ਅੱਪਰ ਬਾਰੀ ਦੁਆਬ ਕੈਨਾਲ (ਯੂ. ਬੀ. ਡੀ. ਸੀ.) ਹਾਈਡਰੋ ਇਲੈਕਟ੍ਰਿਕ ਪ੍ਰਾਜੈਕਟ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦਾ ਲਗਭਗ 52 ਸਾਲ ਪੁਰਾਣਾ ਹਾਈਡਲ ਪ੍ਰਾਜੈਕਟ ਹੈ। ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਪਹਿਲਾਂ ਪੰਜਾਬ ਸਟੇਟ ਇਲੈਕਟ੍ਰੀਸਿਟੀ ਬੋਰਡ ਨੇ ਅੱਠਵੀਂ ਪੰਜ ਸਾਲਾ ਯੋਜਨਾ ਦੇ ਦੌਰਾਨ ਪੰਜਾਬ ਰਾਜ ਵਿਚ ਬਿਜਲੀ ਦੀ ਮੰਗ ਨੂੰ ਪੂਰਾ ਕਰਨ ਲਈ ਉਲੀਕੇ ਪ੍ਰੋਗਰਾਮ ਵਿਚ ਯੂ. ਬੀ. ਡੀ. ਸੀ. ਸਟੇਜ 2 ਦੇ ਬਿਜਲੀ ਘਰ 2 ਅਤੇ 3 ਨੂੰ ਸ਼ਾਮਲ ਕੀਤਾ ਸੀ।
ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਅਧੀਨ ਚੱਲ ਰਿਹਾ ਅੱਪਰ ਬਾਰੀ ਦੁਆਬ ਕੈਨਾਲ (ਯੂ. ਬੀ. ਡੀ. ਸੀ.) ਹਾਈਡਰੋ ਇਲੈਕਟ੍ਰਿਕ ਪ੍ਰਾਜੈਕਟ ਪਠਾਨਕੋਟ ਜ਼ਿਲੇ ਵਿਚ ਮੌਜੂਦ ਹੈ। ਮੇਨ ਅੱਪਰ ਬਾਰੀ ਦੁਆਬ ਕੈਨਾਲ ਦੇ ਸਮਾਨਾਂਤਰ ਉਸਾਰੀ ਗਈ 22.165 ਕਿਲੋਮੀਟਰ ਲੰਬੀ ਯੂ. ਬੀ. ਡੀ. ਸੀ.ਹਾਈਡਲ ਨਹਿਰ ਤੇ ਤਿੰਨ ਪਾਵਰ ਹਾਊਸ ਸਥਿਤ ਹਨ। ਇਨ੍ਹਾਂ ਪਾਵਰ ਹਾਊਸਾਂ ਨੂੰ ਚਲਾਉਣ ਲਈ ਰਣਜੀਤ ਸਾਗਰ ਡੈਮ ਤੋਂ ਰਾਵੀ ਦਰਿਆ ਵਿਚ ਛੱਡੇ ਜਾਂਦੇ ਪਾਣੀ ਨੂੰ ਮਾਧੋਪੁਰ ਹੈੱਡ ਵਰਕਸ ਰਾਹੀਂ ਰੈਗੂਲੇਟ ਕਰਨ ਉਪਰੰਤ ਇਸ ਕੈਨਾਲ ਵਿਚ ਪਹੁੰਚਾਇਆ ਜਾਂਦਾ ਹੈ। ਇਹ ਤਿੰਨ ਪਾਵਰ ਹਾਊਸ ਫਿਰੋਜ਼ਪੁਰ ਕਲਾਂ, ਸੁਜਾਨਪੁਰ ਅਤੇ ਸਰਨਾ ਵਿਖੇ ਮਾਧੋਪੁਰ ਹੈੱਡਵਰਕਸ ਤੋਂ ਕ੍ਰਮਵਾਰ ਲਗਭਗ 4 ,8 ਅਤੇ 12 ਕਿਲੋਮੀਟਰ ਦੀ ਦੂਰੀ ’ਤੇ ਸਥਿਤ ਹਨ । ਹਰ ਪਾਵਰ ਹਾਊਸ ’ਤੇ ਦੋ ਯੂਨਿਟ ਸਟੇਜ 1 ਅਤੇ ਸਟੇਜ 2 ਹਨ। ਸਟੇਜ-1 ਦੇ ਤਿੰਨਾਂ ਯੂਨਿਟਾਂ ਦੀ ਉਸਾਰੀ ਸਾਲ 1971-73 ਦੌਰਾਨ ਅਤੇ ਸਟੇਜ 2 ਯੂਨਿਟਾਂ ਦੀ ਉਸਾਰੀ ਸਾਲ 1989-92 ਵਿਚ ਕੀਤੀ ਗਈ ਸੀ। ਸਟੇਜ-1 ਦੇ ਹਰੇਕ ਯੂਨਿਟ ਦੀ ਬਿਜਲੀ ਦੀ ਪੈਦਾਵਾਰ ਕਰਨ ਦੀ ਸਮਰੱਥਾ 15 ਮੈਗਾਵਾਟ ਹੈ ਅਤੇ ਸਟੇਜ-2 ਹਰੇਕ ਯੂਨਿਟ ਦੀ ਬਿਜਲੀ ਦੀ ਪੈਦਾਵਾਰ ਕਰਨ ਦੀ ਸਮਰੱਥਾ 15.45 ਮੈਗਾਵਾਟ ਹੈ। ਇਸ ਤਰ੍ਹਾਂ ਇਸ ਪ੍ਰਾਜੈਕਟ ਦੀ ਕੁਲ ਸਮਰੱਥਾ 91.35 ਮੈਗਾਵਾਟ ਹੈ।
ਇਸ ਪ੍ਰਾਜੈਕਟ ਦੀ ਸਟੇਜ 1 ਦੇ ਪਹਿਲੇ ਯੂਨਿਟ ਦਾ 30 ਅਗਸਤ, 1971 ਨੂੰ, ਦੂਜੇ ਯੂਨਿਟ ਦਾ 24 ਮਈ ,1972 ਨੂੰ ਅਤੇ ਤੀਸਰੇ ਯੂਨਿਟ ਦਾ 12 ਅਪ੍ਰੈਲ,1973 ਨੂੰ ਬਿਜਲੀ ਦਾ ਉਤਪਾਦਨ ਸ਼ੁਰੂ ਕਰ ਦਿੱਤਾ ਸੀ। ਇਸ ਪ੍ਰਾਜੈਕਟ ਦੀ ਸਟੇਜ 2 ਦੇ ਪਹਿਲੇ ਯੂਨਿਟ ਨੇ 6 ਅਗਸਤ, 1989 ਨੂੰ, ਦੂਜੇ ਯੂਨਿਟ ਨੇ 26 ਮਈ ,1991 ਨੂੰ ਅਤੇ ਤੀਸਰੇ ਯੂਨਿਟ ਨੇ 1 ਜਨਵਰੀ,1992 ਨੂੰ ਬਿਜਲੀ ਦਾ ਉਤਪਾਦਨ ਸ਼ੁਰੂ ਕਰ ਦਿੱਤਾ ਸੀ। ਪਾਵਰ ਪਲਾਂਟਾਂ ਵਿਚ ਵਰਟੀਕਲ ਸ਼ਾਫਟ ਕੈਪਲਨ ਟਰਬਾਈਨਾਂ ਲੱਗੀਆਂ ਹੋਈਆਂ ਹਨ। ਇਥੇ ਏ. ਈ. ਆਈ.(ਯੂ. ਕੇ.) ਅਤੇ ਬੀ.ਐੱਚ. ਈ. ਐੱਲ.ਦੇ ਜਨਰੇਟਰ ਲੱਗੇ ਹੋਏ ਹਨ।
ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਉਪ ਮੁੱਖ ਇੰਜੀਨੀਅਰ,ਯੂ. ਬੀ. ਡੀ. ਸੀ. ਪ੍ਰਾਜੈਕਟਜ਼, ਮਲਿਕਪੁਰ ਇੰਜੀ. ਸੁਰਿੰਦਰ ਬੈਂਸ ਅਨੁਸਾਰ ਇਹ ਪ੍ਰਾਜੈਕਟ ਪੰਜਾਬ ਦਾ ਚਲਦੀ ਨਹਿਰ ’ਤੇ ਸਥਾਪਿਤ ਸਭ ਤੋਂ ਪਹਿਲਾ ਅਤੇ ਮਹੱਤਵਪੂਰਨ ਹਾਈਡ੍ਰੋ ਪਾਵਰ ਪਲਾਂਟ ਹੈ, ਜੋ ਪੰਜਾਬ ਦੇ ਨਾਲ-ਨਾਲ ਗੁਆਂਢੀ ਸੂਬਿਆਂ ਦੀ ਬਿਜਲੀ ਦੀਆਂ ਜ਼ਰੂਰਤਾਂ ਵੀ ਨਿਯਮਿਤ ਤੌਰ ’ਤੇ ਲਗਭਗ 52 ਸਾਲਾਂ ਤੋਂ ਪੂਰੀਆਂ ਕਰ ਰਿਹਾ ਹੈ। ਇਸ ਪ੍ਰਾਜੈਕਟ ਤੋਂ ਬਿਜਲੀ ਦੀ ਇਕ ਯੂਨਿਟ ਪੈਦਾ ਕਰਨ ਦੀ ਔਸਤਨ ਕੀਮਤ 40 ਪੈਸੇ ਹੈ। ਇਸ ਤਰ੍ਹਾਂ ਇਹ ਬਿਜਲੀ ਦਾ ਇਕ ਬਹੁਤ ਸਸਤਾ ਵਿਕਲਪ ਹੋਣ ਦੇ ਨਾਲ-ਨਾਲ ਹੋਰ ਵੀ ਕਈ ਤਰ੍ਹਾਂ ਨਾਲ ਲਾਭਕਾਰੀ ਪ੍ਰਾਜੈਕਟ ਹੈ।
ਇਹ ਪ੍ਰਾਜੈਕਟ ਪੰਜਾਬ ਸਰਕਾਰ ਦੀ ਇਕ ਬਹੁਮੁਖੀ ਯੋਜਨਾ ਹੈ ਜੋ ਬਿਜਲੀ ਦੇ ਨਾਲ-ਨਾਲ ਸੂਬੇ ਦੀ ਸਿੰਚਾਈ ਜ਼ਰੂਰਤਾਂ ਨੂੰ ਵੀ ਪੂਰਾ ਕਰ ਰਹੀ ਹੈ। ਇਸ ਦੀ ਹਾਈਡਲ ਚੈਨਲ ਦੇ ਪਾਣੀ ਨਾਲ ਪੰਜਾਬ ਦੇ ਕਿਸਾਨ ਸਿੰਚਾਈ ਕਰ ਕੇ ਸਫਲ ਖੇਤੀਬਾੜੀ ਕਰ ਰਹੇ ਹਨ। ਇਸ ਯੋਜਨਾ ਦੇ ਨਾਲ ਆਲੇ-ਦੁਆਲੇ ਦੇ ਜ਼ਮੀਨੀ ਪਾਣੀ ਦੇ ਪੱਧਰ ਵਿਚ ਵੀ ਕਾਫੀ ਸੁਧਾਰ ਹੋਇਆ ਹੈ। ਇਸ ਦੀ ਨਹਿਰ ਦੇ ਆਲੇ ਦੁਆਲੇ ਤਿਆਰ ਜੰਗਲ ਇਲਾਕੇ ਨੂੰ ਇਹ ਹਰਿਆ-ਭਰਿਆ ਵਾਤਾਵਰਣ ਅਤੇ ਸ਼ੁੱਧ ਆਬੋ ਹਵਾ ਪ੍ਰਦਾਨ ਕਰਨ ਵਿਚ ਅਹਿਮ ਯੋਗਦਾਨ ਪਾ ਰਿਹਾ ਹੈ। ਇਸ ਸਮੇਂ ਲੱਗਭਗ 280 ਕਰਮਚਾਰੀਆਂ ਨੂੰ ਇਹ ਪ੍ਰਾਜੈਕਟ ਰੋਜ਼ਗਾਰ ਵੀ ਦੇ ਰਿਹਾ ਹੈ।
ਇਸ ਪ੍ਰਾਜੈਕਟ ਦੇ ਪਾਵਰ ਪਲਾਂਟਾਂ ’ਤੇ 11 ਕੇ.ਵੀ.ਬਿਜਲੀ ਤਿਆਰ ਕਰ ਕੇ ਜਨਰੇਟਿੰਗ ਟਰਾਂਸਫਾਰਮਰਾਂ ਰਾਹੀਂ 132 ਕੇ.ਵੀ. ਸਟੈਪ-ਅੱਪ ਕਰ ਕੇ ਡਬਲ ਸਰਕਟ ਰਾਹੀਂ 132 ਕੇ.ਵੀ. ਗਰਿਡ ਨਾਲ ਲਿੰਕ ਕੀਤਾ ਜਾਂਦਾ ਹੈ। ਬਿਜਲੀ ਨੂੰ ਪਾਵਰ ਹਾਊਸ 1 ਤੋਂ ਪਾਵਰ ਹਾਊਸ 2 ਅਤੇ ਅੱਗੇ ਇੰਟਰਲਿੰਕਿੰਗ ਗਰਿਡ ਸਬ ਸਟੇਸ਼ਨ ਸਰਨਾ ਵਿਖੇ ਡਬਲ ਸਰਕਟ ਲਾਈਨਾਂ ਰਾਹੀਂ ਪਹੁੰਚਾਇਆ ਜਾਂਦਾ ਹੈ। ਇੰਟਰਲਿੰਕਿੰਗ ਗਰਿਡ ਸਬ ਸਟੇਸ਼ਨ ਸਰਨਾ ਅਤੇ 220 ਕੇ.ਵੀ. ਸਬ ਸਟੇਸ਼ਨ ਸਰਨਾ (ਪੰਜਾਬ ਸਟੇਟ ਟਰਾਂਸਮਿਸ਼ਨ ਕਾਰਪੋਰੇਸ਼ਨ ਲਿਮਟਿਡ) ਆਪਸ ਵਿਚ 220/132 ਕੇ. ਵੀ. ਆਟੋ ਟਰਾਂਸਫਾਰਮਰਾਂ ਰਾਹੀਂ ਜੁੜੇ ਹੋਏ ਹਨ। *ਇਥੋਂ ਬਿਜਲੀ ਗੁਰਦਾਸਪੁਰ ਤੇ ਪਠਾਨਕੋਟ ਦੇ 132 ਕੇ.ਵੀ. ਗਰਿਡਾਂ ਅਤੇ ਦੋਹਾਂ ਜ਼ਿਲਿਆਂ ਦੇ 15 ਦੇ ਲਗਭਗ 66 ਕੇ.ਵੀ.ਬਿਜਲੀ ਘਰਾਂ ਨੂੰ ਲੋੜ ਅਨੁਸਾਰ ਭੇਜੀ ਜਾਂਦੀ ਹੈ। ਇਸ ਤੋਂ ਇਲਾਵਾ ਗਵਾਂਢੀ ਸੂਬੇ ਜੰਮੂ ਅਧੀਨ ਪੈਂਦੇ 66 ਕੇ.ਵੀ.ਕਠੂਆ ਨੂੰ ਵੀ ਇੱਥੋਂ ਬਿਜਲੀ ਸਪਲਾਈ ਕੀਤੀ ਜਾਂਦੀ ਹੈ।*
ਇਹ ਪ੍ਰਾਜੈਕਟ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਮੁੱਖ ਇੰਜੀਨੀਅਰ ਹਾਈਡਲ ਪ੍ਰਾਜੈਕਟਸ ਅਧੀਨ ਕੰਮ ਕਰ ਰਿਹਾ ਰਿਹਾ ਹੈ। ਉਪ ਮੁੱਖ ਇੰਜੀਨੀਅਰ /ਓ ਤੇ ਐੱਮ, ਯੂ. ਬੀ. ਡੀ. ਸੀ. ਦਾ ਦਫ਼ਤਰ ਮਲਿਕਪੁਰ (ਪਠਾਨਕੋਟ) ਵਿਖੇ ਹੈ। ਵੱਖ-ਵੱਖ ਇੰਜੀਨੀਅਰ, ਟੈਕਨੀਸ਼ੀਅਨ ਅਤੇ ਕਰਮਚਾਰੀ, ਸਥਾਨਿਕ ਇੰਜੀਨੀਅਰ ਅਧੀਨ ਦਿਨ ਰਾਤ ਸਖਤ ਮਿਹਨਤ ਅਤੇ ਲਗਨ ਨਾਲ ਇਸ ਪ੍ਰਾਜੈਕਟ ਨੂੰ ਸੁਚਾਰੂ ਢੰਗ ਨਾਲ ਚਲਾਉਂਦੇ ਹੋਏ ਬਿਜਲੀ ਖਪਤਕਾਰਾਂ ਦੇ ਅਹਾਤਿਆਂ ਨੂੰ ਰੋਸ਼ਨਾਉਂਦੇ ਪੰਜਾਬ ਦੀ ਤਰੱਕੀ ਵਿਚ ਯੋਗਦਾਨ ਪਾ ਰਹੇ ਹਨ।
ਇੰਜੀ. ਸੁਰਿੰਦਰ ਬੈਂਸ ਅਨੁਸਾਰ ਰਣਜੀਤ ਸਾਗਰ ਡੈਮ ਤੋਂ ਬਿਜਲੀ ਪੈਦਾ ਕਰਨ ਉਪਰੰਤ ਮਿਲਣ ਵਾਲੇ ਪਾਣੀ ਰਾਹੀਂ ਇਸ ਪ੍ਰਾਜੈਕਟ ਤੋਂ ਵੱਧ ਤੋਂ ਵੱਧ ਬਿਜਲੀ ਪੈਦਾ ਕੀਤੀ ਜਾਂਦੀ ਹੈ ਅਤੇ ਬਾਅਦ ਵਿਚ ਇਸ ਪਾਣੀ ਨੂੰ ਸੂਬੇ ਦੇ ਸਿੰਚਾਈ ਦੇ ਕੰਮਾਂ ਲਈ ਵਰਤਿਆ ਜਾਂਦਾ ਹੈ। ਇਸ ਪ੍ਰਾਜੈਕਟ ਨੇ ਸਾਲ 2005-06 ਵਿਚ 530.62 ਮਿਲੀਅਨ ਯੂਨਿਟਸ ਅਤੇ ਸਾਲ 2019-20 ਵਿਚ 471.889 ਮਿਲੀਅਨ ਯੂਨਿਟ ਦਾ ਰਿਕਾਰਡ ਉਤਪਾਦਨ ਕੀਤਾ ਸੀ।
ਮਨਮੋਹਨ ਸਿੰਘ - ਉਪ ਸਕੱਤਰ ਲੋਕ ਸੰਪਰਕ, ਪੀ.ਐੱਸ.ਪੀ.ਸੀ.ਐੱਲ.)
ਦੇਸ਼ ਭਗਤੀ ਦਾ ਸਹੀ ਅਰਥ ਸਮਝੋ
NEXT STORY