ਭਾਰਤ ’ਚ ਵੱਖ-ਵੱਖ ਰੋਗਾਂ ਦੀ ਜਾਂਚ ਕਰਨ ਵਾਲੀਆਂ ਪ੍ਰਯੋਗਸ਼ਾਲਾਵਾਂ (ਡਾਇਗਨੋਸਟਿਕ ਸੈਂਟਰਜ਼) ਦਾ ਵਿਸ਼ਾਲ ਜਾਲ ਫੈਲਿਆ ਹੋਇਆ ਹੈ ਅਤੇ ਇਕ ਅੰਦਾਜ਼ੇ ਦੇ ਅਨੁਸਾਰ ਦੇਸ਼ ’ਚ 3,00,000 ਪ੍ਰਯੋਗਸ਼ਾਲਾਵਾਂ ਹਨ ਜੋ ਇੰਨਾ ਵੱਡਾ ਖੇਤਰ ਹੋਣ ਦੇ ਬਾਵਜੂਦ ਅਨਿਯਮਿਤ (ਅੰਡਰ ਰੈਗੂਲੇਟਿਡ) ਅਤੇ ਵਧੇਰੇ ਸ਼ਹਿਰੀ ਇਲਾਕਿਆਂ ਤੱਕ ਸੀਮਤ ਹਨ।
ਮਹਾਰਾਸ਼ਟਰ ’ਚ ਨਿੱਜੀ ਡਾਇਗਨੋਸਟਿਕ ਸੈਂਟਰਜ਼ ਦੇ ਵਿਰੁੱਧ 27 ਸਾਲਾ ਸ਼ੰਕਰ ਧਾਂਗੇ ਕਈ ਸਾਲਾਂ ਤੋਂ ਲੜਾਈ ਲੜ ਰਹੇ ਹਨ। 6 ਸਾਲ ਪਹਿਲਾਂ ਉਨ੍ਹਾਂ ਦੀ ਭੈਣ ਸਾਰਿਕਾ ਦੀ ਸਰਜਰੀ ਦੇ ਬਾਅਦ ਪੈਦਾ ਹੋਈਆਂ ਮੁਸ਼ਕਿਲਾਂ ਦੇ ਕਾਰਨ ਮੌਤ ਹੋ ਗਈ ਸੀ। ਸ਼ੰਕਰ ਦਾ ਕਹਿਣਾ ਹੈ ਕਿ ਸਰਜਰੀ ਤੋਂ ਪਹਿਲਾਂ ਉਨ੍ਹਾਂ ਦੀ ਭੈਣ ਨੇ ਜੋ ਟੈਸਟ ਕਰਵਾਏ ਸਨ ਉਨ੍ਹਾਂ ਦੀ ਪ੍ਰਯੋਗਸ਼ਾਲਾ ਰਿਪੋਰਟ ਗਲਤ ਹੋਣ ਦੇ ਕਾਰਨ ਉਸ ਦਾ ਸਹੀ ਇਲਾਜ ਨਾ ਹੋਣ ਨਾਲ ਉਸ ਦੀ ਮੌਤ ਹੋਈ।
ਉਸ ਰਿਪੋਰਟ ’ਤੇ ਕਿਸੇ ਪੈਥੋਲਾਜਿਸਟ ਨੇ ਨਹੀਂ ਸਗੋਂ ਤਕਨੀਸ਼ੀਅਨ ਨੇ ਦਸਤਖਤ ਕੀਤੇ ਸਨ। ਸ਼ੰਕਰ ਧਾਂਗੇ ਦਾ ਕਹਿਣਾ ਹੈ ਕਿ 12ਵੀਂ ਪਾਸ ਕਿਸੇ ਵਿਅਕਤੀ ਨੂੰ ਮੈਡੀਕਲ ਇਮੇਜਿੰਗ ਅਤੇ ਡਾਇਗਨੋਸਟਿਕ ਟੈਸਟ ’ਤੇ ਦਸਤਖਤ ਕਰਨ ਦੀ ਇਜਾਜ਼ਤ ਕਿਵੇਂ ਦਿੱਤੀ ਜਾ ਸਕਦੀ ਹੈ ?
ਡਾਇਗਨੋਸਟਿਕ ਸੈਂਟਰਜ਼ ਵਲੋਂ ਗੜਬੜ ਕੀਤੇ ਜਾਣ ਦਾ ਇਹ ਕੋਈ ਇਕੱਲਾ ਮਾਮਲਾ ਨਹੀਂ ਹੈ। ਦੇਸ਼ ’ਚ ਜਿੰਨੀ ਤੇਜ਼ੀ ਨਾਲ ਇਹ ਕਾਰੋਬਾਰ ਵਧ ਰਿਹਾ ਹੈ, ਉਸ ਦੇ ਲਈ ਟ੍ਰੇਂਡ ਮੁਲਾਜ਼ਮਾਂ ਦੀ ਓਨੀ ਹੀ ਘਾਟ ਹੈ। ਸਿਹਤ ਸੇਵਾਵਾਂ ਦੇ ਖੇਤਰ ’ਚ ਡਾਇਗਨੋਸਟਿਕ ਉਦਯੋਗ ਦਾ ਲਗਭਗ 9 ਫੀਸਦੀ ਹਿੱਸਾ ਹੈ।
ਇਸੇ ਕਾਰਨ ‘ਕਲੀਨਿਕਲ ਐਸਟੈਬਲਿਸ਼ਮੈਂਟਸ (ਰਜਿਸਟ੍ਰੇਸ਼ਨ ਐਂਡ ਰੈਗੂਲੇਸ਼ਨ) ਐਕਟ 2010’ ਬਣਾਇਆ ਗਿਆ ਜਿਸਦਾ ਮਕਸਦ ਸਾਰੇ ਡਾਇਗਨੋਸਟਿਕ ਕੇਂਦਰਾਂ ਅਤੇ ਪ੍ਰਯੋਗਸ਼ਾਲਾਵਾਂ ਨੂੰ ਇਸ ਦੇ ਅਧਿਕਾਰ ਖੇਤਰ ਦੇ ਅਧੀਨ ਲਿਆਉਣਾ ਹੈ। ਇਸ ਕਾਨੂੰਨ ਦੇ ਅਧੀਨ ਡਾਇਗਨੋਸਟਿਕ ਸੈਂਟਰਜ਼ ਅਤੇ ਪ੍ਰਯੋਗਸ਼ਾਲਾਵਾਂ ਦੀ ਸੰਬੰਧਤ ਸੂਬਿਆਂ ਦੀਆਂ ਪ੍ਰੀਸ਼ਦਾਂ ’ਚ ਕਲੀਨਿਕਲ ਸੰਸਥਾਨਾਂ ਦੇ ਰੂਪ ’ਚ ਰਜਿਸਟ੍ਰੇਸ਼ਨ ਕਰਨੀ ਅਤੇ ਇਨ੍ਹਾਂ ਵਲੋਂ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਦੇ ਪੱਧਰ ਦੇ ਬਾਰੇ ’ਚ ਅਗਵਾਈ ਦੇਣੀ ਵੀ ਲੋੜੀਂਦੀ ਹੈ।
ਇਸ ਕਾਨੂੰਨ ਨੰੂ ਹਿਮਾਚਲ, ਉੱਤਰ ਪ੍ਰਦੇਸ਼, ਰਾਜਸਥਾਨ, ਉੱਤਰਾਖੰਡ, ਹਰਿਆਣਾ ਸਮੇਤ 12 ਸੂਬਿਆਂ ਅਤੇ ਦਿੱਲੀ ਦੇ ਸਿਵਾਏ ਸਾਰੇ ਕੇਂਦਰ ਸ਼ਾਸਿਤ ਖੇਤਰਾਂ ਵਲੋਂ ਅਪਣਾਇਆ ਗਿਆ ਹੈ ਜਦਕਿ ਕਰਨਾਟਕ ਦਾ ਆਪਣਾ ਕਾਨੂੰਨ ਹੈ ਪਰ ਵਧੇਰੇ ਮਾਮਲਿਆਂ ’ਚ ਇਨ੍ਹਾਂ ਕਾਨੂੰਨਾਂ ’ਤੇ ਅਮਲ ਸ਼ੁਰੂ ਨਹੀਂ ਹੋਇਆ ਅਤੇ ਿਜੱਥੇ ਹੋਇਆ ਵੀ ਹੈ, ਉੱਥੇ ਵੀ ਪੂਰੀ ਤਰ੍ਹਾਂ ਨਹੀਂ।
ਭਾਰਤ ’ਚ ਡਾਇਗਨੋਸਟਿਕ ਸੈਂਟਰਜ਼ ਭਾਰਤ ਸਰਕਾਰ ਦੇ ਵਿਗਿਆਨ ਅਤੇ ਤਕਨੀਕੀ ਮੰਤਰਾਲਾ ਦੇ ਅਧੀਨ ਸੰਚਾਲਿਤ ‘ਨੈਸ਼ਨਲ ਐਕਰੀਡੀਏਸ਼ਨ ਬੋਰਡ ਫਾਰ ਟੈਸਟਿੰਗ ਐਂਡ ਕੈਲੀਬ੍ਰੇਸ਼ਨ ਲੈਬੋਰੇਟਰੀਜ਼’ (ਐੱਨ. ਏ. ਬੀ. ਐੱਲ.) ਵਰਗੀਆਂ ਸੰਸਥਾਵਾਂ ਤੋਂ ਸਵੈ-ਇੱਛੁਕ ਤੌਰ ’ਤੇ ਮਾਨਤਾ ਪ੍ਰਾਪਤ ਕਰ ਸਕਦੇ ਹਨ। ਦੇਸ਼ ’ਚ ਵਧੇਰੇ ਵੱਡੀਆਂ ਪ੍ਰਯੋਗਸ਼ਾਲਾਵਾਂ ਇਸੇ ਨਾਲ ਰਜਿਸਟਰਡ ਹਨ।
ਐੱਨ. ਏ. ਬੀ. ਐੱਲ. ਦੇ ਸੀ. ਈ. ਓ. ਐੱਨ. ਵੈਂਕਟੇਸ਼ਵਰ ਨੇ ਨਿੱਜੀ ਖੇਤਰ ’ਚ ਤੇਜ਼ੀ ਨਾਲ ਵਿਕਾਸ ਕਰ ਰਹੇ ਇਸ ਉਦਯੋਗ ’ਚ ਘਰ ਕਰ ਗਈਆਂ ਕਮਜ਼ੋਰੀਆਂ ’ਤੇ ਰੌਸ਼ਨੀ ਪਾਉਂਦੇ ਹੋਏ ਕਿਹਾ ਹੈ ਕਿ ‘‘ਇਨ੍ਹਾਂ ’ਚੋਂ ਵਧੇਰਿਆਂ ਦੇ ਕੰਮਕਾਰ ਐੱਨ. ਏ. ਬੀ. ਐੱਲ. ਵਲੋਂ ਨਿਰਧਾਰਿਤ ਮਾਪਦੰਡਾਂ ਦੇ ਅਨੁਸਾਰ ਨਹੀਂ ਹਨ।’’
ਇਨ੍ਹਾਂ ’ਚੋਂ ਵਧੇਰੇ ਪ੍ਰਯੋਗਸ਼ਾਲਾਵਾਂ ਜ਼ਰੂਰੀ ਯੰਤਰਾਂ ਅਤੇ ਟ੍ਰੇਂਡ ਮੁਲਾਜ਼ਮਾਂ ਨਾਲ ਲੈਸ ਨਹੀਂ ਹਨ। ਡਾਇਗਨੋਸਿਟਕ ਉਦਯੋਗ ’ਚ ਫੁੱਲਟਾਈਮ ਡਾਕਟਰਾਂ ਅਤੇ ਟ੍ਰੇਂਡ ਮੁਲਾਜ਼ਮਾਂ ਦੀ ਘਾਟ ਹੈ।
ਸਿਹਤ ਮੰਤਰਾਲਾ ਦੀ ਆਪਣੀ ਰਿਸਰਚ ਦੇ ਅਨੁਸਾਰ ਵੀ ਭਾਰਤ ’ਚ ਲੋੜੀਂਦੀ ਗਿਣਤੀ ’ਚ ਮਾਈਕ੍ਰੋਬਾਇਓਲਾਜਿਸਟ ਨਹੀਂ ਹਨ ਜਦਕਿ ਕੁਝ ਥਾਵਾਂ ’ਤੇ ਤਾਂ ਪ੍ਰਯੋਗਸ਼ਾਲਾਵਾਂ ਚਲਾਉਣ ਲਈ ਲੋੜੀਂਦੇ ਯੋਗ ਡਾਕਟਰ ਜਾਂ ਉੱਚ ਟ੍ਰੇਂਡ ਤਕਨੀਸ਼ੀਅਨ ਵੀ ਨਹੀਂ ਹਨ। ਪ੍ਰਯੋਗਸ਼ਾਲਾਵਾਂ ਨੂੰ ਮਜ਼ਬੂਤ ਬਣਾਉਣ ਅਤੇ ਯੰਤਰਾਂ ਦੀ ਖਰੀਦ ਵੀ ਵਧਾਉਣ ਦੀ ਲੋੜ ਹੈ।
ਕੁਝ ਲੈਬ ਰਿਪੋਰਟਾਂ ਡਾਕਟਰਾਂ ਦੇ ਖਰੀਦੇ ਹੋਏ ਦਸਤਖਤਾਂ ਦੇ ਨਾਲ ਜਾਰੀ ਕੀਤੀਆਂ ਜਾਂਦੀਆਂ ਹਨ। ਕਰਨਾਟਕ ’ਚ ਅਜੇ ਵੀ ਕੁਝ ਿਨੱਜੀ ਪ੍ਰਯੋਗਸ਼ਾਲਾਵਾਂ ਅਯੋਗ ਵਿਅਕਤੀਆਂ ਵਲੋਂ ਚਲਾਈਆਂ ਜਾ ਰਹੀਆਂ ਹਨ।
‘ਮਹਾਰਾਸ਼ਟਰ ਐਸੋਸੀਏਸ਼ਨ ਆਫ ਪ੍ਰੈਕਟੀਸਿੰਗ ਪੈਥੋਲਾਜਿਸਟ ਐਂਡ ਮਾਈਕ੍ਰੋਬਾਇਓਲਾਜਿਸਟ’ (ਐੱਮ. ਏ. ਪੀ. ਪੀ. ਐੱਮ.) ਦੇ ਡਾਕਟਰਾਂ ਦਾ ਕਹਿਣਾ ਹੈ ਕਿ ਕਿਸੇ ਵੀ ਗੁੰਝਲਦਾਰ ਰੋਗ ਦਾ ਪਤਾ ਲਾਉਣ ਲਈ ਪੈਥੋਲਾਜਿਸਟ ਦੀ ਰਿਪੋਰਟ ਦੀ ਲੋੜ ਹੁੰਦੀ ਹੈ। ਮਸ਼ੀਨ ਰਿਪੋਰਟ ਨਹੀਂ ਦਿੰਦੀ, ਰੀਡਿੰਗ ਦਿੰਦੀ ਹੈ। ਇਸ ਦਾ ਵਿਸ਼ਲੇਸ਼ਣ ਕਰਨ ਲਈ ਪੈਥੋਲਾਜਿਸਟ ਦੀ ਲੋੜ ਹੁੰਦੀ ਹੈ। ਇਹ ਮੁੱਦਾ ਡਾਕਟਰਾਂ ਨੂੰ ਵੀ ਪ੍ਰਭਾਵਿਤ ਕਰਦਾ ਹੈ।
ਬੀਤੇ ਸਾਲ ਮਹਾਰਾਸ਼ਟਰ ’ਚ ਇਕ ਡਾਕਟਰ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਕਿਹਾ ਸੀ ਕਿ ਜਲਗਾਂਵ ’ਚ ਇਕ ਡਾਇਗਨੋਸਟਿਕ ਲੈਬ ਮਰੀਜ਼ਾਂ ਨੂੰ ਫਰਜ਼ੀ ਰਿਪੋਰਟ ਦੇਣ ਲਈ ਉਸ ਦੇ ਨਾਂ, ਡਿਗਰੀ ਅਤੇ ਦਸਤਖਤਾਂ ਦੀ ਧੋਖਾਦੇਹੀ ਨਾਲ ਵਰਤੋਂ ਕਰ ਰਹੀ ਸੀ।
ਇਸ ਲਈ ਜਿੱਥੇ ਸਰਕਾਰੀ ਪ੍ਰਯੋਗਸ਼ਾਲਾਵਾਂ ਨੂੰ ਹਰ ਪੱਖੋਂ ਸਹੀ ਅਤੇ ਸਾਜ਼ੋ-ਸਾਮਾਨ ਨਾਲ ਮੁਕੰਮਲ ਲੈਸ ਕਰਨ ਦੀ ਲੋੜ ਹੈ, ਉਥੇ ਹੀ ਨਿੱਜੀ ਡਾਇਗਨੋਸਟਿਕ ਸੈਂਟਰਜ਼ ’ਚ ਪੈਦਾ ਹੋਈਆਂ ਤਰੁੱਟੀਆਂ ’ਤੇ ਨਜ਼ਰ ਰੱਖਣ ਦੀ ਤੁਰੰਤ ਲੋੜ ਹੈ।
-ਵਿਜੇ ਕੁਮਾਰ
ਚੁਣੌਤੀਆਂ ਹਨ, ਸਰਕਾਰ ਹੈ, ਪਰ ਸ਼ਾਸਨ ਗੈਰ-ਹਾਜ਼ਰ
NEXT STORY