ਬੰਗਲਾਦੇਸ਼ ’ਚ ਸਰਕਾਰੀ ਨੌਕਰੀਆਂ ’ਚ ਰਿਜ਼ਰਵੇਸ਼ਨ ਦੇ ਵਿਰੁੱਧ ਵਿਦਿਆਰਥੀਆਂ ਦੇ ਅੰਦੋਲਨ ਦੇ ਸਿੱਟੇ ਵਜੋਂ ਤਖਤਾਪਲਟ ਤੋਂ ਬਾਅਦ ਬੀਤੇ ਸਾਲ 5 ਅਗਸਤ ਨੂੰ ਪ੍ਰਧਾਨ ਮੰਤਰੀ ‘ਸ਼ੇਖ ਹਸੀਨਾ’ ਉੱਥੋਂ ਦੌੜ ਕੇ ਭਾਰਤ ਆ ਗਈ ਅਤੇ 8 ਅਗਸਤ ਨੂੰ ਨੋਬਲ ਪੁਰਸਕਾਰ ਜੇਤੂ ‘ਮੁਹੰਮਦ ਯੂਨੁਸ’ ਦੀ ਅਗਵਾਈ ’ਚ ਅੰਤ੍ਰਿਮ ਸਰਕਾਰ ਬਣਨ ਤੋਂ ਬਾਅਦ ਉੱਥੇ ਕਾਨੂੰਨ ਵਿਵਸਥਾ ਦੀ ਸਥਿਤੀ ਲਗਾਤਾਰ ਵਿਗੜਦੀ ਜਾ ਰਹੀ ਹੈ।
ਬੰਗਲਾਦੇਸ਼ ’ਚ 4 ਅਗਸਤ ਤੋਂ 31 ਦਸੰਬਰ, 2024 ਤੱਕ ਸਿਰਫ 5 ਮਹੀਨਿਆਂ ’ਚ ਹੀ ਘੱਟਗਿਣਤੀਆਂ ਨੂੰ ਨਿਸ਼ਾਨਾ ਬਣਾਉਣ ਅਤੇ ਉਨ੍ਹਾਂ ਦੀ ਜਾਇਦਾਦ ਅਤੇ ਵੱਕਾਰ ਨੂੰ ਨੁਕਸਾਨ ਪਹੁੰਚਾਉਣ ਦੀਆਂ 2124 ਘਟਨਾਵਾਂ ਵਾਪਰੀਆਂ ਅਤੇ ਇਹ ਸਿਲਸਿਲਾ ਅਜੇ ਵੀ ਜਾਰੀ ਹੈ।
4 ਅਪ੍ਰੈਲ, 2025 ਨੂੰ ਪ੍ਰਧਾਨ ਮੰਤਰੀ ‘ਨਰਿੰਦਰ ਮੋਦੀ’ ਨੇ ‘ਬੈਂਕਾਕ’ ’ਚ ‘ਬਿਮਸਟੇਕ ਸਿਖਰ ਸੰਮੇਲਨ’ ਦੌਰਾਨ ਮੁਹੰਮਦ ਯੂਨੁਸ ਨਾਲ ਆਪਣੀ ਮੀਟਿੰਗ ’ਚ ਹਿੰਦੂਆਂ ਸਮੇਤ ਬੰਗਲਾਦੇਸ਼ ’ਚ ਘੱਟਗਿਣਤੀਆਂ ਦੀ ਸੁਰੱਖਿਆ ਦਾ ਮੁੱਦਾ ਵੀ ਉਠਾਇਆ ਸੀ ਪਰ ਅਜੇ ਸਥਿਤੀ ’ਚ ਕੋਈ ਸੁਧਾਰ ਨਹੀਂ ਆਇਆ।
5 ਅਗਸਤ ਨੂੰ ਤਖਤਾਪਲਟ ’ਚ ਅੰਦੋਲਨਕਾਰੀਆਂ ਨੇ ਸਕੱਤਰੇਤ ’ਚ ਬੰਗਲਾਦੇਸ਼ ਦੇ ‘ਬਾਨੀ’ ‘ਸ਼ੇਖ ਮੁਜੀਬੁਰਰਹਿਮਾਨ’ ਦੀ ਮੂਰਤੀ ਤੋੜ ਦਿੱਤੀ ਜਦਕਿ ਹਾਲ ਹੀ ’ਚ ਸਿਰਾਜਗੰਜ ਜ਼ਿਲੇ ’ਚ ‘ਕਚਹਿਰੀ ਬਾੜੀ’ ਸਥਿਤ ਗੁਰੂਦੇਵ ਰਬਿੰਦਰਨਾਥ ਟੈਗੋਰ ਦੇ ਜੱਦੀ ਘਰ ’ਚ ਵੀ ਤੋੜ-ਭੰਨ ਕਰ ਦਿੱਤੀ, ਜਿਸ ਨਾਲ ਸਥਾਨਕ ਲੋਕਾਂ ’ਚ ਰੋਸ ਫੈਲ ਗਿਆ। ਸਰਕਾਰ ਨੇ ਬੰਗਲਾਦੇਸ਼ ਦੀ ਕਰੰਸੀ ਤੋਂ ਵੀ ਸ਼ੇਖ ਮੁਜੀਬੁਰਰਹਿਮਾਨ ਦਾ ਚਿੱਤਰ ਹਟਾ ਦਿੱਤਾ ਹੈ।
ਉਧਰ ਹਿੰਦੂਆਂ ਦੇ ਨਾਲ-ਨਾਲ ਅਹਿਮਦੀਆ ਅਤੇ ਈਸਾਈ ਭਾਈਚਾਰੇ ਦੇ ਮੈਂਬਰਾਂ ਨੂੰ ਵੀ ਧਾਰਮਿਕ ਆਧਾਰ ’ਤੇ ਨਿਸ਼ਾਨਾ ਬਣਾ ਕੇ ਅਪਮਾਨਿਤ ਕੀਤਾ ਜਾ ਰਿਹਾ ਹੈ। ਇਸੇ ਲਈ ਯੌਨ ਸ਼ੋਸ਼ਣ ਦੀ ਸ਼ਿਕਾਰ ਇਕ ਅੱਲ੍ਹੜ ਨੇ ਉਸ ’ਤੇ ਝੂਠਾ ਦੋਸ਼ ਲਗਾਉਣ ਅਤੇ ਬਦਨਾਮ ਕਰਨ ਤੋਂ ਦੁਖੀ ਹੋ ਕੇ ਆਤਮਹੱਤਿਆ ਕਰ ਲਈ। ਯੂਨੁਸ ਵਿਰੋਧੀ ਅੰਦੋਲਨਾਂ ’ਚ ਸ਼ਾਮਲ ਔਰਤਾਂ ਤੱਕ ’ਤੇ ਪੁਲਸ ਲਾਠੀਆਂ ਵਰ੍ਹਾ ਰਹੀ ਹੈ। ਇਸ ਤਰ੍ਹਾਂ ਦੇ ਹਾਲਾਤ ਵਿਚਾਲੇ ਬੰਗਲਾਦੇਸ਼ ’ਚ ‘ਮੁਹੰਮਦ ਯੂਨੁਸ’ ਦਾ ਵਿਰੋਧ ਤੇਜ਼ ਹੋ ਗਿਆ ਹੈ ਅਤੇ ਉਨ੍ਹਾਂ ਵਲੋਂ ਲਾਗੂ ਕਾਨੂੰਨਾਂ ਨੂੰ ਲੈ ਕੇ ਵਿਰੋਧੀ ਪਾਰਟੀਆਂ, ਸਰਕਾਰੀ ਕਰਮਚਾਰੀਆਂ, ਅਧਿਆਪਕਾਂ ਅਤੇ ਫੌਜ ਵਿਚਾਲੇ ਨਾਰਾਜ਼ਗੀ ਵਧਦੀ ਜਾ ਰਹੀ ਹੈ।
‘ਮੁਹੰਮਦ ਯੂਨੁਸ’ ਦੇ ਵਿਰੋਧ ਨੂੰ ਦੇਖਦੇ ਹੋਏ ਹੀ ‘ਢਾਕਾ ਮੈਟਰੋਪੋਲੀਟਨ ਪੁਲਸ’ (ਡੀ. ਐੱਮ. ਪੀ.) ਨੇ ਰਾਜਧਾਨੀ ਢਾਕਾ ’ਚ ਸਾਰੀਆਂ ਰੈਲੀਆਂ, ਵਿਰੋਧ-ਪ੍ਰਦਰਸ਼ਨਾਂ ਅਤੇ ਜਨਸਭਾਵਾਂ ’ਤੇ ਅਨਿਸ਼ਚਿਤ ਸਮੇਂ ਲਈ ਪਾਬੰਦੀ ਲਗਾ ਦਿੱਤੀ ਹੈ।
ਇਹੀ ਨਹੀਂ ਢਾਕਾ ਪੁਲਸ ਨੇ ‘ਮੁਹੰਮਦ ਯੂਨੁਸ’ ਦੀ ਸੁਰੱਖਿਆ ਲਈ ਉਨ੍ਹਾਂ ਦੇ ਸਰਕਾਰੀ ਨਿਵਾਸ ‘ਜਮੁਨਾ ਗੈਸਟ ਹਾਊਸ’ ਅਤੇ ‘ਬੰਗਲਾਦੇਸ਼ ਸਕੱਤਰੇਤ’ ਦੇ ਆਸਪਾਸ ਦਾ ਇਲਾਕਾ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਹੈ।
ਇਹ ਕਦਮ ਅਜਿਹੇ ਸਮੇਂ ’ਚ ਚੁੱਕਿਆ ਗਿਆ ਹੈ ਜਦੋਂ ਢਾਕਾ ਸਕੱਤਰੇਤ ’ਚ ਕੰਮ ਕਰਨ ਵਾਲੇ ਅਧਿਕਾਰੀਆਂ ਅਤੇ ਸਰਕਾਰੀ ਕਰਮਚਾਰੀਆਂ ਨੂੰ ਉਚਿਤ ਪ੍ਰਕਿਰਿਆ ਦਾ ਪਾਲਣ ਕੀਤੇ ਬਿਨਾਂ ਹੀ 14 ਦਿਨਾਂ ਦੇ ਅੰਦਰ ਬਰਖਾਸਤ ਕਰਨ ਦੀ ਇਜਾਜ਼ਤ ਦੇਣ ਵਾਲੇ ਇਕ ਆਰਡੀਨੈਂਸ ਦੇ ਵਿਰੁੱਧ ਸਰਕਾਰੀ ਕਰਮਚਾਰੀ ਪ੍ਰਦਰਸ਼ਨ ਕਰ ਰਹੇ ਹਨ।
ਜਿੱਥੇ ਯੂਨੁਸ ਨੇ ਅਪ੍ਰੈਲ, 2026 ਤੱਕ ਚੋਣਾਂ ਕਰਵਾਉਣ ਦਾ ਵਾਅਦਾ ਕੀਤਾ ਹੈ ਉੱਥੇ ਹੀ ‘ਬੰਗਲਾਦੇਸ਼ ਨੈਸ਼ਨਲਿਸਟ ਪਾਰਟੀ’ (ਬੀ. ਐੱਨ. ਪੀ.) ਚੋਣਾਂ ਲਈ ਸਪੱਸ਼ਟ ਸਮਾਂ-ਹੱਦ ਦੀ ਮੰਗ ਕਰਦੇ ਹੋਏ ਵੱਡੀ ਪੱਧਰ ’ਤੇ ਵਿਰੋਧ-ਪ੍ਰਦਰਸ਼ਨ ਕਰ ਰਹੀ ਹੈ।
ਦੂਜੇ ਪਾਸੇ ਬੰਗਲਾਦੇਸ਼ ਦੇ ਫੌਜ ਮੁਖੀ ‘ਵਕਾਰ-ਉਜ-ਜਮਾਂ’ ਨੇ ‘ਮੁਹੰਮਦ ਯੂਨੁਸ’ ਨੂੰ ਇਸ ਸਾਲ ਦਸੰਬਰ ਤੱਕ ਚੋਣਾਂ ਕਰਵਾਉਣ ਦਾ ਅਲਟੀਮੇਟਮ ਦਿੱਤਾ ਹੋਇਆ ਹੈ, ਜਦਕਿ ‘ਮੁਹੰਮਦ ਯੁੂਨੁਸ’ ਨੇ ਚੋਣ ਸੁਧਾਰਾਂ ’ਤੇ ਆਮ ਸਹਿਮਤੀ ਨਾ ਬਣਨ ਦੀ ਸਥਿਤੀ ’ਚ ਅਸਤੀਫਾ ਦੇਣ ਦੀ ਧਮਕੀ ਵੀ ਦੇ ਦਿੱਤੀ ਹੈ।
ਇਸ ਤਰ੍ਹਾਂ ਦੇ ਹਾਲਾਤ ਵਿਚਾਲੇ ‘ਮੁਹੰਮਦ ਯੂਨੁਸ’ ਨੇ 12 ਜੂਨ ਨੂੰ ਕਿਹਾ ਹੈ ਕਿ ‘‘ਸਾਡੀ ਸਰਕਾਰ ਭਾਰਤ ਨਾਲ ਚੰਗੇ ਸੰਬੰਧ ਚਾਹੁੰਦੀ ਰਹੀ ਪਰ ਹਰ ਵਾਰ ਕੁਝ ਨਾ ਕੁਝ ਗਲਤ ਹੋ ਜਾਂਦਾ ਹੈ। ਭਾਰਤ ਸਾਡਾ ਗੁਆਂਢੀ ਹੈ, ਅਸੀਂ ਨਹੀਂ ਚਾਹੁੰਦੇ ਕਿ ਉਨ੍ਹਾਂ ਦੇ ਨਾਲ ਕਿਸੇ ਵੀ ਤਰ੍ਹਾਂ ਦੀ ਬੁਨਿਆਦੀ ਸਮੱਸਿਆ ਹੋਵੇ।’’
ਜੇਕਰ ਸੱਚਮੁੱਚ ‘ਮੁਹੰਮਦ ਯੂਨੁਸ’ ਅਜਿਹਾ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਬੰਗਲਾਦੇਸ਼ ਦੇ ਇਸਲਾਮਿਕ ਕੱਟੜਪੰਥੀਆਂ ਦੇ ਹੱਥਾਂ ਦੀ ਕਠਪੁਤਲੀ ਬਣਨ ਦੀ ਬਜਾਏ ਉਨ੍ਹਾਂ ’ਤੇ ਲਗਾਮ ਲਗਾਉਣੀ ਹੋਵੇਗੀ। ‘ਮੁਹੰਮਦ ਯੂਨੁਸ’ ਵਲੋਂ ਬੰਗਲਾਦੇਸ਼ ਸਰਕਾਰ ਦੀ ਲੀਡਰਸ਼ਿਪ ਸੰਭਾਲੇ ਜਾਣ ’ਤੇ ਵੱਡੀ ਆਸ ਬੱਝੀ ਸੀ ਕਿ ਉਹ ਦੇਸ਼ ਦੀ ਸਥਿਤੀ ਸੰਭਾਲਣ ਅਤੇ ਗੁਆਂਢੀ ਦੇਸ਼ਾਂ ਨਾਲ ਰਿਸ਼ਤੇ ਸੁਧਾਰਨ ਦੀ ਦਿਸ਼ਾ ’ਚ ਕੁਝ ਕਰਨਗੇ ਪਰ ਕੁਝ ਵੀ ਅਜਿਹਾ ਹੁੰਦਾ ਦਿਖਾਈ ਨਹੀਂ ਦੇ ਰਿਹਾ।
ਕੁਲ ਮਿਲਾ ਕੇ ਇਸ ਸਮੇਂ ਬੰਗਲਾਦੇਸ਼ ਸਿਆਸੀ ਅਸਥਿਰਤਾ, ਆਰਥਿਕ ਅਸਮਾਨਤਾ ਅਤੇ ਸਮਾਜਿਕ ਉੱਥਲ-ਪੁਥਲ ਦੇ ਦੌਰ ’ਚੋਂ ਲੰਘ ਰਿਹਾ ਹੈ, ਇਸ ਲਈ ਕਹਿਣਾ ਮੁਸ਼ਕਿਲ ਹੋਵੇਗਾ ਕਿ ਉਥੇ ਕਦੋਂ ਕੀ ਹੋ ਜਾਵੇ।
-ਵਿਜੇ ਕੁਮਾਰ
ਵਾਇਰਲ ਅਤੇ ਮਸ਼ਹੂਰ ਹੋਣ ਲਈ ਕੁਝ ਵੀ ਕਰੇਗਾ !
NEXT STORY