ਪਾਕਿਸਤਾਨੀ ਸਮੱਗਲਰਾਂ ਨੇ ਹੁਣ ਹਥਿਆਰਾਂ ਅਤੇ ਨਸ਼ੀਲੇ ਪਦਾਰਥਾਂ ਦੀ ਸਮੱਗਲਿੰਗ ਲਈ ਡਰੋਨਾਂ ਦੀ ਵਰਤੋਂ ਨੂੰ ਕਾਫੀ ਵਧਾ ਦਿੱਤਾ ਹੈ। ਵਰਨਣਯੋਗ ਹੈ ਕਿ ਇਹ ਡਰੋਨ ਬਹੁਤ ਸਸਤੇ ਹੋਣ ਅਤੇ ਇਨ੍ਹਾਂ ਰਾਹੀਂ ਨਸ਼ੀਲੇ ਪਦਾਰਥਾਂ ਅਤੇ ਹਥਿਆਰਾਂ ਦੀ ਸਮੱਗਲਿੰਗ ਤੋਂ ਹੋਣ ਵਾਲਾ ਮੁਨਾਫਾ ਜ਼ਿਆਦਾ ਹੋਣ ਕਾਰਨ ਪਾਕਿਸਤਾਨੀ ਨਸ਼ਾ ਸਮੱਗਲਰ ਸੁਰੱਖਿਆ ਬਲਾਂ ਵੱਲੋਂ ਕਿਸੇ ਡਰੋਨ ਨੂੰ ਡੇਗਣ ਦੀ ਵੀ ਪ੍ਰਵਾਹ ਨਹੀਂ ਕਰਦੇ। ਡਰੋਨਾਂ ਰਾਹੀਂ ਸਿਰਫ ਪੰਜਾਬ ਅਤੇ ਰਾਜਸਥਾਨ ਦੀਆਂ ਸਰਹੱਦਾਂ ’ਤੇ ਪਿਛਲੇ 3 ਹਫ਼ਤਿਆਂ ਦੌਰਾਨ ਨਸ਼ੇ ਅਤੇ ਹਥਿਆਰ ਸੁੱਟਣ ਦੀਆਂ ਘਟਨਾਵਾਂ ਹੇਠਾਂ ਦਰਜ ਹਨ :
* 24 ਜੁਲਾਈ ਨੂੰ ਰਾਜਸਥਾਨ ’ਚ ਬੀਕਾਨੇਰ ਰੇਂਜ ਪੁਲਸ ਨਾਲ ਸਾਂਝੀ ਕਾਰਵਾਈ ਕਰਦੇ ਹੋਏ ਬੀ.ਐੱਸ.ਐੱਫ. ਅਨੂਪਗੜ੍ਹ ’ਚ ਸਰਹੱਦ ਨੇੜੇ 2 ਵੱਖ-ਵੱਖ ਥਾਵਾਂ 'ਤੇ ਡਰੋਨ ਰਾਹੀਂ ਸੁੱਟੀ ਗਈ 6 ਕਿਲੋ ਹੈਰੋਇਨ ਬਰਾਮਦ ਕੀਤੀ।
* 10 ਅਗਸਤ ਨੂੰ ਰਾਜਸਥਾਨ ਦੇ ਅਨੂਪਗੜ੍ਹ ਜ਼ਿਲੇ ਦੇ ‘30 ਏ.ਪੀ.ਡੀ.’ ਪਿੰਡ ਨੇੜੇ ਪਾਕਿਸਤਾਨ ਤੋਂ ਹੈਰੋਇਨ ਦਾ ਪੈਕੇਟ ਸੁੱਟਣ ਲਈ ਭਾਰਤੀ ਖੇਤਰ ਵਿਚ ਦਾਖਲ ਹੋਇਆ ਇਕ ਡਰੋਨ ਪਾਕਿਸਤਾਨੀ ਸਮੱਗਲਰਾਂ ਦੇ ਕਾਬੂ ਤੋਂ ਬਾਹਰ ਹੋ ਜਾਣ ਕਾਰਨ ਇਕ ਖੇਤ ਵਿਚ ਡਿੱਗ ਗਿਆ। ਡਰੋਨ ਨਾਲ ਬੰਨ੍ਹੇ ਇਕ ਵੱਡੇ ਆਕਾਰ ਦੇ ਪੀਲੇ ਰੰਗ ਦੇ ਪੈਕੇਟ ਵਿਚੋਂ 3 ਕਿਲੋ ਹੈਰੋਇਨ ਬਰਾਮਦ ਕੀਤੀ ਗਈ।
* 14 ਅਗਸਤ ਨੂੰ ਬੀ. ਐੱਸ. ਐੱਫ. ਦੀ 116 ਬਟਾਲੀਅਨ ਦੇ ਜਵਾਨਾਂ ਨੇ ਫ਼ਿਰੋਜ਼ਪੁਰ ਸਰਹੱਦ ’ਤੇ ਪਿੰਡ ‘ਪਚਾਰੀਆ’ ਨੇੜੇ ਡਰੋਨ ਦੀ ਹਰਕਤ ਨੂੰ ਦੇਖਦਿਆਂ ਤੁਰੰਤ ਕਾਰਵਾਈ ਕਰਦਿਆਂ ਪਾਕਿਸਤਾਨ ਵੱਲੋਂ ਭੇਜੇ ਗਏ ਚੀਨ ਦੇ ਬਣੇ ਡਰੋਨ ਨੂੰ ਡੇਗ ਦਿੱਤਾ।
ਇਸ ਦੀ ਤਲਾਸ਼ੀ ਦੌਰਾਨ ਨਸ਼ੇ ਦੀ ਡਲਿਵਰੀ ਲੈਣ ਵਾਲੇ ਨੂੰ ਲੋਕੇਸ਼ਨ ਅਤੇ ਸਥਾਨ ਦਾ ਸੰਕੇਤ ਦੇਣ ਲਈ ਇਕ ਰੋਸ਼ਨੀ ਕਰਨ ਵਾਲੀ ਸਟਿੱਕ ਅਤੇ ਇਕ ਪਲਾਸਟਿਕ ਦੀ ਬੋਤਲ ’ਚ 538 ਗ੍ਰਾਮ ਹੈਰੋਇਨ ਬਰਾਮਦ ਹੋਈ।
* 17 ਅਗਸਤ ਨੂੰ ਬੀ. ਐੱਸ. ਐੱਫ. ਅੰਮ੍ਰਿਤਸਰ ਸੈਕਟਰ ਦੀ ਟੀਮ ਨੇ ਸਰਹੱਦੀ ਪਿੰਡ ‘ਰੋੜਾਂਵਾਲਾ ਖੁਰਦ’ ਦੇ ਇਲਾਕੇ ਵਿਚ ਡਰੋਨ ਰਾਹੀਂ ਸੁੱਟਿਆ ਗਿਆ ਇਕ ਮਕਾਨ ਦੇ ਬਾਹਰ ਪਿਆ ਹੈਰੋਇਨ ਦਾ ਪੈਕੇਟ ਜ਼ਬਤ ਕੀਤਾ ਜਿਸ ਦੇ ਨਾਲ ਇਕ ਰੋਸ਼ਨੀ ਕਰਨ ਵਾਲੀ ਸਟਿੱਕ ਬੰਨ੍ਹੀ ਹੋਈ ਸੀ।
ਅਤੇ ਹੁਣ ਸਮੱਗਲਰਾਂ ਨੇ ਚੀਨ ਤੋਂ ਖਰੀਦੇ ਛੋਟੇ ਡਰੋਨਾਂ ਰਾਹੀਂ ਨਸ਼ੀਲੇ ਪਦਾਰਥ ਅਤੇ ਹਥਿਆਰ ਲਿਆਉਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ, ਜਿਸ ਕਾਰਨ ਬੀ. ਐੱਸ. ਐੱਫ. ਲਈ ਚਿੰਤਾਜਨਕ ਸਥਿਤੀ ਪੈਦਾ ਹੋ ਗਈ ਹੈ।
ਪਿਛਲੇ ਕੁਝ ਸਮੇਂ ਦੌਰਾਨ ਹਥਿਆਰਾਂ ਅਤੇ ਨਸ਼ੀਲੇ ਪਦਾਰਥਾਂ ਦੀ ਖੇਪ ਸਮੇਤ ਤਕਨੀਕੀ ਖਰਾਬੀ ਕਾਰਨ ਭਾਰਤੀ ਖੇਤਰ ਵਿੱਚ ਡਿੱਗਣ ਵਾਲੇ ਕਈ ਡਰੋਨ ਬੀ. ਐੱਸ. ਐੱਫ. ਨੇ ਜ਼ਬਤ ਕੀਤੇ ਹਨ। ਆਸਮਾਨ ਵਿਚ ਬਹੁਤ ਉੱਚੀ ਉਡਾਣ ਭਰਨ ਵਿਚ ਸਮਰੱਥ, ਇਨ੍ਹਾਂ ਛੋਟੇ ਡਰੋਨਾਂ ਦੀ ਆਵਾਜ਼ ਸੁਣਾਈ ਨਾ ਦੇਣ ਕਾਰਨ ਹੀ ਇਹ ਮੁਸ਼ਕਲ ਨਾਲ ਫੜੇ ਜਾਂਦੇ ਹਨ।
ਭਾਰਤ-ਪਾਕਿਸਤਾਨ ਸਰਹੱਦ ’ਤੇ ਡਰੋਨਾਂ ਰਾਹੀਂ ਹਥਿਆਰ ਅਤੇ ਨਸ਼ੀਲੇ ਪਦਾਰਥ ਆਉਣਾ ਜਿੱਥੇ ਭਾਰਤ ਲਈ ਵੱਡੀ ਸਮੱਸਿਆ ਹੈ, ਉੱਥੇ ਹੀ ਭਾਰਤ-ਚੀਨ ਸਰਹੱਦ 'ਤੇ ਜਾਸੂਸੀ ਲਈ ਵੀ ਡਰੋਨਾਂ ਦੀ ਵਰਤੋਂ ਕੀਤੀ ਜਾ ਰਹੀ ਹੈ।
ਰੂਸ-ਯੂਕ੍ਰੇਨ ਯੁੱਧ ਅਤੇ ਅਰਮੀਨੀਆ ਅਤੇ ਅਜ਼ਰਬਾਈਜਾਨ ਵਿਚਾਲੇ ਸੰਘਰਸ਼ ਨੇ ਸਾਬਤ ਕਰ ਦਿੱਤਾ ਹੈ ਕਿ ਡਰੋਨ ਦੀ ਵਰਤੋਂ ਟੈਂਕਾਂ, ਥਲ ਸੈਨਾਵਾਂ ਅਤੇ ਫੌਜੀ ਕਾਫਲਿਆਂ ਨੂੰ ਭਾਰੀ ਨੁਕਸਾਨ ਪਹੁੰਚਾ ਸਕਦੀ ਹੈ।
ਪਾਕਿਸਤਾਨ ਅਤੇ ਚੀਨ ਨਾਲ ਲੱਗਦੀਆਂ ਸਰਹੱਦਾਂ 'ਤੇ ਡਰੋਨਾਂ ਦੀ ਵਧਦੀ ਵਰਤੋਂ ਤੋਂ ਚਿੰਤਤ ਰੱਖਿਆ ਮੰਤਰਾਲੇ ਨੇ ਹਾਲ ਹੀ 'ਚ ਇਨ੍ਹਾਂ ਡਰੋਨਾਂ ਦਾ ਮੁਕਾਬਲਾ ਕਰਨ ਲਈ ਨਵੀਂ ਤਕਨੀਕ ਦੀ ਖੋਜ ਕਰਨ ਦਾ ਐਲਾਨ ਕੀਤਾ ਹੈ।
ਫੌਜ ਇਕ ਅਜਿਹੀ ‘ਗ੍ਰਾਊਂਡ ਬੇਸਡ’ ਪ੍ਰਣਾਲੀ ਹਾਸਲ ਕਰਨ ਦੀ ਚਾਹਵਾਨ ਹੈ ਜੋ 50 ਕਿਲੋ ਤੱਕ ਭਾਰ ਚੁੱਕਣ ਅਤੇ 6 ਇੰਚ ਤੋਂ 2 ਮੀਟਰ ਤੱਕ ਦੇ ਡਰੋਨਾਂ ਦਾ ਆਪਣੇ ਆਪ ਪਤਾ ਲਾ ਕੇ ਉਨ੍ਹਾਂ ਨੂੰ ਫੜਨ ਦੇ ਸਮਰੱਥ ਹੋਵੇ।
ਰੱਖਿਆ ਮੰਤਰਾਲੇ ਮੁਤਾਬਕ ਜਾਸੂਸੀ ਕਰਨ ਅਤੇ ਦੁਸ਼ਮਣ ਦੇ ਡਰੋਨਾਂ ਦਾ ਪਿੱਛਾ ਕਰਨ ਦੇ ਸਮਰੱਥ ਇਹ ਸਿਸਟਮ ਅਜਿਹੇ ਮਾਈਕ੍ਰੋਪ੍ਰੋਸੈੱਸਰ ਨਾਲ ਲੈਸ ਹੋਵੇਗਾ ਜਿਸ ਰਾਹੀਂ ਦੁਸ਼ਮਣ ਦੇ ਡਰੋਨਾਂ ਨੂੰ 3 ਕਿਲੋਮੀਟਰ ਦੀ ਦੂਰੀ ਤੋਂ ਨਸ਼ਟ ਜਾਂ ਨਕਾਰਾ ਕੀਤਾ ਜਾ ਸਕੇ ਅਤੇ ਇਸ ਤੋਂ ਇਲਾਵਾ ਮੰਤਰਾਲਾ ਨਿਰਮਾਤਾਵਾਂ ਵਲੋਂ ਇਸ ਪ੍ਰਣਾਲੀ ਵਿਚ ਹੋਰ ਵੀ ਕਈ ਸਹੂਲਤਾਂ ਸ਼ਾਮਲ ਕੀਤੇ ਜਾਣ ਦਾ ਚਾਹਵਾਨ ਹੈ।
ਦੇਸ਼ ਦੀ ਸੁਰੱਖਿਆ ਨੂੰ ਖ਼ਤਰੇ ਵਿਚ ਪੈਣ ਤੋਂ ਰੋਕਣ ਅਤੇ ਡਰੋਨਾਂ ਰਾਹੀਂ ਭਾਰਤ ਵਿਚ ਨਸ਼ਿਆਂ ਅਤੇ ਹਥਿਆਰਾਂ ਦੀ ਸਮੱਗਲਿੰਗ ਨੂੰ ਨੱਥ ਪਾਉਣ ਲਈ ਅਜਿਹੇ ਉੱਨਤ ਐਂਟੀ ਡਰੋਨ ਸਿਸਟਮ ਨੂੰ ਹਾਸਲ ਕਰਨ ਦੀ ਫੌਰੀ ਲੋੜ ਹੈ ਤਾਂ ਜੋ ਪਾਕਿਸਤਾਨੀ ਅਤੇ ਚੀਨੀ ਡਰੋਨਾਂ ਤੋਂ ਸਾਡੇ ਦੇਸ਼ ਨੂੰ ਪੈਦਾ ਹੋਏ ਖਤਰੇ ਦਾ ਮੁਕਾਬਲਾ ਕੀਤਾ ਜਾ ਸਕੇ।
-ਵਿਜੇ ਕੁਮਾਰ
ਅਹਿੰਸਕ ਸੰਘਰਸ਼ ਦਾ ਇਹ ਚਰਿੱਤਰ ਸਥਾਈ ਬਣਾਉਣਾ ਪਵੇਗਾ
NEXT STORY