ਸ਼੍ਰੀ ਆਤਿਸ਼ ਚੰਦਰ, ਡਾ. ਨਿਰਜਰ ਵੀ. ਕੁਲਕਰਣੀ
ਟਿੱਡੀਆਂ ਵਿਸ਼ਵ ਦੇ ਸਭ ਤੋਂ ਪੁਰਾਣੇ ਫਿਰਤੂ ਕੀਟ ਹਨ। ਇਨ੍ਹਾਂ ਦੀਆਂ ਅਨੇਕ ਪ੍ਰਜਾਤੀਆਂ ਪਾਈਆਂ ਜਾਂਦੀਆਂ ਹਨ ਪਰ ਉਨ੍ਹਾਂ ’ਚੋਂ ਕੁਝ ਨੂੰ ਹੀ ਟਿੱਡੀਆਂ ਦੀ ਸ਼੍ਰੇਣੀ ’ਚ ਰੱਖਿਆ ਜਾ ਸਕਦਾ ਹੈ। ਇਨ੍ਹਾਂ ਵਿਚ ਇਹ ਸਮਰੱਥਾ ਹੁੰਦੀ ਹੈ ਕਿ ਉਹ ਕਿਸੇ ਇਕਾਂਤ ਸਥਾਨ ਨੂੰ ‘ਝੁੰਡ’ ਵਰਗੇ ਸਥਾਨ ’ਚ ਬਦਲ ਦੇਣ, ਜਿੱਥੇ ਉਨ੍ਹਾਂ ਦੇ ਸਮੂਹ ਆਸਮਾਨ ਵਿਚ ਛਾ ਜਾਣ, ਜ਼ਮੀਨ ਉੱਤੇ ਲੁੱਟ ਮਚਾ ਦੇਣ ਤੇ ਉੱਥੇ ਰਹਿਣ ਵਾਲਿਆਂ ਲਈ ਪ੍ਰੇਸ਼ਾਨੀ ਖੜ੍ਹੀ ਕਰ ਦੇਣ।
ਸਾਰੀਆਂ ਟਿੱਡੀਆਂ ’ਚੋਂ ਮਾਰੂਥਲ ਦੀਆਂ ਟਿੱਡੀਆਂ ਸਭ ਤੋਂ ਵੱਧ ਤਬਾਹਕੁੰਨ ਹੁੰਦੀਆਂ ਹਨ। ਇਨ੍ਹਾਂ ਦੀ ਮਾਤਰਾ ਵਿਚ ਵਾਧਾ ਕੋਈ ਨਵੀਂ ਚੀਜ਼ ਨਹੀਂ ਹੈ। ਮਾਰਥੂਲ ਦੇ ਟਿੱਡੀ ਦਲਾਂ ਦਾ ਖਰੂਦ ਧਰਤੀ ਦੇ 20 ਫ਼ੀਸਦੀ ਹਿੱਸੇ ਨੂੰ ਪ੍ਰਭਾਵਿਤ ਕਰ ਸਕਦਾ ਹੈ, ਦੁਨੀਆ ਦੀ ਆਬਾਦੀ ਦੇ 10ਵੇਂ ਹਿੱਸੇ ਦੀ ਉਪਜੀਵਕਾ ਨੂੰ ਖ਼ਤਰਨਾਕ ਢੰਗ ਨਾਲ ਨਸ਼ਟ ਕਰ ਸਕਦਾ ਹੈ ਅਤੇ ਅਨਾਜ ਸੁਰੱਖਿਆ ਨੂੰ ਗੰਭੀਰ ਰੂਪ ਵਿਚ ਪ੍ਰਭਾਵਿਤ ਕਰ ਸਕਦਾ ਹੈ।
ਟਿੱਡੀ ਦਲ ਸੰਘਣੇ ਤੇ ਤੇਜ਼ ਰਫ਼ਤਾਰ ਨਾਲ ਸਥਾਨ–ਪਰਿਵਰਤਨ ਕਰਨ ਵਾਲੇ ਹੋ ਸਕਦੇ ਹਨ ਅਤੇ ਹਵਾ ਦਾ ਰੁਖ਼ ਅਨੁਕੂਲ ਹੋਵੇ, ਤਾਂ ਇਕ ਦਿਨ ਵਿਚ 150 ਕਿਲੋਮੀਟਰ ਤੱਕ ਦੀ ਉਡਾਣ ਭਰ ਸਕਦੇ ਹਨ। ਇਹ ਦਲ ਵੱਡੀ ਮਾਤਰਾ ਵਿਚ ਵਨਸਪਤੀ ਤੇ ਫ਼ਸਲਾਂ ਦਾ ਸਫ਼ਾਇਆ ਕਰ ਸਕਦੇ ਹਨ। ਟਿੱਡੀ ਦਲ 1 ਵਰਗ ਕਿਲੋਮੀਟਰ ਤੋਂ ਵੀ ਘੱਟ ਸਥਾਨ ਤੋਂ ਲੈ ਕੇ 1,000 ਵਰਗ ਕਿਲੋਮੀਟਰ ਤੋਂ ਵੀ ਵੱਧ ਸਥਾਨ ਤੱਕ ਫੈਲਿਆ ਹੋ ਸਕਦਾ ਹੈ। ਹਰੇਕ ਵਰਗ ਕਿਲੋਮੀਟਰ ’ਚ ਪਾਏ ਜਾਣ ਵਾਲੇ ਟਿੱਡੀ ਦਲ ’ਚ 4 ਕਰੋੜ ਤੋਂ ਲੈ ਕੇ ਕੁਝ ਸਥਿਤੀਆਂ ਵਿਚ 8 ਕਰੋੜ ਤੱਕ ਬਾਲਗ਼ ਟਿੱਡੀਆਂ ਹੋ ਸਕਦੀਆਂ ਹਨ। ਹਰੇਕ ਟਿੱਡੀ ਰੋਜ਼ਾਨਾ ਮੋਟੇ ਤੌਰ ’ਤੇ ਆਪਣੇ ਵਜ਼ਨ ਦੇ ਬਰਾਬਰ (ਲਗਭਗ 2 ਗ੍ਰਾਮ) ਵਨਸਪਤੀ ਦਾ ਸਫ਼ਾਇਆ ਕਰ ਸਕਦੀ ਹੈ।
ਮਾਰੂਥਲ ਦੀਆਂ ਟਿੱਡੀਆਂ ਕਦੇ–ਕਦੇ ਪ੍ਰਜਣਨ ਲਈ ਭਾਰਤ ਦੇ ਰੇਗਿਸਤਾਨੀ ਇਲਾਕਿਆਂ ਵੱਲ ਚਲੀਆਂ ਜਾਂਦੀਆਂ ਹਨ। ਭਾਰਤ ਦਾ ਅਨੁਸੂਚਿਤ ਰੇਗਿਸਤਾਨੀ ਖੇਤਰ 2 ਲੱਖ ਵਰਗ ਕਿਲੋਮੀਟਰ ਤੋਂ ਵੱਧ ਹੈ ਅਤੇ ਰਾਜਸਥਾਨ ਤੇ ਗੁਜਰਾਤ ਦੇ ਕੁਝ ਹਿੱਸਿਆਂ ਵਿਚ ਫੈਲਿਆ ਹੋਇਆ ਹੈ। ਸਾਲ 2019–20 ਦੌਰਾਨ, 26 ਸਾਲਾਂ ਦੇ ਵਕਫ਼ੇ ਤੋਂ ਬਾਅਦ, ਭਾਰਤ ਉੱਤੇ ਟਿੱਡੀ ਦਲ ਦਾ ਇਕ ਵੱਡਾ ਹਮਲਾ ਹੋਇਆ, ਜਿਸ ਉੱਤੇ 22 ਮਈ, 2019 ਤੋਂ 17 ਫ਼ਰਵਰੀ, 2020 ਤੱਕ ਰਿਕਾਰਡ ਖੇਤਰ ’ਚ ਇਲਾਜ ਕਰ ਕੇ ਸਫ਼ਲਤਾਪੂਰਵਕ ਕਾਬੂ ਪਾ ਲਿਆ ਗਿਆ। ਕਾਬੂ ਪਾਉਣ ਦੀ ਇਸ ਕਾਰਵਾਈ ਨੂੰ ਐੱਫ਼. ਏ. ਓ. ਦਾ ਸਮਰਥਨ ਵੀ ਹਾਸਲ ਹੋਇਆ, ਜਦੋਂ ਟਿੱਡੀਆਂ ਬਾਰੇ ਉਨ੍ਹਾਂ ਦੇ ਸੀਨੀਅਰ ਪੂਰਵ–ਅਨੁਮਾਨ ਅਧਿਕਾਰੀ ਸ਼੍ਰੀ ਕੀਥ ਕ੍ਰੈਸਮੇਨ ਨੇ 16–17 ਜਨਵਰੀ, 2020 ਨੂੰ ਆਪਣੀ ਭਾਰਤ ਯਾਤਰਾ ਮੌਕੇ ਭਾਰਤ ਦੇ ਯਤਨਾਂ ਦੀ ਸ਼ਲਾਘਾ ਕੀਤੀ।
10 ਭਾਰਤੀ ਰਾਜਾਂ ’ਚ ਟਿੱਡੀਆਂ ਦੀ ਇਹ ਨਾਵਲ ਜਿਹੀ ਯਾਤਰਾ ਸੰਭਾਵੀ ਤੌਰ ’ਤੇ ਇਸ ਤੱਥ ਨਾਲ ਜੁੜੀ ਹੈ ਕਿ ਇਸ ਵਰ੍ਹੇ ਸਰਹੱਦ ਦੇ ਉਸ ਪਾਰ ਪਾਕਿਸਤਾਨ ’ਚ ਪਿਛਲੇ ਸਾਲ ਦੀ ਬੇਰੋਕ ਅਾਬਾਦੀ ਕਾਰਣ ਟਿੱਡੀਆਂ ਬਹੁਤ ਪਹਿਲਾਂ ਆ ਗਈਆਂ। ਇਹ ਅਚਾਨਕ ਹਮਲਾ 11 ਅਪ੍ਰੈਲ ਨੂੰ ਪਹਿਲੀ ਵਾਰ ਦੇਖਿਆ ਗਿਆ, ਜਦੋਂ ਟਿੱਡੀ ਦਲਾਂ ਨੂੰ ਭਾਰਤ ਵਿਚ ਸਰਹੱਦ ਪਾਰ ਕਰ ਕੇ ਦਾਖ਼ਲ ਹੁੰਦਿਆਂ ਦੇਖਿਆ ਗਿਆ ਤੇ ਬਾਅਦ ਵਿਚ, ਨਿੱਕੇ ਗੁਲਾਬੀ ਬਾਲਗ਼ਾਂ ਦੇ ਝੁੰਡ ਆਉਣੇ ਸ਼ੁਰੂ ਹੋ ਗਏ। ਮੁਸੀਬਤ ਵਧਾਉਣ ਵਾਲੀ ਗੱਲ ਇਹ ਰਹੀ ਕਿ ਟਿੱਡੀ ਦਲ ਨੂੰ ਰਾਜਸਥਾਨ ਵਿਚ ਸੁੱਕੀ ਜਲਵਾਯੂ ਤੇ ਵਨਸਪਤੀ ਦੀ ਕਮੀ ਮਿਲੀ ਤੇ ਹਵਾ ਦੀ ਅਨੁਕੂਲ ਰਫ਼ਤਾਰ ਨਾਲ ਉਹ ਹੋਰ ਅੱਗੇ ਵਧ ਗਏ ਅਤੇ ਪੰਜਾਬ, ਮੱਧ ਪ੍ਰਦੇਸ਼, ਮਹਾਰਾਸ਼ਟਰ, ਉੱਤਰ ਪ੍ਰਦੇਸ਼, ਬਿਹਾਰ, ਛੱਤੀਸਗੜ੍ਹ, ਹਰਿਆਣਾ ਤੇ ਇੱਥੋਂ ਤੱਕ ਕਿ ਉੱਤਰਾਖੰਡ (ਦੇ ਕੁਝ ਭਾਗਾਂ) ’ਚ ਵੀ ਫੈਲ ਗਏ।
2020 ਦਾ ਸਾਲ ਟਿੱਡੀਆਂ ਦੇ ਬਦਲੇ ਸੁਭਾਅ ਦੇ ਕਾਰਨ ਖ਼ਾਸ ਤੌਰ ’ਤੇ ਚੁਣੌਤੀ ਬਣਦਾ ਰਿਹਾ ਹੈ।
ਟਿੱਡੀ ਦਲਾਂ ਦੇ ਪਹਿਲੇ ਹਮਲੇ ਦੀ ਰਿਪੋਰਟ ਸਾਹਮਣੇ ਆਉਂਦੇ ਹੀ ਉਪਲਬਧ ਛਿੜਕਾਅ ਨਾਲ ਤੁਰੰਤ ਹੀ ਉਨ੍ਹਾਂ ’ਤੇ ਕਾਬੂ ਦੇ ਤੌਰ-ਤਰੀਕੇ ਅਪਣਾਏ ਗਏ। ਪਿਛਲੇ ਸਾਲ ਦੇ ਫੈਲਾਅ ’ਤੇ ਸਿਰਫ਼ ਫ਼ਰਵਰੀ, 2020 ’ਚ ਹੀ ਕਾਬੂ ਪਾਇਆ ਜਾ ਸਕਿਆ, ਉਹ ਵੀ ਜਦੋਂ ਟਿੱਡੀਆਂ ਨੂੰ ਦੇਖੇ ਜਾਣ ਦਾ ਮਾਮਲਾ ਪਹਿਲੀ ਵਾਰ ਮਈ ਦੇ ਅੰਤ ’ਚ ਧਿਆਨ ਵਿਚ ਆਇਆ। ਇਸ ਪਿਛੋਕੜ ਦੇ ਹੁੰਦੇ ਹੋਏ ਸਮਰੱਥਾ ਵਿਕਾਸ ਅਤੇ ਸ੍ਰੋਤਾਂ ਦਾ ਪਹਿਲਾਂ ਅੰਦਾਜ਼ਾ ਲਗਾਇਆ ਗਿਆ ਅਤੇ ਭਾਰਤ ਸਰਕਾਰ ਨੇ ਇਸ ਬਿਪਤਾ ਤੋਂ ਰਾਹਤ ਦੇ ਲਈ ਵਾਧੂ ਯਤਨ ਕੀਤੇ। ਸ੍ਰੋਤਾਂ ਦੀ ਮਜ਼ਬੂਤੀ, ਜਨਬਲ ਦੀ ਤਾਇਨਾਤੀ, ਜਾਗਰੂਕਤਾ ਨਿਰਮਾਣ, ਸਮਰੱਥਾ ਨਿਰਮਾਣ ਸਮੇਂ ਸਿਰ ਕੀਤਾ ਗਿਆ ਅਤੇ ਇਨ੍ਹਾਂ ਸਭ ’ਤੇ ਧਿਆਨ ਦੇਣ ਦੇ ਨਾਲ-ਨਾਲ ਰਣਨੀਤਕ ਯੋਜਨਾ ਨੂੰ ਬਣਾਉਣ ਅਤੇ ਉੱਚ ਪੱਧਰੀ ਨਿਗਰਾਨੀ ਕਰਨ ਦਾ ਪ੍ਰਬੰਧ ਕੀਤਾ ਗਿਆ। ਸਹਿਯੋਗੀ ਕੰਟਰੋਲ ’ਤੇ ਜ਼ੋਰ ਦਿੱਤਾ ਗਿਆ ਜਦਕਿ ਰਾਜਾਂ ਨੂੰ ਸ੍ਰੋਤਾਂ ਅਤੇ ਗਿਆਨ ਦੇ ਪੱਧਰ ’ਤੇ ਸਹਾਇਤਾ ਪਹੁੰਚਾ ਕੇ ਉਨ੍ਹਾਂ ਦਾ ਸ਼ਸ਼ਕਤੀਕਰਨ ਕੀਤਾ ਗਿਆ। ਰਾਜਾਂ ਨੂੰ ਆਰ. ਕੇ. ਵੀ. ਵਾਈ. ਅਤੇ ਐੱਸ. ਐੱਮ. ਏ. ਐੱਮ. ਯੋਜਨਾਵਾਂ ਦੇ ਅਧੀਨ ਸਹਾਇਤਾ ਦਿੱਤੀ ਗਈ। ਕੇਂਦਰੀ ਆਈ. ਪੀ. ਐੱਮ. ਟਿੱਡੀਆਂ ’ਤੇ ਕਾਬੂ ਕਰਨ ’ਚ ਕੇਂਦਰ-ਰਾਜ ਸਰਕਾਰਾਂ ਦੇ ਕਰਮਚਾਰੀਆਂ ਅਤੇ ਅਧਿਕਾਰੀਆਂ ਦੀ ਸਮਰੱਥਾ ’ਚ ਵਾਧੇ ਦਾ ਬੀੜਾ ਚੁੱਕਿਆ ਹੋਇਆ ਹੈ। ਰਾਜ ਸਰਕਾਰਾਂ ਨੇ ਪੂਰੀ ਤਰ੍ਹਾਂ ਸਾਥ ਦਿੱਤਾ ਹੈ ਅਤੇ ਉਹ ਆਪਣੇ ਪਿਛਲੇ ਅਨੁਭਵ ਦੀ ਵਰਤੋਂ ਵੀ ਕਰ ਰਹੀਆਂ ਹਨ, ਨਾਲ ਹੀ ਉਨ੍ਹਾਂ ਨੇ ਵਾਧੂ ਸ੍ਰੋਤਾਂ ਦੀ ਤਾਇਨਾਤੀ ਕੀਤੀ ਹੈ, ਖ਼ਾਸ ਤੌਰ ’ਤੇ ਟਰੈਕਟਰ ’ਤੇ ਲੱਗੇ ਛਿੜਕਾਅ ਉਪਕਰਣਾਂ ਅਤੇ ਅੱਗ ਬੁਝਾਊ ਵਾਹਨਾਂ ਦੀ।
ਭਾਰਤ ਸਰਕਾਰ ਨੇ ਬ੍ਰਿਟੇਨ ਤੋਂ 60 ਛਿੜਕਾਅ ਉਪਕਰਣਾਂ ਦੀ ਦਰਾਮਦ ਵੀ ਕੀਤੀ ਹੈ, ਇਸ ਤਰ੍ਹਾਂ ਐੱਲ. ਡਬਲਿਊ. ਓ. ਦੀ ਸੂਚੀ ਨੂੰ 104 ’ਤੇ ਪਹੁੰਚਾਇਆ ਹੈ। 55 ਵਾਹਨਾਂ ਨੂੰ ਅਕੁਅਾਇਰ ਕੀਤਾ ਗਿਆ ਹੈ। ਟਿੱਡੀਆਂ ’ਤੇ ਕੰਟਰੋਲ ਦੇ ਲਈ ਕੇਂਦਰ ਸਰਕਾਰ ਦੇ 200 ਕਰਮਚਾਰੀਆਂ ਨੂੰ ਲਗਾਇਆ ਗਿਆ ਹੈ ਜੋ ਦਿਨ-ਰਾਤ ਇਸ ਬਿਪਤਾ ਨਾਲ, ਇੱਥੇ ਤੱਕ ਕਿ ਇਸ ਬੇਹੱਦ ਅੌਖੇ ਕੋਵਿਡ-19 ਦੀਆਂ ਚੁਣੌਤੀਆਂ ’ਚ ਵੀ ਲੜ ਰਹੇ ਹਨ। ਸਾਰੇ ਸਬੰਧਤ ਰਾਜ ਪ੍ਰਸ਼ਾਸਨਾਂ ਅਤੇ ਖੇਤੀਬਾੜੀ ਵਿਭਾਗ ਨਾਲ ਲਗਾਤਾਰ ਗੱਲਬਾਤ ਜਾਰੀ ਹੈ। ਸਮੇਂ ਅਨੁਸਾਰ ਅਤੇ ਤੀਬਰ ਸੰਵਾਦ ਲਈ ਅਤੇ ਜਾਣਕਾਰੀ ਨੂੰ ਸਾਂਝਾ ਕਰਨ, ਸਾਰੇ ਹਿੱਤਧਾਰਕਾਂ ਦਰਮਿਆਨ ਦਿਸ਼ਾ-ਨਿਰਦੇਸ਼ ਅਤੇ ਜਗ੍ਹਾ ਸਾਂਝੀ ਕਰਨ ਲਈ ਵ੍ਹਟਸਐਪ ਗਰੁੱਪ ਬਣਾਏ ਗਏ ਹਨ।
ਟਿੱਡੀਆਂ ਉੱਚੇ ਦਰੱਖਤਾਂ ਉੱਤੇ ਬੈਠਣ ਨੂੰ ਤਰਜੀਹ ਦੇ ਰਹੀਆਂ ਹਨ, ਇਸ ਤਰ੍ਹਾਂ ਉਪਲਬਧ ਛਿੜਕਾਅ ਉਪਕਰਣਾਂ, ਜਿਨ੍ਹਾਂ ਨੂੰ ਜ਼ਮੀਨ ’ਤੇ ਜਾਂ ਇਕ ਨਿਸ਼ਚਿਤ ਉਚਾਈ ’ਤੇ ਛਿੜਕਾਅ ਦੇ ਨਜ਼ਰੀਏ ਨਾਲ ਬਣਾਇਆ ਗਿਆ ਹੈ, ਦੇ ਮਾਧਿਅਮ ਨਾਲ ਕਾਬੂ ਦੀ ਪ੍ਰਕਿਰਿਆ ਵਿਚ ਮੁਸ਼ਕਲ ਆ ਰਹੀ ਹੈ। ਭਾਰਤ ਸਰਕਾਰ ਨੇ ਟਿੱਡੀਆਂ ’ਤੇ ਕਾਬੂ ਪਾਉਣ ਲਈ ਡ੍ਰੋਨ ਜਹਾਜ਼ਾਂ ਦੀ ਵਰਤੋਂ ਕਰਕੇ ਇਕ ਹੋਰ ਪ੍ਰਾਪਤੀ ਹਾਸਲ ਕੀਤੀ ਹੈ। ਸ਼ਹਿਰੀ ਹਵਾਬਾਜ਼ੀ ਮੰਤਰਾਲੇ ਅਤੇ ਡੀ. ਜੀ. ਸੀ. ਏ. ਦੇ ਸਹਿਯੋਗ ਨਾਲ ਰਿਕਾਰਡ ਸਮੇਂ ’ਚ ਜ਼ਰੂਰੀ ਇਜਾਜ਼ਤ, ਪ੍ਰੋਟੋਕੋਲ ਅਤੇ ਸੰਚਾਲਨ ਦੇ ਮਿਆਰੀ ਸੰਚਾਲਨ ਪ੍ਰਕਿਰਿਆ (ਐੱਸ.ਓ.ਪੀ.) ਨੂੰ ਨਿਰਧਾਰਿਤ ਕੀਤਾ ਗਿਆ ਹੈ। ਮੌਜੂਦਾ ਸਮੇਂ ’ਚ ਟਿੱਡੀਆਂ ’ਤੇ ਕਾਬੂ ਪਾਉਣ ਲਈ 15 ਡ੍ਰੋਨ ਜਹਾਜ਼ਾਂ ਦੀ ਤਾਇਨਾਤੀ ਕੀਤੀ ਗਈ ਹੈ। ਇਸ ਤੋਂ ਇਲਾਵਾ, ਅਾਸਮਾਨੀ ਛਿੜਕਾਅ ਸਮਰੱਥਾਵਾਂ ਨੂੰ ਬਿਹਤਰ ਬਣਾਇਆ ਜਾ ਰਿਹਾ ਹੈ। ਬ੍ਰਿਟੇਨ ਦੀ ਕੰਪਨੀ ਤੋਂ ਮਾਰੂਥਲੀ ਟਿੱਡੀਆਂ ’ਤੇ ਲਗਾਮ ਦੇ ਲਈ ਭਾਰਤੀ ਹਵਾਈ ਫੌਜ ਦੇ ਹੈਲੀਕਾਪਟਰਾਂ ’ਚ ਲਗਾਉਣ ਲਈ ਜੀ. ਪੀ. ਐੱਸ. ਟਰੈਕਰ ਲੱਗੇ 5 ਸੀ. ਡੀ. ਓਟੋਮਾਈਜ਼ਰ ਕਿੱਟ ਲਏ ਗਏ ਹਨ। ਇਸ ਦਰਮਿਆਨ ਰਾਜਸਥਾਨ ’ਚ ਅਨੁਸੂਚਿਤ ਮਾਰੂ ਖੇਤਰ ਵਿਚ ਵਰਤੋਂ ਲਈ ਇਕ ਬੇਲ 206-ਬੀ 3 ਹੈਲੀਕਾਪਟਰ ਦੀ ਤਾਇਨਾਤੀ ਕੀਤੀ ਗਈ ਹੈ। ਭਾਰਤੀ ਹਵਾਈ ਫੌਜ ਵੀ ਟਿੱਡੀ ਰੋਕੂ ਕਾਰਵਾਈ ਵਿਚ ਐੱਮ. ਆਈ-17 ਹੈਲੀਕਾਪਟਰ ਦਾ ਟ੍ਰਾਇਲ ਕਰ ਰਹੀ ਹੈ, ਜਿਸ ਨੂੰ ਹਵਾਈ ਫੌਜ ਦੁਆਰਾ ਪ੍ਰਭਾਵਿਤ ਸਥਾਨਾਂ ’ਤੇ ਰਸਾਇਣਾਂ ਦੇ ਛਿੜਕਾਅ ਲਈ ਖ਼ਾਸ ਤੌਰ ’ਤੇ ਤਿਆਰ ਕੀਤਾ ਗਿਆ ਹੈ। ਇਸਦੇ ਨਤੀਜੇ ਉਤਸ਼ਾਹ ਭਰਪੂਰ ਹਨ।
ਗ੍ਰਹਿ ਮੰਤਰਾਲੇ ਨੇ ਵੀ ਆਪਣੇ ਵੱਲੋਂ ਸਹਾਇਤਾ ਦੀ ਪੇਸ਼ਕਸ਼ ਕੀਤੀ ਹੈ, ਜਿਸ ਵਿਚ ਵਾਹਨਾਂ ਨੂੰ ਕਿਰਾਏ ’ਤੇ ਲੈਣ ਦੀ ਸਵੀਕਾਰਤਾ, ਕੀੜਿਆਂ ’ਤੇ ਕਾਬੂ ਲਈ ਫ਼ਸਲਾਂ ਦੀ ਸੁਰੱਖਿਆ ਵਾਲੇ ਰਸਾਇਣਾਂ ਦੇ ਛਿੜਕਾਅ ਲਈ ਉਪਕਰਣ ਲੱਗੇ ਟਰੈਕਟਰਾਂ ਨੂੰ ਕਿਰਾਏ ’ਤੇ ਲੈਣਾ; ਪਾਣੀ ਦੇ ਟੈਂਕਰਾਂ ਨੂੰ ਕਿਰਾਏ ’ਤੇ ਲੈਣਾ ਅਤੇ ਰਾਜ ਆਪਦਾ ਰਾਹਤ ਫ਼ੰਡ ਅਤੇ ਰਾਸ਼ਟਰੀ ਆਪਦਾ ਰਾਹਤ ਫ਼ੰਡ ਦੇ ਅਧੀਨ ਪ੍ਰਦਾਨ ਕੀਤੀ ਜਾਣ ਵਾਲੀ ਸਹਾਇਤਾ ਦੇ ਨਵੇਂ ਨਿਯਮਾਂ ਦੇ ਤਹਿਤ ਟਿੱਡੀਆਂ ’ਤੇ ਕਾਬੂ ਪਾਉਣ ਲਈ ਫ਼ਸਲ ਸੁਰੱਖਿਆ ਰਸਾਇਣਾਂ ਦੀ ਖ਼ਰੀਦ ਸ਼ਾਮਲ ਹੈ। ਇਸ ਕਦਮ ਨੇ ਟਿੱਡੀ ਰੋਧੀ ਕਾਰਵਾਈ ਵਿਚ ਰਾਜ ਸਰਕਾਰਾਂ ਨੂੰ ਵਧੇਰੇ ਸਹਾਇਤਾ ਕੀਤੀ ਹੈ।
ਵੱਖ-ਵੱਖ ਪੱਧਰਾਂ ’ਤੇ ਸਮੀਖਿਆ ਬੈਠਕਾਂ ਕੀਤੀਆਂ ਗਈਆਂ ਹਨ (ਮਾਣਯੋਗ ਖੇਤੀਬਾੜੀ ਮੰਤਰੀ, ਕੈਬਨਿਟ ਸਕੱਤਰ, ਸਕੱਤਰ-ਖੇਤੀਬਾੜੀ ਸਹਿਕਾਰਤਾ, ਕਿਸਾਨ ਭਲਾਈ ਵਿਭਾਗ, ਸੰਯੁਕਤ ਸਕੱਤਰ-ਪੀ. ਪੀ.), ਵੱਖ-ਵੱਖ ਸਰਕਾਰਾਂ ਨਾਲ ਕਈ ਵੀਡੀਓ ਕਾਨਫਰੰਸਾਂ ਆਯੋਜਤ ਕੀਤੀਆਂ ਗਈਆਂ ਹਨ ਅਤੇ ਟਿੱਡੀਆਂ ਨੂੰ ਕੰਟਰੋਲ ਕਰਨ ਦੀਆਂ ਤਿਆਰੀਆਂ ਦੀ ਨਿਰੰਤਰ ਸਮੀਖਿਆ ਕੀਤੀ ਜਾ ਰਹੀ ਹੈ। ਜਾਗਰੂਕਤਾ/ਸਿਖਲਾਈ ਸਾਹਿਤ, ਕਾਰਜ ਦੇ ਆਦਰਸ਼ ਤੌਰ-ਤਰੀਕੇ, ਜਾਗਰੂਕਤਾ ਲਈ ਪ੍ਰਵਾਨਿਤ ਕੀਟਨਾਸ਼ਕਾਂ ਦੀ ਸੂਚੀ ਅਤੇ ਵੀਡਿਓ ਨੂੰ ਸਾਰੇ ਹਿੱਤਧਾਰਕਾਂ ਨਾਲ ਸਾਂਝਾ ਕੀਤਾ ਗਿਆ ਹੈ ਅਤੇ ਸਾਰੇ ਰਾਜਾਂ ਨੂੰ ਅਪੀਲ ਕੀਤੀ ਗਈ ਹੈ ਕਿ ਆਦਰਸ਼ ਤੌਰ-ਤਰੀਕਿਆਂ ਰਾਹੀਂ ਟਿੱਡੀਆਂ ਨੂੰ ਕੰਟਰੋਲ ਕਰਨ ਦੀ ਤਿਆਰੀ ਕੀਤੀ ਜਾਵੇ।
ਦੱਖਣੀ-ਪੱਛਮੀ ਦੇਸ਼ਾਂ (ਅਫ਼ਗ਼ਾਨਿਸਤਾਨ, ਭਾਰਤ, ਈਰਾਨ ਅਤੇ ਪਾਕਿਸਤਾਨ) ਦੇ ਤਕਨੀਕੀ ਅਧਿਕਾਰੀਆਂ ਦੀਆਂ ਵਰਚੁਅਲ ਮੀਟਿੰਗਾਂ ਹਫ਼ਤਾਵਾਰੀ ਅਾਧਾਰ ’ਤੇ ਕੀਤੀਆਂ ਗਈਆਂ ਹਨ। ਇਸ ਸਾਲ ਹੁਣ ਤੱਕ 20 ਸਵੈਕ-ਟੌਕ ਮੀਟਿੰਗਾਂ ਹੋ ਚੁੱਕੀਆਂ ਹਨ। ਇਸ ਖੇਤਰ ’ਚ ਟਿੱਡੀ ਕੰਟਰੋਲ ਲਈ ਤਕਨੀਕੀ ਜਾਣਕਾਰੀ ਸਾਂਝੀ ਕੀਤੀ ਗਈ ਹੈ।
ਹੁਣ (6 ਅਗਸਤ 2020) ਤੱਕ ਛੋਟੇ ਅਤੇ ਦਰਮਿਆਨੀ ਟਿੱਡੀ ਦਲ ਅਤੇ 11 ਬਾਲਗ ਦਲ ਭਾਰਤ-ਪਾਕਿ ਸਰਹੱਦੀ ਖੇਤਰ ਤੋਂ ਭਾਰਤ ’ਚ ਦਾਖਲ ਹੋ ਚੁੱਕੇ ਹਨ। ਟਿੱਡੀ ਸਰਕਲ ਦਫ਼ਤਰਾਂ ਨੇ 2,47,346 ਹੈਕਟੇਅਰ ਰਕਬੇ ਵਿਚ ਕੰਟਰੋਲ ਕਾਰਵਾਈ ਕੀਤੀ ਹੈ।
ਰਾਜ ਸਰਕਾਰਾਂ ਵੀ ਸਾਂਝੇ ਤੌਰ ’ਤੇ ਅਤੇ ਨਿੱਜੀ ਤੌਰ ’ਤੇ ਇਨ੍ਹਾਂ ਦਫ਼ਤਰਾਂ ਦੀ ਮਦਦ ਨਾਲ ਟਰੈਕਟਰਾਂ ਰਾਹੀਂ ਸਪਰੇਅ ਕਰਨ ਵਾਲੇ ਯੰਤਰਾਂ, ਅੱਗ ਬੁਝਾਉਣ ਵਾਲੇ ਵਾਹਨਾਂ ਅਤੇ ਹੋਰ ਬੈਗ-ਅਾਧਾਰਿਤ ਸਪਰੇਅ ਉਪਕਰਣਾਂ ਆਦਿ ਰਾਹੀਂ ਖੇਤੀਬਾੜੀ ਸੈਕਟਰ ’ਚ ਛਿੜਕਾਅ ਕਾਰਜ ਕਰ ਰਹੀਆਂ ਹਨ। ਟਿੱਡੀ ਰੋਕੂ ਕਾਰਵਾਈ ਹੁਣ ਤੱਕ 10 ਟਿੱਡੀ ਪ੍ਰਭਾਵਿਤ ਇਲਾਕਿਆਂ ਵਿਚ ਕੁੱਲ 2,49,403 ਹੈਕਟੇਅਰ ਰਕਬੇ ਵਿਚ ਕੀਤੀ ਗਈ ਹੈ।
ਸਮੂਹਿਕ ਯਤਨਾਂ ਅਤੇ ਮਾਨਸੂਨ ਦੀ ਵਰਖਾ ਕਾਰਨ ਟਿੱਡੀਆਂ ਸਿਰਫ਼ ਰਾਜਸਥਾਨ ਅਤੇ ਗੁਜਰਾਤ ਦੇ ਕੁਝ ਹਿੱਸਿਆਂ ਵਿਚ ਹੀ ਸੀਮਤ ਰਹਿ ਗਈਆਂ ਹਨ। ਇਨ੍ਹਾਂ ਇਲਾਕਿਆਂ ’ਚ ਟਿੱਡੀਆਂ ਦੇ ਉੱਭਰਨ ਦੀ ਨਿਗਰਾਨੀ ਕੀਤੀ ਜਾ ਰਹੀ ਹੈ। ਰਾਜ ਸਰਕਾਰਾਂ ਦੀ ਸਰਗਰਮ ਭਾਗੀਦਾਰੀ ਨਾਲ, ਸਰਵੇਖਣ ਅਤੇ ਕੰਟਰੋਲ ਨਾਲ ਸਬੰਧਤ ਗਤੀਵਿਧੀਆਂ ਤੇਜ਼ੀ ਨਾਲ ਚੱਲ ਰਹੀਆਂ ਹਨ।
ਟਿੱਡੀ ਕੰਟਰੋਲ ਦਾ ਮੌਜੂਦਾ ਪੜਾਅ ਇਸ ਸੀਜ਼ਨ ਦੇ ਸਿਖਰ ’ਤੇ ਸਤੰਬਰ-ਅਕਤੂਬਰ ਤੱਕ ਹੋਵੇਗਾ। ਭਾਰਤ ਟਿੱਡੀਆਂ ਦੇ ਪ੍ਰਜਣਨ ’ਤੇ ਰੋਕ ਲਗਾਉਣ ਅਤੇ ਉੱਭਰ ਰਹੀਆਂ ਟਿੱਡੀਆਂ ’ਤੇ ਪ੍ਰਭਾਵਸ਼ਾਲੀ ਅਤੇ ਅਸਰਦਾਇਕ ਲਗਾਮ ਲਗਾਉਣ ਪ੍ਰਤੀ ਭਰੋਸੇਮੰਦ ਹੈ, ਹਾਲਾਂਕਿ ਚੁਣੌਤੀ ਅਜੇ ਖਤਮ ਨਹੀਂ ਹੋਈ। ਪਿਛਲੇ ਸਾਲ ਦੇ ਅਨੁਭਵ ਨੂੰ ਤਸੱਲੀਬਖਸ਼ ਨਹੀਂ ਕਿਹਾ ਜਾ ਸਕਦਾ ਕਿਉਂਕਿ ਪਾਕਿਸਤਾਨ ਵਿਚਲੀ ਟਿੱਡੀਆਂ ਦੀ ਬਕਾਇਆ ਗਿਣਤੀ ਭਾਰਤ ’ਚ ਹਮਲੇ ਕਰਦੀ ਰਹਿੰਦੀ ਹੈ ਅਤੇ ਇਸ ਤਰ੍ਹਾਂ ਹਾੜ੍ਹੀ ਦੀ ਫਸਲ ਦੀ ਸੰਭਾਵਨਾ ’ਤੇ ਪ੍ਰਤੀਕੂਲ ਪ੍ਰਭਾਵ ਪੈਂਦਾ ਹੈ ਅਤੇ ਨਤੀਜੇ ਵਜੋਂ ਭਾਰਤ ਨੇ ਟਿੱਡੀਆਂ ’ਤੇ ਕੰਟਰੋਲ ਕਰਨ ਬਾਰੇ ਫਰਵਰੀ 2020 ਤੱਕ ਬਹੁਤ ਲੰਬੇ ਸਮੇਂ ਦਾ ਅਨੁਭਵ ਲਿਆ ਹੈ।
ਟਿੱਡੀਆਂ ਸਰਹੱਦ ਪਾਰ ਜਾਣ ਵਾਲੇ ਕੀੜੇ ਹਨ ਅਤੇ ਇਨ੍ਹਾਂ ਸਬੰਧੀ ਭਾਰਤ-ਪਾਕਿ ਸਰਹੱਦ ਦੇ ਦੋਵਾਂ ਪਾਸਿਆਂ ’ਤੇ ਪ੍ਰਭਾਵਸ਼ਾਲੀ ਅਤੇ ਠੋਸ ਯਤਨਾਂ ਦੀ ਲੋੜ ਹੈ। ਜੇ ਸਰਹੱਦ ਦੇ ਦੂਜੇ ਪਾਸੇ ਕੰਟਰੋਲ ਉਪਾਅ ਪ੍ਰਭਾਵਸ਼ਾਲੀ ਨਹੀਂ ਹੁੰਦੇ ਤਾਂ ਭਾਰਤ ਨੂੰ ਨੁਕਸਾਨ ਹੋਵੇਗਾ। ਆਉਣ ਵਾਲੇ ਹਫ਼ਤਿਆਂ ’ਚ ਸਥਿਤੀ ਦਾ ਪਤਾ ਲੱਗ ਜਾਵੇਗਾ।
ਹਾਲਾਂਕਿ, ਟਿੱਡੀਆਂ ਦਾ ਇਹ ਦੋ ਸਾਲਾਂ ਦਾ ਸਮਾਂ ਸਾਡੇ ਲਈ ਬਹੁਤ ਸਾਰੇ ਮੋਰਚਿਆਂ ’ਤੇ ਮਦਦਗਾਰ ਰਿਹਾ ਹੈ-ਗਿਆਨ, ਸ੍ਰੋਤਾਂ, ਸਮਰੱਥਾ ਨਿਰਮਾਣ, ਸਹਿਯੋਗ ਅਤੇ ਪ੍ਰਬੰਧਨ ਦੇ ਰੂਪ ’ਚ; ਇਸ ਦੇ ਨਾਲ ਹੀ ਇਹ ਸਾਰੇ ਹਿੱਤਧਾਰਕਾਂ ਨੂੰ ਟਿੱਡੀ ਕੰਟਰੋਲ ਦੀ ਸੂਖਮਤਾ ਨੂੰ ਸਮਝਣ ਦੇ ਯੋਗ ਬਣਾਉਣ ਵਿਚ ਮਦਦਗਾਰ ਵੀ ਰਿਹਾ ਹੈ।
ਜਦੋਂ ਇਸ ਮੌਸਮ ਵਿਚ ਟਿੱਡੀਆਂ ਉੱਤੇ ਪੂਰੀ ਤਰ੍ਹਾਂ ਕੰਟਰੋਲ ਪਾ ਲਿਆ ਜਾਏਗਾ ਤਾਂ ਇਹ ਉਚਿਤ ਹੋਵੇਗਾ ਕਿ ਐੱਲ. ਡਬਲਿਊ. ਓ. ਸੰਸਥਾ ਦੁਆਰਾ ਮੁੜ ਮੁਲਾਂਕਣ ਕੀਤਾ ਜਾਵੇ ਕਿਉਂਕਿ ਟਿੱਡੀਆਂ ਦੀ ਵਿਸ਼ੇਸ਼ਤਾ ਹੈ ਕਿ ਉਨ੍ਹਾਂ ਦੀ ਗਤੀਵਿਧੀ ਇਕ-ਦੋ ਸਾਲ ਤੱਕ ਵਧੇਰੇ ਦੇਖੀ ਜਾਂਦੀ ਹੈ ਅਤੇ ਇਸ ਤੋਂ ਬਾਅਦ ਲੰਬੇ ਸਮੇਂ ਤੱਕ ਕੋਈ ਅਸਰ ਨਜ਼ਰੀਂ ਨਹੀਂ ਆਉਂਦਾ। ਇਸ ਤੋਂ ਇਲਾਵਾ, ਲੰਬੀ ਸੂਝ-ਸਮਝ ਅਤੇ ਤਿਆਰੀ ਲਈ ਪੂਰੇ ਅਨੁਭਵਾਂ ਬਾਰੇ ਦਸਤਾਵੇਜ਼ ਬਣਾਉਣ ਦੀ ਜ਼ਰੂਰਤ ਹੈ। ਇਹ ਭੌਤਿਕ ਅਤੇ ਮਨੁੱਖੀ ਸ੍ਰੋਤਾਂ ਦੇ ਨਜ਼ਰੀਏ ਤੋਂ ਇਕ ਸਥਾਈ ਹਵਾਲਾ ਦਸਤਾਵੇਜ਼ ਦੇ ਰੂਪ ਵਿਚ ਲਾਭਦਾਇਕ ਹੋ ਸਕਦਾ ਹੈ।
(ਲੇਖਕ ਕ੍ਰਮਵਾਰ ਸੰਯੁਕਤ ਸਕੱਤਰ (ਪੀ. ਪੀ.), ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰਾਲਾ, ਭਾਰਤ ਸਰਕਾਰ) ਅਤੇ ਅਸਿਸਟੈਂਟ ਡਾਇਰੈਕਟਰ, ਡਾਇਰੈਕਟੋਰੇਟ ਆਫ ਪਲਾਂਟ ਪ੍ਰੋਟੈਕਸ਼ਨ, ਕੁਆਰੰਟਾਈਨ ਐਂਡ ਸਟੋਰੇਜ, ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰਾਲਾ, ਭਾਰਤ ਸਰਕਾਰ)
ਲੜਕੀਆਂ ਦੇ ਵਿਆਹ ਦੀ ਘੱਟੋ-ਘੱਟ ਉਮਰ ’ਚ ਵਾਧੇ ਨਾਲ ਬਦਲੇਗੀ ਸੂਰਤ
NEXT STORY