ਡਾ. ਵੇਦਪ੍ਰਤਾਪ ਵੈਦਿਕ
ਅੱਜਕਲ ਭਾਰਤ ਅਤੇ ਅਮਰੀਕਾ ਦੇ ਦਰਮਿਆਨ ਜਿਵੇਂ ਪ੍ਰੇਮ ਲੀਲਾ ਚੱਲ ਰਹੀ ਹੈ, ਮੇਰੀ ਯਾਦਦਾਸ਼ਤ ’ਚ ਕਦੀ ਕਿਸੇ ਦੇਸ਼ ਨਾਲ ਭਾਰਤ ਦੀ ਨਹੀਂ ਚੱਲੀ। ਸੀਤ ਜੰਗ ਦੇ ਸੰਘਣੇ ਬੱਦਲਾਂ ਦੇ ਦਰਮਿਆਨ ਜਵਾਹਰ ਲਾਲ ਨਹਿਰੂ ਅਤੇ ਸੋਵੀਅਤ ਨੇਤਾ ਖੁਰਸ਼ਚੇਵ ਅਤੇ ਬੁਲਗਾਨਿਨ ਦੇ ਦਰਮਿਆਨ ਵੀ ਨਹੀਂ। ਇਸ ਦਾ ਕਾਰਨ ਸ਼ਾਇਦ ਇਹੀ ਸਮਝਿਆ ਜਾ ਰਿਹਾ ਹੈ ਕਿ ਨਰਿੰਦਰ ਮੋਦੀ ਦੀ ਮੋਹਿਣੀ ਨੇ ਡੋਨਾਲਡ ਟਰੰਪ ਨੂੰ ਸੰਮੋਹਿਤ ਕਰ ਲਿਆ ਹੈ। ਇਹ ਸਮਝ ਨਹੀਂ, ਭਰਮ ਹੈ। ਕੌਮਾਂਤਰੀ ਸਿਆਸਤ ’ਚ ਨਿੱਜੀ ਸਬੰਧਾਂ ਦੀ ਭੂਮਿਕਾ ਬਹੁਤ ਸੀਮਤ ਹੁੰਦੀ ਹੈ। ਉਸ ਦਾ ਸੰਚਾਲਨ ਰਾਸ਼ਟਰੀ ਹਿੱਤਾਂ ਦੇ ਆਧਾਰ ’ਤੇ ਹੁੰਦਾ ਹੈ। ਇਸ ਸਮੇਂ ਟਰੰਪ ਪ੍ਰਸ਼ਾਸਨ ਨੇ ਚੀਨ ਦੇ ਗੋਡੇ ਟਿਕਵਾਉਣ ਲਈ ਕਮਰ ਕੱਸੀ ਹੋਈ ਹੈ। ਇਸ ਲਈ ਉਹ ਭਾਰਤ ਪ੍ਰਤੀ ਲੋੜ ਤੋਂ ਵੱਧ ਨਰਮ ਦਿਖਾਈ ਦੇ ਰਿਹਾ ਹੈ।
ਉਸ ਨੇ ਕੋਵਿਡ-19 ਲਈ ਚੀਨ ਨੂੰ ਸਾਰੀ ਦੁਨੀਆ ’ਚ ਸਭ ਤੋਂ ਵੱਧ ਬਦਨਾਮ ਕੀਤਾ। ਉਸ ਨੇ ਚੀਨ ਦੇ ਵਿਰੁੱਧ ਯੂਰਪੀ ਸੰਘ ਅਤੇ ਆਗ੍ਰੇ ਏਸ਼ੀਆ ਦੇ ਰਾਸ਼ਟਰਾਂ ਨੰੂ ਲਾਮਬੰਦ ਕੀਤਾ। ਅਮਰੀਕੀ ਕਾਂਗਰਸ (ਸੰਸਦ ’ਚ) ਚੀਨ ਨੂੰ ਧਮਕਾਉਣ ਲਈ ਇਕ ਮਤਾ ਵੀ ਲਿਆਂਦਾ ਗਿਆ। ਉਸ ’ਚ ਅਮਰੀਕੀ ਸੰਸਦ ਮੈਂਬਰਾਂ ਨੇ ਚੀਨ ਨੂੰ ਕਿਹਾ ਕਿ ਉਹ ਭਾਰਤ ਨਾਲ ਤਮੀਜ਼ ਨਾਲ ਪੇਸ਼ ਆਵੇ। ਡੰਡੇ ਦੇ ਜ਼ੋਰ ਨਾਲ ਉਹ ਭਾਰਤ ਦੀ ਜ਼ਮੀਨ ਹੜੱਪਣ ਦੀ ਕੋਸ਼ਿਸ਼ ਨਾ ਕਰੇ। ਅਮਰੀਕਾ ਤਾਈਵਾਨ ਨੂੰ ਲੈ ਕੇ ਪਹਿਲਾਂ ਹੀ ਚੀਨ ਨਾਲ ਭਿੜਦਾ ਰਿਹਾ ਸੀ, ਹੁਣ ਹਾਂਗਕਾਂਗ ਦੇ ਸਵਾਲ ’ਤੇ ਉਸ ਨੇ ਪੂਰਾ ਕੂਟਨੀਤਕ ਮੋਰਚਾ ਹੀ ਖੋਲ੍ਹ ਦਿੱਤਾ ਹੈ। ਦੱਖਣੀ ਚੀਨ ਸਾਗਰ ਦੇ ਮਾਮਲੇ ’ਚ ਉਹ ਚੀਨ ਦੇ ਗੁਆਂਢੀ ਅਤੇ ਸਮੁੰਦਰੀ ਕੰਢਿਆਂ ਵਾਲੇ ਰਾਸ਼ਟਰਾਂ ਦਾ ਖੁੱਲ੍ਹ ਕੇ ਸਮਰਥਨ ਕਰ ਰਿਹਾ ਹੈ।
ਗਲਵਾਨ ਘਾਟੀ ’ਚ ਹੋਈ ਭਾਰਤ-ਚੀਨ ਝੜਪ ਤਾਂ ਅਜਿਹੀ ਹੈ, ਜਿਵੇਂ ਟਰੰਪ ਦੇ ਹੱਥ ਬਟੇਰਾ ਲੱਗ ਗਿਆ ਹੋਵੇ। ਪਹਿਲਾਂ ਉਨ੍ਹਾਂ ਨੇ ਦੋਵਾਂ ਦੇਸ਼ਾਂ ਦਰਮਿਆਨ ਵਿਚੋਲਗੀ ਦੀ ਪਹਿਲ ਕੀਤੀ ਅਤੇ ਚੀਨ ਦੇ ਵਿਰੁੱਧ ਛੱਰੇ ਛੱਡਣੇ ਸ਼ੁਰੂ ਕਰ ਦਿੱਤੇ। ਦੋਵਾਂ ਦੇਸ਼ਾਂ, ਭਾਰਤ ਅਤੇ ਚੀਨ ਦੇ ਵਿਦੇਸ਼ ਮੰਤਰੀ, ਰੱਖਿਆ ਮੰਤਰੀ, ਮੁੱਖ ਸੈਨਾਪਤੀ ਅਤੇ ਵਪਾਰ ਮੰਤਰੀਆਂ ਦੇ ਦਰਮਿਆਨ ਡੂੰਘੀਆਂ ਵਾਰਤਾਵਾਂ ਜਾਰੀ ਹਨ, ਜਿਵੇਂ ਉਹ ਕਿਸੇ ਜੰਗ ਦੀ ਤਿਆਰੀ ਕਰ ਰਹੇ ਹੋਣ। ਸਾਡੇ ਅੰਡੇਮਾਨ-ਨਿਕੋਬਾਰ ਟਾਪੂ ਦੇ ਨੇੜੇ-ਤੇੜੇ ਅਮਰੀਕੀ ਸਮੁੰਦਰੀ ਫੌਜੀ ਜਹਾਜ਼ ‘ਨਿਮਿਟਜ਼’ ਦੇ ਨਾਲ ਭਾਰਤੀ ਜਹਾਜ਼ ਫੌਜੀ ਅਭਿਆਸ ਵੀ ਕਰ ਰਹੇ ਹਨ। ਅਮਰੀਕਾ ਚਾਹੁੰਦਾ ਹੈ ਕਿ ਜੇ ਉਸ ਨੂੰ ਚੀਨ ਦੇ ਵਿਰੁੱਧ ਇਕ ਵਿਸ਼ਵ-ਮੋਰਚਾ ਖੋਲ੍ਹਣਾ ਪਵੇ ਤਾਂ ਏਸ਼ੀਆ ’ਚ ਭਾਰਤ ਉਸ ਦਾ ਸਿਪਾਹਸਾਲਾਰ ਬਣੇ। ਭਾਰਤ ਨੂੰ ਅਮਰੀਕਾ ਦਾ ਇਹ ਅਪ੍ਰਤੱਖ ਲਾਰਾ ਵੀ ਖੂਬ ਰਾਸ ਆ ਰਿਹਾ ਹੈ ਕਿਉਂਕਿ ਭਾਰਤ ਦੇ ਲੱਗਭਗ ਸਾਰੇ ਗੁਆਂਢੀਆਂ ’ਤੇ ਚੀਨ ਨੇ ਡੋਰੇ ਪਾਏ ਹੋਏ ਹਨ ਪਰ ਭਾਰਤ ਵਿਦੇਸ਼-ਨੀਤੀ ਨਿਰਮਾਤਾ ਇਹ ਭਿਆਨਕ ਭੁੱਲ ਕਦੀ ਨਾ ਕਰਨ ਕਿ ਉਹ ਅਮਰੀਕਾ ਦੇ ਮੋਹਰੇ ਬਣ ਜਾਣ। ਇਸ ਅਮਰੀਕੀ ਮਜਬੂਰੀ ਦਾ ਫਾਇਦਾ ਜ਼ਰੂਰ ਉਠਾਉਣ ਪਰ ਇਹ ਜਾਣਦੇ ਹੋਏ ਕਿ ਜਿਉਂ ਹੀ ਅਮਰੀਕੀ ਸਵਾਰਥ ਪੂਰੇ ਹੋਏ ਤਾਂ ਉਹ ਭਾਰਤ ਨੂੰ ਭੁੱਲ ਜਾਵੇਗਾ ਅਤੇ ਫਿਰ ਟਰੰਪ ਦਾ ਕੁਝ ਪਤਾ ਨਹੀਂ ਕਿ ਉਹ ਅਮਰੀਕਾ ਦੇ ਦੁਬਾਰਾ ਰਾਸ਼ਟਰਪਤੀ ਬਣਨਗੇ ਕਿ ਨਹੀਂ?
ਕੋਵਿਡ-19 ਨਾਲ ਜੰਗ ’ਚ ਛੋਟੀ ਘਰੇਲੂ ਬੱਚਤ ਬਣੀ ਵੱਡਾ ਸਹਾਰਾ
NEXT STORY