ਇਹ ਸਪੱਸ਼ਟ ਹੈ ਕਿ ਕਿਸੇ ਵੀ ਸੱਚੇ ਲੋਕਤੰਤਰੀ ਦੇਸ਼ ਲਈ ਇਕ ਪ੍ਰਭਾਵੀ ਅਤੇ ਜ਼ਿੰਮੇਵਾਰ ਵਿਰੋਧੀ ਧਿਰ ਦਾ ਹੋਣਾ ਜ਼ਰੂਰੀ ਹੈ ਪਰ ਬਦਕਿਸਮਤੀ ਨਾਲ ਭਾਰਤ ’ਚ ਵਿਰੋਧੀ ਧਿਰ ਪਿਛਲੇ ਇਕ ਦਹਾਕੇ ਤੋਂ ਦੇਸ਼ ਨੂੰ ਅਸਫਲ ਕਰ ਰਹੀ ਹੈ, ਮੁੱਖ ਤੌਰ ’ਤੇ ਆਪਣੇ ਖੁਦ ਦੇ ਗਲਤ ਕੰਮਾਂ ਕਾਰਨ। ਹਾਲਾਂਕਿ ਇਸ ਨਾਲ ਭਾਰਤੀ ਜਨਤਾ ਪਾਰਟੀ ਤੋਂ ਉਸ ਦੀ ਰਣਨੀਤਕ ਯੋਜਨਾ ਅਤੇ ਤਾਲਮੇਲ ਦਾ ਸਿਹਰਾ ਨਹੀਂ ਖੋਹਿਆ ਜਾਣਾ ਚਾਹੀਦਾ। ਚੋਟੀ ਦੇ ਵਿਰੋਧੀ ਧਿਰ ਆਗੂ ਹਨੇਰੇ ’ਚ ਹੱਥ ਮਾਰਦੇ ਦਿਖਾਈ ਦਿੰਦੇ ਹਨ ਅਤੇ ਵਾਰ-ਵਾਰ ਗੈਰ-ਜ਼ਿੰਮੇਵਾਰਾਨਾ ਬਿਆਨ ਦੇ ਕੇ ਖੁਦ ਨੂੰ ਜ਼ਖਮੀ ਕਰ ਰਹੇ ਹਨ। ਜ਼ਾਹਿਰ ਹੈ ਕਿ ਉਨ੍ਹਾਂ ਨੇ ਬੀਤੇ ਤੋਂ ਸਬਕ ਨਹੀਂ ਸਿੱਖਿਆ ਹੈ।
ਹਰਿਆਣਾ, ਮਹਾਰਾਸ਼ਟਰ ਅਤੇ ਦਿੱਲੀ ’ਚ ਲਗਾਤਾਰ 3 ਅਪਮਾਨਜਨਕ ਹਾਰਾਂ ਵਿਰੋਧੀ ਧਿਰ ਲਈ ਇਕ ਚਿਤਾਵਨੀ ਹੋਣੀ ਚਾਹੀਦੀ ਸੀ। ਹਰਿਆਣਾ ’ਚ ਪ੍ਰਮੁੱਖ ਕਾਂਗਰਸ ਨੂੰ ਭਾਰੀ ਜਿੱਤ ਦਾ ਇੰਨਾ ਭਰੋਸਾ ਸੀ ਕਿ ਉਸ ਨੇ ਗੱਠਜੋੜ ਸਹਿਯੋਗੀ ਆਮ ਆਦਮੀ ਪਾਰਟੀ ਦੀ ਪ੍ਰਵਾਹ ਨਹੀਂ ਕੀਤੀ ਅਤੇ ਇਕੱਲਿਆਂ ਹੀ ਚੋਣ ਲੜਨ ਦਾ ਫੈਸਲਾ ਕੀਤਾ। ਇਸ ਦਾ ਨਤੀਜਾ ਇਹ ਹੋਇਆ ਕਿ ਕਾਂਗਰਸ ਇਕ ਫੀਸਦੀ ਤੋਂ ਵੀ ਘੱਟ ਵੋਟ ਸ਼ੇਅਰ ਨਾਲ ਭਾਜਪਾ ਤੋਂ ਹਾਰ ਗਈ, ਜਦਕਿ ‘ਆਪ’ 1.5 ਫੀਸਦੀ ਵੋਟ ਹਾਸਲ ਕਰ ਸਕੀ। ਜੇਕਰ ਦੋਵੇਂ ਸਹਿਯੋਗੀ ਪਾਰਟੀਆਂ ਹੱਥ ਮਿਲਾ ਲੈਂਦੀਆਂ ਤਾਂ ਨਤੀਜੇ ਕਾਫੀ ਵੱਖ ਹੁੰਦੇ। ਦਿੱਲੀ ’ਚ ‘ਆਪ’ ਨੇ ਕਾਂਗਰਸ ਨੂੰ ਉਸੇ ਦੇ ਸ਼ਬਦਾਂ ’ਚ ਜਵਾਬ ਦਿੱਤਾ ਅਤੇ ਖੁਦ ਨੂੰ ਭਾਰੀ ਨੁਕਸਾਨ ਪਹੁੰਚਾਇਆ ਅਤੇ ਚੋਣਾਂ ਹਾਰ ਗਈ। ਇੰਨਾ ਹੀ ਨਹੀਂ, ਉਸ ਦੇ ਲਗਭਗ ਸਾਰੇ ਚੋਟੀ ਦੇ ਆਗੂਆਂ ਨੂੰ ਧੂੜ ਫੱਕਣੀ ਪਈ।
ਦਿੱਲੀ ’ਚ ਵੀ ਇਹੀ ਕਹਾਣੀ ਦੁਹਰਾਈ ਗਈ, ਜਿਥੇ ‘ਆਪ’ ਨੂੰ ਭਾਜਪਾ ਤੋਂ ਸਿਰਫ 2 ਫੀਸਦੀ ਘੱਟ ਵੋਟਾਂ ਮਿਲੀਆਂ ਜਦਕਿ ਕਾਂਗਰਸ ਨੂੰ ਪਿਛਲੀਆਂ ਵਿਧਾਨ ਸਭਾ ਚੋਣਾਂ ਦੀ ਤੁਲਨਾ ’ਚ 2 ਫੀਸਦੀ ਵੋਟਾਂ ਮਿਲੀਆਂ। ਮਹਾਰਾਸ਼ਟਰ ’ਚ ਵੀ ‘ਇੰਡੀਆ’ ਗੱਠਜੋੜ ਨੇ ਜ਼ਿਆਦਾ ਸੀਟਾਂ ਦੇ ਲਈ ਝਗੜੇ ਸਮੇਤ ਵੱਖ-ਵੱਖ ਕਾਰਨਾਂ ਕਰ ਕੇ ਸੱਤਾ ਹਾਸਲ ਕਰਨ ਦਾ ਮੌਕਾ ਗੁਆ ਦਿੱਤਾ। ਊਧਵ ਠਾਕਰੇ ਨੂੰ ਉਮੀਦਵਾਰ ਐਲਾਨ ਨਾ ਕਰਨਾ ਗੱਠਜੋੜ ਦੀ ਹਾਰ ਦਾ ਇਕ ਹੋਰ ਕਾਰਨ ਹੋ ਸਕਦਾ ਹੈ।
ਇਸ ਤੋਂ ਪਹਿਲਾਂ ਗੁਜਰਾਤ ’ਚ ਕਾਂਗਰਸ ਅਤੇ ‘ਆਪ’ ਦਰਮਿਆਨ ਗੱਠਜੋੜ ਅਸਫਲ ਹੋਣ ਕਾਰਨ ‘ਆਪ’ ਨੂੰ 13 ਫੀਸਦੀ ਵੋਟਾਂ ਗੁਆਉਣੀਆਂ ਪਈਆਂ ਜੋ ਕਾਂਗਰਸ ਨੂੰ ਮਿਲ ਸਕਦੀਆਂ ਸਨ। ਬੇਸ਼ੱਕ, ਇਸ ਗੱਲ ਦੀ ਕੋਈ ਗਾਰੰਟੀ ਨਹੀਂ ਹੈ ਕਿ ਜੇਕਰ ਵੱਖ-ਵੱਖ ਪਾਰਟੀਆਂ ਨੇ ਹੱਥ ਮਿਲਾ ਲਿਆ ਹੁੰਦਾ ਤਾਂ ਵਿਰੋਧੀ ਧਿਰ ਗੱਠਜੋੜ ਜਿੱਤ ਜਾਂਦਾ ਕਿਉਂਕਿ ਇਹ ਜ਼ਰੂਰੀ ਨਹੀਂ ਹੈ ਕਿ ਵੋਟ ਇਕ ਪਾਰਟੀ ਤੋਂ ਦੂਜੀ ਪਾਰਟੀ ਨੂੰ ਸਿਰਫ ਇਸ ਲਈ ਟਰਾਂਸਫਰ ਹੋ ਜਾਣ ਕਿਉਂਕਿ ਉਹ ਗੱਠਜੋੜ ਸਹਿਯੋਗੀ ਹਨ।
ਪਿਛਲੇ ਸਾਲ ਲੋਕ ਸਭਾ ’ਚ ਆਪਣੀ ਸਥਿਤੀ ਬਿਹਤਰ ਕਰਨ ਵਾਲੀ ਕਾਂਗਰਸ ਹਰਿਆਣਾ, ਮਹਾਰਾਸ਼ਟਰ ਅਤੇ ਦਿੱਲੀ ’ਚ ਲਗਾਤਾਰ 3 ਹਾਰਾਂ ਤੋਂ ਬਾਅਦ ਫਿਰ ਤੋਂ ਆਪਣੇ ਹੀ ਘੇਰੇ ’ਚ ਸਿਮਟ ਗਈ ਹੈ। ਦਿੱਲੀ ’ਚ ਪਿਛਲੀਆਂ 3 ਚੋਣਾਂ ’ਚ ਖਾਤਾ ਵੀ ਨਾ ਖੋਲ੍ਹ ਸਕਣ ਦੀ ਸ਼ਰਮਨਾਕ ਹਾਰ ਤੋਂ ਉਸ ਦਾ ਮਨੋਬਲ ਜ਼ਰੂਰ ਟੁੱਟਿਆ ਹੋਵੇਗਾ ਪਰ ਪਾਰਟੀ ’ਚ ਸਵੈ-ਮੰਥਨ ਜਾਂ ਫਿਰ ਨਵੀਂ ਜਾਨ ਫੂਕਣ ਦੀ ਕੋਈ ਕੋਸ਼ਿਸ਼ ਨਹੀਂ ਦਿਸ ਰਹੀ ਹੈ।
ਦੂਜੇ ਪਾਸੇ ਭਾਜਪਾ ਨੂੰ ਪਹਿਲਾਂ ਤੋਂ ਯੋਜਨਾ ਬਣਾਉਣ ਅਤੇ ਸੱਤਾ ਦੀ ਭੁੱਖੀ ਰਹਿਣ ਦਾ ਸਿਹਰਾ ਦਿੱਤਾ ਜਾਣਾ ਚਾਹੀਦਾ ਹੈ। ਉਸ ਨੇ ਦਿੱਲੀ ਚੋਣਾਂ ਲਈ ਬਜਟ ਪੇਸ਼ ਕੀਤਾ ਅਤੇ ਉਸੇ ਬਜਟ ’ਚ ਬਿਹਾਰ ਲਈ ਵਿਸ਼ੇਸ਼ ਵਿਵਸਥਾਵਾਂ ਕੀਤੀਆਂ ਜਿਥੇ ਇਸ ਸਾਲ ਦੇ ਅਖੀਰ ’ਚ ਚੋਣਾਂ ਹੋਣੀਆਂ ਹਨ। ਧਿਆਨ ਦੇਣ ਵਾਲੀ ਗੱਲ ਹੈ ਕਿ 2020’ਚ ਬਿਹਾਰ ’ਚ ਹੋਈਆਂ ਪਿਛਲੀਆਂ ਚੋਣਾਂ ’ਚ ਗੱਠਜੋੜ ਦੀ ਹਾਰ ਲਈ ਕਾਂਗਰਸ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ ਸੀ।
ਕਾਂਗਰਸ ਨੇ ਜ਼ਿਆਦਾ ਸੀਟਾਂ ’ਤੇ ਜ਼ੋਰ ਦਿੱਤਾ ਸੀ ਅਤੇ 70 ਸੀਟਾਂ ’ਤੇ ਚੋਣਾਂ ਲੜੀਆਂ ਸਨ ਪਰ ਸਿਰਫ 19 ਸੀਟਾਂ ’ਤੇ ਜਿੱਤ ਹਾਸਲ ਕੀਤੀ ਸੀ। ਗੱਠਜੋੜ ਸਿਰਫ 12 ਸੀਟਾਂ ਤੋਂ ਚੋਣ ਹਾਰ ਗਿਆ ਸੀ। ਬਦਕਿਸਮਤੀ ਨਾਲ ਵਿਰੋਧੀ ਧਿਰ ਆਗੂ ਗੈਰ-ਜ਼ਿੰਮੇਵਾਰਾਨਾ ਬਿਆਨ ਜਾਰੀ ਕਰ ਰਹੇ ਹਨ ਜਿਸ ਨਾਲ ਉਨ੍ਹਾਂ ਨੂੰ ਹੀ ਨੁਕਸਾਨ ਹੋ ਸਕਦਾ ਹੈ।
ਕੁੰਭ ’ਚ ਉਮੜੀ ਸ਼ਰਧਾਲੂਆਂ ਦੀ ਭਾਰੀ ਭੀੜ ਕਰੋੜਾਂ ਨਾਗਰਿਕਾਂ ਦੀ ਮਹਾਕੁੰਭ ’ਚ ਡੁਬਕੀ ਲਗਾਉਣ ਦੀ ਅਪਾਰ ਆਸਥਾ ਨੂੰ ਦਰਸਾਉਂਦੀ ਹੈ। ਜ਼ਿਆਦਾਤਰ ਅੰਕੜਿਆਂ ਅਨੁਸਾਰ ਦੇਸ਼ ’ਚ ਬਾਲਿਕਾਂ ਦੀ ਅੰਦਾਜ਼ਨ ਗਿਣਤੀ 98 ਕਰੋੜ ਹੈ ਜਦਕਿ 63 ਕਰੋੜ ਲੋਕ ਪਵਿੱਤਰ ਇਸ਼ਨਾਨ ਲਈ ਪ੍ਰਯਾਗਰਾਜ ਆਏ ਹਨ। ਫਿਰ ਵੀ ਬਿਹਾਰ ਦੇ ਸਾਬਕਾ ਮੁੱਖ ਮੰਤਰੀ ਲਾਲੂ ਪ੍ਰਸਾਦ ਯਾਦਵ ਨੇ ਇਸ ਨੂੰ ‘ਫਾਲਤੂ’ ਕਿਹਾ ਹੈ ਅਤੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਪੁੱਛਿਆ ਹੈ ਕਿ ਇਹ ਮਹਾਕੁੰਭ ਹੈ ਜਾਂ ‘ਮ੍ਰਿਤੂ ਕੁੰਭ’।
ਯਕੀਨਨ ਅਜਿਹੇ ਬਿਆਨਾਂ ਨਾਲ ਇਨ੍ਹਾਂ ਆਗੂਆਂ ਦੀ ਭਰੋਸੇਯੋਗਤਾ ਨੂੰ ਹੀ ਨੁਕਸਾਨ ਪੁੱਜੇਗਾ। ਦਿੱਲੀ ’ਚ ਸ਼ਰਮਨਾਕ ਹਾਰ ਤੋਂ ਬਾਅਦ ਰਾਹੁਲ ਗਾਂਧੀ ਅਤੇ ਉਨ੍ਹਾਂ ਦੀ ਮੰਡਲੀ ‘ਡੂੰਘੀ ਨੀਂਦ’ ਵਿਚ ਚਲੀ ਗਈ ਹੈ। ਪਾਰਟੀ ਖਿੱਲਰ ਚੁੱਕੀ ਹੈ। ਇਸ ਨੂੰ ਆਪਣੇ ਘਰ ਨੂੰ ਵਿਵਸਥਿਤ ਕਰਨ ਦੀ ਲੋੜ ਹੈ। ਆਪਣੀ ਕੇਂਦਰੀ ਲੀਡਰਸ਼ਿਪ ’ਚ ਤਬਦੀਲੀ ਤੋਂ ਇਲਾਵਾ ਪਾਰਟੀ ਨੂੰ ਆਪਣੀ ਸੂਬਾਈ ਇਕਾਈਆਂ ਨੂੰ ਮਜ਼ਬੂਤ ਕਰਨ ਅਤੇ ਆਪਣੇ ਜ਼ਮੀਨੀ ਪੱਧਰ ਦੇ ਵਰਕਰਾਂ ਨੂੰ ਸਰਗਰਮ ਕਰਨ ਦਾ ਯਤਨ ਕਰਨਾ ਚਾਹੀਦਾ ਹੈ। ਕੋਈ ਵੀ ਸਿਆਸੀ ਪਾਰਟੀ ਸੱਤਾ ਦੀ ਭੁੱਖ ਤੋਂ ਬਿਨਾਂ ਹੋਂਦ ’ਚ ਨਹੀਂ ਰਹਿ ਸਕਦੀ ਤਾਂਕਿ ਉਹ ਆਪਣਾ ਏਜੰਡਾ ਲਾਗੂ ਕਰ ਸਕੇ। ਕਾਂਗਰਸ ਹੋਂਦ ਦੇ ਸੰਕਟ ਨਾਲ ਜੂਝ ਰਹੀ ਹੈ। ਹੁਣ ਜਾਗਣ ਦਾ ਸਮਾਂ ਆ ਗਿਆ ਹੈ।
-ਵਿਪਿਨ ਪੱਬੀ
ਲੋਕਾਂ ਦੀ ਰੱਖਿਆ ਕਰਨ ਵਾਲੀ ਪੁਲਸ ਹੋ ਰਹੀ ਲੁੱਟ-ਮਾਰ ਦੀ ਸ਼ਿਕਾਰ
NEXT STORY