ਕਰਨਾਟਕ ਕਾਂਗਰਸ ਦੀ ਸਿਆਸਤ ’ਚ ਮੁਸ਼ਕਿਲਾਂ ਵਧਦੀਆਂ ਜਾ ਰਹੀਆਂ ਹਨ। ਕਾਂਗਰਸ ਪਾਰਟੀ ਅੰਦਰ ਇਕ ਅੰਦਰੂਨੀ ਸਿਆਸੀ ਸੰਕਟ ਵਿਕਸਿਤ ਹੋ ਰਿਹਾ ਹੈ, ਜਿਸ ’ਚ ਮੁੱਖ ਮੰਤਰੀ ਸਿੱਧਰਮਈਆ ਅਤੇ ਉਨ੍ਹਾਂ ਦੇ ਉਪ ਮੁੱਖ ਮੰਤਰੀ ਡੀ. ਕੇ. ਸ਼ਿਵਕੁਮਾਰ ਦਰਮਿਆਨ ਸੱਤਾ ਦਾ ਸੰਘਰਸ਼ ਚੱਲ ਰਿਹਾ ਹੈ। ਕੀ ਕਰਨਾਟਕ ’ਚ ਸੱਤਾ ਦੀ ਤਬਦੀਲੀ ਹੋਵੇਗੀ?
ਸ਼ਿਵਕੁਮਾਰ ਵਲੋਂ ਮੁੱਖ ਮੰਤਰੀ ਸਿੱਧਰਮਈਆ ਦੀ ਥਾਂ ਲੈਣ ਦੀਆਂ ਵਧਦੀਆਂ ਅਟਕਲਾਂ ਨੇ ਗੈਰ-ਯਕੀਨੀ ਵਾਲਾ ਮਾਹੌਲ ਬਣਾ ਦਿੱਤਾ ਹੈ। ਸੱਤਾਧਾਰੀ ਕਾਂਗਰਸ ਅਸਹਿਮਤੀ, ਅੰਦਰੂਨੀ ਸੰਘਰਸ਼, ਅਨੁਸ਼ਾਸਨ ਦੀ ਕਮੀ ਅਤੇ ਆਪਣੇ ਮੈਂਬਰਾਂ ਦਰਮਿਆਨ ਸੱਤਾ ਸੰਘਰਸ਼ ਨਾਲ ਜੂਝ ਰਹੀ ਹੈ। ਇਸ ਕਾਰਨ ਇਹ ਮਾਮਲਾ ਹੋਰ ਵੀ ਗੁੰਝਲਦਾਰ ਹੋ ਗਿਆ ਹੈ।
ਅਫਵਾਹਾਂ ਜ਼ੋਰ ਫੜ ਰਹੀਆਂ ਹਨ, ਮੁੱਖ ਤੌਰ ’ਤੇ ਇਸ ਲਈ ਕਿਉਂਕਿ, ਜੀ. ਪਰਮੇਸ਼ਵਰ ਵਰਗੇ ਸੀਨੀਅਰ ਨੇਤਾਵਾਂ ਨੇ ਜਨਤਕ ਤੌਰ ’ਤੇ ਪਾਰਟੀ ਅੰਦਰ ਅਹਿਮ ਅਸੰਤੋਸ਼ ਨੂੰ ਮੰਨਿਆ ਹੈ, ਜਦੋਂ ਕਿ ਸਿੱਧਰਮਈਆ ਕੁਝ ਨੁਕਸਾਨ ਕੰਟਰੋਲ ਕਰਨ ਦਾ ਯਤਨ ਕਰ ਰਹੇ ਹਨ, ਸ਼ਿਵਕੁਮਾਰ ਧੜਾ ਖੁੱਲ੍ਹੇਆਮ ਲੀਡਰਸ਼ਿਪ ਦੀ ਤਬਦੀਲੀ ਦੀ ਪੈਰਵੀ ਕਰ ਰਿਹਾ ਹੈ। ਉਨ੍ਹਾਂ ਦਾ ਦਾਅਵਾ ਹੈ ਕਿ ਇਹ ਤਬਦੀਲੀ ਅਗਲੇ ਤਿੰਨ ਮਹੀਨਿਆਂ ਅੰਦਰ ਹੋ ਸਕਦੀ ਹੈ।
ਆਉਂਦੇ 3 ਮਹੀਨਿਆਂ ਦੀ ਸਮਾਂ-ਹੱਦ ਦਾ ਕਾਰਨ ਦਿਲਚਸਪ ਹੈ। ਅੰਦਰੂਨੀ ਸੂਤਰਾਂ ਦਾ ਦਾਅਵਾ ਹੈ ਕਿ ਸੱਤਾ ਸੰਘਰਸ਼ ਹੁਣ ਸਾਹਮਣੇ ਆ ਗਿਆ ਹੈ। ਇਸ ਦੇ ਨਾਲ ਹੀ ਕਾਂਗਰਸ ਦੇ ਵਿਧਾਇਕ ਇਕਬਾਲ ਹੁਸੈਨ ਨੇ ਦਾਅਵਾ ਕੀਤਾ ਹੈ ਕਿ ਲਗਭਗ 100 ਵਿਧਾਇਕ ਲੀਡਰਸ਼ਿਪ ਦੀ ਤਬਦੀਲੀ ਦੇ ਹੱਕ ’ਚ ਹਨ, ਜੋ ਚੋਟੀ ’ਤੇ ਤਬਦੀਲੀ ਦੀ ਹਮਾਇਤ ਕਰਦੇ ਹਨ। ਸ਼ਿਵਕੁਮਾਰ ਨੇ ਉਨ੍ਹਾਂ ਵਿਰੁੱਧ ਅਨੁਸ਼ਾਸਨੀ ਕਾਰਵਾਈ ਜਾਰੀ ਕੀਤੀ ਹੈ ਪਰ ਤਬਦੀਲੀ ਦੀ ਸੰਭਾਵਨਾ ਬਣੀ ਹੋਈ ਹੈ।
2023 ਦੀਆਂ ਵਿਧਾਨ ਸਭਾ ਚੋਣਾਂ ’ਚ ਕਾਂਗਰਸ ਸੂਬੇ ਦੀ ਸੱਤਾ ’ਚ ਵਾਪਸ ਆਈ ਸੀ। ਚਰਚਾ ਸੀ ਕਿ ਦੋਵੇਂ ਆਗੂ ਮੁੱਖ ਮੰਤਰੀ ਅਹੁਦੇ ਦੇ ਦਾਅਵੇਦਾਰ ਹਨ। ਹਾਈ ਕਮਾਨ ਨੇ ਢਾਈ-ਢਾਈ ਸਾਲ ਦੀ ਰੋਟੇਸ਼ਨ ਦਾ ਫਾਰਮੂਲਾ ਪੇਸ਼ ਕੀਤਾ ਸੀ। ਉਸ ਮੁਤਾਬਕ ਸਿੱਧਰਮਈਆ ਨੇ ਇਸ ਸਾਲ ਨਵੰਬਰ ਤੱਕ ਕਰਨਾਟਕ ਦੇ ਮੁੱਖ ਮੰਤਰੀ ਵਜੋਂ ਆਪਣੀ ਰੋਟੇਸ਼ਨ ਪੂਰੀ ਕਰਨੀ ਹੈ। ਇਸ ਦੇ ਨਾਲ ਹੀ ਉਦੋਂ ਤੱਕ ਉਹ ਆਪਣੀ ਲੀਡਰਸ਼ਿਪ ਦੇ 25 ਸਾਲ ਵੀ ਪੂਰੇ ਕਰ ਲੈਣਗੇ। ਸਿੱਧਰਮਈਆ ਨੂੰ ਪ੍ਰਸ਼ਾਸਨ ’ਚ ਉਨ੍ਹਾਂ ਦੇ ਵਿਸ਼ਾਲ ਤਜਰਬੇ ਅਤੇ ਓ. ਬੀ. ਸੀ. ਭਾਈਚਾਰੇ ਵਲੋਂ ਉਨ੍ਹਾਂ ਦੀ ਮਜ਼ਬੂਤ ਹਮਾਇਤ ਲਈ ਜਾਣਿਆ ਜਾਂਦਾ ਹੈ।
ਸਾਲ ਦੇ ਅੰਤ ’ਚ ਬਿਹਾਰ ਦੀਆਂ ਚੋਣਾਂ ਹੋਣੀਆਂ ਹਨ, ਕਾਂਗਰਸ ਦੀ ਲੀਡਰਸ਼ਿਪ ਇਕ ਅਹਿਮ ਓ. ਬੀ. ਸੀ. ਨੇਤਾ ਸਿੱਧਰਮਈਆ ਨੂੰ ਪ੍ਰੇਸ਼ਾਨ ਨਾ ਕਰਕੇ ਸਥਿਰਤਾ ਬਣਾਈ ਰੱਖਣ ਦੀ ਉਤਸੁਕ ਹੈ। ਉਨ੍ਹਾਂ ਦਾ ਪ੍ਰਸ਼ਾਸਨ ਮੁਫਤ ’ਚ ਸਾਮਾਨ ਦੇਣ, ਮੁਸਲਮਾਨਾਂ ਨੂੰ ਖੁਸ਼ ਕਰਨ ਅਤੇ ਹਿੰਦੂ ਭਾਈਚਾਰੇ ਨੂੰ ਵੰਡਣ ਲਈ ਜਾਣਿਆ ਜਾਂਦਾ ਹੈ। ਦੂਜੇ ਪਾਸੇ ਸ਼ਿਵਕੁਮਾਰ ਨੂੰ ‘ਮਿਸਟਰ-ਫਿਕਸਿਟ’ ਵਜੋਂ ਜਾਣਿਆ ਜਾਂਦਾ ਹੈ। ਡੀ. ਕੇ. ਨੂੰ ‘ਗੋ ਟੂ’ ਮੈਨ ਵਜੋਂ ਜਾਣਿਆ ਜਾਂਦਾ ਹੈ। ਕਾਂਗਰਸ ਦੀ ਲੀਡਰਸ਼ਿਪ ਨੇ ਹੋਰ ਕਾਂਗਰਸ ਸ਼ਾਸਿਤ ਸੂਬਿਆਂ ’ਚ ਵੀ ਬਾਗੀਆਂ ਨਾਲ ਨਜਿੱਠਣ ਲਈ ਉਨ੍ਹਾਂ ਦੀ ਵਰਤੋਂ ਕੀਤੀ ਹੈ।
ਉਨ੍ਹਾਂ ਨੂੰ ਉਨ੍ਹਾਂ ਦੀ ਯੋਗ ਅਗਵਾਈ ਅਤੇ ਜਥੇਬੰਦਕ ਹੁਨਰ ਦੇ ਨਾਲ-ਨਾਲ ਵਿੱਤ ਸੋਮਿਆਂ ਅਤੇ ਅੰਦਰੂਨੀ ਅਸੰਤੋਸ਼ ਨੂੰ ਸੰਭਾਲਣ ਦੀ ਸਮਰੱਥਾ ਲਈ ਅਹਿਮੀਅਤ ਦਿੱਤੀ ਜਾਂਦੀ ਹੈ। ਦੋਹਾਂ ਆਗੂਆਂ ਦਾ ਕਾਂਗਰਸ ’ਚ ਆਪਣਾ-ਆਪਣਾ ਯੋਗਦਾਨ ਹੈ। ਸੰਕਟ ਦੇ ਸਮੇਂ ਪਾਰਟੀ ਨੂੰ ਉਨ੍ਹਾਂ ਦੀ ਲੋੜ ਹੈ। ਡੀ. ਕੇ. ਤੋਂ ਇਲਾਵਾ ਹੋਰ ਉਮੀਦਵਾਰ ਵੀ ਇਸ ਅਹੁਦੇ ਦੀ ਦੌੜ ’ਚ ਸ਼ਾਮਲ ਹਨ। ਲਿੰਗਾਇਤ ਭਾਈਚਾਰੇ ਦੇ ਮੰਤਰੀ ਐੱਮ. ਬੀ. ਪਾਟਿਲ ਵੀ ਮੁੱਖ ਮੰਤਰੀ ਦੇ ਅਹੁਦੇ ਦੇ ਇੱਛੁਕ ਹਨ।
ਸ਼ਿਵਕੁਮਾਰ ਵੋਕਾਲਿੰਗਾ ਭਾਈਚਾਰੇ ਦੀ ਪ੍ਰਤੀਨਿਧਤਾ ਕਰਦੇ ਹਨ ਜਦੋਂ ਕਿ ਕੁਰੁਬਾ ਭਾਈਚਾਰੇ ਤੋਂ ਸਿੱਧਰਮਈਆ ਇਕ ਪ੍ਰਮੁੱਖ ਓ. ਬੀ. ਸੀ. ਵਿਅਕਤੀ ਹਨ। ਬਾਗੀ ਸਰਗਰਮੀਆਂ ਤੋਂ ਚਿੰਤਤ ਮੁੱਖ ਮੰਤਰੀ ਸਿੱਧਰਮਈਆਂ ਨੇ ਕੁਝ ਦਿਨ ਪਹਿਲਾਂ ਮੰਤਰੀ ਮੰਡਲ ਦੀ ਬੈਠਕ ’ਚ ਆਪਣੇ ਮੰਤਰੀਆਂ ਨੂੰ ਪਾਰਟੀ ਦੇ ਅੰਦਰੂਨੀ ਮਾਮਲਿਆਂ ਬਾਰੇ ਸੀਕਰੇਸੀ ਬਣਾਈ ਰੱਖਣ ਦੀ ਚਿਤਾਵਨੀ ਦਿੱਤੀ ਸੀ, ਨਾਲ ਹੀ ਸਖਤ ਕਾਰਵਾਈ ਕਰਨ ਦੀ ਗੱਲ ਵੀ ਕਹੀ ਸੀ। ਸ਼ਿਵਕੁਮਾਰ ਨੇ ਜਨਤਕ ਤੌਰ ’ਤੇ ਕਿਹਾ ਕਿ ਪਾਰਟੀ ਅਤੇ ਹਾਈਕਮਾਨ ਜੋ ਚਾਹੇਗੀ, ਉਹੀ ਹੋਵੇਗਾ। ਮੇਰੇ ਕੋਲ ਕੀ ਬਦਲ ਹੈ? ਮੈਨੂੰ ਉਨ੍ਹਾਂ ਨਾਲ ਖੜ੍ਹਾ ਹੋਣਾ ਪਵੇਗਾ ਅਤੇ ਉਨ੍ਹਾਂ ਦੀ ਹਮਾਇਤ ਕਰਨੀ ਪਵੇਗੀ। ਹਾਲਾਂਕਿ ਉਨ੍ਹਾਂ ਦਾ ਧੜਾ ਡੀ. ਕੇ. ਨੂੰ ਸੀ. ਐੱਮ. ਬਣਾਉਣ ਦੇ ਨਾਅਰੇ ਲਾਉਂਦਾ ਰਹਿੰਦਾ ਹੈ।
ਇਸ ਦੌਰਾਨ ਸੱਤਾ ’ਚ ਵਾਪਸੀ ਦੇ ਮੌਕੇ ’ਤੇ ਨਜ਼ਰ ਟਿਕਾਈ ਭਾਜਪਾ ਮੱਧਕਾਲੀਨ ਚੋਣਾਂ ਦੀ ਭਵਿੱਖਬਾਣੀ ਕਰ ਰਹੀ ਹੈ ਅਤੇ ਕਹਿ ਰਹੀ ਹੈ ਕਿ ਕਾਂਗਰਸ ਸਰਕਾਰ ਜਲਦੀ ਹੀ ਡਿੱਗ ਸਕਦੀ ਹੈ। ਸਿੱਧਰਮਈਆ ਨੇ ਲੀਡਰਸ਼ਿਪ ’ਚ ਤਬਦੀਲੀ ਦੇ ਕਿਸੇ ਵੀ ਸੁਝਾਅ ਨੂੰ ਰੱਦ ਕਰ ਦਿੱਤਾ ਹੈ। ਕਾਂਗਰਸ ਹਾਈ ਕਮਾਨ ਨੇ ਵੀ ਅਜਿਹੀ ਕਿਸੇ ਸੰਭਾਵਨਾ ਤੋਂ ਇਨਕਾਰ ਕੀਤਾ ਹੈ। ਕਾਂਗਰਸ ਦੇ ਨੇਤਾ ਰਣਦੀਪ ਸੁਰਜੇਵਾਲਾ ਵਲੋਂ ਵਿਧਾਇਕਾਂ ਅਤੇ ਨੇਤਾਵਾਂ ਨਾਲ ਬੈਠਕਾਂ ’ਚ ਲੀਡਰਸ਼ਿਪ ’ਚ ਤਬਦੀਲੀ ਲਈ ਕੋਈ ਕਦਮ ਨਾ ਚੁੱਕੇ ਜਾਣ ਦੀ ਗੱਲ ਕਹਿਣ ਤੋਂ ਇਕ ਦਿਨ ਬਾਅਦ ਮੁੱਖ ਮੰਤਰੀ ਨੇ ਪੁੁਸ਼ਟੀ ਕੀਤੀ ਕਿ ਕਰਨਾਟਕ ’ਚ ਮੁੱਖ ਮੰਤਰੀ ਦੇ ਚਿਹਰੇ ’ਚ ਕੋਈ ਤਬਦੀਲੀ ਨਹੀਂ ਹੋਵੇਗੀ।
ਫਿਲਹਾਲ, ਸਿੱਧਰਮਈਆ ਨੂੰ ਭਰੋਸਾ ਹੈ ਕਿ ਉਹ ਪੂਰੇ 5 ਸਾਲ ਦਾ ਅਹੁਦਾ ਪੂਰਾ ਕਰਨਗੇ। ਉਨ੍ਹਾਂ ਦੇ ਤਿੱਖੇ ਐਲਾਨ ਅਤੇ ਚਿਤਾਵਨੀ ਦਾ ਮੰਤਵ ਨਾ ਸਿਰਫ ਅਸਹਿਮਤੀ ਨੂੰ ਸ਼ਾਂਤ ਕਰਨਾ ਹੈ ਸਗੋਂ ਲੋਕਾਂ, ਪਾਰਟੀ ਵਰਕਰਾਂ ਅਤੇ ਕਾਂਗਰਸ ਦੀ ਲੀਡਰਸ਼ਿਪ ਨੂੰ ਸਥਿਰਤਾ ਦਾ ਸੰਦੇਸ਼ ਦੇਣਾ ਵੀ ਹੈ। ਸਿੱਧਰਮਈਆ ਨੂੰ ਬਦਲਣਾ ਕਾਂਗਰਸ ਦੀ ਲੀਡਰਸ਼ਿਪ ਲਈ ਸੌਖਾ ਨਹੀਂ ਹੈ ਕਿਉਂਕਿ ਉਹ ਪਾਰਟੀ ’ਚ ਫੁੱਟ ਪਾ ਸਕਦੇ ਹਨ। ਕਰਨਾਟਕ ’ਚ ਸਥਿਤੀ ਨੂੰ ਸੰਭਾਲਣ ’ਚ ਕਾਂਗਰਸ ਦੀ ਲੀਡਰਸ਼ਿਪ ਚੌਕਸੀ ਵਰਤ ਰਹੀ ਹੈ। ਜੇ ਸੋਨੀਆ ਗਾਂਧੀ ਜਾਂ ਰਾਹੁਲ ਗਾਂਧੀ ਨੇ ਡੀ. ਕੇ. ਨੂੰ ਰੋਟੇਸ਼ਨਲ ਮੁੱਖ ਮੰਤਰੀ ਦੀ ਭੂਮਿਕਾ ਦਾ ਵਾਅਦਾ ਕੀਤਾ ਹੁੰਦਾ ਤਾਂ ਉਨ੍ਹਾਂ ਨੂੰ ਮਨ੍ਹਾ ਕਰਨਾ ਔਖਾ ਹੁੰਦਾ। ਹਾਈਕਮਾਨ ਨੂੰ ਮੁੱਖ ਮੰਤਰੀ ਦੇ ਮੁੱਦੇ ਨੂੰ ਹੱਲ ਕਰਨ ਲਈ ਚੋਣਾਂ ਪਿੱਛੋਂ ਕੀਤੇ ਵਾਅਦਿਆਂ ਨੂੰ ਪੂਰਾ ਕਰਨਾ ਚਾਹੀਦਾ ਹੈ। ਜੇ ਉਹ ਅਜਿਹਾ ਨਹੀਂ ਕਰਦੇ ਤਾਂ ਕਰਨਾਟਕ ਨੂੰ ਰਾਜਸਥਾਨ ਅਤੇ ਛੱਤੀਸਗੜ੍ਹ ਵਰਗੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਮੁੱਖ ਮੰਤਰੀ ਦੇ ਅਹੁਦੇ ਦੇ ਮੁੱਖ ਉਮੀਦਵਾਰ ਸ਼ਿਵਕੁਮਾਰ ਨੇ 2023 ’ਚ ਸਿੱਧਰਮਈਆ ਅਧੀਨ ਉਪ ਮੁੱਖ ਮੰਤਰੀ ਵਜੋਂ ਕੰਮ ਕਰਨ ’ਤੇ ਸਹਿਮਤੀ ਪ੍ਰਗਟਾਈ ਸੀ। ਉਨ੍ਹਾਂ ਨੂੰ ਸ਼ਾਂਤ ਕਰਨ ਲਈ ਉਨ੍ਹਾਂ ਨੂੰ ਪਾਰਟੀ ਦੀ ਸੂਬਾਈ ਇਕਾਈ ਦਾ ਪ੍ਰਧਾਨ ਵੀ ਬਣਾਇਆ ਗਿਆ। ਅਨੁਸ਼ਾਸਨਹੀਣਤਾ, ਧੜੇਬੰਦੀ ਅਤੇ ਬਗਾਵਤ ਕਰਨਾਟਕ ’ਚ ਲਗਾਤਾਰ ਚੁਣੌਤੀਆਂ ਰਹੀਆਂ ਹਨ। ਕਾਂਗਰਸ ਨੇ ਲਗਾਤਾਰ ਸਭ ਨੂੰ ਪ੍ਰਵਾਨ ਹੋਣ ਯੋਗ ਹੱਲ ਦੀ ਮੰਗ ਕੀਤੀ ਹੈ। ਸਮੱਸਿਆ ਵੱਖ-ਵੱਖ ਜਾਤੀਆਂ ਅਤੇ ਭਾਈਚਾਰਿਆਂ ਦੀ ਪ੍ਰਤੀਨਿਧਤਾ ਕਰਨ ਵਾਲੇ ਵੱਖ-ਵੱਖ ਅਹੁਦਿਆਂ ਲਈ ਵੱਡੀ ਗਿਣਤੀ ’ਚ ਉਮੀਦਵਾਰਾਂ ਦੀ ਹੈ ਜੋ ਮੁੱਢਲਾ ਮੁੱਦਾ ਹੈ। ਵੱਖ-ਵੱਖ ਜਾਤੀ ਗਰੁੱਪਾਂ ਦੇ ਚੋਟੀ ’ਤੇ ਕਈ ਪ੍ਰਭਾਵਸ਼ਾਲੀ ਆਗੂਆਂ ਦੇ ਹੋਣ ਕਾਰਨ ਹਾਈਕਮਾਨ ਨੂੰ ਵਾਰ-ਵਾਰ ਪੈਦਾ ਹੋਣ ਵਾਲੇ ਸਿਆਸੀ ਸੰਕਟਾਂ ਨੂੰ ਅਸਰਦਾਰ ਢੰਗ ਨਾਲ ਸੰਬੋਧਨ ਕਰਨ ’ਚ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਹੈ।
ਕਲਿਆਣੀ ਸ਼ੰਕਰ
ਦਲਾਈ ਲਾਮਾ ਦੇ ਅਗਲੇ ਜਾਨਸ਼ੀਨ ਨੂੰ ਲੈ ਕੇ ਚੀਨ ਦੀ ਅੜਿੱਕੇਬਾਜ਼ੀ
NEXT STORY