ਨੈਸ਼ਨਲ ਹੈਲਥ ਮਿਸ਼ਨ (ਐੱਨ. ਐੱਚ. ਐੱਮ.) ਤਹਿਤ ਜੱਚਾ-ਬੱਚਾ ਸਿਹਤ ਸੰਭਾਲ ਪਹਿਲਕਦਮੀਆਂ ਨੂੰ ਮਜ਼ਬੂਤੀ ਨਾਲ ਲਾਗੂ ਕਰ ਕੇ ਪੰਜਾਬ ਬੱਚਿਆਂ ਦੀ ਜਾਨ ਬਚਾਉਣ ਦੇ ਮਾਮਲੇ ਵਿਚ ਮੋਹਰੀ ਸੂਬਿਆਂ ’ਚੋਂ ਇਕ ਬਣ ਕੇ ਉੱਭਰਿਆ ਹੈ। ਐੱਨ. ਐੱਚ. ਐੱਮ. ਦੇ ਸਹਿਯੋਗ ਵਾਲੇ ਇਸ ਸਿਹਤ ਢਾਂਚੇ ਨੂੰ ‘ਮਦਰ ਅਪਰੋਚ’ ਤਹਿਤ ਤਿਆਰ ਕੀਤਾ ਗਿਆ ਹੈ। ਇਸ ਵਿਚ ਐੱਨ. ਐੱਚ. ਐੱਮ. ਦੀਆਂ ਸਾਰੀਆਂ ਪਹਿਲਕਦਮੀਆਂ ਸ਼ਾਮਲ ਕੀਤੀਆਂ ਗਈਆਂ ਹਨ ਤਾਂ ਜੋ ਬਿਹਤਰ ਨਤੀਜਿਆਂ ਲਈ ਮਾਂ ਅਤੇ ਨਵਜੰਮੇ ਬੱਚੇ ਨੂੰ ਹਰ ਪੱਖੋਂ ਸੰਪੂਰਨ ਸੇਵਾਵਾਂ ਮੁਹੱਈਆ ਕਰਵਾਈਆਂ ਜਾ ਸਕਣ। ਨਤੀਜੇ ਵਜੋਂ, ਸੂਬੇ ਨੇ ਪਿਛਲੇ ਦਹਾਕੇ ਦੌਰਾਨ ਨਵਜੰਮੇ ਬੱਚਿਆਂ ਅਤੇ ਬਾਲ ਸਿਹਤ ਸੂਚਕਾਂ ਵਿਚ ਵੱਡਾ ਸੁਧਾਰ ਕੀਤਾ ਹੈ।
ਹਾਲ ਹੀ ’ਚ ਜਾਰੀ ਕੀਤੇ ਗਏ ਸੈਂਪਲ ਰਜਿਸਟ੍ਰੇਸ਼ਨ ਸਿਸਟਮ (ਐੱਸ. ਆਰ. ਐੱਸ.) 2024 ਦੇ ਅੰਕੜਿਆਂ ਮੁਤਾਬਕ ਪੰਜਾਬ ਵਿਚ ਬਾਲ ਮੌਤ ਦਰ (ਆਈ. ਐੱਮ. ਆਰ.) ਪ੍ਰਤੀ 1,000 ਜਿਊਂਦੇ ਬੱਚਿਆਂ ਪਿੱਛੇ 16 ਦਰਜ ਕੀਤੀ ਗਈ ਹੈ, ਜੋ ਕਿ 24 ਦੀ ਰਾਸ਼ਟਰੀ ਔਸਤ ਨਾਲੋਂ ਕਾਫ਼ੀ ਘੱਟ ਹੈ। ਇਸ ਤੋਂ ਇਲਾਵਾ, ਪ੍ਰਤੀ 1,000 ਜਿਊਂਦੇ ਜਨਮੇ ਬੱਚਿਆਂ ਪਿੱਛੇ ਨਵਜੰਮੇ ਬੱਚਿਆਂ ਦੀ ਮੌਤ ਦਰ (ਐੱਨ. ਐੱਮ. ਆਰ.) 11 ਅਤੇ 5 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੀ ਮੌਤ ਦਰ (ਯੂ. ਐੱਮ. ਆਰ.) 19 ਦਰਜ ਕੀਤੀ ਗਈ ਹੈ, ਜੋ ਇਹ ਦਰਸਾਉਂਦਾ ਹੈ ਕਿ ਸੂਬੇ ਨੇ ਨਵਜੰਮੇ ਬੱਚਿਆਂ ਦੀ ਮੌਤ ਦਰ ਨੂੰ ਘਟਾਉਣ ਦਾ ਸਸਟੇਨੇਬਲ ਡਿਵੈੱਲਪਮੈਂਟ ਗੋਲ ਦਾ ਟੀਚਾ 2030 ਦੀ ਸਮਾਂ-ਸੀਮਾ ਤੋਂ ਪਹਿਲਾਂ ਹੀ ਹਾਸਲ ਕਰ ਲਿਆ ਹੈ।
ਇਸ ਤਰੱਕੀ ਦਾ ਸਿਹਰਾ ਏਕੀਕ੍ਰਿਤ ‘ਮਦਰ ਅਪਰੋਚ’ (ਮਾਂ ਦ੍ਰਿਸ਼ਟੀਕੋਣ) ਨੂੰ ਦਿੱਤਾ ਜਾ ਰਿਹਾ ਹੈ। ਇਹ ਐੱਨ. ਐੱਚ. ਐੱਮ. ਦੇ ਸਹਿਯੋਗ ਵਾਲੀਆਂ ਪਹਿਲਕਦਮੀਆਂ ਦੁਆਲੇ ਬਣਾਇਆ ਗਿਆ ਵਿਆਪਕ ਢਾਂਚਾ ਹੈ, ਜਿਸ ਦਾ ਮੁੱਖ ਧਿਆਨ ਜੱਚਾ ਸਿਹਤ ਦੀ ਮਜ਼ਬੂਤੀ, ਪਹੁੰਚ ਅਤੇ ਭਾਈਚਾਰਕ ਜਾਗਰੂਕਤਾ, ਤਕਨੀਕ ਰਾਹੀਂ ਨਵਜੰਮੇ ਬੱਚਿਆਂ ਦੀ ਦੇਖਭਾਲ, ਮਨੁੱਖੀ ਵਸੀਲਿਆਂ ਦੀ ਮਜ਼ਬੂਤੀ, ਨਵਜੰਮੇ ਬੱਚਿਆਂ ਲਈ ਬੁਨਿਆਦੀ ਢਾਂਚੇ ਦੇ ਵਿਸਥਾਰ ਅਤੇ ਰੈਫਰਲ ਨੈੱਟਵਰਕ ਉੱਤੇ ਹੈ।
ਜੱਚਾ ਸਿਹਤ ਦੀ ਮਜ਼ਬੂਤੀ : ਇਸ ਤਹਿਤ ਵੱਧ ਖ਼ਤਰੇ ਵਾਲੀਆਂ ਗਰਭਵਤੀ ਔਰਤਾਂ ਦੀ ਜਲਦੀ ਪਛਾਣ ਅਤੇ ਪ੍ਰਬੰਧਨ ਨੂੰ ਤਰਜੀਹ ਦਿੱਤੀ ਗਈ ਹੈ ਅਤੇ ਜਣੇਪੇ ਤੇ ਨਵਜੰਮੇ ਬੱਚੇ ਦੀ ਦੇਖਭਾਲ ਤੱਕ ਸਮੇਂ ਸਿਰ ਪਹੁੰਚ ਯਕੀਨੀ ਬਣਾਉਣ ਲਈ ਰੈਫਰਲ ਢਾਂਚੇ ਨੂੰ ਮਜ਼ਬੂਤ ਕੀਤਾ ਗਿਆ ਹੈ। ਜਮਾਂਦਰੂ ਅਤੇ ਕ੍ਰੋਮੋਸੋਮਲ (ਗੁਣਸੂਤਰ) ਬਿਮਾਰੀਆਂ ਦੀ ਜਲਦੀ ਪਛਾਣ ਕਰਨ ਲਈ ਸਾਰੀਆਂ ਹਾਈ-ਰਿਸਕ ਗਰਭਵਤੀ ਔਰਤਾਂ ਨੂੰ ਏ. ਏ. ਐੱਮ./ਏ. ਏ. ਸੀ. ਪੱਧਰ ਤੱਕ ਮੁਫ਼ਤ ਲੈਵਲ-2 ਅਲਟਰਾਸੋਨੋਗ੍ਰਾਫੀ ਦੀ ਸਹੂਲਤ ਮੁਹੱਈਆ ਕਰਵਾਈ ਗਈ ਹੈ।
ਪਹੁੰਚ ਅਤੇ ਜਾਗਰੂਕਤਾ : ਇਸ ਤਹਿਤ ਕਮਿਊਨਿਟੀ ਹੈਲਥ ਸੈਂਟਰ (ਸੀ. ਐੱਚ. ਸੀ.) ਪੱਧਰ ਤੱਕ ‘ਕੇਅਰ ਕੰਪੈਨੀਅਨ ਪ੍ਰੋਗਰਾਮ’ ਦਾ ਵਿਸਥਾਰ ਕਰ ਕੇ ਭਾਈਚਾਰਕ ਪੱਧਰ ਦੀਆਂ ਗਤੀਵਿਧੀਆਂ ਨੂੰ ਤੇਜ਼ ਕੀਤਾ ਗਿਆ। ਇਨ੍ਹਾਂ ਉਪਰਾਲਿਆਂ ਰਾਹੀਂ ਮਾਵਾਂ ਅਤੇ ਦੇਖਭਾਲ ਕਰਨ ਵਾਲਿਆਂ ਵਿਚ ਛਾਤੀ ਦਾ ਦੁੱਧ ਚੁੰਘਾਉਣ, ਨਵਜੰਮੇ ਬੱਚੇ ਦੀ ਸੰਭਾਲ, ਪੋਸ਼ਣ, ਸਾਫ਼-ਸਫਾਈ ਅਤੇ ਖ਼ਤਰੇ ਦੇ ਸੰਕੇਤਾਂ ਦੀ ਜਲਦੀ ਪਛਾਣ ਕਰਨ ਬਾਰੇ ਜਾਗਰੂਕਤਾ ਵਧਾਈ ਗਈ ਹੈ।
ਤਕਨਾਲੋਜੀ-ਸਮਰੱਥ ਨਵਜੰਮੇ ਬੱਚਿਆਂ ਦੀ ਦੇਖਭਾਲ : ਇਸ ਤਹਿਤ ਸਮੇਂ ਤੋਂ ਪਹਿਲਾਂ ਜਨਮੇ ਬੱਚਿਆਂ ਲਈ ਸਾਰੇ ਜ਼ਿਲਾ ਹਸਪਤਾਲਾਂ ਵਿਚ ਸੀ. ਪੀ. ਏ. ਪੀ. ਸਹਾਇਤਾ ਸ਼ੁਰੂ ਕਰ ਕੇ, ਨਵਜੰਮੇ ਬੱਚਿਆਂ ਦੀਆਂ ਸਥਿਰਤਾ ਸੇਵਾਵਾਂ ਵਿਚ ਸੁਧਾਰ ਕਰ ਕੇ ਅਤੇ ਗੰਭੀਰ ਰੂਪ ਵਿਚ ਬਿਮਾਰ ਬੱਚਿਆਂ ਲਈ ਰੈਫਰਲ ਪ੍ਰਣਾਲੀ ਮਜ਼ਬੂਤ ਕਰ ਕੇ ਤਕਨਾਲੋਜੀ-ਆਧਾਰਿਤ ਰਾਸ਼ਟਰੀ ਦਿਸ਼ਾ-ਨਿਰਦੇਸ਼ਾਂ ਨੂੰ ਲਾਗੂ ਕੀਤਾ ਗਿਆ।
ਨਵਜੰਮੇ ਬੱਚਿਆਂ ਲਈ ਬੁਨਿਆਦੀ ਢਾਂਚੇ ਦਾ ਵਿਸਥਾਰ : ਇਸ ਰਾਹੀਂ ਪੂਰੇ ਸੂਬੇ ਵਿਚ ਨਵਜੰਮੇ ਬੱਚਿਆਂ ਦੀ ਦੇਖਭਾਲ ਸੇਵਾਵਾਂ ਨੂੰ ਕਾਫ਼ੀ ਮਜ਼ਬੂਤ ਅਤੇ ਵਿਸ਼ਾਲ ਕੀਤਾ ਗਿਆ। ਸਿਹਤ ਪ੍ਰਣਾਲੀ ਦੇ ਹਰ ਪੱਧਰ ਉੱਤੇ ਬਿਮਾਰ ਅਤੇ ਸਮੇਂ ਤੋਂ ਪਹਿਲਾਂ ਜਨਮੇ ਬੱਚਿਆਂ ਲਈ ਵਿਸ਼ੇਸ਼ ਦੇਖਭਾਲ ਯਕੀਨੀ ਬਣਾਉਣ ਲਈ ਡਿਲਿਵਰੀ ਪੁਆਇੰਟਾਂ ਉੱਤੇ 24 ਸਪੈਸ਼ਲ ਨਿਊਬੌਰਨ ਕੇਅਰ ਯੂਨਿਟ (ਐੱਸ. ਐੱਨ. ਸੀ. ਯੂ.)/ ਨਿਓਨੇਟਲ ਇੰਟੈਂਸਿਵ ਕੇਅਰ ਯੂਨਿਟ (ਐੱਨ. ਆਈ. ਸੀ. ਯੂ.), 81 ਨਿਊਬੌਰਨ ਸਟੈਬਲਾਈਜ਼ੇਸ਼ਨ ਯੂਨਿਟ (ਐੱਨ. ਬੀ. ਐੱਸ. ਯੂ.) ਅਤੇ 208 ਨਿਊਬੌਰਨ ਕੇਅਰ ਕਾਰਨਰ (ਐੱਨ. ਬੀ. ਸੀ. ਸੀ.) ਸਥਾਪਤ ਕੀਤੇ ਗਏ।
ਇਨ੍ਹਾਂ ਦਾ ਕਦਮਾਂ ਦਾ ਅਸਰ ਐੱਨ. ਐੱਫ. ਐੱਚ. ਐੱਸ.-5 (2019-21) ਦੇ ਮੁਕਾਬਲੇ ਹਾਲ ਹੀ ਵਿਚ ਜਾਰੀ ਹੋਏ ਨੈਸ਼ਨਲ ਫੈਮਿਲੀ ਹੈਲਥ ਸਰਵੇ (ਐੱਨ. ਐੱਫ. ਐੱਚ. ਐੱਸ.-6, 2023-24) ਦੇ ਨਤੀਜਿਆਂ ਵਿਚ ਸਾਫ਼ ਦਿਖਾਈ ਦਿੰਦਾ ਹੈ। 6-8 ਮਹੀਨਿਆਂ ਦੇ ਬੱਚਿਆਂ ’ਚ ਪੂਰਕ ਖੁਰਾਕ 46.2 ਫੀਸਦੀ ਤੋਂ ਵਧ ਕੇ 58.2 ਫੀਸਦੀ ਹੋ ਗਈ ਹੈ। 12-23 ਮਹੀਨਿਆਂ ਦੇ ਬੱਚਿਆਂ ’ਚ ਸੰਪੂਰਨ ਟੀਕਾਕਰਨ ਦਾ ਘੇਰਾ 76.2 ਫੀਸਦੀ ਤੋਂ ਵਧ ਕੇ 77.7 ਫੀਸਦੀ ਹੋ ਗਿਆ ਹੈ। ਖਸਰੇ ਦੇ ਟੀਕਾਕਰਨ ’ਚ ਵੀ ਵਾਧਾ ਹੋਇਆ ਹੈ; ਪਹਿਲੀ ਖੁਰਾਕ 88.1 ਫੀਸਦੀ ਤੋਂ ਵਧ ਕੇ 92.3 ਫੀਸਦੀ ਅਤੇ ਦੂਜੀ ਖੁਰਾਕ 56.7 ਫੀਸਦੀ ਤੋਂ ਵਧ ਕੇ 60.7 ਫੀਸਦੀ ਹੋ ਗਈ ਹੈ।
ਇਸੇ ਤਰ੍ਹਾਂ 12-23 ਮਹੀਨਿਆਂ ਦੇ ਬੱਚਿਆਂ ਲਈ ਰੋਟਾਵਾਇਰਸ ਵੈਕਸੀਨ ਐੱਨ. ਐੱਫ. ਐੱਚ. ਐੱਸ.-5 ਦੇ 65.9 ਫੀਸਦੀ ਤੋਂ ਵਧ ਕੇ ਐੱਨ. ਐੱਫ. ਐੱਚ. ਐੱਸ.-6 ’ਚ 80.4 ਫੀਸਦੀ ਹੋ ਗਈ ਹੈ। ਜੱਚਾ ਸਿਹਤ ਸੰਭਾਲ ਸੂਚਕਾਂ ਵਿਚ ਵੀ ਹਾਂ-ਪੱਖੀ ਬਦਲਾਅ ਦੇਖਣ ਨੂੰ ਮਿਲੇ ਹਨ। ਘੱਟੋ-ਘੱਟ ਚਾਰ ਵਾਰ ਜਣੇਪੇ ਤੋਂ ਪਹਿਲਾਂ (ਐਂਟੀਨੇਟਲ) ਜਾਂਚ ਕਰਵਾਉਣ ਵਾਲੀਆਂ ਮਾਵਾਂ ਦੀ ਗਿਣਤੀ 59.7 ਫੀਸਦੀ ਤੋਂ ਵਧ ਕੇ 72.0 ਫੀਸਦੀ ਹੋ ਗਈ ਹੈ। ਹਸਪਤਾਲਾਂ ਵਿਚ ਹੋਣ ਵਾਲੇ ਜਣੇਪੇ (ਸੰਸਥਾਗਤ ਜਣੇਪੇ) 94.3 ਫੀਸਦੀ ਤੋਂ ਵਧ ਕੇ 96.1 ਫੀਸਦੀ ਹੋ ਗਏ ਹਨ ਅਤੇ ਜਣੇਪੇ ਤੋਂ ਬਾਅਦ ਪਹਿਲੇ ਦੋ ਦਿਨਾਂ ਦੇ ਅੰਦਰ ਬੱਚਿਆਂ ਦੀ ਦੇਖਭਾਲ (ਪੋਸਟਨੇਟਲ ਕੇਅਰ) 84.7 ਫੀਸਦੀ ਤੋਂ ਵਧ ਕੇ 88.9 ਫੀਸਦੀ ਹੋ ਗਈ ਹੈ। ਬੱਚਿਆਂ ਦੇ ਪੋਸ਼ਣ ਸਬੰਧੀ ਨਤੀਜਿਆਂ ਦੀ ਗੱਲ ਕਰੀਏ ਤਾਂ, 5 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੇ ਕੱਦ ਦਾ ਵਿਕਾਸ ਰੁਕਣ (ਸਟੰਟਿੰਗ) ਦੀ ਦਰ ਐੱਨ. ਐੱਫ. ਐੱਚ. ਐੱਸ.-5 ਦੇ 24.5 ਫੀਸਦੀ ਤੋਂ ਘਟ ਕੇ ਐੱਨ. ਐੱਫ. ਐੱਚ. ਐੱਸ.-6 ਵਿਚ 20.4 ਫੀਸਦੀ ਰਹਿ ਗਈ ਹੈ। ਇਸੇ ਤਰ੍ਹਾਂ ਬਚਪਨ (5 ਸਾਲ ਤੋਂ ਘੱਟ) ਵਿਚ ਮੋਟਾਪੇ ਦੀ ਦਰ 4.1 ਫੀਸਦੀ ਤੋਂ ਘਟ ਕੇ 1.8 ਫੀਸਦੀ ਰਹਿ ਗਈ ਹੈ।
ਇਹ ਪ੍ਰਾਪਤੀ ਇਸ ਗੱਲ ਦਾ ਸਬੂਤ ਹੈ ਕਿ ਜੇ ਐੱਨ. ਐੱਚ. ਐੱਮ. ਵਰਗੇ ਰਾਸ਼ਟਰੀ ਪ੍ਰੋਗਰਾਮ ਨੂੰ ਸਹੀ ਰਣਨੀਤੀ ਨਾਲ ਲਾਗੂ ਕੀਤਾ ਜਾਵੇ, ਜ਼ਮੀਨੀ ਪੱਧਰ ਉੱਤੇ ਵਸੀਲਿਆਂ ਦੀ ਸਹੀ ਵਰਤੋਂ ਕੀਤੀ ਜਾਵੇ, ਪਹਿਲਕਦਮੀਆਂ ਉੱਤੇ ਪ੍ਰਭਾਵਸ਼ਾਲੀ ਢੰਗ ਨਾਲ ਅਮਲ ਕੀਤਾ ਜਾਵੇ, ਲੋਕਾਂ ਦੀ ਹਿੱਸੇਦਾਰੀ ਯਕੀਨੀ ਬਣਾਈ ਜਾਵੇ ਅਤੇ ਨਵਜੰਮੇ ਬੱਚਿਆਂ ਦੇ ਬੁਨਿਆਦੀ ਢਾਂਚੇ ਵਿਚ ਲਗਾਤਾਰ ਨਿਵੇਸ਼ ਕੀਤਾ ਜਾਵੇ, ਤਾਂ ਬੱਚਿਆਂ ਦੀ ਜਾਨ ਬਚਾਉਣ ਦੇ ਨਤੀਜਿਆਂ ਵਿਚ ਵੱਡਾ ਸੁਧਾਰ ਲਿਆਂਦਾ ਜਾ ਸਕਦਾ ਹੈ। ਇਸ ਨਾਲ ਜੱਚਾ-ਬੱਚਾ ਸਿਹਤ ਲਈ ਮਿੱਥੇ ਗਏ ਐੱਸ. ਡੀ. ਜੀ. ਟੀਚਿਆਂ ਨੂੰ ਪ੍ਰਾਪਤ ਕਰਨ ਦੀ ਰਫ਼ਤਾਰ ਨੂੰ ਵੀ ਤੇਜ਼ ਕੀਤਾ ਜਾ ਸਕਦਾ ਹੈ।
ਦੱਖਣੀ ਏਸ਼ੀਆ ਲਈ ਅਗਲਾ ਵੱਡਾ ਮੌਕਾ ਹੈ ਫੂਡ ਪ੍ਰੋਸੈਸਿੰਗ
NEXT STORY