ਮੈਂ ਅਕਸਰ ਸ਼ਿਮਲਾ ਆਉਂਦੀ ਰਹਿੰਦੀ ਹਾਂ ਪਰ ਸੂਬੇ ’ਚ ਜ਼ਮੀਨ-ਖਿਸਕਣ ਅਤੇ ਨੁਕਸਾਨ ਤੋਂ ਬਾਅਦ ਅਜਿਹਾ ਪਹਿਲੀ ਵਾਰ ਹੋਇਆ ਹੈ ਜਿਸ ਕਾਰਨ ਮੈਂ ਬੇਹੱਦ ਪ੍ਰੇਸ਼ਾਨ ਹੋਈ ਹਾਂ। ਮੈਂ ਇੱਥੇ ਸੂਬੇ ਦੇ ਸੰਸਥਾਪਕ ਡਾ. ਪਰਮਾਰ ਦੇ ਸਮੇਂ ਤੋਂ ਸਿਆਸੀ ਘੇਰੇ ’ਚ ਰਹਿ ਕੇ ਵੱਡੀ ਹੋਈ ਹਾਂ। ਇਹ ਹੈਰਾਨੀਜਨਕ ਸੀ।
ਜਦੋਂ ਮੈਂ ਇਕ ਸਾਲ ਪਹਿਲਾਂ ਸੂਬੇ ’ਚ ਭਾਜਪਾ ਦੇ ਰਾਜਕਾਲ ਦੌਰਾਨ ਆਈ ਸੀ ਤਾਂ ਮੈਨੂੰ ਅਹਿਸਾਸ ਹੋਇਆ ਸੀ ਕਿ ਜੋ ਸਿਆਸਤਦਾਨ ਸਰਲ ਸਨ, ਉਹ ਸਮੇਂ ਨਾਲ ਕਿਵੇਂ ਬਦਲ ਗਏ। ਮੈਂ ਚੰਗੇ ਜਾਂ ਮਾੜੇ ਸਬੰਧੀ ਕੁਝ ਨਹੀਂ ਕਹਿ ਸਕਦੀ। ਸਾਡੇ ਕੋਲ ਡਾ. ਪਰਮਾਰ, ਵੀਰਭੱਦਰ ਸਿੰਘ ਅਤੇ ਪ੍ਰੇਮ ਕੁਮਾਰ ਧੂਮਲ ਵਰਗੇ ਮਹਾਨ ਮੁੱਖ ਮੰਤਰੀ ਰਹੇ ਹਨ। ਉਹ ਜ਼ਮੀਨ ਨਾਲ ਜੁੜੇ ਹੋਏ ਨੇਤਾ ਸਨ। ਉਨ੍ਹਾਂ ’ਚ ਕੋਈ ਵਿਖਾਵਾ ਨਹੀਂ ਸੀ। ਉਹ ਨਿਮਰਤਾ ਨਾਲ ਭਰੇ ਹੋਏ ਸਨ ਕਿਉਂਕਿ ਉਹ ਮਾਲ ਰੋਡ ’ਤੇ ਬਿਨਾਂ ਕਿਸੇ ਲਾਮ-ਲਸ਼ਕਰ ਦੇ ਚੱਲਦੇ ਸਨ।
ਉਨ੍ਹਾਂ ਦੇ ਦਫਤਰਾਂ ’ਚ ਰਹਿਣ ਦੌਰਾਨ ਕਈ ਦਹਾਕਿਆਂ ਤੱਕ ਕਦੀ ਵੀ ਕੋਈ ਪਾਇਲਟ ਗੱਡੀ ਜਾਂ ਸੁਰੱਖਿਆ ਨਹੀਂ ਸੀ। ਉਦੋਂ ਕੋਈ ਦਿਖਾਵਾ ਨਹੀਂ ਸੀ। ਉਨ੍ਹਾਂ ਕੋਲ ਇਕ ਗੰਨਮੈਨ ਅਤੇ ਵੱਧ ਤੋਂ ਵੱਧ ਇਕ ਪੀ. ਏ. ਹੁੰਦਾ ਸੀ। ਉਹ ਲੋਕਾਂ ਨੂੰ ਮਿਲਦੇ ਸਨ, ਉਨ੍ਹਾਂ ਨਾਲ ਗੱਲਬਾਤ ਕਰਦੇ ਸਨ ਅਤੇ ਸਮੱਸਿਆਵਾਂ ਦਾ ਹੱਲ ਕਰਦੇ ਸਨ।
ਇਹ ਇਕ ਵੱਡੇ ਪਰਿਵਾਰ ਵਾਂਗ ਸੀ। ਫਿਰ ਯਕੀਨੀ ਤੌਰ ’ਤੇ ਜਿਵੇਂ-ਜਿਵੇਂ ਸਮਾਂ ਬਦਲਿਆ, 2 ਤੋਂ 3 ਪਾਇਲਟ ਕਾਰਾਂ ਦੇ ਨਾਲ-ਨਾਲ ਕਈ ਹੋਰ ਅਧਿਕਾਰਤ ਕੰਮ, ਬਹੁਤ ਸਾਰੇ ਸੁਰੱਖਿਆ ਮੁਲਾਜ਼ਮ, ਸ਼ਾਨੋ-ਸ਼ੌਕਤ ਅਤੇ ਬਹੁਤ ਸਾਰੇ ਪੈਰੋਕਾਰ ਹੋਣ ਲੱਗੇ। ਮੈਨੂੰ ਇਨ੍ਹਾਂ ਸਭ ਨਾਲ ਕੋਈ ਇਤਰਾਜ਼ ਨਹੀਂ ਪਰ ਜਦੋਂ ਸੂਬਾ ਵਿੱਤੀ ਸੰਕਟ ’ਚੋਂ ਲੰਘ ਰਿਹਾ ਹੈ, ਉਸ ਕੋਲ ਪੈਸੇ ਨਹੀਂ ਹਨ, ਚਾਰੇ ਪਾਸੇ ਤਬਾਹੀ ਹੋਈ ਹੈ, ਪਰਿਵਾਰ ਬੇਘਰ ਹੋ ਗਏ ਹਨ, ਪਿੰਡਾਂ ਦਾ ਸਫਾਇਆ ਤੱਕ ਹੋ ਗਿਆ ਹੈ, ਮੈਂ ਉਮੀਦ ਕਰਦੀ ਹਾਂ ਕਿ ਮੇਰੇ ਸਿਆਸਤਦਾਨ ਹਮਦਰਦੀ ਰੱਖਣਗੇ ਅਤੇ ਧੂਮ-ਧੜੱਕੇ ਨਾਲ ਅੱਗੇ ਨਹੀਂ ਵਧਣਗੇ।
ਉਹ ਆਪਣੇ ਖਰਚਿਆਂ ’ਚ ਕਟੌਤੀ ਕਰਨਗੇ ਜੋ ਸਿਰਫ ਵਿਖਾਵਾ ਹੈ, ਇਸ ਤੋਂ ਵੱਧ ਕੁਝ ਨਹੀਂ ਹੈ। ਮੇਰਾ ਹਿਮਾਚਲ ਸੂਬਾ ਬੇਲੋੜੇ ਖਰਚਿਆਂ ’ਚ ਕਟੌਤੀ ਕਰੇਗਾ ਅਤੇ ਸੂਬੇ ਦੇ ਲੋਕਾਂ ’ਤੇ ਭਾਰ ਨਹੀਂ ਪਵੇਗਾ।
ਮੈਨੂੰ ਅਸਲ ’ਚ ਇਹ ਸਮਝ ਨਹੀਂ ਆਉਂਦੀ ਕਿ ਵੱਡੇ-ਵੱਡੇ ਹੋਰਡਿੰਗਸ ਅਤੇ ਵਿਗਿਆਪਨਾਂ ਲਈ ਪੈਸਾ ਕਦੋਂ ਅਤੇ ਕਿੱਥੋਂ ਆਉਂਦਾ ਹੈ? ਆਪਣੇ ਸਿਆਸਤਦਾਨਾਂ ਨੂੰ ਸੜਕਾਂ ਦੀਆਂ ਨੁੱਕੜਾਂ ਅਤੇ ਸਵੇਰ ਦੀ ਹਰ ਅਖਬਾਰ ਅਤੇ ਸਥਾਨਕ ਟੀ. ਵੀ. ’ਤੇ ਵੇਖਣ ਲਈ ਬੇਲੋੜੇ ਢੰਗ ਨਾਲ ਬਹੁਤ ਸਾਰਾ ਪੈਸਾ ਖਰਚ ਕਰਨਾ ਪੈਂਦਾ ਹੈ। ਮੈਨੂੰ ਯਕੀਨ ਹੈ ਕਿ ਮੁਫਤ ਬਾਲ ਸਿੱਖਿਆ, ਮੁਫਤ ਹੁਨਰ ਵਿਕਾਸ, ਮੁਫਤ ਭੋਜਨ ਅਤੇ ਸਿਹਤ ਦੇ ਕਲਿਆਣ ਲਈ ਕੁਝ ਚੰਗੀਆਂ ਯੋਜਨਾਵਾਂ ’ਤੇ ਪੈਸਾ ਖਰਚ ਕੀਤਾ ਜਾ ਸਕਦਾ ਹੈ। ਇਹ ਅਸਲ ’ਚ ਬਹੁਤ ਵਧੀਆ ਹੈ।
ਹਿਮਾਚਲ ਪ੍ਰਦੇਸ਼ ਇਕ ਸਾਫ ਸੂਬਾ ਹੈ। ਬਾਕੀ ਵੱਡੇ ਸੂਬਿਆਂ ਦੀ ਰੀਸ ਕਰਨੀ ਮੇਰੀ ਜਾਣਕਾਰੀ ’ਚ ਹਿਮਾਚਲ ਦੀ ਸਰਲਤਾ ਦਾ ਨਿਚੋੜ ਗਵਾਉਣਾ ਹੈ। ਸੂਬੇ ਦੀ ਮੁੱਖ ਆਮਦਨ ਸੈਲਾਨੀ ਸਨ ਅਤੇ ਰਹਿਣਗੇ ਵੀ ਪਰ ਇਸ ਮਾਨਸੂਨ ਪਿੱਛੋਂ ਸੂਬੇ ਕੋਲ ਬਹੁਤ ਕੁਝ ਚੰਗਾ ਹੈ। ਸੈਲਾਨੀਆਂ ਲਈ ਹਿਮਾਚਲ ਪ੍ਰਦੇਸ਼ ਦੀ ਯਾਤਰਾ ਕਰਨ ਦੀ ਿਹੰਮਤ ਜੁਟਾਉਣੀ ਔਖੀ ਹੋ ਜਾਵੇਗੀ।
ਸਾਡੀਆਂ ਕੁਝ ਉਡਾਣਾਂ ਧਰਮਸ਼ਾਲਾ ਅਤੇ ਕੁੱਲੂ ਆ ਰਹੀਆਂ ਹਨ। ਫਲਾਈਟ ਮੁਸ਼ਕਲ ਨਾਲ ਹੀ ਸ਼ਿਮਲਾ ਆਉਂਦੀ ਹੈ। ਜੇ ਆਉਂਦੀ ਵੀ ਹੈ ਤਾਂ ਲਾਗਤ ਇੰਨੀ ਵੱਧ ਹੁੰਦੀ ਹੈ ਕਿ ਜੇ ਕੋਈ ਸੈਲਾਨੀ ਇੰਨਾ ਖਰਚ ਕਰਦਾ ਹੈ ਤਾਂ ਉਹ ਅਜਿਹੀ ਥਾਂ ਜਾਣਾ ਪਸੰਦ ਕਰੇਗਾ ਜਿੱਥੇ ਉਹ ਸੁਰੱਖਿਅਤ ਰਹੇ। ਸਿਆਸਤਦਾਨ ਵੱਡੀਆਂ-ਵੱਡੀਆਂ ਗੱਲਾਂ ਕਰਨੀਆਂ ਪਸੰਦ ਕਰਦੇ ਹਨ, ਵਾਅਦੇ ਕਰਨੇ ਪਸੰਦ ਕਰਦੇ ਹਨ ਪਰ ਉਨ੍ਹਾਂ ਨੂੰ ਹੁਣ ਇਸ ਦਾ ਅਹਿਸਾਸ ਹੋਣਾ ਚਾਹੀਦਾ ਹੈ ਕਿ ਹਿਮਾਚਲ ਮੁਸੀਬਤਾਂ ਨਾਲ ਘਿਰਿਆ ਹੋਇਆ ਹੈ। ਇਸ ਸਮੇਂ ਅਸੀਂ ਸੋਸ਼ਲ ਮੀਡੀਆ ’ਚ ਜੀਅ ਰਹੇ ਹਾਂ ਜਿੱਥੇ ਸੱਚਾਈ ਨਹੀਂ ਹੈ।
ਹਰ ਨੁਕਸਾਨ ਦਾ ਠੀਕਰਾ ਸਾਬਕਾ ਸਰਕਾਰ ’ਤੇ ਭੰਨਣਾ ਹਮੇਸ਼ਾ ਸੌਖਾ ਹੁੰਦਾ ਹੈ। ਕਿਸੇ ਨੂੰ ਇਹ ਅਹਿਸਾਸ ਹੋਣਾ ਚਾਹੀਦਾ ਹੈ ਕਿ ਇਸ ਕਾਰਨ ਕੀ ਨੁਕਸਾਨ ਹੋਇਆ? ਕੀ ਘਰ ਪਹਾੜਾਂ ਨੂੰ ਕੱਟ ਕੇ ਇਕ-ਦੂਜੇ ’ਤੇ ਬਣਾਏ ਗਏ ਹਨ। ਪਹਾੜਾਂ ਨੂੰ ਬਰਬਾਦ ਕੀਤਾ ਜਾ ਰਿਹਾ ਹੈ। ਕੋਈ ਯੋਜਨਾ ਨਹੀਂ ਹੈ, ਕੋਈ ਸੁਰੱਖਿਆ ਉਪਾਅ ਨਹੀਂ ਹੈ। ਪਹਾੜ ਝੁੱਗੀਆਂ ਵਾਂਗ ਨਜ਼ਰ ਆਉਂਦੇ ਹਨ। ਇਹ ਸ਼ਰਮ ਵਾਲੀ ਗੱਲ ਹੈ।
ਮੈਂ ਸੁਣਿਆ ਹੈ ਕਿ ਮਕਾਨਾਂ ’ਤੇ ਚੌਥੀ ਮੰਜ਼ਿਲ ਬਣਾਉਣ ਦੀ ਆਗਿਆ ਦੇ ਦਿੱਤੀ ਗਈ ਹੈ। ਕੁਝ ਹੰਕਾਰੀ ਸਿਆਸਤਦਾਨ ਕਦੀ ਵੀ ਸਿੱਖਦੇ ਨਹੀਂ। ਇਕ ਕਾਰੋਬਾਰੀ ਜੋ ਕਿਸੇ ਹੋਰ ਸਿਆਸੀ ਪਾਰਟੀ ਨਾਲ ਸਬੰਧਤ ਸੀ, ਤੁਸੀਂ ਉਸ ਦਾ ਕੰਮ ਨਹੀਂ ਰੋਕ ਸਕਦੇ, ਖਾਸ ਕਰ ਕੇ ਜੇ ਇਹ ਲੋਕਾਂ ਦੇ ਕਲਿਆਣ ਲਈ ਹੋਵੇ। ਤੁਹਾਨੂੰ ਉਸ ਕੋਲੋਂ ਕੋਈ ਸ਼ਿਕਾਇਤ ਹੈ ਤਾਂ ਬੈਠ ਕੇ ਹੱਲ ਕਰੋ।
ਸਭ ਤੋਂ ਵੱਧ ਉਸਾਰੀ ਹੋਣ ਕਾਰਨ ਹਿਮਾਚਲ ਨੂੰ ਤਬਾਹੀ ਦੇ ਦੌਰ ’ਚੋਂ ਲੰਘਣਾ ਪਿਆ ਹੈ। ਕੋਈ ਯੋਜਨਾ ਨਹੀਂ ਸੀ, ਇਸੇ ਕਾਰਨ ਇਹ ਆਫਤ ਆਈ। ਹੈਰਾਨੀ ਵਾਲੀ ਗੱਲ ਤਾਂ ਇਹ ਹੈ ਕਿ ਸਰਕਾਰ ਸਖਤ ਨਿਯਮ ਕਿਉਂ ਨਹੀਂ ਬਣਾ ਸਕਦੀ। ਦਿੱਲੀ ਵਰਗੀਆਂ ਥਾਵਾਂ ’ਤੇ ਇਕ ਇੰਚ ਜਾਂ ਸੜਕ ’ਤੇ ਇਕ ਬੂਟਾ ਵੀ ਨਹੀਂ ਲਾਇਆ ਜਾ ਸਕਦਾ। ਐੱਮ. ਸੀ. ਡੀ. ਤੁਰੰਤ ਹੀ ਤੁਹਾਨੂੰ ਨੋਟਿਸ ਭੇਜੇਗੀ ਅਤੇ ਜੁਰਮਾਨਾ ਕਰੇਗੀ।
ਹਿਮਾਚਲ ’ਚ ਡਾਕਟਰੀ ਸਹੂਲਤਾਂ ਵੀ ਨਾਂਹ ਦੇ ਬਰਾਬਰ ਹਨ। ਸਰਕਾਰੀ ਹਸਪਤਾਲ ਨੱਕੋ-ਨੱਕ ਭਰ ਗਏ ਹਨ। ਰਾਜਧਾਨੀ ਸ਼ਿਮਲਾ ’ਚ ਪ੍ਰਾਈਵੇਟ ਹਸਪਤਾਲਾਂ ਦੀ ਹੋਂਦ ਨਾਂਹ ਦੇ ਬਰਾਬਰ ਹੈ। ਮੈਂ ਭਰੋਸਾ ਨਹੀਂ ਕਰ ਸਕਦੀ ਕਿ ਸਾਡੇ ਕੋਲ ਸਭ ਤੋਂ ਵੱਧ ਪੜ੍ਹੇ-ਲਿਖੇ ਵਿਅਕਤੀ ਹਨ ਪਰ ਇਸ ਦਾ ਕੀ ਲਾਭ? ਸਿਆਸਤਦਾਨ ਸਿਆਣੇ ਨੌਕਰਸ਼ਾਹਾਂ ਨੂੰ ਆਪਣਾ ਕੰਮ ਸਮਰਪਿਤ ਕਿਉਂ ਨਹੀਂ ਕਰ ਸਕਦੇ? ਹਰ ਖੇਤਰ ’ਚ ਬਾਹਰ ਤੋਂ ਪੇਸ਼ੇਵਰ ਲੋਕਾਂ ਦੀ ਮਦਦ ਲਈ ਜਾ ਸਕਦੀ ਹੈ। ਕੋਈ ਵੀ ਤੁਹਾਡੇ ਲਈ ਚੁਣੌਤੀ ਨਹੀਂ ਬਣੇਗਾ। ਪ੍ਰਮਾਤਮਾ ਨੇ ਸਿਆਸੀ ਬਰਾਬਰੀ ਨੂੰ ਕੰਮ ਕਰਨ ਅਤੇ ਅਗਵਾਈ ਕਰਨ ਦਾ ਮੌਕਾ ਦਿੱਤਾ ਹੈ।
ਹਿਮਾਚਲ ਐਸੋਸੀਏਸ਼ਨ ਆਫ ਹੋਟਲੀਅਰਜ਼ ਆਪਣੇ ਨੁਕਸਾਨ ਬਾਰੇ ਗੱਲ ਕਰਨ ਲਈ ਸਰਕਾਰ ਨਾਲ ਸਬੰਧਤ ਲੋਕਾਂ ਨੂੰ ਮਿਲਣ ਦੀ ਕੋਸ਼ਿਸ਼ ਕਰ ਰਹੀ ਹੈ। ਇਸ ਤਬਾਹੀ ਕਾਰਨ ਹੋਟਲਾਂ ਦਾ ਕਾਰੋਬਾਰ ਸਿਫਰ ਹੋ ਕੇ ਰਹਿ ਗਿਆ ਹੈ। ਮਾਲਕ ਤੇ ਸਟਾਫ ਸਭ ਤੋਂ ਵੱਧ ਪੀੜਤ ਹੋਏ ਹਨ। ਕੁਝ ਵੀ ਲੋਕ ਸੰਪਰਕ ਨਹੀਂ ਕੀਤਾ ਗਿਆ ਹੈ ਕਿ ਸੈਲਾਨੀਆਂ ਨੂੰ ਇਹ ਅਹਿਸਾਸ ਹੋਵੇ ਕਿ ਹੁਣ ਉਨ੍ਹਾਂ ਨੇ ਸੂਬੇ ’ਚ ਆਉਣਾ ਹੈ। ਕੁਰਸੀ ’ਤੇ ਬੈਠੇ ਲੋਕਾਂ ਨੂੰ ਲੋਕਾਂ ਦੇ ਕਲਿਆਣ ’ਤੇ ਵੀ ਧਿਆਨ ਦੇਣਾ ਹੁੰਦਾ ਹੈ। ਇਸ ਸਮੇਂ ਲੋੜ ਬੁਨਿਆਦੀ ਢਾਂਚੇ ਨੂੰ ਤੇਜ਼ੀ ਨਾਲ ਮੁੜ ਤੋਂ ਉਸਾਰਨ ਦੀ ਹੈ।
ਅਸੀਂ ਜਾਣਦੇ ਹਾਂ ਕਿ ਸੱਤਾਧਾਰੀ ਪਾਰਟੀ ’ਚ ਕਈ ਗਰੁੱਪ ਸਿਆਣੇ ਬਣਨ ਦੀ ਕੋਸ਼ਿਸ਼ ਕਰਦੇ ਹਨ ਪਰ ਫਿਰ ਇਕ-ਦੂਜੇ ਨੂੰ ਨੀਵਾਂ ਵਿਖਾਉਣ ’ਚ ਸਮਾਂ ਬਿਤਾਉਂਦੇ ਹਨ। ਮੈਂ ਉੱਥੋਂ ਦੇ ਸਥਾਨਕ ਲੋਕਾਂ ਕੋਲੋਂ ਸੁਣਿਆ ਹੈ ਕਿ ਹੰਕਾਰ ਵਧ ਗਿਆ ਹੈ ਪ੍ਰਦਰਸ਼ਨ ਦੀ ਸਮਰੱਥਾ ਜ਼ੀਰੋ ਹੈ। ਸਕੱਤਰੇਤ ’ਚ ਮੰਤਰੀਆਂ ਨੂੰ ਮਿਲਣ ਲਈ ਆਉਣ ਵਾਲੇ ਆਮ ਆਦਮੀ ਨੂੰ ਪੂਰਾ ਦਿਨ ਉਡੀਕ ਕਰਨੀ ਪੈਂਦੀ ਹੈ। ਇਹ ਬਿਲਕੁਲ ਠੀਕ ਨਹੀਂ।
ਵੀਰਭੱਦਰ ਸਿੰਘ ਵਰਗੇ ਮੁੱਖ ਮੰਤਰੀ ਨੇ 24 ਘੰਟੇ ਕੰਮ ਕੀਤਾ। ਉਨ੍ਹਾਂ ਦਾ ਪ੍ਰਸ਼ਾਸਨ ਮਜ਼ਬੂਤ ਸੀ। ਉਹ ਆਪਣੇ ਸਹਿਯੋਗੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਦਾ ਪਾਰਟੀ ਲਾਈਨ ਤੋਂ ਉਪਰ ਉੱਠ ਕੇ ਸਤਿਕਾਰ ਕਰਦੇ ਸਨ। ਨਾਲ ਹੀ ਗਰੀਬਾਂ ਦੀ ਗੱਲ ਸੁਣਦੇ ਸਨ। ਉਨ੍ਹਾਂ ਦਾ ਸਤਿਕਾਰ ਕਰਦੇ ਸਨ ਅਤੇ ਉਨ੍ਹਾਂ ਦੀਆਂ ਮੰਗਾਂ ਨੂੰ ਪੂਰਾ ਕਰਦੇ ਸਨ।
ਪੁਲਸ ਨੂੰ ਵੀ. ਆਈ. ਪੀ. ਡਿਊਟੀ ਕਰਨ ਦੀ ਬਜਾਏ ਲੋਕਾਂ ਪ੍ਰਤੀ ਆਪਣੇ ਫਰਜ਼ ਨਿਭਾਉਣ ਦਿਓ ਪਰ ਇਸ ਵਾਰ ਪ੍ਰਮਾਤਮਾ ਦਾ ਸ਼ੁਕਰ ਹੈ ਕਿ ਵੀ. ਆਈ. ਪੀ. ਨਾਲ ਕੋਈ ਐਂਬੂਲੈਂਸ ਅਤੇ ਮੋਟਰਸਾਈਕਲ ਪੁਲਸ ਨਹੀਂ ਹੈ। ਮੁੱਖ ਮੰਤਰੀ ਜਾਂ ਮੰਤਰੀ ਦੀ ਕੁਰਸੀ ਵੋਟਰਾਂ ਦੇ ਤਰਸ ’ਤੇ ਨਿਰਭਰ ਹੁੰਦੀ ਹੈ।
ਦੇਵੀ ਐੱਮ. ਚੇਰੀਅਨ
ਕੌਮਾਂਤਰੀ ਅਧਿਆਪਕ ਦਿਵਸ 'ਤੇ ਵਿਸ਼ੇਸ਼ : ਇਕ ਕੌਮਾਂਤਰੀ ਉਤਸਵ ਹੈ ਵਿਸ਼ਵ ਅਧਿਆਪਕ ਦਿਵਸ
NEXT STORY