ਦੇਸ਼ ’ਚ ਨਕਲੀ ਖੁਰਾਕ ਪਦਾਰਥਾਂ, ਦਵਾਈਆਂ, ਖਾਦਾਂ, ਕੀਟਨਾਸ਼ਕਾਂ, ਕਰੰਸੀ ਆਦਿ ਦੀਆਂ ਗੱਲਾਂ ਤਾਂ ਸੁਣੀਆਂ ਜਾਂਦੀਆਂ ਸਨ, ਪਰ ਹੁਣ ਇਹ ਬੀਮਾਰੀ ਨਕਲੀ ਆਈ.ਪੀ.ਐੱਸ. ਅਧਿਕਾਰੀਆਂ, ਭ੍ਰਿਸ਼ਟਾਚਾਰ-ਰੋਕੂ ਵਿਭਾਗ ਦੇ ਅਧਿਕਾਰੀਆਂ ਆਦਿ ਤੱਕ ਪਹੁੰਚ ਗਈ ਹੈ ਅਤੇ ਇਸ ਵਿੱਚ ਔਰਤਾਂ ਵੀ ਸ਼ਾਮਲ ਪਾਈਆਂ ਜਾ ਰਹੀਆਂ ਹਨ, ਜਿਸ ਦੀਆਂ ਸਿਰਫ਼ 6 ਹਫ਼ਤੇ ਦੀਆਂ ਮਿਸਾਲਾਂ ਹੇਠਾਂ ਦਰਜ ਹਨ:
9 ਜਨਵਰੀ ਨੂੰ ਜੈਸਲਮੇਰ ’ਚ ‘ਰਾਜਸਥਾਨ ਐਡਮਿਨਿਸਟ੍ਰੇਟਿਵ ਸਰਵਿਸ’ ਦਾ ਨਕਲੀ ਅਧਿਕਾਰੀ ਬਣਕੇ ਘੁੰਮ ਰਹੇ ‘ਹਰਜੀਤ ਸਿੰਘ’ ਨਾਂ ਦੇ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ। ਉਹ ਆਪਣੀ ਕਾਰ ਉੱਤੇ ਲਾਲ-ਨੀਲੀ ਲਾਈਟ ਲਾ ਕੇ ਘੁੰਮ ਰਿਹਾ ਸੀ ਅਤੇ ਆਪਣੀ ਕਾਰ ਦੇ ਅੱਗੇ-ਪਿੱਛੇ ‘ਸਟੇਟ ਮੋਟਰ ਵਿਭਾਗ ਰਾਜਸਥਾਨ ਸਰਕਾਰ’ ਲਿਖਵਾਇਆ ਹੋਇਆ ਸੀ, ਤਾਂ ਕਿ ਟੋਲ ਟੈਕਸ ਬਚਾਇਆ ਅਤੇ ਸੈਰ-ਸਪਾਟਾ ਸਥਾਨਾਂ ਤੇ ਹੋਟਲਾਂ ’ਤੇ ਵੀ.ਆਈ.ਪੀ. ਸਹੂਲਤ ਪ੍ਰਾਪਤ ਕੀਤੀ ਜਾ ਸਕੇ।
28 ਜਨਵਰੀ ਨੂੰ ਜਲੰਧਰ ਪੁਲਿਸ ਨੇ ਮਹਿਤਪੁਰ ਪੁਲਿਸ ਥਾਣੇ ਦੇ ਨੇੜੇ ਪੁਲਿਸ ਦਾ ਫ਼ਰਜ਼ੀ ਆਈ-ਕਾਰਡ ਅਤੇ ਖਿਡੌਣਾ ਬੰਦੂਕ ਲੈ ਕੇ ਕਾਰ ’ਚ ਘੁੰਮਣ ਵਾਲੇ ਨੌਜਵਾਨ ਨੂੰ ਗ੍ਰਿਫ਼ਤਾਰ ਕੀਤਾ, ਜਿਸ ਨੇ ਆਪਣੀ ਕਾਰ ਦੇ ਪਿੱਛੇ ਪੰਜਾਬੀ ਵਿੱਚ ‘ਥਾਣੇਦਾਰ’ ਲਿਖਵਾਇਆ ਹੋਇਆ ਸੀ। ਦੋਸ਼ੀ ਨੌਜਵਾਨ ਨੇ ਪੁਲਿਸ ’ਚ ਭਰਤੀ ਹੋਣ ਲਈ ਲਿਖਤੀ ਟੈਸਟ ਵੀ ਦਿੱਤਾ ਸੀ, ਪਰ ਟੈਸਟ ਕਲੀਅਰ ਨਹੀਂ ਕਰ ਸਕਿਆ ਸੀ।
30 ਜਨਵਰੀ ਨੂੰ ਲਖਨਊ ’ਚ ਪੁਲਿਸ ਨੇ ਠੱਗ ‘ਸ਼ੇਖਰ ਵਰਮਾ’ ਨੂੰ ਗ੍ਰਿਫ਼ਤਾਰ ਕੀਤਾ। ਉਸ ਨੇ ਮੈਟਰੀਮੋਨੀਅਲ ਸਾਈਟ ’ਤੇ ਖੁਦ ਨੂੰ ਇੱਕ ਬੈਂਕ ਦਾ ਅਧਿਕਾਰੀ ਦੱਸ ਕੇ ਇੱਕ ਔਰਤ ਦਾ ਸੈਕਸ ਸ਼ੋਸ਼ਣ ਕਰਨ ਤੋਂ ਇਲਾਵਾ, ਵਿਆਹ ਦਾ ਝਾਂਸਾ ਦੇ ਕੇ ਉਸ ਕੋਲੋਂ 5 ਲੱਖ ਰੁਪਏ ਨਕਦ ਅਤੇ 24 ਲੱਖ ਰੁਪਏ ਦੇ ਗਹਿਣੇ ਹੜੱਪ ਲਏ।
4 ਫ਼ਰਵਰੀ ਨੂੰ ਦੁਰਗ (ਛੱਤੀਸਗੜ੍ਹ) ’ਚ ਗੱਡੀਆਂ ਦੀ ਚੈੱਕਿੰਗ ਦੌਰਾਨ ‘ਸੰਨੀ ਜੈਨ’ ਨਾਂ ਦੇ ‘ਭ੍ਰਿਸ਼ਟਾਚਾਰ-ਰੋਕੂ ਵਿਭਾਗ’ (ਏ.ਸੀ.ਬੀ.) ਦੇ ਇੱਕ ਫ਼ਰਜ਼ੀ ਅਧਿਕਾਰੀ ਨੂੰ ਗ੍ਰਿਫ਼ਤਾਰ ਕੀਤਾ ਗਿਆ।
8 ਫ਼ਰਵਰੀ ਨੂੰ ਮੁੰਗੇਲੀ (ਛੱਤੀਸਗੜ੍ਹ) ’ਚ ‘ਸੁਮੀਤ ਸੇਠੀ’ ਨਾਂ ਦੇ ਜਾਲਸਾਜ਼ ਨੂੰ ਗ੍ਰਿਫ਼ਤਾਰ ਕੀਤਾ ਗਿਆ। ਉਸ ’ਤੇ ਖੁਦ ਨੂੰ ਸੀ.ਆਈ.ਡੀ. ਅਧਿਕਾਰੀ ਦੱਸ ਕੇ ਇੱਕ ਹਸਪਤਾਲ ਦਾ ਰਿਕਾਰਡ ਅਤੇ ਉਸ ਦੇ ਡਾਕਟਰਾਂ ਦੀਆਂ ਡਿਗਰੀਆਂ ਚੈੱਕ ਕਰਨ ਦੇ ਨਾਂ ’ਤੇ ਹਸਪਤਾਲ ਦੇ ਸੰਚਾਲਕ ਕੋਲੋਂ 7 ਲੱਖ ਰੁਪਏ ਦੀ ਠੱਗੀ ਮਾਰਨ ਦਾ ਦੋਸ਼ ਹੈ।
9 ਫ਼ਰਵਰੀ ਨੂੰ ਜੈਪੁਰ ’ਚ ‘ਸ਼੍ਰੀਨਿਵਾਸ ਕੁਮਾਰ ਚੌਬੇ’ ਨੂੰ ਗ੍ਰਿਫ਼ਤਾਰ ਕੀਤਾ ਗਿਆ, ਜੋ ਖੁਦ ਨੂੰ ‘ਇੰਟੈਲੀਜੈਂਸ ਬਿਊਰੋ’ (ਆਈ.ਬੀ.) ਦਾ ਡਿਪਟੀ ਸੁਪਰਡੈਂਟ ਦੱਸ ਕੇ ਲਗਭਗ 1 ਦਰਜਨ ਲੋਕਾਂ ਨੂੰ ‘ਜੈਪੁਰ ਵਿਕਾਸ ਅਥਾਰਟੀ’ ’ਚ ਨੌਕਰੀ ਦਿਵਾਉਣ ਦਾ ਝਾਂਸਾ ਦੇ ਕੇ ਉਨ੍ਹਾਂ ਨਾਲ 20 ਲੱਖ ਰੁਪਏ ਦੀ ਠੱਗੀ ਮਾਰ ਚੁੱਕਾ ਸੀ।
11 ਫ਼ਰਵਰੀ ਨੂੰ ਤਰਨ ਤਾਰਨ ਜ਼ਿਲੇ ਦੇ ਭਿੱਖੀਵਿੰਡ ਵਿੱਚ ਨਾਕਾਬੰਦੀ ਦੌਰਾਨ ਪੁਲਿਸ ਨੇ ‘ਸਿਮਰਨਦੀਪ ਕੌਰ’ ਨਾਂ ਦੀ ਇੱਕ ਫ਼ਰਜ਼ੀ ਆਈ.ਪੀ.ਐੱਸ. ਔਰਤ ਅਧਿਕਾਰੀ ਨੂੰ ਗ੍ਰਿਫ਼ਤਾਰ ਕੀਤਾ, ਜੋ ਲੋਕਾਂ ਨੂੰ ਠੱਗਣ ਲਈ ਨਕਲੀ ਵਰਦੀ ਪਾ ਕੇ ਘੁੰਮ ਰਹੀ ਸੀ। ਉਸ ਦੇ ਕਬਜ਼ੇ ’ਚੋਂ ਇੱਕ ਆਈਫੋਨ ਅਤੇ ਆਈ.ਪੀ.ਐੱਸ. ਅਧਿਕਾਰੀ ਦੀ ਪੂਰੀ ਵਰਦੀ ਵੀ ਬਰਾਮਦ ਕੀਤੀ ਗਈ।
16 ਫ਼ਰਵਰੀ ਨੂੰ ਏਟਾ (ਉੱਤਰ ਪ੍ਰਦੇਸ਼) ’ਚ ਇੱਕ ਨਕਲੀ ਆਈ.ਪੀ.ਐੱਸ. ਅਧਿਕਾਰੀ ‘ਹੇਮੰਤ ਪ੍ਰਤਾਪ ਸਿੰਘ ਬੁੰਦੇਲਾ’ ਨੂੰ ਪੁਲਿਸ ਨੇ ਗ੍ਰਿਫ਼ਤਾਰ ਕੀਤਾ, ਜੋ ਬਿਨਾਂ-ਬੁਲਾਏ ਇੱਕ ਪਤੀ-ਪਤਨੀ ਦਾ ਝਗੜਾ ਸੁਲਝਾਉਣ ਪਹੁੰਚ ਗਿਆ ਸੀ। ਦੋਸ਼ੀ ਨੇ ਪੁਲਿਸ ਦੀ ਵਰਦੀ ਪਹਿਨੀ ਹੋਈ ਸੀ, ਪਰ ਬੇਮੇਲ ਹੋਣ ਕਾਰਨ ਪੁਲਿਸ ਨੂੰ ਸ਼ੱਕ ਹੋਣ ’ਤੇ ਸਖ਼ਤੀ ਨਾਲ ਪੁੱਛਗਿੱਛ ਕੀਤੀ ਗਈ ਤਾਂ ਉਸ ਨੇ ਆਪਣਾ ਜੁਰਮ ਕਬੂਲ ਕਰ ਲਿਆ।
18 ਫ਼ਰਵਰੀ ਨੂੰ ਖੁਦ ਨੂੰ ਊਨਾ ਉਦਯੋਗਿਕ ਇਲਾਕੇ ’ਚ ਸਹਾਇਕ ਅਧਿਕਾਰੀ ਅਤੇ ‘ਸੈਰੀਕਲਚਰ ਵਿਭਾਗ’ ’ਚ ਐਡੀਸ਼ਨਲ ਕਾਰਜਭਾਰ ਸੰਭਾਲਣ ਵਾਲੀ ਦੱਸ ਕੇ ਲੋਕਾਂ ਨੂੰ ਨੌਕਰੀ ਅਤੇ ਹੋਰ ਸਹੂਲਤਾਂ ਦਿਵਾਉਣ ਦਾ ਝਾਂਸਾ ਦੇ ਕੇ ਲੱਖਾਂ ਰੁਪਏ ਦੀ ਠੱਗੀ ਮਾਰਨ ਵਾਲੀ ਔਰਤ ਨੂੰ ਪਾਉਂਟਾ ਸਾਹਿਬ ਤੋਂ ਗ੍ਰਿਫ਼ਤਾਰ ਕੀਤਾ ਗਿਆ।
18 ਫ਼ਰਵਰੀ ਨੂੰ ਹੀ ਪਾਲਘਰ (ਮਹਾਰਾਸ਼ਟਰ) ’ਚ ‘ਹਿਮਾਂਸ਼ੂ ਯੋਗੇਸ਼ ਭਾਈ ਪਾਂਚਾਲ’ ਨਾਂ ਦੇ ਧੋਖੇਬਾਜ਼ ਨੂੰ ਪੁਲਿਸ ਨੇ ਗ੍ਰਿਫ਼ਤਾਰ ਕੀਤਾ, ਜਿਸ ’ਤੇ ਖੁਦ ਨੂੰ ਦਿੱਲੀ ਅਪਰਾਧ ਸ਼ਾਖਾ ਦਾ ਅਧਿਕਾਰੀ ਦੱਸ ਕੇ ਕਈ ਔਰਤਾਂ ਨਾਲ ਵਿਆਹ ਦਾ ਵਾਅਦਾ ਕਰਕੇ ਧੋਖਾ ਦੇਣ ਦਾ ਦੋਸ਼ ਹੈ।
19 ਫ਼ਰਵਰੀ ਨੂੰ ਲਖਨਊ ਦੇ ‘ਚਾਰਬਾਗ ਰੇਲਵੇ ਸਟੇਸ਼ਨ’ ’ਤੇ ‘ਕਾਜਲ ਸਰੋਜ’ ਨਾਂ ਦੀ ਫ਼ਰਜ਼ੀ ਮਹਿਲਾ ਟੀ.ਟੀ.ਈ. ਨੂੰ ਗ੍ਰਿਫ਼ਤਾਰ ਕੀਤਾ ਗਿਆ, ਜੋ ਟੀ.ਟੀ.ਈ. ਦੀ ਵਰਦੀ ਪਾ ਕੇ, ਗਲ਼ ’ਚ ਆਈ-ਕਾਰਡ ਪਾ ਕੇ ਅਤੇ ਹੱਥ ’ਚ ਕਾਪੀ-ਪੈੱਨ ਲੈ ਕੇ ਯਾਤਰੀਆਂ ਦੇ ਟਿਕਟ ਚੈੱਕ ਕਰ ਰਹੀ ਸੀ। ਜਾਂਚ ਕਰਨ ’ਤੇ ਉਸ ਦਾ ਕਰਮਚਾਰੀ ਨੰਬਰ, ਅਹੁਦੇ ਦਾ ਨਾਂ ਅਤੇ ਤਾਇਨਾਤੀ ਸਥਾਨ ਸਾਰੇ ਫ਼ਰਜ਼ੀ ਪਾਏ।
ਉਕਤ ਮਿਸਾਲਾਂ ਤੋਂ ਸਪਸ਼ਟ ਹੈ ਕਿ ਦੇਸ਼ ’ਚ ਜਾਲਸਾਜ਼ੀ ਕਰਕੇ ਲੋਕਾਂ ਨੂੰ ਠੱਗਣ ਦੀ ਬੁਰਾਈ ਕਿਸ ਕਦਰ ਵਧ ਰਹੀ ਹੈ। ਇਸ ਲਈ, ਸਮਾਜ ਵਿਰੋਧੀ ਤੱਤਾਂ ਵਿਰੁੱਧ ਸਖ਼ਤ ਕਾਰਵਾਈ ਕਰਨ ਦੀ ਲੋੜ ਹੈ, ਤਾਂ ਕਿ ਦੂਜਿਆਂ ਨੂੰ ਸਬਕ ਮਿਲੇ। ਜਨਤਾ ਨੂੰ ਵੀ ਜਾਗਰੂਕ ਹੋਣ ਦੀ ਲੋੜ ਹੈ, ਤਾਂ ਕਿ ਕੋਈ ਠੱਗ ਉਨ੍ਹਾਂ ਦੀ ਗੂੜ੍ਹੇ ਪਸੀਨੇ ਦੀ ਕਮਾਈ ਨਾ ਲੁੱਟ ਸਕੇ।
– ਵਿਜੇ ਕੁਮਾਰ
ਹਰਿਤ ਮਹਾਸ਼ਿਵਰਾਤਰੀ ਦਾ ਸੰਕਲਪ
NEXT STORY