ਸੱਤਾ ਨਾਲ ਜੁੜੇ ਲੋਕਾਂ, ਸਿਆਸਤਦਾਨਾਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਤੋਂ ਆਸ ਕੀਤੀ ਜਾਂਦੀ ਹੈ ਕਿ ਉਹ ਕੋਈ ਵੀ ਕਾਨੂੰਨ ਵਿਰੋਧੀ ਕੰਮ ਨਹੀਂ ਕਰਨਗੇ ਅਤੇ ਆਮ ਲੋਕਾਂ ਦੀਆਂ ਮੁਸ਼ਕਲਾਂ ਨੂੰ ਹੱਲ ਕਰਨ ’ਚ ਮਦਦ ਕਰਨਗੇ ਪਰ ਅਜਿਹਾ ਕਰਨ ਦੀ ਬਜਾਏ ਅੱਜ ਇਨ੍ਹਾਂ ’ਚੋਂ ਕੁਝ ਨੇਤਾ ਅਤੇ ਉਨ੍ਹਾਂ ਦੇ ਸਕੇ-ਸੰਬੰਧੀ ਵੱਡੇ ਪੱਧਰ ’ਤੇ ਧੱਕੇਸ਼ਾਹੀ ਅਤੇ ਗਲਤ ਕੰਮਾਂ ’ਚ ਸ਼ਾਮਲ ਪਾਏ ਜਾ ਰਹੇ ਹਨ, ਜਿਨ੍ਹਾਂ ਦੀਆਂ ਕੁਝ ਤਾਜ਼ਾ ਉਦਾਹਰਣਾਂ ਹੇਠਾਂ ਦਰਜ ਹਨ :
* 12 ਸਤੰਬਰ ਨੂੰ ਜੌਨਪੁਰ (ਉੱਤਰ ਪ੍ਰਦੇਸ਼) ’ਚ ਕਾਂਗਰਸ ਆਗੂ ‘ਮੁਫਤੀ ਮੇਹੰਦੀ’ ਨੂੰ ਆਪਣੇ ਘਰ ’ਚ ਝਾੜੂ-ਪੋਚਾ ਲਾਉਣ ਅਤੇ ਬਰਤਨ ਧੋਣ ਦਾ ਕੰਮ ਕਰਨ ਵਾਲੀ ਨੌਕਰਾਣੀ ਨਾਲ ਜਬਰ-ਜ਼ਨਾਹ ਕਰਨ ਅਤੇ ਉਸ ਦਾ ਵੀਡੀਓ ਬਣਾ ਕੇ ਬਲੈਕਮੇਲ ਕਰਨ ਦੇ ਦੋਸ਼ ’ਚ ਗ੍ਰਿਫਤਾਰ ਕੀਤਾ ਗਿਆ।
* 11 ਅਕਤੂਬਰ ਨੂੰ ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਦਿਗਵਿਜੇ ਸਿੰਘ (ਕਾਂਗਰਸ) ਦੇ ਭਤੀਜੇ ‘ਆਦਿੱਤਿਆ ਵਿਕਰਮ ਸਿੰਘ’ ਦੇ ਵਿਰੁੱਧ ਇਕ ਮਹਿਲਾ ਐੱਸ. ਡੀ. ਓ. ਦੇ ਮੂੰਹ ’ਤੇ ਸਿਗਰੇਟ ਦੇ ਧੂੰਏਂ ਦੇ ਛੱਲੇ ਬਣਾ ਕੇ ਸੁੱਟਣ, ਉਸ ਦਾ ਘਰ ਸਾੜ ਦੇਣ ਦੀ ਧਮਕੀ ਦੇਣ ਅਤੇ ਪੁਲਸ ਵਲੋਂ ਰੋਕਣ ’ਤੇ ਉਸ ਨੂੰ ਧਮਕਾਉਣ ਦੇ ਦੋਸ਼ ’ਚ ਕੇਸ ਦਰਜ ਕੀਤਾ ਗਿਆ ਹੈ। ਆਦਿੱਤਿਆ ਵਿਕਰਮ ਸਿੰਘ ਕਾਂਗਰਸ ਦੇ ਸਾਬਕਾ ਸੰਸਦ ਮੈਂਬਰ ਲਕਸ਼ਮਣ ਸਿੰਘ ਦਾ ਪੁੱਤਰ ਹੈ।
* 12 ਅਕਤੂਬਰ ਨੂੰ ਜਬਲਪੁਰ (ਮੱਧ ਪ੍ਰਦੇਸ਼) ਪੁਲਸ ਨੇ ਸੂਬੇ ਦੇ ਪੰਚਾਇਤ ਮੰਤਰੀ ਪ੍ਰਹਿਲਾਦ ਪਟੇਲ ਦੇ ਪੁੱਤਰ ਪ੍ਰਬਲ ਪਟੇਲ ’ਤੇ ਇਕ ਪੁਲਸ ਅਧਿਕਾਰੀ ਨਾਲ ਬਦਸਲੂਕੀ ਕਰਨ ਅਤੇ ਉਸ ਦੀ ਵਰਦੀ ਉਤਰਵਾ ਦੇਣ ਦੀ ਧਮਕੀ ਦਾ ਦੋਸ਼ ਲੱਗਾ।
* 13 ਅਕਤੂਬਰ ਨੂੰ ਨਾਗਦਾ (ਉੱਜੈਨ, ਮੱਧ ਪ੍ਰਦੇਸ਼) ’ਚ ਕਰਨਾਟਕ ਦੇ ਰਾਜਪਾਲ ਅਤੇ ਸਾਬਕਾ ਕੇਂਦਰੀ ਮੰਤਰੀ ਥਾਵਰ ਚੰਦ ਗਹਿਲੋਤ (ਭਾਜਪਾ) ਦੇ ਪੋਤੇ ਵਿਸ਼ਾਲ ਨੇ ਕਿਸੇ ਗੱਲ ਨੂੰ ਲੈ ਕੇ ਝਗੜਾ ਹੋਣ ’ਤੇ ਇਕ ਮਹਿਲਾ ਪੁਲਸ ਮੁਲਾਜ਼ਮ ਨਾਲ ਬਦਸਲੂਕੀ ਕੀਤੀ ਅਤੇ ਘਟਨਾ ਦਾ ਵੀਡੀਓ ਬਣਾ ਰਹੇ ਪੁਲਸ ਮੁਲਾਜ਼ਮਾਂ ਦਾ ਮੋਬਾਈਲ ਖੋਹਣ ਦੀ ਕੋਸ਼ਿਸ਼ ਕੀਤੀ।
* 18 ਅਕਤੂਬਰ ਨੂੰ ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸ਼ਿੰਦ (ਸ਼ਿਵਸੈਨਾ) ਦੇ ਪੁੱਤਰ ਅਤੇ ਸੰਸਦ ਮੈਂਬਰ ਸ਼੍ਰੀਕਾਂਤ ਸ਼ਿੰਦੇ ਪਾਬੰਦੀ ਦੇ ਬਾਵਜੂਦ ਉੱਜੈਨ ਦੇ ਮਹਾਕਾਲੇਸ਼ਵਰ ਮੰਦਰ ਦੇ ਗਰਭ ਗ੍ਰਹਿ ’ਚ ਦਾਖਲ ਹੋਏ।
* 19 ਅਕਤੂਬਰ ਨੂੰ ਬੈਂਗਲੁਰੂ ਪੁਲਸ ਨੇ ਜਨਤਾ ਦਲ (ਸੈਕੂਲਰ) ਦੇ ਇਕ ਸਾਬਕਾ ਵਿਧਾਇਕ ਡੀ. ਫੂਲ ਸਿੰਘ ਚੌਹਾਨ ਦੀ ਪਤਨੀ ਸੁਨੀਤਾ ਚੌਹਾਨ ਦੀ ਸ਼ਿਕਾਇਤ ’ਤੇ ਮੱਧ ਪ੍ਰਦੇਸ਼ ਦੇ ਪੰਚਾਇਤ ਮੰਤਰੀ ਪ੍ਰਹਿਲਾਦ ਜੋਸ਼ੀ (ਭਾਜਪਾ) ਦੇ ਭਰਾ ਗੋਪਾਲ ਜੋਸ਼ੀ ਨੂੰ ਗ੍ਰਿਫਤਾਰ ਕੀਤਾ। ਸੁਨੀਤਾ ਚੌਹਾਨ ਦਾ ਦੋਸ਼ ਹੈ ਕਿ ਗੋਪਾਲ ਜੋਸ਼ੀ ਨੇ ਮਈ ’ਚ ਹੋਈਆਂ ਲੋਕ ਸਭਾ ਚੋਣਾਂ ’ਚ ਉਨ੍ਹਾਂ ਦੇ ਪਰਿਵਾਰ ਦੇ ਇਕ ਮੈਂਬਰ ਨੂੰ ਭਾਜਪਾ ਦੀ ਟਿਕਟ ਦਿਵਾਉਣ ਦੇ ਬਹਾਨੇ ਉਨ੍ਹਾਂ ਨਾਲ 2 ਕਰੋੜ ਰੁਪਏ ਦੀ ਠੱਗੀ ਮਾਰੀ।
* 20 ਅਕਤੂਬਰ ਨੂੰ ਤ੍ਰਿਸ਼ੂਰ (ਕੇਰਲ) ’ਚ ਮਾਕਪਾ ਵਿਧਾਇਕ ਅਤੇ ਅਭਿਨੇਤਾ ‘ਐੱਮ. ਮਕੇਸ਼’ ਨੂੰ ਇਕ ਅੌਰਤ ਦੇ ਸੈਕਸ ਸ਼ੋਸ਼ਣ ਦੇ ਦੋਸ਼ ’ਚ ਗ੍ਰਿਫਤਾਰ ਕੀਤਾ ਗਿਆ।
* 23 ਅਕਤੂਬਰ ਨੂੰ ਆਗਰਾ ਦੀ ਇਕ ਅਦਾਲਤ ਨੇ ਆਪਣੀ ਪਤਨੀ ‘ਰੋਮਾਨਾ ਪਰਵੀਨ’ ਨੂੰ ਗੁਜ਼ਾਰਾ ਭੱਤੇ ਦੀ ਬਕਾਇਆ ਰਕਮ 5.3 ਲੱਖ ਰੁਪਏ ਨਾ ਦੇਣ ’ਤੇ ਸਪਾ ਸੰਸਦ ਮੈਂਬਰ ‘ਮੋਹਿਬੁੱਲ੍ਹਾ ਨਦਵੀ’ ਦੀ ਜਾਇਦਾਦ ਕੁਰਕ ਕਰਨ ਦੇ ਹੁਕਮ ਦਿੰਦੇ ਹੋਏ ਕਿਹਾ ਕਿ ਹੁਕਮ ਦੀ ਪਾਲਣਾ ਨਾ ਕਰਨ ’ਤੇ ਉਸ ਦੀ ਜਾਇਦਾਦ ਨਿਲਾਮ ਕਰ ਦਿੱਤੀ ਜਾਵੇ।
‘ਮੋਹਿਬੁੱਲ੍ਹਾ ਨਦਵੀ’ ਹੁਣ ਤਕ ਕੁੱਲ 5 ਵਿਆਹ ਕਰ ਚੁੱਕਾ ਹੈ। ਆਪਣੀ ਪਹਿਲੀ ਪਤਨੀ ਦੀ ਮੌਤ ਦੇ ਬਾਅਦ ਉਸ ਨੇ ਵਿਆਹਾਂ ਦੀ ਲਾਈਨ ਲਗਾ ਦਿੱਤੀ। ਦੂਜੀ ਅਤੇ ਤੀਜੀ ਪਤਨੀ ਨਾਲ ਉਸ ਦਾ ਤਲਾਕ ਹੋ ਚੁੱਕਾ ਹੈ। ਚੌਥੀ ਪਤਨੀ ‘ਰੋਮਾਨਾ ਪਰਵੀਨ’ ਨਾਲ ਦਾਜ, ਕੁੱਟਮਾਰ ਅਤੇ ਸ਼ੋਸ਼ਣ ਕਰਨ ਦਾ ਮੁਕੱਦਮਾ ਚੱਲ ਰਿਹਾ ਹੈ ਜਦ ਕਿ ਪੰਜਵੀਂ ਪਤਨੀ ‘ਸਮਰ ਨਾਜ਼’ ਦੇ ਨਾਲ ਉਹ ਦਿੱਲੀ ’ਚ ਰਹਿ ਰਿਹਾ ਹੈ।
* 23 ਅਕਤੂਬਰ ਨੂੰ ਹੀ ਅਮੇਠੀ (ਉੱਤਰ ਪ੍ਰਦੇਸ਼) ’ਚ ਸਪਾ ਦੇ ਜ਼ਿਲਾ ਸਕੱਤਰ ਪ੍ਰਦੀਪ ਕੁਮਾਰ ਅਤੇ ਉਸ ਦੇ ਪਿਤਾ ਸ਼ਿਵ ਪ੍ਰਤਾਪ ਯਾਦਵ ਨੇ ਜ਼ਮੀਨੀ ਝਗੜੇ ਨੂੰ ਲੈ ਕੇ ਇਕ ਸਾਬਕਾ ਗ੍ਰਾਮ ਪ੍ਰਧਾਨ ਅਤੇ ਉਸ ਦੇ ਪੁੱਤਰ ਨੂੰ ਦੌੜਾ-ਦੌੜਾ ਕੇ ਕੁੱਟਿਆ ਅਤੇ ਲਾਇਸੰਸੀ ਰਿਵਾਲਵਰ ਤਾਣ ਕੇ ਜਾਨੋਂ ਮਾਰਨ ਦੀ ਧਮਕੀ ਦਿੱਤੀ।
* 24 ਅਕਤੂਬਰ ਨੂੰ ਬੈਂਗਲੁਰੂ ਦੀ ਇਕ ਅਦਾਲਤ ਨੇ ਬੇਲੇਕੇਰੀ ਬੰਦਰਗਾਹ ਤੋਂ ਲੋਹੇ ਦੀ ਚੋਰੀ ਅਤੇ ਨਾਜਾਇਜ਼ ਬਰਾਮਦ ਦੇ ਇਕ ਪੁਰਾਣੇ ਮਾਮਲੇ ’ਚ ਕਾਂਗਰਸ ਵਿਧਾਇਕ ਸਤੀਸ਼ ਕ੍ਰਿਸ਼ਨਾ ਸੈਲ ਨੂੰ 7 ਸਾਲ ਕੈਦ ਅਤੇ ਜੁਰਮਾਨੇ ਦੀ ਸਜ਼ਾ ਸੁਣਾਈ।
* 26 ਅਕਤੂਬਰ ਨੂੰ ਬੇਤੀਆ (ਬਿਹਾਰ) ’ਚ ਇਕ ਘਰ ’ਚ ਬਿਜਲੀ ਦਾ ਸਮਾਰਟ ਮੀਟਰ ਲਗਾਉਣ ਗਏ ਜੂਨੀਅਰ ਇੰਜੀਨੀਅਰ ਰਾਕੇਸ਼ ਕੁਮਾਰ ਨੂੰ ਕੁੱਟਮਾਰ ਕਰ ਕੇ ਇਕ ਕਮਰੇ ’ਚ ਬੰਦ ਕਰ ਦੇਣ ਦੇ ਦੋਸ਼ ’ਚ ‘ਜਨ ਸੁਰਾਜ ਪਾਰਟੀ’ ਦੇ ਨੇਤਾ ਰਾਜ ਕਿਸ਼ੋਰ ਚੌਧਰੀ ਨੂੰ ਗ੍ਰਿਫਤਾਰ ਕੀਤਾ ਗਿਆ।
ਪ੍ਰਭਾਵਸ਼ਾਲੀ ਲੋਕਾਂ ਵਲੋਂ ਆਪਣੀ ਸ਼ਕਤੀ ਦੀ ਦੁਰਵਰਤੋਂ ਗਲਤ ਪ੍ਰੰਪਰਾ ਨੂੰ ਜਨਮ ਦੇਣ ਵਾਲਾ ਖਤਰਨਾਕ ਰੁਝਾਨ ਹੈ। ਇਨ੍ਹਾਂ ਦੀ ਦੇਖਾ-ਦੇਖੀ ਦੂਜੇ ਨੇਤਾ ਅਤੇ ਉਨ੍ਹਾਂ ਦੇ ਸਕੇ-ਸੰਬੰਧੀ ਵੀ ਕਾਨੂੰਨ ਹੱਥ ’ਚ ਲੈਣਾ ਸ਼ੁਰੂ ਕਰ ਸਕਦੇ ਹਨ ਜਿਸ ਨਾਲ ਆਮ ਜਨਤਾ ਦਾ ਨੁਕਸਾਨ ਹੀ ਹੋਵੇਗਾ।
-ਵਿਜੇ ਕੁਮਾਰ
ਪੋਸਟਰ ਬੁਆਏ ਬਣੇ ਸੁਨੀਲ ਜਾਖੜ
NEXT STORY