ਕੁਝ ਦਿਨ ਪਹਿਲਾਂ ਚੀਨੀ ਸਰਕਾਰੀ ਮੀਡੀਆ ਏਜੰਸੀ ਸਿਨਹੂਆ ’ਚ ਇਕ ਖ਼ਬਰ ਛਪੀ ਸੀ ਕਿ ਹਰ 7ਵਾਂ ਬਰਤਾਨਵੀ ਨਾਗਰਿਕ ਖਾਧ ਅਸੁਰੱਖਿਆ ਤੋਂ ਪੀੜਤ ਹੈ। ਸਿਨਹੂਆ ਨੇ ਇਹ ਖਬਰ ਇਕ ਵੱਡੀ ਬਰਤਾਨਵੀ ਚੈਰੀਟੇਬਲ ਸੰਸਥਾ ਦੇ ਹਵਾਲੇ ਨਾਲ ਛਾਪੀ ਸੀ, ਜਿਸ ’ਚ ਕਿਹਾ ਗਿਆ ਸੀ ਕਿ 2022 ’ਚ ਕੀਤੇ ਗਏ ਇਕ ਸੈਂਪਲ ਸਰਵੇ ਦੀ ਰਿਪੋਰਟ ਦੇ ਆਧਾਰ ’ਤੇ ਕਿਹਾ ਗਿਆ ਹੈ ਕਿ ਬਰਤਾਨੀਆ ’ਚ ਹਰ 7ਵਾਂ ਵਿਅਕਤੀ ਆਪਣੀ ਖਰਾਬ ਸਥਿਤੀ ਕਾਰਨ ਖਾਧ ਅਸੁਰੱਖਿਆ ਦਾ ਸਾਹਮਣਾ ਕਰ ਰਿਹਾ ਹੈ। ਸਿਨਹੂਆ ਨੇ ਇਸ ਖਬਰ ਨੂੰ ਇਸ ਤਰ੍ਹਾਂ ਛਾਪਿਆ ਸੀ ਜਿਵੇਂ ਪੂਰੀ ਬਰਤਾਨੀਆ ’ਚ ਭੁੱਖਮਰੀ ਫੈਲ ਗਈ ਹੈ ਅਤੇ ਉੱਥੇ ਲੋਕ ਖਾਣ ਨੂੰ ਤਰਸ ਰਹੇ ਹਨ। ਇਸ ਘਟਨਾ ਦੇ ਅਗਲੇ ਹੀ ਦਿਨ ਸਿਨਹੂਆ ਨੇ ਆਪਣੇ ਅਧਿਕਾਰਤ ਸੀਨਾ ਬੇਈਬੋ ਅਕਾਊਂਟ ’ਤੇ ਵੀ ਇਸ ਖਬਰ ਨੂੰ ਪ੍ਰਕਾਸ਼ਿਤ ਕਰ ਿਦੱਤਾ, ਤਾਂ ਕਿ ਆਪਣੀ ਚੀਨੀ ਜਨਤਾ ਨੂੰ ਦੱਸ ਸਕੇ ਕਿ ਜੇ ਉਹ ਲੋਕ ਇਸ ਸਮੇਂ ਥੋੜ੍ਹੀਆਂ-ਬਹੁਤ ਆਰਥਿਕ ਪ੍ਰੇਸ਼ਾਨੀਆਂ ਝੱਲ ਰਹੇ ਹਨ ਤਾਂ ਇਸ ਨਾਲ ਪ੍ਰੇਸ਼ਾਨ ਨਹੀਂ ਹੋਣਾ ਕਿਉਂਕਿ ਦੁਨੀਆ ਦੇ ਵਿਕਸਿਤ ਦੇਸ਼ਾਂ ’ਚੋਂ ਇਕ ਬਰਤਾਨੀਆ ’ਚ ਹਾਲਾਤ ਬਹੁਤ ਖਰਾਬ ਹਨ ਅਤੇ ਚੀਨੀ ਲੋਕ ਇਸ ਲਿਹਾਜ਼ ਨਾਲ ਬਿਹਤਰ ਸਥਿਤੀ ’ਚ ਹਨ।
ਪਰ ਚੀਨੀ ਲੋਕਾਂ ਨੇ ਸਿਨਹੂਆ ਨੂੰ ਲੰਬੇ ਹੱਥੀਂ ਲੈਂਦਿਆਂ ਪ੍ਰਾਪੇਗੰਡਾ ਫੈਲਾਉਣ ਦਾ ਦੋਸ਼ ਲਾਇਆ ਅਤੇ ਇਸ ਖ਼ਬਰ ਨੂੰ ਸਿਰੇ ਤੋਂ ਹੀ ਨਕਾਰ ਦਿੱਤਾ। ਸੀਨਾ ਬੇਈਬੋ ’ਤੇ ਬਹੁਤ ਸਾਰੇ ਲੋਕਾਂ ਨੇ ਇਸ ਪ੍ਰਾਪੇਗੰਡਾ ਦੀ ਆਲੋਚਨਾ ਕਰਦਿਆਂ ਲਿਖਿਆ ਕਿ ਉਹ ਲੋਕ ਪਾਰਟੀ ਮੀਡੀਆ ਦੀਆਂ ਭਰਮਾਊ ਖਬਰਾਂ ਤੋਂ ਪ੍ਰੇਸ਼ਾਨ ਹੋ ਚੁੱਕੇ ਹਨ ਅਤੇ ਹੁਣ ਅਜਿਹੀਆਂ ਪੱਖਪਾਤੀ ਖਬਰਾਂ ’ਤੇ ਧਿਆਨ ਵੀ ਨਹੀਂ ਦਿੰਦੇ। ਕੁਝ ਲੋਕਾਂ ਨੇ ਸੀ. ਪੀ. ਸੀ. (ਚਾਈਨੀਜ਼ ਕਮਿਊਨਿਸਟ ਪਾਰਟੀ) ’ਤੇ ਵਿਅੰਗ ਕਰਦਿਆਂ ਇਸ ਖਬਰ ’ਤੇ ਲਿਖਿਆ ਕਿ ਵਿਕਸਿਤ ਦੇਸ਼ਾਂ ’ਚ ਖਾਣ-ਪੀਣ ਦੀਆਂ ਚੀਜ਼ਾਂ ਦੀ ਕੋਈ ਘਾਟ ਨਹੀਂ ਅਤੇ ਜੇ ਸਿਨਹੂਆ ਨੇ ਦਿਖਾਉਣਾ ਹੀ ਹੈ ਤਾਂ ਅਫਰੀਕਾ ’ਚ ਫੈਲੀਆਂ ਸਮੱਸਿਆਵਾਂ ਬਾਰੇ ਖਬਰਾਂ ਕਿਉਂ ਨਹੀਂ ਵਿਖਾਉਂਦੇ ਜਿਸ ਨਾਲ ਚੀਨ ਦੇ ਹਿੱਤ ਵੀ ਜੁੜੇ ਹੋਏ ਹਨ। ਦਰਅਸਲ ਅਫਰੀਕੀ ਮਹਾਦੀਪ ’ਚ ਚੀਨ ਦੀਆਂ ਬਸਤੀਵਾਦੀ ਨੀਤੀਆਂ ਤੋਂ ਅਫਰੀਕੀ ਸਮਾਜ ਬਹੁਤ ਗੁੱਸੇ ’ਚ ਹੈ ਅਤੇ ਆਏ ਦਿਨ ਅਫਰੀਕਾ ’ਚ ਚੀਨੀਆਂ ਅਤੇ ਉੱਥੋਂ ਦੇ ਮੂਲ ਨਿਵਾਸੀਆਂ ਦਰਮਿਆਨ ਝੜਪਾਂ ਹੁੰਦੀਆਂ ਰਹਿੰਦੀਆਂ ਹਨ ਪਰ ਚੀਨੀ ਮੀਡੀਆ ਅਜਿਹੀ ਕੋਈ ਵੀ ਖਬਰ ਆਪਣੇ ਦੇਸ਼ ’ਚ ਨਹੀਂ ਦਿਖਾਉਂਦਾ। ਸੀ. ਪੀ. ਸੀ. ਦੇ ਇਸ਼ਾਰੇ ’ਤੇ ਅਕਸਰ ਚੀਨੀ ਮੀਡੀਆ ਸਮੇਂ-ਸਮੇਂ ’ਤੇ ਅਜਿਹੀਆਂ ਖਬਰਾਂ ਦਿਖਾਉਂਦਾ ਹੈ ਜਿਨ੍ਹਾਂ ਨਾਲ ਚੀਨੀਆਂ ਨੂੰ ਅਜਿਹਾ ਮਹਿਸੂਸ ਹੋਵੇ ਕਿ ਉਹ ਇਕ ਬਹੁਤ ਖੁਸ਼ਹਾਲ ਦੇਸ਼ ’ਚ ਰਹਿ ਰਹੇ ਹਨ ਅਤੇ ਦੁਨੀਆ ਦੇ ਬਾਕੀ ਦੇਸ਼ਾਂ, ਖਾਸ ਕਰ ਕੇ ਉੱਨਤ ਦੇਸ਼ਾਂ ’ਚ ਵੀ ਹਾਲਾਤ ਇੰਨੇ ਚੰਗੇ ਨਹੀਂ, ਜਿਵੇਂ ਕਿ ਬਾਹਰੋਂ ਦਿਸਦੇ ਹਨ। ਕੁਝ ਨੈਟੀਜ਼ਨਾਂ ਨੇ ਵਿਅੰਗ ਭਰੇ ਤਰੀਕੇ ਨਾਲ ਲਿਖਿਆ ਕਿ ਸੀ. ਪੀ. ਸੀ. ਨੇ ਵਿਦੇਸ਼ਾਂ ’ਚ ਫੈਲੀਆਂ ਗੰਭੀਰ ਸਮੱਸਿਆਵਾਂ ਬਾਰੇ ਫਾਲਤੂ ’ਚ ਸਾਨੂੰ ਦੱਸਿਆ, ਅਜਿਹੀਆਂ ਖਬਰਾਂ ਲਈ ਇੱਥੇ ਕੋਈ ਪ੍ਰਾਸੰਗਿਕਤਾ ਨਹੀਂ ਕਿਉਂਕਿ ਅਸੀਂ ਤਾਂ ਖੁਦ ਇਸ ਸਮੇਂ ਆਪਣੀਆਂ ਸਮੱਸਿਆਵਾਂ ’ਚ ਘਿਰੇ ਹੋਏ ਹਾਂ। ਉੱਥੇ ਹੀ ਕੁਝ ਨੇ ਸੀ. ਪੀ. ਸੀ. ਦਾ ਮਜ਼ਾਕ ਉਡਾਉਂਦਿਆਂ ਲਿਖਿਆ ਹੈ ਕਿ ਸੀ. ਪੀ. ਸੀ. ਸਾਡਾ ਧਿਆਨ ਆਪਣੀਆਂ ਸਮੱਸਿਆਵਾਂ ਤੋਂ ਹਟਾਉਣ ਲਈ ਇਕ ਪਿੱਛੋਂ ਦੂਸਰੇ ਵਿਕਸਿਤ ਦੇਸ਼ਾਂ ਦੀਆਂ ਸਮੱਸਿਆਵਾਂ ਦੀ ਚਰਚਾ ਕਰਦੀ ਰਹਿੰਦੀ ਹੈ ਪਰ ਅਸੀਂ ਅਜੇ ਜਿਹੜੇ ਹਾਲਾਤ ’ਚ ਰਹਿ ਰਹੇ ਹਾਂ, ਉਸ ਦਾ ਕੋਈ ਹੱਲ ਇਨ੍ਹਾਂ ਕੋਲ ਨਹੀਂ ਹੈ।
ਇਸ ਸਮੇਂ ਚੀਨੀ ਲੋਕ ਇਕ ਸੁਰ ’ਚ ਚੀਨ ਦੀ ਡਿੱਗਦੀ ਆਰਥਿਕ ਸਥਿਤੀ ਅਤੇ ਮੁਸ਼ਕਲਾਂ ਭਰੇ ਜੀਵਨ ਲਈ ਸੀ. ਪੀ. ਸੀ. ਅਤੇ ਉਸ ਦੀਆਂ ਗਲਤ ਨੀਤੀਆਂ ਨੂੰ ਜ਼ਿੰਮੇਵਾਰ ਠਹਿਰਾਅ ਰਹੇ ਹਨ। ਬਹੁਤ ਸਾਰੇ ਲੋਕ ਇਹ ਮੰਨਦੇ ਹਨ ਕਿ ਸੀ. ਪੀ. ਸੀ. ਦੂਜੇ ਦੇਸ਼ਾਂ ’ਚ ਹੋਣ ਵਾਲੀਆਂ ਪ੍ਰੇਸ਼ਾਨੀਆਂ ਨੂੰ ਵਧਾ-ਚੜ੍ਹਾ ਕੇ ਸਿਰਫ ਇਸ ਲਈ ਦਿਖਾ ਰਹੀ ਹੈ, ਜਿਸ ਨਾਲ ਉਹ ਚੀਨ ’ਚ ਆਪਣੀਆਂ ਗਲਤ ਨੀਤੀਆਂ ਨੂੰ ਤਰਕਸੰਗਤ ਠਹਿਰਾ ਸਕੇ। ਜਿੱਥੋਂ ਤੱਕ ਬਰਤਾਨੀਆ ’ਚ ਖਾਧ ਅਸੁਰੱਖਿਆ ਦੀ ਗੱਲ ਹੈ ਤਾਂ ਉੱਥੋਂ ਦੀ ਇਕ ਚੈਰਿਟੀ ਸੰਸਥਾ ਦੇ ਹਵਾਲੇ ਨਾਲ ਇਹ ਖਬਰ ਕੁਝ ਹੱਦ ਤਕ ਸਹੀ ਪਾਈ ਗਈ ਪਰ ਚੀਨੀ ਸੀ. ਪੀ. ਸੀ. ਨੇ ਆਪਣੇ ਮੀਡੀਆ ’ਚ ਖਾਧ ਅਸੁਰੱਖਿਆ ਦੀ ਖਬਰ ਨੂੰ ਭੁੱਖਮਰੀ ਦੇ ਤੌਰ ’ਤੇ ਆਪਣੇ ਦੇਸ਼ ’ਚ ਲੋਕਾਂ ਸਾਹਮਣੇ ਪੇਸ਼ ਕੀਤਾ। ਸੰਯੁਕਤ ਰਾਸ਼ਟਰ ਦੀ ਰਿਪੋਰਟ ਅਨੁਸਾਰ ਜਿਨ੍ਹਾਂ ਲੋਕਾਂ ਨੂੰ ਸੰਤੁਲਿਤ ਭੋਜਨ ਨਹੀਂ ਮਿਲਦਾ ਅਤੇ ਜਿਨ੍ਹਾਂ ਦੇ ਖਾਣੇ ’ਚ ਪੋਸ਼ਕ ਤੱਤ ਘੱਟ ਪਾਏ ਜਾਂਦੇ ਹਨ, ਜਿਸ ਨਾਲ ਬੱਚਿਆਂ ਦਾ ਵਿਕਾਸ ਨਹੀਂ ਹੁੰਦਾ ਤੇ ਬਾਲਗਾਂ ਨੂੰ ਪੂਰੀ ਊਰਜਾ ਨਹੀਂ ਮਿਲਦੀ, ਅਜਿਹੇ ਮਾਮਲਿਆਂ ਨੂੰ ਖਾਧ ਅਸੁਰੱਖਿਆ ਨਾਲ ਜੋੜਿਆ ਜਾ ਸਕਦਾ ਹੈ ਪਰ ਚੀਨੀ ਮੀਡੀਆ ਨੇ ਇਸ ਨੂੰ ਭੁੱਖਮਰੀ ਦੇ ਤੌਰ ’ਤੇ ਆਪਣੇ ਦੇਸ਼ਵਾਸੀਆਂ ਸਾਹਮਣੇ ਪੇਸ਼ ਕੀਤਾ ਸੀ।
ਸਿਨਹੂਆ ਨਿਊਜ਼ ਏਜੰਸੀ ਨੂੰ ਚੀਨੀ ਲੋਕਾਂ ਨੇ ਤਕੜਾ ਝਟਕਾ ਤਦ ਦਿੱਤਾ ਜਦ ਉਨ੍ਹਾਂ ਨੇ ਇਕ ਖਬਰ ’ਤੇ ਆਪਣੇ ਕੁਮੈਂਟ ਲਿਖ ਕੇ ਉਸ ਨੂੰ ਲੋਕਾਂ ਦੀਆਂ ਨਜ਼ਰਾਂ ’ਚ ਲਿਆ ਦਿੱਤਾ। ਇਹ ਖਬਰ ਸੀ ਤਾਈਵਾਨ ਟ੍ਰੈਵਲ ਐਕਸਪੋ ਬਾਰੇ, ਜਿਸ ’ਚ ਹਿੱਸਾ ਲੈਣ ਜਾ ਰਹੇ ਚੀਨੀ ਮੇਨਲੈਂਡ ਦੇ 9 ਸੂਬਿਆਂ ਦੇ ਅਧਿਕਾਰੀਆਂ ਨੂੰ ਤਾਈਵਾਨ ਆਉਣ ਤੋਂ ਨਾਂਹ ਕਰ ਦਿੱਤੀ ਗਈ ਸੀ। ਸੋਸ਼ਲ ਮੀਡੀਆ ’ਤੇ 22 ਹਜ਼ਾਰ ਲੋਕਾਂ ਨੇ ਤਾਈਵਾਨ ਦੇ ਹੱਕ ’ਚ ਆਪਣੇ ਵਿਚਾਰ ਲਿਖੇ ਸਨ। ਇਸ ਗੱਲ ਤੋਂ ਚੀਨੀ ਕਮਿਊਨਿਸਟ ਪਾਰਟੀ ਨਾਰਾਜ਼ ਹੋ ਗਈ ਅਤੇ ਉਸ ਨੇ ਆਪਣੇ ਸਾਈਬਰ ਸੈੱਲ ਨੂੰ ਕਹਿ ਕੇ ਸਾਰਿਆਂ ਦੇ ਕੁਮੈਂਟਸ ਹਟਾਉਣ ਦਾ ਫਰਮਾਨ ਜਾਰੀ ਕੀਤਾ।
ਤਾਈਵਾਨੀ ਮੀਡੀਆ ’ਚ ਛਪੀ ਖਬਰ ਅਨੁਸਾਰ ਸਾਲ 2023 ’ਚ ਤਾਈਪੇ ਗਰਮ ਰੁੱਤ ਯਾਤਰਾ ਮੇਲੇ ਦਾ ਆਯੋਜਨ ਜੁਲਾਈ ’ਚ ਕੀਤਾ ਜਾ ਰਿਹਾ ਹੈ, ਜਿਸ ਲਈ ਚੀਨੀ ਮੇਨਲੈਂਡ ਦੇ 9 ਸੂਬਾਈ ਅਧਿਕਾਰੀਆਂ ਨੂੰ ਤਾਈਵਾਨ ਨਹੀਂ ਆਉਣ ਦਿੱਤਾ ਜਾਵੇਗਾ, ਸਿਰਫ 1 ਸੈਰ-ਸਪਾਟਾ ਅਧਿਕਾਰੀ ਇਨ੍ਹਾਂ ਸਾਰੇ 9 ਸੂਬਿਆਂ ’ਚੋਂ ਤਾਈਵਾਨ ਆਵੇਗਾ, ਇਸ ਪਿੱਛੋਂ ਤਾਈਵਾਨ ਨੇ ਕੁਲ ਚੀਨੀ ਅਧਿਕਾਰੀਆਂ ਦੀ ਤਾਈਵਾਨ ਯਾਤਰਾ ਕਰਨ ਦੀ ਗਿਣਤੀ ਨੂੰ 140 ਤੱਕ ਸੀਮਤ ਕਰ ਦਿੱਤਾ। ਚੀਨੀ ਨੈਟੀਜ਼ਨਾਂ ਨੇ ਦਿਖਾਇਆ ਕਿ ਤਾਈਵਾਨ ਪ੍ਰਤੀ ਦੁਸ਼ਮਣੀ ਦਾ ਵਤੀਰਾ ਸਿਰਫ ਸੀ. ਪੀ. ਸੀ. ਦੀ ਸੋਚ ਦਾ ਨਤੀਜਾ ਹੈ ਅਤੇ ਆਮ ਜਨਤਾ ਦੀ ਸੋਚ ਬਹੁਤ ਵੱਖਰੀ ਹੈ। ਦਰਅਸਲ ਸੀ. ਪੀ. ਸੀ. ਇਸ ਵੇਲੇ ਆਰਥਿਕ ਪ੍ਰੇਸ਼ਾਨੀਆਂ ਨਾਲ ਜੂਝ ਰਹੀ ਹੈ ਅਤੇ ਅਜਿਹੇ ’ਚ ਆਪਣੀ ਜਨਤਾ ਨੂੰ ਵਰਗਲਾਉਣ ਲਈ ਉਹ ਤਰ੍ਹਾਂ-ਤਰ੍ਹਾਂ ਦੇ ਹੱਥਕੰਡੇ ਅਪਣਾ ਕੇ ਉਨ੍ਹਾਂ ਨੂੰ ਸ਼ਾਂਤ ਰੱਖਣ ਦੀ ਅਸਫਲ ਕੋਸ਼ਿਸ਼ ਕਰ ਰਹੀ ਹੈ ਪਰ ਉਹ ਇਹ ਭੁੱਲ ਜਾਂਦੀ ਹੈ ਵਾਈਨ ਚਾਹੇ ਜਿੰਨੇ ਵੀ ਮਰਜ਼ੀ ਫਾਇਰ ਬਾਲ ਬਣਾ ਲਵੇ, ਲੋਕ ਉਸ ਨੂੰ ਲੰਘ ਕੇ ਬਿਨਾਂ ਕਿਸੇ ਲੱਗ-ਲਪੇਟ ਦੇ ਦੁਨੀਆ ਭਰ ਦੀਆਂ ਸਿੱਧੀਆਂ ਅਤੇ ਸੱਚੀਆਂ ਖਬਰਾਂ ਤੱਕ ਪਹੁੰਚ ਜਾਂਦੇ ਹਨ ਅਤੇ ਲੋਕਾਂ ਨੂੰ ਹੁਣ ਪਤਾ ਲੱਗ ਰਿਹਾ ਹੈ ਕਿ ਸੀ. ਪੀ. ਸੀ. ਨੇ 70 ਸਾਲਾਂ ਤਕ ਉਨ੍ਹਾਂ ਨੂੰ ਕਿਵੇਂ ਬੇਵਕੂਫ ਬਣਾਇਆ। ਹੁਣ ਲੱਗਦਾ ਹੈ ਕਿ ਸੀ. ਪੀ. ਸੀ. ਦੀਆਂ ਮੁਸ਼ਕਲਾਂ ਆਉਣ ਵਾਲੇ ਦਿਨਾਂ ’ਚ ਹੋਰ ਵਧਣ ਵਾਲੀਆਂ ਹਨ ਕਿਉਂਕਿ ਚੀਨ ’ਚ ਕਾਨਫੂਸੀਆਂ ਕੁਝ ਹੋਰ ਹੀ ਹੋ ਰਹੀਆਂ ਹਨ।
ਪੱਛਮੀ ਬੰਗਾਲ ਦੀਆਂ ਪੰਚਾਇਤੀ ਚੋਣਾਂ ’ਚ ਹਿੰਸਾ ਕਿਉਂ ਹੋਈ
NEXT STORY