ਅਦਾਕਾਰਾ ਤੋਂ ਸਿਆਸਤਦਾਨ ਬਣੀ ਕੰਗਨਾ ਰਣੌਤ ਬੀਤੀ 25 ਅਗਸਤ ਨੂੰ ਇਹ ਕਹਿ ਕੇ ਵਿਵਾਦਾਂ ’ਚ ਆ ਗਈ ਸੀ ਕਿ ‘‘ਜੇਕਰ ਸਰਕਾਰ ਨੇ ਸਖ਼ਤ ਕਦਮ ਨਾ ਚੁੱਕੇ ਹੁੰਦੇ ਤਾਂ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ ਦੇ ਸਮੇਂ ਪੰਜਾਬ ਨੂੰ ਵੀ ਬੰਗਲਾਦੇਸ਼ ਬਣਾ ਦਿੱਤਾ ਜਾਂਦਾ। ਤਦ ਰੱਦ ਕੀਤੇ ਗਏ ਤਿੰਨ ਖੇਤੀਬਾੜੀ ਕਾਨੂੰਨਾਂ ਵਿਰੁੱਧ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ ਦੌਰਾਨ ਲਾਸ਼ਾਂ ਲਟਕ ਰਹੀਆਂ ਸਨ ਅਤੇ ਜਬਰ-ਜ਼ਨਾਹ ਹੋ ਰਹੇ ਸਨ।’’
ਫਿਰ 24 ਸਤੰਬਰ ਨੂੰ ਕੰਗਨਾ ਨੇ ਕੇਂਦਰ ਸਰਕਾਰ ਵਲੋਂ ਰੱਦ ਕੀਤੇ ਗਏ ਤਿੰਨਾਂ ਖੇਤੀਬਾੜੀ ਕਾਨੂੰਨਾਂ ਨੂੰ ਲਾਗੂ ਕਰਨ ਦੀ ਮੰਗ ਕਰ ਦਿੱਤੀ। ਇਨ੍ਹਾਂ ਬਿਆਨਾਂ ਨੇ ਭਾਜਪਾ ਦੀ ਮੁਸ਼ਕਲ ਵਧਾ ਦਿੱਤੀ ਸੀ ਜਿਸ ’ਤੇ ਭਾਜਪਾ ਪ੍ਰਧਾਨ ਜੇ. ਪੀ. ਨੱਡਾ ਨੇ ਉਨ੍ਹਾਂ ਨੂੰ ਆਪਣੇ ਬਿਆਨਾਂ ’ਚ ਸੰਜਮ ਵਰਤਣ ਦੀ ਸਲਾਹ ਦਿੱਤੀ ਸੀ ਪਰ ਉਸ ਦੀਆਂ ਗਲਤ ਬਿਆਨਬਾਜ਼ੀਆਂ ਅਜੇ ਵੀ ਜਾਰੀ ਹਨ।
ਇਸ ਦੀ ਤਾਜ਼ਾ ਉਦਾਹਰਣ ਉਸ ਨੇ ਬੀਤੇ 2 ਅਕਤੂਬਰ ਨੂੰ ਰਾਸ਼ਟਰਪਿਤਾ ਮਹਾਤਮਾ ਗਾਂਧੀ ਅਤੇ ਲਾਲ ਬਹਾਦੁਰ ਸ਼ਾਸਤਰੀ ਦੀ ਜੈਅੰਤੀ ਦੇ ਮੌਕੇ ’ਤੇ ਦਿੱਤੀ। ਕੰਗਨਾ ਨੇ ਆਪਣੇ ‘ਇੰਸਟਾਗ੍ਰਾਮ’ ਉੱਤੇ ਸ਼ਾਸਤਰੀ ਜੀ ਨੂੰ ਯਾਦ ਕਰਦੇ ਹੋਏ ਉਨ੍ਹਾਂ ਦੀ ਫੋਟੋ ਦੇ ਹੇਠਾਂ ਲਿਖਿਆ, ‘‘ਦੇਸ਼ ਦੇ ‘ਪਿਤਾ’ ਨਹੀਂ ਦੇਸ਼ ਦੇ ਤਾਂ ‘ਲਾਲ’ ਹੁੰਦੇ ਹਨ। ਧੰਨ ਹਨ ਭਾਰਤ ਮਾਂ ਦੇ ਇਹ ਲਾਲ।’’
ਹਾਲਾਂਕਿ ਇਸ ਪਿੱਛੋਂ ਕੰਗਨਾ ਨੇ ਇਕ ਵੀਡੀਓ ਪੋਸਟ ਵੀ ਪਾ ਕੇ ਮਹਾਤਮਾ ਗਾਂਧੀ ਨੂੰ ਯਾਦ ਕਰਦੇ ਹੋਏ ਸਵੱਛਤਾ ਮੁਹਿੰਮ ’ਤੇ ਜ਼ੋਰ ਦੇਣ ਦੀ ਗੱਲ ਕਹੀ ਪਰ ਉਸ ਦਾ ‘ਲਾਲ’ ਵਾਲਾ ਬਿਆਨ ਮਹਾਤਮਾ ਗਾਂਧੀ ਨੂੰ ਰਾਸ਼ਟਰਪਿਤਾ ਦੇ ਰੂਪ ’ਚ ਮਾਨਤਾ ਦੇਣ ਵਾਲੇ ਸਨਮਾਨ ’ਤੇ ਸਵਾਲ ਉੱਠਣ ਵਾਂਗ ਦੇਖਿਆ ਜਾ ਰਿਹਾ ਹੈ।
ਪੰਜਾਬ ਤੋਂ ਭਾਜਪਾ ਦੀ ਰਾਸ਼ਟਰੀ ਕਾਰਜਕਾਰਨੀ ਦੇ ਮੈਂਬਰ ਹਰਜੀਤ ਗਰੇਵਾਲ ਦੇ ਅਨੁਸਾਰ, ‘‘ਮੰਡੀ ਦੇ ਲੋਕਾਂ ਨੇ ਕੰਗਨਾ ਨੂੰ ਜਿਤਾ ਕੇ ਗਲਤੀ ਕਰ ਦਿੱਤੀ। ਉਹ ਗਲਤ ਬਿਆਨਬਾਜ਼ੀ ਕਰ ਕੇ ਪਾਰਟੀ ਨੂੰ ਨੁਕਸਾਨ ਪਹੁੰਚਾ ਰਹੀ ਹੈ। ਆਰ. ਐੱਸ. ਐੱਸ. ਦੀ ਸ਼ਾਖਾ ’ਚ ਵੀ ਮਹਾਤਮਾ ਗਾਂਧੀ ਦਾ ਨਾਂ ਲਿਆ ਜਾਂਦਾ ਹੈ।’’
ਪੰਜਾਬ ਦੇ ਸਾਬਕਾ ਮੰਤਰੀ ਅਤੇ ਸੀਨੀਅਰ ਭਾਜਪਾ ਨੇਤਾ ਮਨੋਰੰਜਨ ਕਾਲੀਆ ਨੇ ਕਿਹਾ ਹੈ ਕਿ ‘‘ਕੰਗਨਾ ਨੇ ਵਿਵਾਦਗ੍ਰਸਤ ਬਿਆਨ ਦੇਣ ਦੀ ਆਦਤ ਪਾ ਲਈ ਹੈ। ਸਿਆਸਤ ਇਕ ਬਹੁਤ ਗੰਭੀਰ ਵਿਸ਼ਾ ਹੈ ਜੋ ਉਸ ਦੇ ਵੱਸ ਦੀ ਗੱਲ ਨਹੀਂ ਹੈ। ਕਿਸੇ ਵੀ ਵਿਅਕਤੀ ਨੂੰ ਬੋਲਣ ਤੋਂ ਪਹਿਲਾਂ ਸੋਚਣਾ ਜ਼ਰੂਰ ਚਾਹੀਦਾ। ਲਿਹਾਜ਼ਾ, ਉਸ ਲਈ ਇਹੀ ਬਿਹਤਰ ਹੋਵੇਗਾ ਕਿ ਉਹ ਫਿਲਮਾਂ ’ਚ ਆਪਣਾ ਕਰੀਅਰ ਬਣਾਉਣ ’ਤੇ ਧਿਆਨ ਦੇਵੇ।’’
ਇਸ ਸੰਬੰਧ ’ਚ ਅਸੀਂ ਇਹੀ ਕਹਿਣਾ ਚਾਹਾਂਗੇ ਕਿ ਕੰਗਨਾ ਰਣੌਤ ਨੂੰ ਆਪਣੀ ਪਾਰਟੀ (ਭਾਜਪਾ) ਦੀ ਵਿਚਾਰਧਾਰਾ ਦਾ ਪਾਲਣ ਕਰਦੇ ਹੋਏ ਆਪਣੀ ਪਾਰਟੀ ਦੇ ਸੀਨੀਅਰ ਆਗੂਆਂ ਦੀ ਨਸੀਹਤ ’ਤੇ ਅਮਲ ਕਰਨਾ ਚਾਹੀਦਾ ਹੈ।
–ਵਿਜੇ ਕੁਮਾਰ
ਪ੍ਰਸ਼ਾਂਤ ਕਿਸ਼ੋਰ ਨੇ ਮਾਰੀ ਬਿਹਾਰ ਦੀ ਸਿਆਸਤ ’ਚ ਛਾਲ, ਸੱਤਾ ਮਿਲਣ ’ਤੇ ਖਤਮ ਕਰਨਗੇ ਸ਼ਰਾਬਬੰਦੀ
NEXT STORY