ਭਾਰਤ ਡਰੱਗਜ਼ ਦੇ ਨਸ਼ੇ ਦੀ ਗੰਭੀਰ ਸਮੱਸਿਆ ਨਾਲ ਜੂਝ ਰਿਹਾ ਹੈ। ਇਸ ਨਾਲ ਨਾ ਸਿਰਫ ਵਿਅਕਤੀਗਤ ਜੀਵਨ ਪ੍ਰਭਾਵਿਤ ਹੁੰਦਾ ਹੈ ਸਗੋਂ ਦੇਸ਼ ਦਾ ਸਮਾਜਿਕ ਅਤੇ ਆਰਥਿਕ ਢਾਂਚਾ ਵੀ ਕਮਜ਼ੋਰ ਹੋ ਰਿਹਾ ਹੈ। ਇਸ ਸੰਕਟ ਨਾਲ ਪਰਿਵਾਰ, ਭਾਈਚਾਰਾ ਅਤੇ ਜਨਤਕ ਸਿਹਤ ਪ੍ਰਣਾਲੀ ਵੀ ਜੂਝ ਰਹੀ ਹੈ। ਜਿਥੇ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨੇ ਨਸ਼ੀਲੀਆਂ ਡਰੱਗਜ਼ ਦੀ ਸਪਲਾਈ ਕੰਟਰੋਲ ਕਰਨ ’ਚ ਤਰੱਕੀ ਕੀਤੀ ਹੈ, ਉਥੇ ਹੀ ਡਰੱਗਜ਼ ਦੀ ਖਪਤ ਘੱਟ ਕਰਨਾ ਇਕ ਵੱਡੀ ਚੁਣੌਤੀ ਬਣਿਆ ਹੋਇਆ ਹੈ। ਪ੍ਰਭਾਵੀ ਸੰਵਾਦ ਅਤੇ ਜਾਗਰੂਕਤਾ ਡਰੱਗਜ਼ ਦੇ ਖਿਲਾਫ ਲੜਾਈ ਦੇ ਅਹਿਮ ਪਹਿਲੂ ਹਨ ਪਰ ਇਸ ਦੇ ਭਾਰੀ ਨੁਕਸਾਨ ਪ੍ਰਤੀ ਨੌਜਵਾਨਾਂ ’ਚ ਜਾਗਰੂਕਤਾ ਲਈ ਭਾਸ਼ਣਬਾ਼ਜ਼ੀ ਅਤੇ ਡਰ ਪੈਦਾ ਕਰਨ ਦੇ ਰਵਾਇਤੀ ਤਰੀਕੇ ਕਾਰਗਰ ਸਾਬਤ ਨਹੀਂ ਹੋ ਰਹੇ ਹਨ।
ਇਸ ਚੁਣੌਤੀ ਦਾ ਸਾਹਮਣਾ ਕਰਨ ਲਈ ਹਰਿਆਣਾ ਨੇ ਇਕ ਅਨੋਖਾ ਅਤੇ ਨਵੀਨਤਮ ਦ੍ਰਿਸ਼ਟੀਕੋਣ ਅਪਣਾਇਆ ਹੈ। ਰਵਾਇਤੀ ਅਤੇ ਪ੍ਰਭਾਵਹੀਣ ਤਰੀਕਿਆਂ ਤੋਂ ਅੱਗੇ ਵਧਦੇ ਹੋਏ ਹਰਿਆਣਾ ਨੇ ਇਕ ਅਜਿਹਾ ਮਾਡਲ ਵਿਕਸਤ ਕੀਤਾ ਹੈ ਜੋ ਸੱਭਿਆਚਾਰ ਪ੍ਰਸੰਗਿਕਤਾ, ਅਮਲੀ ਵਿਗਿਆਨ ਅਤੇ ਆਧੁਨਿਕ ਤਕਨਾਲੋਜੀ ’ਤੇ ਆਧਾਰਿਤ ਹੈ। ਇਹ ਸਮੁੱਚਾ ਦ੍ਰਿਸ਼ਟੀਕੋਣ ਨਾ ਸਿਰਫ ਨਸ਼ੇ ਦੇ ਖਤਰਿਆਂ ਪ੍ਰਤੀ ਜਾਣੂ ਕਰਵਾਉਂਦਾ ਹੈ ਸਗੋਂ ਲੋਕਾਂ ਨੂੰ ਸਕਾਰਾਤਮਕ ਫੈਸਲਾ ਲੈਣ ’ਚ ਸਮਰੱਥ ਬਣਾ ਕੇ ਉਨ੍ਹਾਂ ਨੂੰ ਨਸ਼ੇ ਤੋਂ ਬਚਣ ਲਈ ਜ਼ਰੂਰੀ ਹੁਨਰ ਨਾਲ ਲੈਸ ਕਰਦਾ ਹੈ।
ਰਵਾਇਤੀ ਦ੍ਰਿਸ਼ਟੀਕੋਣ ਦੀਆਂ ਸੀਮਾਵਾਂ
ਰਵਾਇਤੀ ਨਸ਼ਾ ਵਿਰੋਧੀ ਮੁਹਿੰਮਾਂ ਆਮ ਤੌਰ ’ਤੇ ਇਕਤਰਫਾ ਸੰਵਾਦ ’ਤੇ ਕੇਂਦਰਿਤ ਹੁੰਦੀਆਂ ਹਨ ਜਿਨ੍ਹਾਂ ’ਚ ਨਸ਼ੇ ਦੇ ਖਤਰਿਆਂ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ ਜਾਂ ਸਖਤ ਚਿਤਾਵਨੀਆਂ ਦਿੱਤੀਆਂ ਜਾਂਦੀਆਂ ਹਨ। ਹਾਲਾਂਕਿ ਇਹ ਯਤਨ ਚੰਗੀ ਨੀਅਤ ਨਾਲ ਕੀਤੇ ਜਾਂਦੇ ਹਨ ਪਰ ਇਹ ਅਕਸਰ ਨਸ਼ੇ ਦੇ ਡੂੰਘਾਈ ’ਚ ਲੁਕੇ ਕਾਰਨਾਂ ਨੂੰ ਉਜਾਗਰ ਨਹੀਂ ਕਰਦੇ। ਤਣਾਅ, ਭਾਵਨਾਤਮਕ ਹਮਾਇਤ ਦੀ ਘਾਟ ਅਤੇ ਨਾਕਾਰਾਤਮਕ ਹਾਲਾਤ ਦਾ ਸਾਹਮਣਾ ਕਰਨ ਦੀ ਅਸਮਰੱਥਾ ਕਾਰਨ ਅਕਸਰ ਲੋਕ ਨਸ਼ਿਆਂ ਦੀ ਗ੍ਰਿਫਤ ’ਚ ਆ ਜਾਂਦੇ ਹਨ।
ਨਸ਼ੇ ਵਿਰੁੱਧ ਰਵਾਇਤੀ ਮੁਹਿੰਮਾਂ ਦਾ ਨੌਜਵਾਨਾਂ ਦੀ ਜ਼ਿੰਦਗੀ ਨਾਲ ਕੋਈ ਖਾਸ ਸਬੰਧ ਨਹੀਂ ਹੁੰਦਾ ਜਿਸ ਕਾਰਨ ਉਨ੍ਹਾਂ ਨੂੰ ਇਸ ਵਿਰੁੱਧ ਪ੍ਰੇਰਿਤ ਕਰਨਾ ਚੁਣੌਤੀ ਭਰਿਆ ਹੋ ਜਾਂਦਾ ਹੈ। ਹਰਿਆਣਾ ਨੇ ਇਸ ਫਰਕ ਨੂੰ ਸਮਝਦਿਆਂ ਨਸ਼ਾ ਵਿਰੋਧੀ ਸੰਵਾਦ ਦੇ ਤਰੀਕੇ ਨੂੰ ਪੂਰੀ ਤਰ੍ਹਾਂ ਨਾਲ ਬਦਲਣ ਦੀ ਕੋਸ਼ਿਸ਼ ਕੀਤੀ ਹੈ। ਇਸ ਦਾ ਮੰਤਵ ਡਰ-ਆਧਾਰਿਤ ਦ੍ਰਿਸ਼ਟੀਕੋਣ ਦੀ ਥਾਂ ਇਕ ਭਰੋਸੇਮੰਦ, ਮਜ਼ਬੂਤ ਅਤੇ ਉਨ੍ਹਾਂ ਭਾਈਚਾਰਿਆਂ ਦੇ ਸੱਭਿਆਚਾਰਕ ਅਤੇ ਸਮਾਜਿਕ ਸੰਦਰਭ ਵਿਚ ਪਏ ਦ੍ਰਿਸ਼ਟੀਕੋਣ ਨੂੰ ਅਪਣਾਉਣਾ ਹੈ ਜੋ ਨੌਜਵਾਨਾਂ ਦੇ ਤਜਰਬਿਆਂ ਨਾਲ ਮੇਲ ਖਾਂਦਾ ਹੈ।
‘ਚੱਕਰਵਿਊ’ ਰਾਹੀਂ ਜਾਗਰੂਕਤਾ
ਡਰੱਗਜ਼ ਦੇ ਨਸ਼ੇ ਤੋਂ ਪਾਰ ਜਾਣ ਲਈ ਹਰਿਆਣਾ ਦੇ ਮਾਡਲ ਦੀ ਇਕ ਅਨੋਖੀ ਪਹਿਲ ‘ਚੱਕਰਵਿਊ’ ਹੈ, ਜੋ ਇਕ ਸਿੱਖਿਆਦਾਇਕ ‘ਐਸਕੇਪ ਰੂਮ’ ਹੈ ਜਿਸ ਨੂੰ ਜੀਵਨ ਹੁਨਰ ਸਿਖਾਉਣ ਅਤੇ ਡੂੰਘੀ ਸਿੱਖਿਆ ਰਾਹੀਂ ਨਸ਼ੇ ਦੇ ਵਿਰੋਧ ’ਚ ਉਤਸ਼ਾਹਿਤ ਕਰਨ ਲਈ ਡਿਜ਼ਾਈਨ ਕੀਤਾ ਗਿਆ ਹੈ। ਇਸ ਪ੍ਰੋਗਰਾਮ ’ਚ ਨੌਜਵਾਨ ਇਕ ਟੀਮ ਵਜੋਂ ਕੰਮ ਕਰਦੇ ਹੋਏ ਅਸਲ ਜ਼ਿੰਦਗੀ ਦੀਆਂ ਚੁਣੌਤੀਆਂ ਨੂੰ ਨਜਿੱਠਦੇ ਹਨ ਜਿਸ ਲਈ ਨੈਤਿਕ ਫੈਸਲੇ ਲੈਣ, ਟੀਮ ਵਰਕ ਅਤੇ ਸੋਚ-ਸਮਝਣ ਦੀ ਸਮਰੱਥਾ ਵਿਕਸਤ ਕੀਤੀ ਜਾਂਦੀ ਹੈ। ਰਵਾਇਤੀ ਭਾਸ਼ਣਬਾਜ਼ੀ ਦੀ ਤੁਲਨਾ ’ਚ ਚੱਕਰਵਿਊ ਹਿੱਸਾ ਲੈਣ ਵਾਲੇ ਨੌਜਵਾਨਾਂ ਲਈ ਸਿੱਖਿਆ ਨੂੰ ਵਧੇਰੇ ਰੋਮਾਂਚਕ ਅਤੇ ਯਾਦਗਾਰ ਅਨੁਭਵ ’ਚ ਬਦਲਦਾ ਹੈ। ਇਸ ਦਾ ਮੰਤਵ ਨੌਜਵਾਨਾਂ ਨੂੰ ਨਾ ਸਿਰਫ ਨਸ਼ੀਲੀਆਂ ਡਰੱਗਜ਼ ਦੇ ਖਤਰਿਆਂ ਬਾਰੇ ਜਾਗਰੂਕ ਕਰਨਾ ਹੈ ਸਗੋਂ ਉਨ੍ਹਾਂ ਨੂੰ ਇਕ ਅਜਿਹਾ ਅਮਲੀ ਹੱਲ ਵੀ ਪ੍ਰਦਾਨ ਕਰਨਾ ਹੈ ਜੋ ਉਨ੍ਹਾਂ ਦੀ ਜ਼ਿੰਦਗੀ ’ਚ ਸਕਾਰਾਤਮਕ ਹੋਵੇ।
ਤਕਨਾਲੋਜੀ ਨਾਲ ਵਿਆਪਕ ਪ੍ਰਭਾਵ
ਚੱਕਰਵਿਊ ਮਾਡਲ ਨੂੰ ਡਿਜੀਟਲ ਪਲੇਟਫਾਰਮ ’ਤੇ ਵਿਸਥਾਰਿਤ ਕਰਨ ਲਈ ਹਰਿਆਣਾ ਨੇ ਇਕ ਮੋਬਾਈਲ ਗੇਮ ਵਿਕਸਤ ਕੀਤੀ ਹੈ। ਇਸ ’ਚ ‘ਐਸਕੇਪ ਰੂਮ’ ਦੇ ਅਨੁਭਵਾਂ ਨੂੰ ਮੋਬਾਈਲ ਗੇਮ ਦੇ ਰੂਪ ’ਚ ਤਬਦੀਲ ਕੀਤਾ ਗਿਆ ਹੈ। ਨੌਜਵਾਨਾਂ ਦਰਮਿਆਨ ਹਰਮਨ-ਪਿਆਰਤਾ ਹਾਸਲ ਕਰ ਰਹੀ ਇਹ ਡਿਜੀਟਲ ਪਹਿਲ ਸ਼ਹਿਰੀਆਂ ਅਤੇ ਪੇਂਡੂਆਂ ਦਰਮਿਆਨ ਦੇ ਪਾੜੇ ਨੂੰ ਪੂਰਦੀ ਹੈ ਜਿਥੇ ਡਰੱਗਜ਼ ਦੇ ਖਿਲਾਫ ਰਵਾਇਤੀ ਜਾਗਰੂਕਤਾ ਮੁਹਿੰਮਾਂ ਦੀ ਪਹੁੰਚ ਬਹੁਤ ਸੀਮਤ ਹੋ ਸਕਦੀ ਹੈ। ਡਿਜੀਟਲ-ਫਸਟ ਦ੍ਰਿਸ਼ਟੀਕੋਣ ਨਿੱਜੀ ਖੇਤਰ ਦੀ ਹਿੱਸੇਦਾਰੀ ਦੇ ਦੁਆਰ ਖੋਲ੍ਹਦੇ ਹੋਏ ਇੰਨੋਵੇਸ਼ਨ ਨੂੰ ਉਤਸ਼ਾਹਿਤ ਕਰਦਾ ਹੈ ਜਿਸ ਨਾਲ ਇਸ ਪਹਿਲ ਦੀ ਪਹੁੰਚ ਅਤੇ ਪ੍ਰਭਾਵ ਵਧਦਾ ਹੈ।
ਸੱਭਿਆਚਾਰਕ ਦ੍ਰਿਸ਼ਟਾਂਤਾਂ ਦਾ ਅਸਰ
ਹਰਿਆਣਾ ਦੇ ਮਾਡਲ ਦੀ ਇਕ ਹੋਰ ਨੀਂਹ ਇਸ ’ਚ ਸੱਭਿਆਚਾਰਕ ਅਤੇ ਅਧਿਆਤਮਕ ਤੱਤਾਂ ਦਾ ਰਲੇਵਾਂ ਹੈ। ਹੌਸਲਾ ਅਤੇ ਦ੍ਰਿੜ੍ਹਤਾ ਦੇ ਪ੍ਰਤੀਕ ਵਜੋਂ ਸੰਗੀਤਮਈ ਨਾਟਕ ‘ਰਾਮ ਗੁਰੂਕੁਲ ਗਮਨ’ ਭਗਵਾਨ ਰਾਮ ਦੇ ਬਨਵਾਸ ਦੀ ਕਹਾਣੀ ਉਲਟ ਹਾਲਾਤ ’ਚ ਨੌਜਵਾਨਾਂ ਨੂੰ ਪ੍ਰੇਰਿਤ ਕਰਦੀ ਹੈ। ਇਹ ਨਾਟਕ ਇਕ ਸ਼ਕਤੀਸ਼ਾਲੀ ਸੰਦੇਸ਼ ਦਿੰਦਾ ਹੈ ਕਿ ਜ਼ਿੰਦਗੀ ਦੀਆਂ ਚੁਣੌਤੀਆਂ ਅਟੱਲ ਹਨ ਪਰ ਨਸ਼ੀਲੀਆਂ ਡਰੱਗਜ਼ ਦਾ ਸਹਾਰਾ ਲਏ ਬਿਨਾਂ ਸੰਘਰਸ਼ਾਂ ਦਾ ਸਾਹਮਣਾ ਪੱਕੇ ਇਰਾਦੇ ਨਾਲ ਕੀਤਾ ਜਾ ਸਕਦਾ ਹੈ।
ਹਾਲ ਹੀ ’ਚ ਪੁਣੇ ’ਚ ਨੈਸ਼ਨਲ ਯੂਥ ਫੈਸਟੀਵਲ ਵਰਗੇ ਪ੍ਰਮੁੱਖ ਪ੍ਰੋਗਰਾਮਾਂ ’ਚ ਪੇਸ਼ ਕੀਤੇ ਗਏ ਨਾਟਕ ਰਾਮ ਗੁਰੂਕੁਲ ਗਮਨ ਦੀ ਬਹੁਤ ਸ਼ਲਾਘਾ ਹੋਈ। ਅਜਿਹੇ ਦ੍ਰਿਸ਼ਟਾਂਤਾਂ ਨੂੰ ਸਕੂਲਾਂ ਅਤੇ ਕਾਲਜਾਂ ’ਚ ਨਾਟਕ ਵਜੋਂ ਪੇਸ਼ ਕਰ ਕੇ ਹਰਿਆਣਾ ਇਹ ਯਕੀਨੀ ਬਣਾਉਂਦਾ ਹੈ ਕਿ ਨਸ਼ੀਲੀਆਂ ਡਰੱਗਜ਼ ਦੇ ਖਿਲਾਫ ਨੌਜਵਾਨਾਂ ਨੂੰ ਸੰਦੇਸ਼ ਅਜਿਹੇ ਤਰੀਕੇ ਨਾਲ ਪਹੁੰਚੇ ਜੋ ਪ੍ਰਸੰਗਿਕ ਅਤੇ ਪ੍ਰਭਾਵਸ਼ਾਲੀ ਹੋਵੇ।
‘ਨਮਕ ਲੋਟਾ ਮੁਹਿੰਮ’ ਰਾਹੀਂ ਭਾਈਚਾਰਕ ਹਿੱਸੇਦਾਰੀ
ਡਰੱਗਜ਼ ਦੇ ਨਸ਼ੇ ਖਿਲਾਫ ਹਰਿਆਣਾ ਦੇ ਇਸ ਮਾਡਲ ’ਚ ਭਾਈਚਾਰਕ ਹਿੱਸੇਦਾਰੀ ਨੂੰ ਪਹਿਲ ਦਿੱਤੀ ਗਈ ਹੈ। ‘ਨਮਕ ਲੋਟਾ’ ਮੁਹਿੰਮ ਜ਼ਮੀਨੀ ਪੱਧਰ ਦੀ ਅਜਿਹੀ ਪਹਿਲ ਹੈ ਜਿਸ ਦਾ ਮੰਤਵ ਘੱਟ ਮਾਤਰਾ ’ਚ ਡਰੱਗਜ਼ ਦਾ ਸੇਵਨ ਕਰਨ ਵਾਲੇ ਅਤੇ ਸਮੱਗਲਰਾਂ ਦਾ ਪੁਨਰਵਾਸ ਕਰਨਾ ਹੈ।
ਹੋਰ ਸੂਬਿਆਂ ਲਈ ਸਬਕ
ਹਰਿਆਣਾ ਦਾ ਦ੍ਰਿਸ਼ਟੀਕੋਣ ਨਸ਼ੀਲੀਆਂ ਡਰੱਗਜ਼ ਦੇ ਸੰਕਟ ਨਾਲ ਜੂਝ ਰਹੇ ਹੋਰ ਸੂਬਿਆਂ ਲਈ ਅਹਿਮ ਸਬਕ ਪ੍ਰਦਾਨ ਕਰਦਾ ਹੈ। ਸਭ ਤੋਂ ਪਹਿਲਾਂ ਡਰੱਗਜ਼ ਵਿਰੋਧੀ ਸੰਚਾਰ ਸੱਭਿਆਚਾਰ ਤੌਰ ’ਤੇ ਪ੍ਰਸੰਗਿਕ ਹੋਣਾ ਚਾਹੀਦਾ ਹੈ। ਜਾਣੇ-ਪਛਾਣੇ ਸੱਭਿਆਚਾਰਕ ਬਿਰਤਾਂਤਾਂ ਵਿਚ ਸੁਨੇਹਿਆਂ ਨੂੰ ਸ਼ਾਮਲ ਕਰਨਾ ਇਹ ਯਕੀਨੀ ਬਣਾਉਂਦਾ ਹੈ ਕਿ ਉਹ ਲੋਕਾਂ ਨਾਲ ਡੂੰਘਾਈ ਨਾਲ ਜੁੜਦੇ ਹਨ। ਦੂਜਾ, ਭਾਗੀਦਾਰੀ ਅਤੇ ਪਰਸਪਰ ਪ੍ਰਭਾਵੀ ਢੰਗ ਰਵਾਇਤੀ ਲੈਕਚਰ-ਆਧਾਰਿਤ ਮੁਹਿੰਮਾਂ ਨਾਲੋਂ ਬਹੁਤ ਜ਼ਿਆਦਾ ਪ੍ਰਭਾਵਸ਼ਾਲੀ ਹਨ।
ਨਿਚੋੜ
ਹਰਿਆਣਾ ਦਾ ਨਵੀਨਤਮ ਦ੍ਰਿਸ਼ਟੀਕੋਣ ਆਸ ਦੀ ਇਕ ਕਿਰਨ ਪੇਸ਼ ਕਰਦਾ ਹੈ। ਸਸ਼ਕਤੀਕਰਨ, ਸੱਭਿਆਚਾਰਕ ਪ੍ਰਸੰਗਿਕਤਾ ਅਤੇ ਭਾਈਚਾਰਕ ਭਾਗੀਦਾਰੀ ਨਾਲ ਹਰਿਆਣਾ ਨੇ ਦਿਖਾਇਆ ਹੈ ਕਿ ਨਸ਼ਾ ਵਿਰੋਧੀ ਪ੍ਰਭਾਵੀ ਸੰਚਾਰ ਅਤੇ ਜਨ-ਕੇਂਦਰਿਤ ਰਣਨੀਤੀਆਂ ਨਸ਼ਾ ਮੁਕਤ ਸਮਾਜ ਦੇ ਨਿਰਮਾਣ ’ਚ ਅਹਿਮ ਯੋਗਦਾਨ ਪਾ ਸਕਦੀਆਂ ਹਨ।
-ਓ. ਪੀ. ਸਿੰਘ
ਸਿਆਸੀ ਪਾਰਟੀਆਂ EVM ਸਿਰ ਕਦੋਂ ਤਕ ਭੰਨਦੀਆਂ ਰਹਿਣਗੀਆਂ ਹਾਰ ਦਾ ਠੀਕਰਾ
NEXT STORY