ਰੂਸੀ ਫੌਜ ’ਚ ਹੈਲਪਰ ਦਾ ਕੰਮ ਕਰਨ ਵਾਲੇ ਸੂਰਤ ਅਤੇ ਹੈਦਰਾਬਾਦ ਦੇ ਰਹਿਣ ਵਾਲੇ 2 ਨੌਜਵਾਨਾਂ ਦੇ ਮਾਰੇ ਜਾਣ ਦੇ ਬਾਅਦ ਵੱਡੀ ਗਿਣਤੀ ’ਚ ਭਾਰਤੀ ਨੌਜਵਾਨਾਂ ਨੂੰ ਰੂਸ-ਯੂਕ੍ਰੇਨ ਜੰਗ ’ਚ ਰੂਸ ਦੀ ਫੌਜ ਲਈ ਲੜਨ ਲਈ ਰੂਸ ਭੇਜਣ ਵਾਲੇ ਮਨੁੱਖੀ ਸਮੱਗਲਿੰਗ ਰੈਕੇਟ ਦਾ ‘ਸੀ.ਬੀ.ਆਈ.’ ਨੇ ਪਰਦਾਫਾਸ਼ ਕੀਤਾ ਹੈ।
ਇਹ ਉਨ੍ਹਾਂ ਦੋ ਦਰਜਨ ਭਾਰਤੀਆਂ ’ਚ ਸ਼ਾਮਲ ਸਨ ਜੋ ਚੰਗੀ ਤਨਖਾਹ ਵਾਲੀ ਨੌਕਰੀ ਦੇ ਲਾਲਚ ਵਿਚ ਰੂਸੀ ਫੌਜ ਵੱਲੋਂ ਜੰਗ ’ਚ ਲੜਨ ਲਈ ਰੂਸ ਭੇਜੇ ਗਏ। ‘ਏ.ਆਈ.ਐੱਮ.ਆਈ.ਐੱਮ.’ ਦੇ ਸੰਸਦ ਮੈਂਬਰ ਅਸਦੁਦੀਨ ਓਵੈਸੀ ਨੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੂੰ ਪੱਤਰ ਲਿਖ ਕੇ ਦੱਸਿਆ ਸੀ ਕਿ ਤੇਲੰਗਾਨਾ, ਗੁਜਰਾਤ, ਕਰਨਾਟਕ ਅਤੇ ਯੂ.ਪੀ. ਵਰਗੇ ਸੂਬਿਆਂ ਦੇ ਲੋਕਾਂ ਨੂੰ ਜਬਰੀ ਰੂਸ ’ਚ ਲੜਨ ਲਈ ਭੇਜਿਆ ਗਿਆ ਹੈ।
ਇਸ ਸਬੰਧ ਵਿਚ ਸੀ.ਬੀ.ਆਈ. ਨੇ ਐੱਫ.ਆਈ.ਆਰ. ਦਰਜ ਕਰਨ ਦੇ ਬਾਅਦ 7 ਮਾਰਚ ਨੂੰ ਦਿੱਲੀ, ਤਿਰੂਵਨੰਤਪੁਰਮ, ਮੁੰਬਈ, ਅੰਬਾਲਾ, ਚੰਡੀਗੜ੍ਹ, ਮਦੁਰਾਈ ਅਤੇ ਚੇਨਈ ਸਮੇਤ 13 ਥਾਵਾਂ ’ਤੇ ਤਲਾਸ਼ੀ ਦੌਰਾਨ 15 ਲੱਖ ਤੋਂ ਵੱਧ ਨਕਦੀ, ਇਤਰਾਜ਼ਯੋਗ ਦਸਤਾਵੇਜ਼, ਲੈਪਟਾਪ, ਮੋਬਾਈਲ, ਡੈਕਸਟਾਪ ਅਤੇ ਸੀ.ਸੀ.ਟੀ.ਵੀ. ਫੁਟੇਜ ਜ਼ਬਤ ਕੀਤੇ ਹਨ।
ਅਧਿਕਾਰੀਆਂ ਦੇ ਅਨੁਸਾਰ ਸੰਗਠਿਤ ਢੰਗ ਨਾਲ ਕੰਮ ਕਰਨ ਵਾਲੇ ਏਜੰਟਾਂ ਦਾ ਨੈੱਟਵਰਕ ਕਈ ਸੂਬਿਆਂ ’ਚ ਫੈਲਿਆ ਹੋਇਆ ਹੈ ਅਤੇ ਕਈ ਮੁਲਜ਼ਮਾਂ ਨੂੰ ਹਿਰਾਸਤ ’ਚ ਲੈ ਕੇ ਪੁੱਛਗਿੱਛ ਕੀਤੀ ਗਈ ਹੈ ਜਿਨ੍ਹਾਂ ਦੇ ਕਈ ਵੀਜ਼ਾ ਅਤੇ ਕੰਸਲਟੈਂਸੀ ਫਰਮਾਂ ਨਾਲ ਸਬੰਧ ਸਨ। ਸੀ.ਬੀ.ਆਈ. ਵੱਲੋਂ ਦਰਜ ਕੀਤੀ ਗਈ ਐੱਫ.ਆਈ.ਆਰ. ’ਚ ਫਰਮਾਂ ਅਤੇ ਇਨ੍ਹਾਂ ਦੇ ਨਿਵੇਸ਼ਕਾਂ ਦੇ ਇਲਾਵਾ ਏਜੰਟਾਂ ਸਮੇਤ 19 ਸ਼ੱਕੀਆਂ ਦੀ ਸੂਚੀ ਹੈ। ਸੀ.ਬੀ.ਆਈ. ਨੇ ਦਿੱਲੀ ਸਥਿਤ ਇਕ ਵੀਜ਼ਾ ਕੰਸਲਟੈਂਸੀ ਫਰਮ ਦੇ ਵਿਰੁੱਧ ਵੀ ਮਾਮਲਾ ਦਰਜ ਕੀਤਾ ਹੈ, ਜਿਸ ’ਤੇ ਪਿਛਲੇ ਕੁਝ ਮਹੀਨਿਆਂ ’ਚ ਲਗਭਗ 180 ਨੌਜਵਾਨਾਂ ਨੂੰ ਰੂਸ ਭੇਜਣ ਦਾ ਦੋਸ਼ ਹੈ।
ਸੀ.ਬੀ.ਆਈ. ਘੱਟੋ-ਘੱਟ 2 ਅਜਿਹੇ ਏਜੰਟਾਂ ਦੀ ਭੂਮਿਕਾ ਦੀ ਵੀ ਜਾਂਚ ਕਰ ਰਹੀ ਹੈ ਜਿਨ੍ਹਾਂ ਨੇ ਰੂਸ ਪਹੁੰਚਣ ਵਾਲੇ ਭਾਰਤੀਆਂ ਦੇ ਪਾਸਪੋਰਟ ਜ਼ਬਤ ਕਰ ਲਏ ਅਤੇ ਉਨ੍ਹਾਂ ਨੂੰ ਜੰਗ ਦੀ ਸਿਖਲਾਈ ਦੇ ਬਾਅਦ ਹਥਿਆਰਬੰਦ ਬਲਾਂ ਨਾਲ ਲੜਨ ਲਈ ਭੇਜ ਦਿੱਤਾ। ਪੰਜਾਬ ਦੇ ਹੁਸ਼ਿਆਰਪੁਰ ਅਤੇ ਗੁਰਦਾਸਪੁਰ ਤੋਂ ਘੁੰਮਣ ਗਏ ਨੌਜਵਾਨ ਵੀ ਇਨ੍ਹਾਂ ਵਿਚ ਸ਼ਾਮਲ ਹਨ। ਬੇਲਾਰੂਸ ’ਚ ਇਕ ਨੌਜਵਾਨ ਨੂੰ 10 ਸਾਲ ਦੀ ਸਜ਼ਾ ਜਾਂ ਫੌਜ ਵਿਚ ਸ਼ਾਮਲ ਹੋਣ ਦਾ ਆਪਸ਼ਨ ਦਿੱਤਾ ਗਿਆ।
ਕੁਝ ਦਿਨ ਪਹਿਲਾਂ ਅਜਿਹੇ ਕੁਝ ਨੌਜਵਾਨਾਂ ਵੱਲੋਂ ਇਕ ਵੀਡੀਓ ਸੋਸ਼ਲ ਮੀਡੀਆ ’ਤੇ ਪਾ ਕੇ ਆਪਣੀ ਹੱਡਬੀਤੀ ਦੱਸਣ ਅਤੇ ਸਹਾਇਤਾ ਦੀ ਅਪੀਲ ਕਰਨ ਦੇ ਬਾਅਦ ਵਿਦੇਸ਼ ਮੰਤਰਾਲਾ ਹਰਕਤ ਵਿਚ ਆਇਆ ਹੈ। ਸੀ.ਬੀ.ਆਈ. ਦੀ ਜਾਂਚ ਵਿਚ ਦੁਬਈ ’ਚ ਰਹਿ ਕੇ ਯੂਟਿਊਬ ਚੈਨਲ ਚਲਾਉਣ ਵਾਲੇ ਇਕ ਵਿਅਕਤੀ ਦੀ ਸ਼ਮੂਲੀਅਤ ਦਾ ਵੀ ਪਤਾ ਲੱਗਾ ਹੈ। ਹੁਣ ਸੀ.ਬੀ.ਆਈ. ਇਨ੍ਹਾਂ ਨੌਜਵਾਨਾਂ ’ਚੋਂ ਹਰੇਕ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਇਨ੍ਹਾਂ ’ਚੋਂ ਕਿੰਨਿਆਂ ਨੂੰ ਜੰਗ ਵਾਲੇ ਇਲਾਕੇ ’ਚ ਭੇਜਿਆ ਗਿਆ ਸੀ। ਅਧਿਕਾਰੀਆਂ ਅਨੁਸਾਰ ਏਜੰਟਾਂ ਦਾ ਇਹ ਨੈੱਟਵਰਕ ਭਾਰਤ ਅਤੇ ਰੂਸ ਦੋਵਾਂ ਥਾਵਾਂ ਤੋਂ ਸੰਚਾਲਿਤ ਹੁੰਦਾ ਹੈ।
ਸੀ.ਬੀ.ਆਈ. ਨੇ ਦੋਸ਼ ਲਗਾਇਆ ਹੈ ਕਿ ਦੋਸ਼ੀ ਵਿਅਕਤੀ ਆਪਣੇ ਏਜੰਟਾਂ ਰਾਹੀਂ ਰੂਸੀ ਫੌਜ, ਸੁਰੱਖਿਆ ਗਾਰਡਾਂ, ਸਹਾਇਕਾਂ, ਬਿਹਤਰ ਜ਼ਿੰਦਗੀ ਅਤੇ ਸਿੱਖਿਆ ਨਾਲ ਨੌਕਰੀ ਹਾਸਲ ਕਰਨ ਦੇ ਬਹਾਨੇ ਭਾਰਤੀ ਨਾਗਰਿਕਾਂ ਦੀ ਰੂਸ ਵਿਚ ਸਮੱਗਲਿੰਗ ਕਰਦੇ ਸਨ ਅਤੇ ਇਨ੍ਹਾਂ ਲੋਕਾਂ ਤੋਂ ਨਾਜਾਇਜ਼ ਢੰਗ ਨਾਲ ਭਾਰੀ ਰਕਮ ਵੀ ਵਸੂਲਦੇ ਸਨ। ਇਨ੍ਹਾਂ ਏਜੰਟਾਂ ਨੇ ਵਿਦਿਆਰਥੀਆਂ ਨੂੰ ਵੀ ਰੂਸ ਦੀ ਨਿੱਜੀ ਯੂਨੀਵਰਸਿਟੀ ’ਚ ਦਾਖਲਾ ਦਿਵਾਉਣ ਦੇ ਬਹਾਨੇ ਧੋਖਾ ਦੇ ਕੇ ਰੂਸ ਭੇਜਣ ਦੇ ਬਾਅਦ ਉਥੋਂ ਦੇ ਏਜੰਟਾਂ ਦੇ ਸਹਾਰੇ ਛੱਡ ਦਿੱਤਾ। ਇਕ ਵਾਰ ਜਦੋਂ ਇਹ ਲੋਕ ਰੂਸ ਪਹੁੰਚ ਗਏ ਤਾਂ ਉਨ੍ਹਾਂ ਦੇ ਪਾਸਪੋਰਟ ਜ਼ਬਤ ਕਰ ਲਏ ਗਏ ਅਤੇ ਉਨ੍ਹਾਂ ਨੂੰ ਹਥਿਆਰਬੰਦ ਬਲਾਂ ’ਚ ਸ਼ਾਮਲ ਹੋਣ ਲਈ ਮਜਬੂਰ ਕੀਤਾ ਗਿਆ। ਇਨ੍ਹਾਂ ਨੂੰ ਲੜਾਕੂ ਭੂਮਿਕਾਵਾਂ ’ਚ ਟ੍ਰੇਂਡ ਕੀਤਾ ਗਿਆ ਅਤੇ ਰੂਸੀ ਫੌਜ ਦੀ ਵਰਦੀ ਅਤੇ ਬੈਜ ਦਿੱਤੇ ਗਏ। ਪਹਿਲਾਂ ਤੇਲੰਗਾਨਾ ਤੋਂ 2-3 ਵਿਅਕਤੀਆਂ ਅਤੇ ਫਿਰ ਹਰਿਆਣਾ, ਉੱਤਰ ਪ੍ਰਦੇਸ਼ ਅਤੇ ਪੰਜਾਬ ਦੇ ਬਾਅਦ ਹੁਣ ਦਿੱਲੀ ਤੋਂ ਰੂਸ ’ਚ ਫਸੇ ਹੋਏ ਭਾਰਤੀਆਂ ਬਾਰੇ ਸੂਚਨਾ ਮਿਲ ਰਹੀ ਹੈ।
ਹਾਲਾਂਕਿ ਇਸ ਸਾਲ ਜਨਵਰੀ ਦੇ ਬਾਅਦ ਤੋਂ ਦੇਸ਼ ਦੀ ਬੇਰੋਜ਼ਗਾਰੀ ਦੀ ਦਰ ’ਚ 1.9 ਫੀਸਦੀ ਦੀ ਕਮੀ ਆ ਕੇ ਇਹ 6.8 ਫੀਸਦੀ ਹੋ ਗਈ ਹੈ ਜੋ ਬੀਤੇ ਸਾਲ ਦਸੰਬਰ ਵਿਚ 8.7 ਫੀਸਦੀ ਸੀ। ਨੌਕਰੀ ਦੇ ਝਾਂਸੇ ਵਿਚ ਆ ਕੇ ਭਾਰਤ ਤੋਂ ਨੌਜਵਾਨਾਂ ਦੇ ਵਿਦੇਸ਼ ਭੱਜਣ ਦਾ ਇਕ ਕਾਰਨ ਬੇਰੋਜ਼ਗਾਰੀ ਵੀ ਹੈ। ਅਜਿਹੇ ’ਚ ਸਵਾਲ ਪੈਦਾ ਹੁੰਦਾ ਹੈ ਕਿ ਸਮੁੱਚਾ ਭਾਰਤ, ਭਾਵੇਂ ਉਹ ਦੱਖਣ ਹੋਵੇ ਜਿੱਥੇ ਸਾਖਰਤਾ ਦਰ ਵੱਧ ਹੈ ਜਾਂ ਉੱਤਰ ਵਿਚ, ਜਿਥੇ ਇਹ ਘੱਟ ਹੈ, ਵਿਦੇਸ਼ਾਂ ਵਿਚ ਨੌਕਰੀਆਂ ਲਈ ਸਾਡੇ ਨੌਜਵਾਨ ਇਕ ਹੀ ਤਰ੍ਹਾਂ ਦੀ ਪ੍ਰਤੀਕਿਰਿਆ ਕਿਉਂ ਦੇ ਰਹੇ ਹਨ?
ਇਹ ਗੱਲ ਵੀ ਧਿਆਨ ਦੇਣ ਯੋਗ ਹੈ ਕਿ ਸਿਰਫ ਸਿੱਖਿਆ ਨਾਲ ਹੀ ਬੇਰੋਜ਼ਗਾਰੀ ਵਿਚ ਕਮੀ ਨਹੀਂ ਲਿਆਂਦੀ ਜਾ ਸਕਦੀ, ਹੁਨਰ ਦਾ ਹੋਣਾ ਵੀ ਜ਼ਰੂਰੀ ਹੈ। ਭਾਰਤ ’ਚ ਨੌਜਵਾਨਾਂ ਨੂੰ ਹੁਨਰ ਸਬੰਧੀ ਸਿਖਲਾਈ ਦੇ ਕੇ ਬੇਰੋਜ਼ਗਾਰੀ ਦਰ ਘਟਾਉਣ ਦਾ ਵੀ ਸਮਾਂ ਨਹੀਂ ਆ ਗਿਆ ਹੈ। ਕਿਉਂਕਿ ਲੰਬੇ ਸਮੇਂ ਤੋਂ ਭਾਰਤ ਦੇ ਰੂਸ ਨਾਲ ਮਿੱਤਰਤਾਪੂਰਨ ਸਬੰਧ ਚੱਲੇ ਆ ਰਹੇ ਹਨ ਜਿਸ ਦਾ ਭਾਰਤ ਨੇ ਯੂਕ੍ਰੇਨ ਸੰਕਟ ’ਚ ਸਮਰਥਨ ਵੀ ਕੀਤਾ ਸੀ, ਅਜਿਹੇ ’ਚ ਕੀ ਇਹ ਸਮੇਂ ਦੀ ਮੰਗ ਨਹੀਂ ਹੈ ਕਿ ਰੂਸ ਦੇ ਨਾਲ ਇਹ ਮੁੱਦਾ ਪੂਰੀ ਗੰਭੀਰਤਾ ਨਾਲ ਚੁੱਕ ਕੇ ਇਸ ਦਾ ਜਲਦੀ ਤੋਂ ਜਲਦੀ ਹੱਲ ਲੱਭ ਲਿਆ ਜਾਵੇ?
-ਵਿਜੇ ਕੁਮਾਰ
ਭਾਰਤ ਇਕ ਏਸ਼ੀਆਈ ਕੇਂਦਰ ਦੇ ਰੂਪ ’ਚ ਉਭਰੇ
NEXT STORY