ਸਰੀ (ਕੈਨੇਡਾ)- ਕੈਨੇਡਾ ਵਿਚ ਹੋ ਰਹੀ ਜੀ-7 ਸਮਿਟ ਵੱਖ-ਵੱਖ ਨਜ਼ਰੀਏ ਤੋਂ ਬਹੁਤ ਮਹੱਤਵਪੂਰਨ ਹੈ। ਜਿੱਥੇ ਦੁਨੀਆ ਵਿਚ ਅੱਜ ਵਪਾਰ ਪਾਬੰਦੀਆਂ ਅਤੇ ਟਰੇਡ ਵਾਰ ਕਰ ਕੇ ਅਨਿਸਚਿਤਾ ਬਣੀ ਹੋਈ ਹੈ, ਉਥੇ ਸੰਸਾਰ ਭਰ ਵਿਚ ਚੱਲ ਰਹੀਆਂ ਜੰਗਾਂ ਵੀ ਮਨੁੱਖਤਾ ਦੇ ਲਈ ਡੂੰਘੀ ਚਿੰਤਾ ਦਾ ਕਾਰਨ ਹਨ। ਅਜਿਹੇ ਹਾਲਾਤ ਵਿਚ ਜੀ-7 ਮੁਲਕ ਜੋ ਕਿ ਦੁਨੀਆ ਦੇ ਵੱਡੇ ਲੋਕਤੰਤਰਿਕ ਅਰਥਚਾਰੇ ਹਨ, ਉਨ੍ਹਾਂ ਦਾ ਰੋਲ ਬੜਾ ਮਹੱਤਵਪੂਰਨ ਹੋ ਜਾਂਦਾ ਹੈ। ਇਸ ਸਾਲ ਜੀ-7 ਦੀ ਮੇਜ਼ਬਾਨੀ ਕੈਨੇਡਾ ਕਰ ਰਿਹਾ ਹੈ ਅਤੇ ਦੁਨੀਆ ਦੇ ਮਹੱਤਵਪੂਰਨ ਲੀਡਰ ਜਿਵੇਂ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ, ਯੂਕ੍ਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜ਼ੈਲੇਂਸਕੀ, ਸਾਊਥ ਅਫਰੀਕਾ ਦੇ ਰਾਸ਼ਟਰਪਤੀ ਰਾਮਾ ਫੋਸਾ ਆਦਿ ਇਸ ਸੰਮੇਲਨ ਵਿਚ ਆਪਣੀ ਹਾਜ਼ਰੀ ਭਰਨਗੇ ਪਰ ਇਨ੍ਹਾਂ ਸਾਰੇ ਲੀਡਰਾਂ ਵਿਚੋਂ ਇਕ ਲੀਡਰ ਦੀ ਸ਼ਮੂਲੀਅਤ ਵਿਸ਼ੇਸ਼ ਚਰਚਾ ਦਾ ਕਾਰਨ ਬਣੀ ਹੋਈ ਹੈ, ਉਹ ਹੈ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੋ ਲਗਾਤਾਰ ਹਰ ਜੀ-7 ਸੰਮੇਲਨ ਵਿਚ ਸ਼ਮੂਲੀਅਤ ਕਰਦੇ ਆਏ ਹਨ ਪਰ ਇਸ ਵਾਰ ਜੀ-7 ਸੰਮੇਲਨ ਦੇ ਨਜ਼ਦੀਕ ਆਉਣ ਦੇ ਬਾਵਜੂਦ ਭਾਰਤੀ ਪ੍ਰਧਾਨ ਮੰਤਰੀ ਨੂੰ ਸੱਦਾ ਪੱਤਰ ਨਾ ਜਾਣ ਚਰਚਾ ਦਾ ਕੇਂਦਰ ਬਣਿਆ ਹੋਇਆ ਸੀ, ਕੁਝ ਮੀਡੀਆ ਅਦਾਰਿਆਂ ਨੇ ਤਾਂ ਰਿਪੋਰਟਸ ਅਤੇ ਸੰਪਾਦਕੀਆਂ ਵੀ ਨਸ਼ਰ ਕਰ ਦਿੱਤੀਆਂ ਸਨ ਕਿ ਭਾਰਤ ਦੇ ਪ੍ਰਧਾਨ ਮੰਤਰੀ ਨੂੰ ਇਸ ਸੰਮੇਲਨ ਵਿਚ ਸੱਦਾ ਨਹੀਂ ਦਿੱਤਾ ਜਾਵੇਗਾ, ਇਸ ਦਾ ਕਾਰਨ ਭਾਰਤ ਅਤੇ ਕੈਨੇਡਾ ਵਿਚ ਵਿਗੜੇ ਹੋਏ ਸਬੰਧਾਂ ਨੂੰ ਮੰਨਿਆ ਜਾ ਰਿਹਾ ਸੀ।
ਹਾਲਾਂਕਿ ਭਾਰਤ ਅਤੇ ਕੈਨੇਡਾ ਦੋਵੇਂ ਹੀ ਲੋਕਤੰਤਰਿਕ ਦੇਸ਼ ਹਨ ਅਤੇ ਦੋਨਾਂ ਦੇਸ਼ਾਂ ਦੇ ਏਸ਼ੀਆ ਪੈਸੇਫਿਕ ਵਿਚ ਹਿੱਤ ਵੀ ਸਾਂਝੇ ਹਨ ਪਰ ਫਿਰ ਵੀ ਭਾਰਤ ਅਤੇ ਕੈਨੇਡਾ ਸਬੰਧ ਪਿਛਲੇ ਸਾਲਾਂ ਤੋਂ ਬੇਹੱਦ ਤਣਾਅ ਪੂਰਨ ਚਲੇ ਆ ਰਹੇ ਹਨ। ਇਸ ਤਣਾਅ ਦਾ ਮੁੱਢ ਵੈਸੇ ਤਾਂ 1974 ਵਿਚ ਭਾਰਤੀ ਪ੍ਰਮਾਣੂ ਪ੍ਰੋਗਰਾਮ ਤੋਂ ਟਰੇਸ ਕੀਤਾ ਜਾ ਸਕਦਾ ਹੈ ਪਰ ਹਾਲ ਹੀ ਦੇ ਸਾਲਾਂ ਵਿਚ ਸਾਬਕਾ ਕੈਨੇਡੀਅਨ ਪ੍ਰਧਾਨ ਮੰਤਰੀ ਦੀ 2018 ਦੀ ਭਾਰਤ ਫੇਰੀ ਤਾਜ਼ੇ ਤਣਾਅ ਦੀ ਸ਼ੁਰੂਆਤ ਮੰਨੀ ਜਾ ਸਕਦੀ ਹੈ। ਜਦੋਂ ਸਤੰਬਰ 2023 ਵਿਚ ਤਤਕਾਲੀ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਦੇ ਪਾਰਲੀਮੈਂਟ ਵਿਚ ਖੜ੍ਹੇ ਹੋ ਕੇ ਇਹ ਗੱਲ ਆਖੀ ਕਿ ਸਰੀ ਵਿਚ ਹੋਏ ਇਕ ਖਾਲਿਸਤਾਨੀ ਆਗੂ ਦੇ ਕਤਲ ਪਿੱਛੇ ਭਾਰਤ ਸਰਕਾਰ ਦਾ ਹੱਥ ਹੋਣ ਦੀ ਜਾਣਕਾਰੀ ਉਨ੍ਹਾਂ ਨੂੰ ਮਿਲੀ ਹੈ ਤਾਂ ਭਾਰਤ ਕੈਨੇਡਾ ਦੇ ਸਬੰਧ ਰਸਾਤਲ ਵਿਚ ਬੈਠ ਗਏ ਸਨ। ਟਰੂਡੋ ਦੌਰ ਦਾ ਅੰਤ ਹੋਣ ਤੋਂ ਬਾਅਦ ਕੈਨੇਡਾ ਵਿਚ ਇਕ ਤਬਦੀਲੀ ਆਉਂਦੀ ਹੋਈ ਦੇਖੀ ਗਈ ਜਿੱਥੇ ਦੋਵੇਂ ਹੀ ਪ੍ਰਮੁੱਖ ਪਾਰਟੀਆਂ ਚਾਹੇ ਉਹ ਲਿਬਰਲ ਪਾਰਟੀ ਹੋਵੇ ਜਾਂ ਕੰਜ਼ਰਵੇਟਿਵ ਪਾਰਟੀ ਦੋਨਾਂ ਨੇ ਹੀ ਚੋਣ ਪ੍ਰਚਾਰ ਵਿਚ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਉਹ ਭਾਰਤ ਨਾਲ ਸਬੰਧਾਂ ਨੂੰ ਮੁੜ ਪੈਰਾਂ ਸਿਰ ਕਰਨਗੇ।
ਪ੍ਰਧਾਨ ਮੰਤਰੀ ਦਾ ਅਹੁਦਾ ਸੰਭਾਲਣ ਤੋਂ ਬਾਅਦ ਮਾਰਕ ਕਾਰਨੀ ਨੇ ਆਪਣੀ ਵਿਦੇਸ਼ ਨੀਤੀ ਦਾ ਟੀਚਾ ਬਿਆਨਦਿਆਂ ਕਿਹਾ ਕਿ ਉਹ ਵਿਦੇਸ਼ ਨੀਤੀ ਨੂੰ ਕੈਨੇਡਾ ਦੇ ਆਰਥਿਕ ਹਿੱਤਾਂ ਨੂੰ ਸੁਰੱਖਿਅਤ ਕਰਨ ਲਈ ਇਸਤੇਮਾਲ ਕਰਨਗੇ। ਭਾਰਤ ਅਤੇ ਕੈਨੇਡਾ ਦੇ ਸਬੰਧਾਂ ਨੂੰ ਲੈ ਕੇ ਕੈਨੇਡਾ ਦੇ ਵਿਦੇਸ਼ ਮੰਤਰੀ ਬੀਬੀ ਅਨੀਤਾ ਆਨੰਦ ਦਾ ਵੀ ਮਹੱਤਵਪੂਰਨ ਬਿਆਨ ਆਇਆ ਜਿਸ ਵਿਚ ਉਨ੍ਹਾਂ ਕਿਹਾ ਕਿ ਭਾਰਤ ਤੇ ਕੈਨੇਡਾ ਦੇ ਸਬੰਧਾਂ ਨੂੰ ਪੜਾਅਵਾਰ ਦਰੁਸਤ ਕੀਤਾ ਜਾਵੇਗਾ। ਇਹ ਸਭ ਮਾਹੌਲ ਤਿਆਰ ਹੋਣ ਤੋਂ ਬਾਅਦ ਹੀ ਪਿਛਲੇ ਹਫਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਫੋਨ ’ਤੇ ਕੈਨੇਡਾ ਵਿਚ ਹੋਣ ਵਾਲੇ ਜੀ-7 ਸੰਮੇਲਨ ਵਿਚ ਸ਼ਿਰਕਤ ਕਰਨ ਦਾ ਸੱਦਾ ਦਿੱਤਾ ਜਿਸ ਨੂੰ ਪ੍ਰਧਾਨ ਮੰਤਰੀ ਮੋਦੀ ਨੇ ਸਵੀਕਾਰ ਕੀਤਾ ਅਤੇ ਪ੍ਰਧਾਨ ਮੰਤਰੀ ਕਾਰਨੀ ਨੂੰ ਚੋਣਾਂ ਵਿਚ ਮਿਲੀ ਕਾਮਯਾਬੀ ਦੀ ਵਧਾਈ ਵੀ ਦਿੱਤੀ।
ਇਸ ਸੱਦੇ ਪਿੱਛੇ ਕੀ ਕਾਰਨ ਰਹੇ ਬਾਰੇ ਜਦੋਂ ਮੀਡੀਆ ਨੇ ਇਹ ਸਵਾਲ ਪ੍ਰਧਾਨ ਮੰਤਰੀ ਕਾਰਨੀ ਨੂੰ ਕੀਤਾ ਤਾਂ ਉਨ੍ਹਾਂ ਦਲੇਰੀ ਨਾਲ ਇਹ ਗੱਲ ਕਹੀ ਕਿ ਜੀ-7 ਮੁਲਕ ਦੁਨੀਆ ਵਿਚ ਵਿਕਾਸਸ਼ੀਲ ਮੁਲਕਾਂ ਨਾਲ ਚੰਗੇ ਸਬੰਧ ਬਣਾਉਣਾ ਚਾਹੁੰਦੇ ਹਨ ਤਾਂ ਜੋ ਊਰਜਾ, ਵਾਤਾਵਰਣ ਅਤੇ ਕੌਮੀ ਸੁਰੱਖਿਆ ਦਾ ਏਜੰਡਾ ਲਾਗੂ ਕੀਤਾ ਜਾ ਸਕੇ। ਉਨ੍ਹਾਂ ਇਹ ਵੀ ਕਿਹਾ ਕਿ ਭਾਰਤ ਦੀ ਸ਼ਮੂਲੀਅਤ ਤੋਂ ਬਗੈਰ ਇਹ ਸਾਰਾ ਏਜੰਡਾ ਬੇਮਾਅਨਾ ਹੋਣਾ ਸੀ। ਕੈਨੇਡਾ ਦੇ ਸਿਆਸੀ ਹਾਲਾਤ ਨੂੰ ਦੇਖਦੇ ਹੋਏ ਕੈਨੇਡੀਅਨ ਪ੍ਰਧਾਨ ਮੰਤਰੀ ਦਾ ਇਹ ਕਦਮ ਦਲੇਰਾਨਾ ਅਤੇ ਦੂਰਅੰਦੇਸ਼ੀ ਵਾਲਾ ਹੈ ਕਿਉਂਕਿ ਉਨ੍ਹਾਂ ਕੋਲ ਕੈਨੇਡਾ ਵਿਚ ਬਹੁਮਤ ਦੀ ਸਰਕਾਰ ਨਹੀਂ ਅਤੇ ਕੈਨੇਡਾ ਵਿਚ ਗਰਮ ਖਿਆਲੀ ਸਿੱਖਾਂ ਦਾ ਇਕ ਸ਼ੋਰ ਪਾਊ ਧੜਾ ਇਸ ਸੱਦੇ ਦਾ ਵਿਰੋਧ ਕਰ ਰਿਹਾ ਸੀ, ਫਿਰ ਵੀ ਪ੍ਰਧਾਨ ਮੰਤਰੀ ਕਾਰਨੀ ਨੇ ਕੈਨੇਡਾ ਦੇ ਵਡੇਰੇ ਹਿੱਤਾਂ ਨੂੰ ਅੱਗੇ ਰੱਖਦਿਆਂ ਇਕ ਚੰਗੇ ਆਗੂ ਹੋਣ ਦੀ ਮਿਸਾਲ ਪੈਦਾ ਕੀਤੀ ਹੈ। ਜਦੋਂ ਪ੍ਰਧਾਨ ਮੰਤਰੀ ਕਾਰਨੀ ਤੇ ਪ੍ਰਧਾਨ ਮੰਤਰੀ ਮੋਦੀ ਜੀ-7 ਵਿਚ ਸਾਈਡ ਲਾਈਨ ’ਤੇ ਦੁਵੱਲੀ ਗੱਲਬਾਤ ਕਰਨਗੇ ਤਾਂ ਉਨ੍ਹਾਂ ਨੂੰ ਕਈ ਮਸਲਿਆਂ ’ਤੇ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ ਜਿਸ ਵਿਚ ਸਭ ਤੋਂ ਪਹਿਲਾਂ ਦੋਨਾਂ ਮੁਲਕਾਂ ਵਿਚ ਹਾਈ ਕਮਿਸ਼ਨਰ ਨਿਯੁਕਤ ਕਰਨੇ, ਇਹ ਇਕ ਮਹੱਤਵਪੂਰਨ ਪਹਿਲਕਦਮੀ ਹੋਵੇਗੀ ਕਿਉਂਕਿ ਹਾਈ ਕਮਿਸ਼ਨਰ ਦੋਹਾਂ ਦੇਸ਼ਾਂ ਵਿਚਕਾਰ ਇਕ ਮਹੱਤਵਪੂਰਨ ਕੜੀ ਹੁੰਦਾ ਹੈ।
ਇਕ ਸੂਝਵਾਨ ਹਾਈ ਕਮਿਸ਼ਨਰ ਦੋਨਾਂ ਮੁਲਕਾਂ ਦੇ ਸਬੰਧਾਂ ਨੂੰ ਨਵੀਂ ਉਚਾਈ ’ਤੇ ਲਿਜਾਣ ਵਿਚ ਚੰਗਾ ਰੋਲ ਅਦਾ ਕਰ ਸਕਦਾ ਹੈ। ਇਸ ਵਾਰ ਅਫਸਰਸ਼ਾਹੀ ਦੇ ਨਾਲ-ਨਾਲ ਸਿਆਸੀ ਲੋਕਾਂ ਨੂੰ ਵੀ ਇਸ ਪੋਸਟ ਉੱਪਰ ਨਾਮਜ਼ਦ ਕਰਨ ਬਾਰੇ ਸਰਕਾਰਾਂ ਨੂੰ ਵਿਚਾਰ ਕਰਨਾ ਚਾਹੀਦਾ ਹੈ। ਕੈਨੇਡਾ ਅਤੇ ਭਾਰਤ ਵਿਚਕਾਰ ਰੁਕੀ ਹੋਈ ਦੁਵੱਲੇ ਵਪਾਰ ਦੀ ਗੱਲਬਾਤ ਨੂੰ ਸ਼ੁਰੂ ਕਰਨ ਵਾਸਤੇ ਆਪਸੀ ਸਹਿਮਤੀ ਬਣਾਉਣ ਦੀ ਲੋੜ ਹੈ ਕਿਉਂਕਿ ਕੈਨੇਡਾ ਵੀ ਅਮਰੀਕਾ ਉੱਪਰ ਆਪਣੀ ਨਿਰਭਰਤਾ ਘਟਾਉਣ ਦੇ ਰੌਅ ਵਿਚ ਹੈ ਅਤੇ ਭਾਰਤ ਤਾਂ ਯੂ. ਕੇ. ਨਾਲ ਟਰੇਡ ਐਗਰੀਮੈਂਟ ਨੂੰ ਸਿਰੇ ਚਾੜ੍ਹ ਵੀ ਚੁੱਕਿਆ ਹੈ ਅਤੇ ਅਮਰੀਕਾ ਨਾਲ ਕਿਸੇ ਵੇਲੇ ਵੀ ਵਪਾਰ ਸਮਝੌਤਾ ਹੋ ਸਕਦਾ ਹੈ, ਸੋ ਇਨ੍ਹਾਂ ਹਾਲਾਤ ਵਿਚ ਕੈਨੇਡਾ ਅਤੇ ਭਾਰਤ ਦਾ ਆਪਸੀ ਵਪਾਰਕ ਸਮਝੌਤਾ ਪੱਛੜਣਾ ਦੋਨਾਂ ਮੁਲਕਾਂ ਦੇ ਹਿੱਤ ਵਿਚ ਨਹੀਂ ਹੋਵੇਗਾ।
ਭਾਰਤ ਅਤੇ ਕੈਨੇਡਾ ਵਿਚ ਇਕ ਪੁਲ ਦਾ ਕੰਮ ਕਰਨ ਵਾਲਾ ਬਹੁਤ ਵੱਡਾ ਭਾਰਤੀ ਭਾਈਚਾਰਾ ਹੈ ਤੇ ਦੁਵੱਲੀ ਗੱਲਬਾਤ ਦੌਰਾਨ ਜੇ ਇਸ ਭਾਈਚਾਰੇ ਅਤੇ ਇਸਨੂੰ ਦਰਪੇਸ਼ ਸਮੱਸਿਆਵਾਂ ਦਾ ਨਿਵਾਰਨ ਕਰਨ ਦੀ ਗੱਲਬਾਤ ਨਾ ਹੋਵੇ ਤਾਂ ਇਹ ਗੱਲਬਾਤ ਅਧੂਰੀ ਮੰਨੀ ਜਾਵੇਗੀ। ਭਾਰਤੀ ਭਾਈਚਾਰੇ ਨੂੰ ਭਾਰਤੀ ਸਫਾਰਤੀ ਸੇਵਾਵਾਂ ਵਿਚ ਦਰਪੇਸ਼ ਸਮੱਸਿਆਵਾਂ ਦਾ ਹੱਲ ਦੋਨਾਂ ਸਰਕਾਰਾਂ ਨੂੰ ਮਿਲ ਬੈਠ ਕੇ ਕੱਢਣਾ ਚਾਹੀਦਾ ਹੈ ਅਤੇ ਭਾਰਤ ਸਰਕਾਰ ਨੂੰ ਇਹ ਨਿਸ਼ਚਿਤ ਬਣਾਉਣਾ ਚਾਹੀਦਾ ਹੈ ਕਿ ਭਾਰਤੀ ਸਫਾਰਤੀ ਸੇਵਾਵਾਂ ਹਾਸਲ ਕਰਨ ਵਿਚ ਪ੍ਰਾਈਵੇਟ ਕੰਪਨੀ ਬੀ. ਐੱਲ. ਐੱਸ. ਵੱਲੋਂ ਪਾਈਆਂ ਜਾ ਰਹੀਆਂ ਰੁਕਾਵਟਾਂ ਨੂੰ ਦੂਰ ਕੀਤਾ ਜਾਵੇ ਅਤੇ ਕੈਨੇਡੀਅਨ ਭਾਰਤੀ ਮੂਲ ਦੇ ਵਿਅਕਤੀ ਜੋ ਕੈਨੇਡਾ ਸਰਕਾਰ ਦੇ ਮੁਲਾਜ਼ਮ ਹਨ, ਨੂੰ ਭਾਰਤੀ ਵੀਜ਼ਾ ਨਾ ਮਿਲਣ ਦੀ ਸ਼ਿਕਾਇਤ ਦੂਰ ਕੀਤੀ ਜਾਵੇ, ਕਿਉਂਕਿ ਵੀਜ਼ਾ ਮਿਲਣ ਵਿਚ ਆ ਰਹੀਆਂ ਔਕੜਾਂ ਦੇ ਕਾਰਨ ਭਾਰਤ ਤੇ ਕੈਨੇਡਾ ਦੇ ਸਮਾਜਿਕ ਸਬੰਧਾਂ ਨੂੰ ਹਾਨੀ ਹੋ ਰਹੀ ਹੈ।
ਭਾਰਤ ਅਤੇ ਕੈਨੇਡਾ ਦੋਵੇਂ ਕਾਮਨ ਵੈਲਥ ਡੈਮੋਕਰੇਸੀ, ਅੰਗਰੇਜ਼ੀ ਭਾਸ਼ਾ ਅਤੇ ਇਸੇ ਤਰ੍ਹਾਂ ਦੀਆਂ ਅਨੇਕ ਸਾਂਝੀਆਂ ਵਿਰਾਸਤਾਂ ਦੇ ਮਾਲਕ ਹਨ। ਕੈਨੇਡਾ ਭਾਰਤ ਵਿਚ ਨਵੀਆਂ ਮੰਡੀਆਂ ਦੀ ਤਲਾਸ਼ ਕਰ ਰਿਹਾ ਹੈ ਅਤੇ ਭਾਰਤ ਨੂੰ ਕੈਨੇਡੀਅਨ ਕੁਦਰਤੀ ਗੈਸ ਅਤੇ ਖਣਿਜ ਪਦਾਰਥਾਂ ਦੇ ਵੱਡੇ ਜ਼ਖੀਰਿਆਂ ਤੋਂ ਫਾਇਦਾ ਮਿਲ ਸਕਦਾ ਹੈ, ਭਾਰਤ ਕੈਨੇਡਾ ਤੋਂ ਤਕਨਾਲੋਜੀ ਟਰਾਂਸਫਰ ਰਾਹੀਂ ਵੀ ਨਵੀਆਂ ਤਕਨੀਕਾਂ ਹਾਸਲ ਕਰ ਸਕਦਾ ਹੈ, ਸੋ ਦੋਵੇਂ ਹੀ ਮੁਲਕਾਂ ਵਿਚ ਰਿਸ਼ਤੇ ਸੁਧਰਨ ਦੇ ਨਾਲ ਫਾਇਦਾ ਹੀ ਫਾਇਦਾ ਹੋਵੇਗਾ। ਇਸ ਤੋਂ ਇਲਾਵਾ ਸੁਰੱਖਿਆ ਦੇ ਖੇਤਰ ਵਿਚ ਜੋ ਸਮੱਸਿਆਵਾਂ ਦਰਪੇਸ਼ ਹਨ ਉਨ੍ਹਾਂ ਦਾ ਹੱਲ ਸੁਰੱਖਿਆ ਏਜੰਸੀਆਂ ਉੱਤੇ ਛੱਡ ਕੇ ਦੋਵਾਂ ਮੁਲਕਾਂ ਨੂੰ ਆਰਥਿਕ ਅਤੇ ਸਮਾਜਿਕ ਖੇਤਰ ਵਿਚ ਆਪਣੀ ਸਾਂਝ ਨੂੰ ਅੱਗੇ ਵਧਾਉਣਾ ਚਾਹੀਦਾ ਹੈ, ਜਿਸ ਸਿਲਸਿਲੇ ਵਿਚ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਕੈਨੇਡਾ ਫੇਰੀ ਹੋ ਰਹੀ ਹੈ, ਉਸ ਫੇਰੀ ਦਾ ਸਾਰੇ ਹੀ ਭਾਰਤੀ ਭਾਈਚਾਰੇ ਵਿਚ ਭਰਵਾਂ ਉਤਸ਼ਾਹ ਹੈ ਅਤੇ ਕੈਨੇਡੀਅਨ-ਭਾਰਤੀ ਭਾਈਚਾਰਾ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਬੜੇ ਹੀ ਚਾਵਾਂ ਮਲਾਰਾਂ ਨਾਲ ਸਵਾਗਤ ਕਰੇਗਾ।
-ਮਨਿੰਦਰ ਸਿੰਘ ਗਿੱਲ
ਕਬੀਰ : ਉਹ ਆਵਾਜ਼ ਜਿਸ ਨੂੰ ਦਬਾਅ ਦਿੱਤਾ ਗਿਆ ਪਰ ਮਰੀ ਨਹੀਂ
NEXT STORY