ਪੂੰਜੀਵਾਦੀ ਪ੍ਰਬੰਧ ਅਧੀਨ, ਸੰਸਾਰ ਦੀ ਮੌਜੂਦਾ ਦੁਰਦਸ਼ਾ ਦੇਖ ਕੇ ਸਰਮਾਏਦਾਰੀ ਦੇ ਅੰਧਭਗਤ ਜੇ ਹਾਲੇ ਵੀ ਇਸ ਲੋਟੂ ਢਾਂਚੇ ਦਾ ਗੁਣਗਾਨ ਕਰੀ ਜਾਣ, ਤਾਂ ਉਨ੍ਹਾਂ ਦੀ ਸੰਵੇਦਨਹੀਣਤਾ ਤੇ ਬੇਅਕਲੀ ’ਤੇ ਤਰਸ ਹੀ ਕੀਤਾ ਜਾ ਸਕਦਾ ਹੈ। ਇਸ ਢਾਂਚੇ ਦੀ ਮੁੱਖ ਵਿਸ਼ੇਸ਼ਤਾ ਅਮੀਰੀ-ਗਰੀਬੀ ਦੇ ਪਾੜੇ ਦਾ ਬੇਤਹਾਸ਼ਾ ਵਧਣਾ ਤੇ ਪੂੰਜੀ ਦਾ ਚੰਦ ਕੁ ਹੱਥਾਂ ’ਚ ਕੇਂਦਰਿਤ ਹੁੰਦੇ ਜਾਣਾ ਹੈ। ਇਸ ਅਮਾਨਵੀ ਢਾਂਚੇ ਦੇ ਪੈਰੋਕਾਰ ਤੇ ਪ੍ਰਚਾਰਕ ਮਨੁੱਖ ਹੱਥੋਂ ਮਨੁੱਖ ਦੀ ਲੁੱਟ ਨੂੰ ਹੱਕੀ ਠਹਿਰਾਉਂਦੇ ਹਨ। ਇਹ ਗੁਰਬਤ ਮਾਰੇ ਲੋਕਾਂ ਨੂੰ ਆਪਣੇ ‘ਪਿਛਲੇ ਜਨਮਾਂ ਦੇ ਮਾੜੇ ਕਰਮਾਂ ਦਾ ਫਲ’ ਚੁੱਪਚਾਪ ਭੁਗਤਦੇ ਹੋਏ ‘ਸਬਰ ਕਰਨ’ ਦੀ ਸਲਾਹ ਦਿੰਦੇ ਹਨ ਅਤੇ ਸੁੱਖ-ਸਮਰਿੱਧੀ ਤੇ ਆਨੰਦ ਦੀ ਪ੍ਰਾਪਤੀ ਲਈ ਅਗਲੇ ਜਨਮ ਤੱਕ ਉਡੀਕ ਕਰਨ ਦੇ ‘ਉਪਦੇਸ਼ ਝਾੜਦੇ’ ਹਨ।
ਸੰਸਾਰ ਭਰ ’ਚ ਜਾਰੀ ਜੰਗਾਂ ਸਾਮਰਾਜੀਆਂ, ਉਨ੍ਹਾਂ ਵਲੋਂ ਸੰਚਾਲਿਤ ਬਹੁਕੌਮੀ ਕਾਰਪੋਰੇਸ਼ਨਾਂ ਤੇ ਹਥਿਆਰ ਲਾਬੀ ਨੇ ਸਿਰਫ ਤੇ ਸਿਰਫ ਆਪਣੇ ਮੁਨਾਫ਼ੇ ਬੇਤਹਾਸ਼ਾ ਵਧਾਉਣ, ਦੂਜੇ ਦੇਸ਼ਾਂ ’ਤੇ ਗਲਬਾ ਕਾਇਮ ਕਰਨ ਤੇ ਇਨ੍ਹਾਂ ਦੇਸ਼ਾਂ ਦੇ ਕੁਦਰਤੀ ਤੇ ਮਾਨਵੀ ਵਸੀਲੇ ਹਥਿਆਉਣ ਦੀ ਕੋਝੀ ਮੰਸ਼ਾ ਅਧੀਨ ਛੇੜੀਆਂ ਹਨ। ਇਨ੍ਹਾਂ ਜੰਗਾਂ ਦੇ ਦੁਰਪ੍ਰਭਾਵ ਸਦਕਾ, ਸੰਸਾਰ ਦੇ ਕਰੋੜਾਂ ਕਿਰਤੀ ਤੇ ਮੱਧ ਵਰਗੀ ਲੋਕ, ਜੋ ਪਹਿਲਾਂ ਹੀ ਮਹਿੰਗਾਈ, ਬੇਰੁਜ਼ਗਾਰੀ, ਸਮਾਜਿਕ ਸਹੂਲਤਾਂ ’ਚ ਭਾਰੀ ਕਟੌਤੀ, ਕੰਮ ਦਿਹਾੜੀ ਦੇ ਵਾਧੇ ਅਤੇ ਪੱਕੀ ਨੌਕਰੀ ਦੀ ਥਾਂ ਠੇਕੇਦਾਰੀ ਪ੍ਰਬੰਧ ਅਧੀਨ ਮਾਮੂਲੀ ਉਜਰਤਾਂ ਤਹਿਤ ਕੰਮ ਕਰਨ ਵਰਗੀਆਂ ਅਲਾਮਤਾਂ ਦੀ ਮਾਰ ਝੱਲ ਰਹੇ ਹਨ, ਹੁਣ ਹੋਰ ਵੀ ਨਵੀਆਂ, ਘਾਤਕ ਮੁਸੀਬਤਾਂ ਦੇ ਮੂੰਹ ਜਾ ਪਏ ਹਨ। ਦੂਜੇ ਬੰਨ੍ਹੇ ਮਾਰੂ ਹਥਿਆਰ ਤੇ ਗੋਲਾ-ਬਾਰੂਦ ਬਣਾਉਣ ਵਾਲੇ ਮੌਤ ਦੇ ਸੁਦਾਗਰਾਂ ਦੇ ਵਾਰੇ-ਨਿਆਰੇ ਹੋ ਰਹੇ ਹਨ।
ਭਾਰਤ, ਕਿਉਂਕਿ ਵਿਸ਼ਵ ਪੂੰਜੀਵਾਦੀ ਦਾ ਇਕ ਅਟੁੱਟ ਹਿੱਸਾ ਹੈ, ਇਸੇ ਲਈ ਇੱਥੋਂ ਦੇ ਲੋਕ ਵੀ ਉਨ੍ਹਾਂ ਸਭ ਮੁਸੀਬਤਾਂ ਦੇ ਰੂਬਰੂ ਹਨ, ਜੋ ਦੁਨੀਆ ਦੀ ਬਾਕੀ ਜਨਤਾ, ਖਾਸ ਕਰਕੇ ਕਿਰਤੀ ਵਸੋਂ ਨੂੰ ਦਰਪੇਸ਼ ਹਨ। ਨਵੇਂ ਹਾਕਮਾਂ ਨੇ ਦੇਸ਼ ਵਾਸੀਆਂ ਨਾਲ ਇਕ ਹੋਰ ਵੱਡਾ ਧ੍ਰੋਹ ਵੀ ਕਮਾਇਆ ਹੈ। ਉਨ੍ਹਾਂ ਸੁਤੰਤਰਤਾ ਸੰਗਰਾਮ ਦੌਰਾਨ ਸਾਮਰਾਜ ਦੀ ਦਲਾਲੀ ਕਰਦੇ ਰਹੇ ਰਾਜੇ-ਰਜਵਾੜਿਆਂ ਨੂੰ ਸੱਤਾ ’ਚ ਭਾਈਵਾਲ ਬਣਾ ਲਿਆ ਹੈ। ਨਤੀਜਾ; ਲੋਕਾਂ ਦੀ ਤਰੱਕੀ ਤੇ ਖੁਸ਼ਹਾਲੀ ਦੇ ਰਾਹ ਦਾ ਵੱਡਾ ਰੋੜਾ, ਦੇਸ਼ ਦਾ ਜਗੀਰੂ ਢਾਂਚਾ ਕੁਝ ਛੋਟੇ-ਮੋਟੇ ਬਦਲਾਵਾਂ ਨਾਲ ਜਿਉਂ ਦਾ ਤਿਉਂ ਅੱਜ ਵੀ ਕਾਇਮ ਹੈ।
ਵਿਦੇਸ਼ੀ ਵਪਾਰ ਸਮਝੌਤਿਆਂ ’ਚ ਸਾਮਰਾਜੀਆਂ ਦੀਆਂ ਅਯੋਗ ਸ਼ਰਤਾਂ ਮੰਨ ਕੇ ਭਾਰਤੀ ਹਿੱਤਾਂ, ਖਾਸ ਕਰਕੇ ਖੇਤੀ ਅਤੇ ਛੋਟੇ ਤੇ ਦਰਮਿਆਨੇ ਉਦਯੋਗ-ਕਾਰੋਬਾਰ ਤੇ ਪ੍ਰਚੂਨ ਵਪਾਰ ਦੀ ਘੋਰ ਅਣਦੇਖੀ ਕੀਤੇ ਜਾਣ ਦੇ ਰੂਪ ’ਚ ਅਸੀਂ ਮੋਦੀ ਦੀ ਇਸੇ ਲੋਕ ਵਿਰੋਧੀ ਨੀਤੀ ਦਾ ਭਾਰੀ ਖਮਿਆਜ਼ਾ ਭੁਗਤ ਰਹੇ ਹਾਂ। ਇਸ ਨੀਤੀ-ਪਹੁੰਚ ਦੇ ਮਾਰੂ ਪ੍ਰਭਾਵ; ਰਾਕੇਟ ਦੀ ਤੇਜ਼ੀ ਨਾਲ ਆਏ ਦਿਨ ਵਧਦੇ ਜਾ ਰਹੇ ਵਿਦੇਸ਼ੀ ਕਰਜ਼ੇ, ਦਿਨੋ-ਦਿਨ ਅਸਹਿ ਹੁੰਦੇ ਜਾ ਰਹੇ ਦੁਵੱਲੇ ਵਪਾਰ ਦੇ ਘਾਟੇ, ਡਾਲਰ ਦੇ ਮੁਕਾਬਲੇ ਭਾਰਤੀ ਸਿੱਕੇ ਦੀ ਖਤਰਨਾਕ ਕਦਰ ਘਟਾਈ ਆਦਿ ’ਚ ਵੀ ਸਾਫ ਅਨੁਭਵ ਕੀਤੇ ਜਾ ਸਕਦੇ ਹਨ।
ਮੋਦੀ ਸਰਕਾਰ ਅਕਸਰ ਇਹ ਦਾਅਵਾ ਕਰਦੀ ਹੈ ਕਿ ਦੇਸ਼ ਦੀ 90 ਕਰੋੜ ਵਸੋਂ ਨੂੰ ਹਰ ਮਹੀਨੇ ਆਟਾ-ਦਾਲ, ਕਣਕ-ਚੌਲ ਆਦਿ ਮੁਫ਼ਤ ਦਿੱਤੇ ਜਾਂਦੇ ਹਨ। ਭਾਵ 90 ਕਰੋੜ ਲੋਕ, ਇਸੇ ਸਰਕਾਰੀ ਸਕੀਮ ਦੇ ਆਸਰੇ ਆਪਣੀ ਦੋ ਡੰਗ ਦੀ ਰੋਟੀ ਦਾ ਜੁਗਾੜ ਕਰਦੇ ਹਨ। 145 ਕਰੋੜ ਵਸੋਂ ਵਾਲੇ ਭਾਰਤ ਮਹਾਨ ’ਚ ਲੋਕਾਂ ਦੀ ਇੰਨੀ ਵੱਡੀ ਤਾਦਾਦ, ਜੇਕਰ ਜਿਊਂਦੇ ਰਹਿਣ ਲਈ ਸਰਕਾਰ ਵੱਲੋਂ ਮੁਫਤ ਦਿੱਤੇ ਜਾਂਦੇ ਨਿਗੂਣੇ ਜਿਹੇ ਰਾਸ਼ਨ ’ਤੇ ਨਿਰਭਰ ਹੈ, ਤਾਂ ਦੇਸ਼ ਵਾਸੀਆਂ ਦੇ ਤਰਸਯੋਗ ਜੀਵਨ ਪੱਧਰ ਦਾ ਅੰਦਾਜ਼ਾ ਵੀ ਬਾਖੂਬੀ ਲਾਇਆ ਜਾ ਸਕਦਾ ਹੈ।
ਦੇਸ਼ ਅੰਦਰ ਕਾਨੂੰਨ-ਪ੍ਰਬੰਧ ਦੀ ਸਥਿਤੀ ਵੀ ਕਾਫ਼ੀ ਚਿੰਤਾਜਨਕ ਬਣੀ ਹੋਈ ਹੈ। ਅੰਦਰੂਨੀ ਤੇ ਵਿਦੇਸ਼ੀ ਹਿੰਸਕ ਟੋਲੇ ਤੇ ਅਰਾਜਕਤਾਵਾਦੀ ਤੱਤ ਹਰ ਦਿਨ ਬੰਬ ਧਮਾਕੇ ਕਰ ਰਹੇ ਹਨ। ਧਮਕੀਆਂ, ਅਗਵਾ ਤੇ ਫਿਰੌਤੀ ਵਸੂਲਣ ਦਾ ਦੌਰ ਗਰਮ ਹੈ। ਮਾਮੂਲੀ ਝਗੜਿਆਂ ’ਚ ਕਤਲ ਕਰ ਦੇਣਾ ਜਾਂ ਇਕ-ਦੂਜੇ ਨੂੰ ਗਾਜਰ-ਮੂਲੀ ਵਾਂਗ ਵੱਢ ਸੁੱਟਣਾ ਆਮ ਗੱਲ ਬਣ ਗਈ ਹੈ।
ਦੇਸ਼ ਦੇ ਚੋਣ ਕਮਿਸ਼ਨ ਤੇ ਨਿਆਂ ਪ੍ਰਣਾਲੀ ਸਮੇਤ ਸਾਰੇ ਖੁਦਮੁਖਤਾਰ ਸੰਵਿਧਾਨਕ ਅਦਾਰੇ, ਏਜੰਸੀਆਂ, ਵਿਭਾਗ ਅਤੇ ਮੀਡੀਆ ਦਾ ਮੁਕੰਮਲ ਸਰਕਾਰੀਕਰਨ ਕਰ ਦਿੱਤਾ ਗਿਆ ਹੈ। ਇਹ ਹੁਣ ਭਾਰਤ ਦੇ ਸੰਵਿਧਾਨ ਦੀ ਸੇਧ ’ਚ ਕੰਮ ਨਹੀਂ ਕਰਦੇ, ਬਲਕਿ ਹਾਕਮ ਧਿਰ ਦਾ ਹੁਕਮ ਵਜਾਉਂਦੇ ਹਨ। ਮੋਦੀ ਸਰਕਾਰ ਨੇ ਲੋਕਰਾਜ ਦੇ ਸਭ ਤੋਂ ਅਹਿਮ ਥੰਮ੍ਹ, ਅਸਹਿਮਤੀ ਦੇ ਅਧਿਕਾਰ ਤੇ ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ ਦੀ ਸੰਘੀ ਘੁੱਟ ਦਿੱਤੀ ਹੈ।
ਦੇਸ਼ ’ਚ, ਜਿਸ ਰਫਤਾਰ ਨਾਲ ਬਹੁਕੌਮੀ ਵਿਦੇਸ਼ੀ ਕੰਪਨੀਆਂ ਦੀ ਮਾਲਕੀ ਵਾਲੇ ਵੱਡੇ-ਵੱਡੇ ਹੱਟ ਖੁੱਲ੍ਹ ਰਹੇ ਹਨ, ਉਸੇ ਮਿਕਦਾਰ ’ਚ ਇਨ੍ਹਾਂ ਦੇ ਪਿਛਵਾੜੇ ਖੁੱਲ੍ਹੇ ਛੋਟੇ-ਮੋਟੇ ਕਾਰੋਬਾਰਾਂ, ਦੁਕਾਨਾਂ ਤੇ ਰੇਹੜੀ-ਫੜ੍ਹੀ ਲਾ ਕੇ ਗੁਜ਼ਾਰਾ ਕਰਨ ਵਾਲਿਆਂ ਦਾ ਘੋਰੜੂ ਵੱਜੀ ਜਾ ਰਿਹਾ ਹੈ। ਅਤੀਤ ਦੇ ਭਾਰੀ ਭੀੜ-ਭੜੱਕੇ ਵਾਲੇ ਅਨੇਕਾਂ ਬਾਜ਼ਾਰਾਂ ’ਚ ਅੱਜ 30 ਤੋਂ 40 ਫੀਸਦੀ ਦੁਕਾਨਾਂ ਨੂੰ ਜਿੰਦਰੇ ਵੱਜੇ ਹੋਏ ਮਿਲ ਜਾਣਗੇ। ਬਾਕੀ ਜ਼ਿਆਦਾਤਰ ਦੁਕਾਨਾਂ ਵੀ ਡਾਢੇ ਮੰਦੇ ਦਾ ਸ਼ਿਕਾਰ ਹਨ। ਮੌਜੂਦਾ ਕੇਂਦਰ ਸਰਕਾਰ ਲੋਕਾਂ ਦੀ ਚੀਕ-ਪੁਕਾਰ ਸੁਣ ਕੇ ਉਨ੍ਹਾਂ ਦੀਆਂ ਮੁਸੀਬਤਾਂ ਦਾ ਹੱਲ ਲੱਭਣ ਦੇ ਵਸੀਲੇ ਜੁਟਾਉਣ ਤੋਂ ਪੂਰੀ ਤਰ੍ਹਾਂ ਮੁੱਨਕਰ ਹੋਈ ਬੈਠੀ ਹੈ ਅਤੇ ਲੋਕਾਂ ਦਾ ਧਿਆਨ ਅਸਲ ਮੁੱਦਿਆਂ ਤੋਂ ਭਟਕਾਉਣ ਦੇ ਆਹਰ ਲੱਗੀ ਹੋਈ ਹੈ।
ਭਾਰਤੀ ਲੋਕਾਂ ਲਈ ਇਹ ਬੜੀ ਸੰਜੀਦਗੀ ਨਾਲ ਸੋਚਣ ਦੀ ਘੜੀ ਹੈ। ਕੀ ਸਾਨੂੰ, ਦੇਸ਼ ਨੂੰ ਸਾਮਰਾਜੀ ਲੁੱਟ-ਖਸੁੱਟ ਦੇ ਨਵ-ਬਸਤੀਵਾਦੀ ਤੰਦੂਆ ਜਾਲ ’ਚ ਫਸਾ ਕੇ ਲੋਕਾਂ ਦੀ ਜ਼ਿੰਦਗੀ ਤਬਾਹ ਕਰਨ ਵਾਲੀਆਂ ਫਿਰਕੂ-ਫਾਸ਼ੀ ਤਾਕਤਾਂ ਦਾ ਸਾਥ ਦੇਣਾ ਚਾਹੀਦਾ ਹੈ ਜਾਂ ਫਿਰ ਦੇਸ਼ ਨੂੰ ਵਿਗਿਆਨਕ ਨਜ਼ਰੀਏ ਵਾਲਾ, ਆਰਥਿਕ ਪੱਖੋਂ ਸਵੈ-ਨਿਰਭਰ ਤੇ ਲੋਕ-ਪੱਖੀ ਵਿਕਾਸ ਮਾਡਲ ਬਣਾਉਣ ਦੇ ਆਧੁਨਿਕ ਵਿਚਾਰ ਦੀਆਂ ਹਮਾਇਤੀ ਧਿਰਾਂ ਦੀ ਇਮਦਾਦ ਕਰਨੀ ਚਾਹੀਦੀ ਹੈ? ਸਾਡਾ ਵਿਸ਼ਵਾਸ ਹੈ ਕਿ ਲੋਕ ਦਰੁੱਸਤ ਫੈਸਲਾ ਲੈਣਗੇ, ਕਿਉਂਕਿ ਲੋਕ ਸ਼ਕਤੀ ਹੀ ਸਭ ਤੋਂ ਤਾਕਤਵਰ ਤੇ ਫੈਸਲਾਕੁੰਨ ਹੁੰਦੀ ਹੈ।
ਮੰਗਤ ਰਾਮ ਪਾਸਲਾ
ਸਿਸਟਮ ਅਜਿਹਾ ਹੋਵੇ, ਜੋ ਇਹ ਸਾਬਤ ਕਰੇ ਕਿ ਕੋਈ ਵੀ ਕਾਨੂੰਨ ਤੋਂ ਉੱਪਰ ਨਹੀਂ
NEXT STORY