੀ ਮੁਆਫ ਨਹੀਂ ਕਰੇਗੀ। ਇਸ ਦੋਸ਼ ਨੂੰ ਸਿੱਧ ਕਰਨ ਲਈ ਸਾਰੇ ਸਬੂਤ ਵੀ ਮੁਹੱਈਆ ਹਨ।
ਇਨ੍ਹਾਂ ਸਾਰੀਆਂ ਕਮੀਆਂ ਨੂੰ ਸਮੇਂ-ਸਮੇਂ ’ਤੇ ਜਦੋਂ ਵੀ ਪੱਤਰਕਾਰਾਂ ਜਾਂ ਜਾਗਰੂਕ ਨਾਗਰਿਕਾਂ ਨੇ ਉਜਾਗਰ ਕੀਤਾ ਜਾਂ ਸਵਾਲ ਪੁੱਛੇ ਤਾਂ ਉਨ੍ਹਾਂ ’ਤੇ ਦਰਜਨਾਂ ਐੱਫ. ਆਈ. ਆਰਜ਼ ਦਰਜ ਕਰਵਾ ਕੇ ਲੋਕਤੰਤਰ ਦਾ ਗਲਾ ਘੁੱਟਣ ਵਰਗਾ ਜੋ ਨਿੰਦਣਯੋਗ ਕੰਮ ਹੋਇਆ ਉਹ ਉੱਤਰ ਪ੍ਰਦੇਸ਼ ਦੀ ਜਨਤਾ ਨੇ ਪਹਿਲਾਂ ਕਦੀ ਨਹੀਂ ਦੇਖਿਆ ਸੀ। ਇਸ ਲਈ ਸਿਰਫ ਇਹ ਮੰਨ ਕੇ ਕਿ ਵਿਰੋਧੀ ਧਿਰ ਖਿਲਰੀ ਹੋਈ ਹੈ, ਵੈਤਰਣੀ ਪਾਰ ਨਹੀਂ ਹੋਵੇਗੀ। ਕੀ ਬਦਲ ਬਣੇਗਾ ਜਾਂ ਨਹੀਂ ਬਣੇਗਾ , ਇਹ ਤਾਂ ਸਮਾਂ ਦੱਸੇਗਾ।
ਪਰ ਹੈਰਾਨੀ ਦੀ ਗੱਲ ਇਹ ਹੈ ਕਿ ਜਿਸ ਘਬਰਾਹਟ ’ਚ ਸੰਘ ਅੱਜ ਸਰਗਰਮ ਹੋਇਆ ਹੈ ਜੇਕਰ ਸਮਾਂ ਰਹਿੰਦੇ ਉਸ ਨੇ ਚਾਰ ਚੁਫੇਰਿਓਂ ਉੱਠ ਰਹੀਆਂ ਆਵਾਜ਼ਾਂ ਨੂੰ ਸੁਣਿਆ ਹੁੰਦਾ ਤਾਂ ਸਥਿਤੀ ਇੰਨੀ ਨਾ ਵਿਗੜਦੀ ਪਰ ਇਹ ਵੀ ਹਿੰਦੂਆਂ ਦੀ ਬਦਕਿਸਮਤੀ ਹੈ ਕਿ ਜਦੋਂ-ਜਦੋਂ ਸੰਘ ਵਾਲਿਆਂ ਨੂੰ ਸੱਤਾ ਮਿਲਦੀ ਹੈ, ਉਨ੍ਹਾਂ ਦਾ ਹੰਕਾਰ ਆਸਮਾਨ ਨੂੰ ਛੂਹਣ ਲੱਗਦਾ ਹੈ। ਦੇਸ਼ ਅਤੇ ਧਰਮ ਦੀ ਸੇਵਾ ਦੇ ਨਾਂ ’ਤੇ ਜੋ ਡਰਾਮੇਬਾਜ਼ੀ ਚੱਲਦੀ ਹੈ, ਉਸ ਦਾ ਖਾਤਮਾ ਪ੍ਰਭੂ ਕਰਦੇ ਹਨ ਅਤੇ ਹਰ ਵੋਟਰ ਉਸ ’ਚ ਆਪਣੀ ਭੂਮਿਕਾ ਨਿਭਾਉਂਦਾ ਹੈ।
ਵਧਦੀ ਆਬਾਦੀ ਹੈ ਵੱਡੀ ਚੁਣੌਤੀ
NEXT STORY