ਬੱਚਿਆਂ ਨੂੰ ਸਿੱਖਿਆ ਪ੍ਰਦਾਨ ਕਰਨ ਦੇ ਤੌਰ-ਤਰੀਕਿਆਂ ’ਤੇ ਅਕਸਰ ਸਲਾਹ ਹੁੰਦੀ ਰਹਿੰਦੀ ਹੈ। ਸਾਡੇ ਦੇਸ਼ ਦੇ ਸਮਾਜ ਸ਼ਾਸਤਰੀ, ਮਨੋਵਿਗਿਆਨੀ ਅਤੇ ਸਿੱਖਿਆ ਜਗਤ ਨਾਲ ਜੁੜੇ ਬੁੱਧੀਜੀਵੀ ਲਗਾਤਾਰ ਬਦਲਦੇ ਸਮੇਂ ’ਚ ਸਿੱਖਿਆ ਪ੍ਰਦਾਨ ਕਰਨ ਦੀ ਪ੍ਰਕਿਰਿਆ ’ਤੇ ਚਿੰਤਾ ਕਰਦੇ ਰਹਿੰਦੇ ਹਨ। ਕੌੜਾ ਸੱਚ ਇਹ ਹੈ ਕਿ ਇਸ ਦੌਰ ’ਚ ਬੱਚਿਆਂ ਦੀ ਮਾਨਸਿਕ ਸਥਿਤੀ ਵੀ ਬਦਲ ਰਹੀ ਹੈ। ਬੱਚਿਆਂ ਦੇ ਮਨੋਵਿਗਿਆਨ ਨੂੰ ਸਮਝੇ ਬਿਨਾਂ ਅਸੀਂ ਸਿੱਖਿਆ ਦੇ ਖੇਤਰ ’ਚ ਕੋਈ ਸਾਰਥਕ ਪਹਿਲ ਨਹੀਂ ਕਰ ਸਕਦੇ। ਪਿਛਲੇ ਦਿਨੀਂ ਉੱਤਰ ਪ੍ਰਦੇਸ਼ ਦੇ ਮੁਜ਼ੱਫਰਨਗਰ ਜ਼ਿਲੇ ਦੇ ਇਕ ਪਿੰਡ ’ਚ ਸਥਿਤ ਨਿੱਜੀ ਸਕੂਲ ਦੇ ਅਧਿਆਪਕਾਂ ਵੱਲੋਂ ਇਕ ਬੱਚੇ ਦੀ ਕੁੱਟਮਾਰ ਹੋਰ ਬੱਚਿਆਂ ਕੋਲੋਂ ਕਰਾਏ ਜਾਣ ਦੀ ਘਟਨਾ ਨੇ ਇਕ ਵਾਰ ਫਿਰ ਸਾਡੀ ਸਿੱਖਿਆ ਵਿਵਸਥਾ ’ਤੇ ਕਈ ਸਵਾਲ ਖੜ੍ਹੇ ਕਰ ਦਿੱਤੇ ਹਨ।
ਮੁਸਲਿਮ ਬੱਚੇ ਦੀ ਕੁੱਟਮਾਰ ਹਿੰਦੂ ਬੱਚਿਆਂ ਤੋਂ ਕਰਾਏ ਜਾਣ ਦੇ ਕਾਰਨ ਇਹ ਘਟਨਾ ਫਿਰਕੂ ਤਣਾਅ ਦਾ ਕਾਰਨ ਬਣ ਸਕਦੀ ਸੀ। ਇਸ ਲਈ ਕਈ ਸਥਾਨਕ ਆਗੂਆਂ ਨੇ ਦੋਵਾਂ ਪੱਖਾਂ ਵਿਚਾਲੇ ਸਮਝੌਤਾ ਕਰਵਾ ਕੇ ਇਸ ਤਣਾਅ ਨੂੰ ਘੱਟ ਕਰ ਦਿੱਤਾ। ਬਾਅਦ ’ਚ ਖੁਦ ਅਧਿਆਪਕਾਂ ਨੇ ਵੀ ਇਹ ਮੰਨਿਆ ਕਿ ਉਨ੍ਹਾਂ ਕੋਲੋਂ ਗਲਤੀ ਹੋਈ ਸੀ। ਅਧਿਆਪਕਾਂ ਨੇ ਆਪਣੇ ਬਿਆਨ ’ਚ ਕਿਹਾ ਕਿ ਮੈਂ ਮੁਸਲਿਮ ਬੱਚਿਆਂ ਨੂੰ ਅਪਸ਼ਬਦ ਨਹੀਂ ਕਹੇ ਹਨ। ਮੈਂ ਤਾਂ ਮੁਸਲਿਮ ਬੱਚਿਆਂ ਨੂੰ ਮਾਮਾ ਦੇ ਘਰ ਨਾ ਜਾਣ ਲਈ ਕਿਹਾ ਸੀ ਤਾਂ ਕਿ ਉਨ੍ਹਾਂ ਦੀ ਪੜ੍ਹਾਈ ਦਾ ਨੁਕਸਾਨ ਨਾ ਹੋਵੇ। ਯਕੀਨੀ ਤੌਰ ’ਤੇ ਥੋੜ੍ਹੇ ਦਿਨਾਂ ਪਿੱਛੋਂ ਇਹ ਘਟਨਾ ਭੁਲਾ ਦਿੱਤੀ ਜਾਵੇਗੀ ਪਰ ਇਸ ਘਟਨਾ ਕਾਰਨ ਸਾਡੀ ਸਿੱਖਿਆ ਵਿਵਸਥਾ, ਅਧਿਆਪਕਾਂ ਅਤੇ ਬੱਚਿਆਂ ਦੀ ਮਾਨਸਿਕਤਾ ’ਤੇ ਵਿਆਪਕ ਬਹਿਸ ਹੋਣੀ ਚਾਹੀਦੀ ਹੈੈ।
ਇਸ ਘਟਨਾ ’ਚ ਕੋਈ ਫਿਰਕੂ ਤੱਤ ਸੀ ਜਾਂ ਨਹੀਂ, ਇਸ ਮੁੱਦੇ ’ਤੇ ਵੱਖ-ਵੱਖ ਵਿਚਾਰ ਹੋ ਸਕਦੇ ਹਨ। ਕੌੜਾ ਸੱਚ ਇਹ ਹੈ ਕਿ ਇਸ ਪ੍ਰਗਤੀਸ਼ੀਲ ਦੌਰ ’ਚ ਵੀ ਕਈ ਸਕੂਲਾਂ ’ਚ ਬੱਚਿਆਂ ਨੂੰ ਜਾਤੀਗਤ ਅਤੇ ਧਾਰਮਿਕ ਆਧਾਰ ’ਤੇ ਵਿਤਕਰੇ ਦਾ ਸਾਹਮਣਾ ਕਰਨਾ ਪੈਂਦਾ ਹੈ। ਦੁੱਖ ਤਾਂ ਉਦੋਂ ਹੁੰਦਾ ਹੈ ਜਦ ਭਵਿੱਖ ਨੂੰ ਘੜਨ ਵਾਲੇ ਅਧਿਆਪਕ ਹੀ ਜਾਤੀਗਤ ਅਤੇ ਫਿਰਕਾਪ੍ਰਸਤ ਟਿੱਪਣੀਆਂ ਕਰ ਕੇ ਬੱਚਿਆਂ ਨੂੰ ਝਿੜਕਣ ਦਾ ਕੰਮ ਕਰਦੇ ਹਨ। ਜੇ ਇਸ ਘਟਨਾ ਦੀ ਹੀ ਗੱਲ ਕਰੀਏ ਤਾਂ ਇਹ ਸਵਾਲ ਪੁੱਛਿਆ ਜਾ ਸਕਦਾ ਹੈ ਕਿ ਕੀ ਮੁਸਲਿਮ ਬੱਚੇ ਹੀ ਮਾਮਾ ਕੋਲ ਜਾਂਦੇ ਹਨ? ਕੀ ਹਿੰਦੂ ਬੱਚੇ ਮਾਮਾ ਕੋਲ ਨਹੀਂ ਜਾਂਦੇ?
ਸਰਕਾਰ ਸਿੱਖਿਆ ਵਿਵਸਥਾ ’ਚ ਕਈ ਤਰ੍ਹਾਂ ਦੇ ਸੁਧਾਰ ਕਰਨ ਦਾ ਦਾਅਵਾ ਕਰ ਰਹੀ ਹੈ ਪਰ ਕੀ ਉਹ ਕੋਈ ਅਜਿਹਾ ਯਤਨ ਕਰਦੀ ਦਿਖਾਈ ਦੇ ਰਹੀ ਜਿਸ ਨਾਲ ਅਧਿਆਪਕਾਂ ਅੰਦਰ ਸਾਰੀਆਂ ਜਾਤੀਆਂ ਅਤੇ ਧਰਮਾਂ ਪ੍ਰਤੀ ਸਨਮਾਨ ਦਾ ਭਾਵ ਪੈਦਾ ਹੋਵੇ? ਇਸ ਦੇ ਉਲਟ ਸਰਕਾਰ ਧਾਰਮਿਕ ਸਰਗਰਮੀਆਂ ਨੂੰ ਸਕੂਲਾਂ ਰਾਹੀਂ ਸੰਚਾਲਿਤ ਕਰਨ ਦਾ ਯਤਨ ਵਾਰ-ਵਾਰ ਕਰਦੀ ਰਹਿੰਦੀ ਹੈ।
ਜੇ ਸਕੂਲਾਂ ਰਾਹੀਂ ਧਾਰਮਿਕ ਸਰਗਰਮੀਆਂ ਸੰਚਾਲਿਤ ਕੀਤੀਆਂ ਜਾਣਗੀਆਂ ਤਾਂ ਅਧਿਆਪਕਾਂ ਅਤੇ ਬੱਚਿਆਂ ’ਚ ਵਿਗਿਆਨਕ ਚੇਤਨਾ ਦਾ ਵਿਕਾਸ ਕਿਵੇਂ ਹੋਵੇਗਾ? ਬੱਚਿਆਂ ਤੋਂ ਪਹਿਲਾਂ ਅਧਿਆਪਕਾਂ ’ਚ ਵਿਗਿਆਨਕ ਚੇਤਨਾ ਦਾ ਵਿਕਾਸ ਹੋਣਾ ਜ਼ਰੂਰੀ ਹੈ ਪਰ ਜਦੋਂ ਤੱਕ ਅਧਿਆਪਕ ਜਾਤੀਗਤ ਜਾਂ ਧਾਰਮਿਕ ਪੂਰਵਾਗ੍ਰਹਿ ਤੋਂ ਮੁਕਤ ਨਹੀਂ ਹੋਣਗੇ, ਉਦੋਂ ਤੱਕ ਇਹ ਕੰਮ ਅਸੰਭਵ ਹੈ।
ਸੱਚੇ ਅਰਥਾਂ ’ਚ ਪ੍ਰਗਤੀਸ਼ੀਲ ਸਮਾਜ ਦੇ ਨਿਰਮਾਣ ਲਈ ਅਧਿਆਪਕਾਂ ਦਾ ਪ੍ਰਗਤੀਸ਼ੀਲ ਹੋਣਾ ਬਹੁਤ ਜ਼ਰੂਰੀ ਹੈ। ਕੀ ਸਾਡੇ ਅਧਿਆਪਕ ਅਸਲ ਤੌਰ ’ਤੇ ਪ੍ਰਗਤੀਸ਼ੀਲ ਬਣ ਸਕੇ ਹਨ? ਯਕੀਨੀ ਤੌਰ ’ਤੇ ਅਜਿਹੇ ਮਾਹੌਲ ’ਚ ਕਈ ਅਧਿਆਪਕਾਂ ਨੇ ਆਪਣੀਆਂ ਨੈਤਿਕ ਜ਼ਿੰਮੇਵਾਰੀਆਂ ਅਤੇ ਫਰਜ਼ ਸ਼ਰਧਾ ਦੀਆਂ ਬਿਹਤਰੀਨ ਮਿਸਾਲਾਂ ਪੇਸ਼ ਕੀਤੀਆਂ ਹਨ। ਅਜਿਹੇ ਅਧਿਆਪਕਾਂ ਨੇ ਇਕ ਪਾਸੇ ਆਪਣੇ ਸਕੂਲਾਂ ’ਚ ਅਸਲ ਚਮਕ ਪੈਦਾ ਕੀਤੀ ਤਾਂ ਦੂਜੇ ਪਾਸੇ ਬੱਚਿਆਂ ’ਚ ਵੀ ਅਜਿਹੇ ਸੰਸਕਾਰ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਜੋ ਦੁਨੀਆ ਨੂੰ ਇਕ ਸਮਾਨ ਨਜ਼ਰ ਨਾਲ ਦੇਖ ਸਕਣ। ਬਦਕਿਸਮਤੀ ਇਹ ਹੈ ਕਿ ਅਧਿਆਪਕਾਂ ਦਾ ਇਕ ਵੱਡਾ ਵਰਗ ਅੱਜ ਵੀ ਕੂਪਮੰਡੂਕਤਾ ਦਾ ਸ਼ਿਕਾਰ ਹੈ।
ਇਸ ਮਾਮਲੇ ’ਚ ਕੁਝ ਸਿਆਸੀ ਆਗੂ ਅਤੇ ਬੁੱਧੀਜੀਵੀ ਬਚਕਾਨੇ ਤਰਕ ਦੇ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਛੋਟੀ ਜਿਹੀ ਗੱਲ ਹੈ। ਪਹਿਲਾਂ ਪਿੰਡਾਂ ਦੇ ਸਕੂਲਾਂ ’ਚ ਬੱਚਿਆਂ ਦੀ ਬਹੁਤ ਕੁੱਟਮਾਰ ਹੁੰਦੀ ਸੀ। ਇਹ ਤਾਂ ਪਿੰਡ ਦੇ ਸੱਭਿਆਚਾਰ ਦਾ ਇਕ ਹਿੱਸਾ ਹੈ। ਦਰਅਸਲ ਸਕੂਲ ’ਚ ਬੱਚੇ ਦੀ ਮਾਰਕੁੱਟ ਨੂੰ ਪਿੰਡ ਦੇ ਸੱਭਿਆਚਾਰ ਦਾ ਹਿੱਸਾ ਦੱਸਣਾ ਬਹੁਤ ਹੀ ਸ਼ਰਮਨਾਕ ਹੈ।
ਰੋਹਿਤ ਕੌਸ਼ਿਕ
ਭਾਰਤ ‘ਵਿਸ਼ਵਗੁਰੂ’ ਅਤੇ ‘ਵਿਸ਼ਵਾ ਮਿੱਤਰ’ ਦੇ ਰੂਪ ’ਚ ਵਿਸ਼ਵ ਮੰਚ ’ਤੇ ਸਥਾਪਿਤ
NEXT STORY