ਜੈ ਹਿੰਦ ਦੋਸਤੋ, ਕੱਲ ਹੀ ਅਸੀਂ ਕੌਮਾਂਤਰੀ ਨਸ਼ਾ ਖਾਤਮਾ ਦਿਵਸ ਮਨਾਇਆ ਹੈ। ਹਰ ਸਾਲ 20 ਲੱਖ ਤੋਂ ਵੱਧ ਜ਼ਿੰਦਗੀਆਂ ਨਿਗਲ ਲੈਣ ਵਾਲੇ ਇਸ ਕਾਲੇ ਸੱਚ ਨੇ ਪੂਰੇ ਵਿਸ਼ਵ ਨੂੰ ਆਪਣੀ ਗ੍ਰਿਫ਼ਤ ’ਚ ਲੈ ਲਿਆ। ਤਾਂ ਹੀ ਅੱਜ ਪੂਰਾ ਵਿਸ਼ਵ ਇਸ ਵਿਸ਼ੇ ’ਤੇ ਇੰਨਾ ਸੰਵੇਦਨਸ਼ੀਲ ਹੈ। ਨਸ਼ੇ ਕਾਰਨ ਹੋਰ ਸਮੱਸਿਆਵਾਂ ਦੇ ਨਾਲ-ਨਾਲ ਕਈ ਦੇਸ਼ਾਂ ਦੀ ਅੰਦਰੂਨੀ ਅਤੇ ਬਾਹਰੀ ਸੁਰੱਖਿਆ ਅੱਜ ਖ਼ਤਰੇ ’ਚ ਹੈ। ਪੂਰੀ ਦੁਨੀਆ ਦੇ ਦੇਸ਼ਾਂ ਨੇ ਇਸ ਦੇ ਖਾਤਮੇ ਲਈ ਮੁਹਿੰਮ ਚਲਾ ਰੱਖੀ ਹੈ। ਭਾਰਤ ’ਚ ਇਸ ਦੀ ਸਥਿਤੀ ’ਤੇ ਅੱਜ ਚਰਚਾ ਕਰਾਂਗੇ। ਦੇਸ਼ ’ਚ ਸਦੀਆਂ ਤੋਂ ਨਸ਼ੇ ਦਾ ਕਿਸੇ ਨਾ ਕਿਸੇ ਰੂਪ ’ਚ ਰਿਵਾਜ ਰਿਹਾ ਹੈ। ਉਹ ਪਦਾਰਥ ਕੁਦਰਤੀ ਤੌਰ ’ਤੇ ਕੁਦਰਤ ਵੱਲੋਂ ਬਣਾਏ ਹੁੰਦੇ ਸਨ। ਅੱਜ ਉਨ੍ਹਾਂ ਕੁਦਰਤੀ ਪਦਾਰਥਾਂ ਦੀ ਥਾਂ ਸਿੰਥੈਟਿਕ ਅਤੇ ਰਸਾਇਣਕ ਪਦਾਰਥਾਂ ਨੇ ਲੈ ਲਈ ਜੋ ਕਿ ਖਤਰਨਾਕ, ਜਾਨਲੇਵਾ ਰਸਾਇਣਾਂ ਤੋਂ ਬਣਾਵਟੀ ਤੌਰ ’ਤੇ ਪ੍ਰਯੋਗਸ਼ਾਲਾਵਾਂ ’ਚ ਬਣਾਏ ਜਾਂਦੇ ਹਨ। ਮੇਰੇ ਵਿਚਾਰ ਨਾਲ ਭਾਰਤ ਨੂੰ ਕੁਦਰਤੀ ਪਦਾਰਥਾਂ ਤੋਂ ਸਿੰਥੈਟਿਕ ਅਤੇ ਰਸਾਇਣਕ ਪਦਾਰਥਾਂ ਵੱਲ ਮੋੜਨਾ, ਇਕ ਸੋਚੀ-ਸਮਝੀ ਕੌਮਾਂਤਰੀ ਸਾਜ਼ਿਸ਼ ਦਾ ਹਿੱਸਾ ਹੈ, ਜਿਸ ਦਾ ਮਕਸਦ ਦੇਸ਼ ਦੀ ਨੌਜਵਾਨ ਪੀੜ੍ਹੀ ਨੂੰ ਮਾਨਸਿਕ ਅਤੇ ਸਰੀਰਕ, ਸਮਾਜ ਨੂੰ ਵੰਡਣ ਅਤੇ ਦੇਸ਼ ਨੂੰ ਆਰਥਿਕ ਅਤੇ ਅੰਦਰੂਨੀ ਸੁਰੱਖਿਆ ਦੇ ਤੌਰ ’ਤੇ ਕਮਜ਼ੋਰ ਕਰਨਾ ਹੈ।
ਇਨ੍ਹਾਂ ਪਦਾਰਥਾਂ ਦੀ ਵਰਤੋਂ ਕਰਨ ਵਾਲੇ ਦੀ ਜ਼ਿੰਦਗੀ ਦਾ ਸਫਰ, ਜ਼ਿਆਦਾਤਰ ਸਿਰਫ਼ ਤੇ ਸਿਰਫ਼ ਮੌਤ ਤੱਕ ਜਾ ਕੇ ਹੀ ਖਤਮ ਹੁੰਦਾ ਹੈ। ਅਜਿਹਾ ਨਸ਼ਾ ਕਰਨ ਵਾਲੇ ਵਿਅਕਤੀ ਲਈ ਕਤਲ, ਜਬਰ-ਜ਼ਿਨਾਹ, ਲੁੱਟ-ਮਾਰ, ਚੋਰੀ, ਡਕੈਤੀ ਵਰਗੇ ਅਪਰਾਧ ਕਰਨਾ ਆਮ ਗੱਲ ਹੈ। ਅਜਿਹੀਆਂ ਵੀ ਉਦਾਹਰਣਾਂ ਹਨ ਕਿ ਨਸ਼ੇ ’ਚ ਜਾਂ ਉਸ ਦੀ ਪੂਰਤੀ ਲਈ, ਵਿਅਕਤੀ ਨੇ ਆਪਣੀ ਮਾਂ, ਭੈਣ, ਪਿਤਾ, ਭਰਾ ਆਦਿ ਦੇ ਨਾਲ ਘਿਨੌਣੇ ਤੋਂ ਘਿਨੌਣਾ ਅਪਰਾਧ ਕੀਤਾ ਹੈ। ਰਿਸ਼ਤਿਆਂ ਦੀ ਮਰਿਆਦਾ ਨੂੰ ਭੰਗ ਕੀਤਾ ਹੈ, ਜਿਸ ਦਾ ਜ਼ਿਕਰ ਵੀ ਕਸ਼ਟਦਾਇਕ ਹੈ। ਨਸ਼ਾ ਕਰਨ ਵਾਲਾ ਸ਼ਖ਼ਸ ਜਿੱਥੇ ਨਪੁੰਸਕਤਾ, ਅੰਗਹੀਣਤਾ ਵਰਗੀਆਂ ਸਰੀਰਕ ਮੁਸ਼ਕਿਲਾਂ ਤੋਂ ਪੀੜਤ ਹੁੰਦਾ ਹੈ ਉੱਥੇ ਉਸ ਦਾ ਪਰਿਵਾਰ ਮਾਨਸਿਕ, ਸਮਾਜਿਕ, ਆਰਥਿਕ ਆਦਿ ਸਮੱਸਿਆਵਾਂ ਨਾਲ ਜੂਝਦਾ ਹੈ। ਇਸ ਦੇ ਭੈੜੇ ਨਤੀਜੇ ਦੇਸ਼ ਦੇ ਹਰ ਕੋਨੇ ’ਚ ਦੇਖਣ ਨੂੰ ਮਿਲ ਰਹੇ ਹਨ। ਪੁਰਾਣੇ ਭਾਰਤ ’ਚ ਨਸ਼ੇ ਦੇ ਇਤਿਹਾਸ ਦੀ ਗੱਲ ਕਰੀਏ ਤਾਂ ਅਸੀਂ ਦੇਖਾਂਗੇ ਕਿ ਸਮਾਜ ’ਚ ਨਸ਼ੇ ਦਾ ਰਿਵਾਜ ਹਮੇਸ਼ਾ ਰਿਹਾ ਹੈ ਪਰ ਰਸਾਇਣਕ ਪਦਾਰਥਾਂ ਦੇ ਆਗਮਨ ਤੋਂ ਬਾਅਦ ਜੋ ਭਿਆਨਕ ਤੇ ਗੰਭੀਰ ਸਥਿਤੀ ਬਣੀ ਹੈ, ਉਹ ਇਕ ਪੀੜ੍ਹੀ ਹੀ ਨਹੀਂ ਦੇਸ਼ ਦੀ ਆਰਥਿਕ, ਸਮਾਜਿਕ ਅਤੇ ਸੁਰੱਖਿਆ ਲਈ ਵੀ ਗੰਭੀਰ ਖ਼ਤਰਾ ਹੈ।
ਇਹ ਵੀ ਪੜ੍ਹੋ- ਦੁਖ਼ਦਾਇਕ ਖ਼ਬਰ: ਮੁਕੇਰੀਆਂ ਦੇ 27 ਸਾਲਾ ਨੌਜਵਾਨ ਦਾ ਅਮਰੀਕਾ 'ਚ ਗੋਲ਼ੀਆਂ ਮਾਰ ਕੇ ਕਤਲ
ਪੁਰਾਣੇ ਸਮੇਂ ’ਚ ਨਸ਼ੇ ’ਚ ਵਰਤਣ ਵਾਲੇ ਪਦਾਰਥ ਕੁਦਰਤੀ ਅਤੇ ਰੁੱਖ-ਬੂਟਿਆਂ ਤੋਂ ਬਣਾਏ ਜਾਂਦੇ ਸਨ। ਸਾਡੇ ਦੇਸ਼ ’ਤੇ ਕੁਦਰਤ ਦੀ ਅਜਿਹੀ ਕਿਰਪਾ ਹੈ ਕਿ ਲਗਭਗ ਹਰ ਸੂਬੇ ’ਚ ਚੰਗੀ ਜਲਵਾਯੂ ਹੋਣ ਕਾਰਨ ਇੱਥੇ ਹਜ਼ਾਰਾਂ ਤਰ੍ਹਾਂ ਦੇ ਫਲ-ਫੁੱਲ, ਸਬਜ਼ੀਆਂ ਅਤੇ ਲੱਖਾਂ ਕਿਸਮਾਂ ਦੀਆਂ ਜੜ੍ਹੀ-ਬੂਟੀਆਂ ਪੈਦਾ ਹੁੰਦੀਆਂ ਹਨ, ਜਿਹੜੀਆਂ ਔਸ਼ਧੀ (ਮੈਡੀਸਿਨਲ) ਗੁਣਾਂ ਨਾਲ ਭਰਪੂਰ ਹੁੰਦੀਆਂ ਹਨ, ਜੋ ਸਾਡੀ ਜ਼ਿੰਦਗੀ ਲਈ ਬੇਹੱਦ ਉਪਯੋਗੀ ਰਹੀਆਂ ਹਨ। ਇਨ੍ਹਾਂ ਜੜ੍ਹੀ-ਬੂਟੀਆਂ ਨਾਲ ਸਾਡੇ ਵਿਦਵਾਨ ਅਤੇ ਡਾਕਟਰ ਸਦੀਆਂ ਤੋਂ ਦਵਾਈਆਂ ਬਣਾ ਕੇ ਗੰਭੀਰ ਤੋਂ ਗੰਭੀਰ ਬਿਮਾਰੀਆਂ ਦਾ ਇਲਾਜ ਕਰਦੇ ਰਹੇ ਹਨ। ਇਨ੍ਹਾਂ ’ਚ ਅਫੀਮ, ਤੰਬਾਕੂ, ਡੋਡੇ, ਭੁੱਕੀ ਆਦਿ ਅਜਿਹੇ ਪਦਾਰਥ ਹਨ, ਜਿਨ੍ਹਾਂ ਨੂੰ ਭਾਰਤੀ ਮੈਡੀਕਲ ਔਸ਼ਧੀ ਵਜੋਂ ਪਰ ਸਮਾਜ ਦਾ ਇਕ ਵਰਗ ਇਸ ਨੂੰ ਨਸ਼ੇ ਦੇ ਤੌਰ ’ਤੇ ਵੀ ਵਰਤਦਾ ਹੈ। ਕੁਦਰਤੀ ਚੀਜ਼ਾਂ ਜਿਵੇਂ ਅੰਗੂਰ, ਗੁੜ ਆਦਿ ਨਾਲ ਸ਼ਰਾਬ, ਤੰਬਾਕੂ ਦੀ ਬੀੜੀ ਅਤੇ ਹੁੱਕੇ ’ਚ ਵਰਤੋਂ, ਮਿਹਨਤ-ਮਜ਼ਦੂਰੀ ਕਰਨ ਵਾਲੇ ਲੋਕ ਜ਼ਿਆਦਾ ਕੰਮ ਕਰ ਸਕਣ, ਇਸ ਲਈ ਅਫੀਮ, ਭੁੱਕੀ, ਡੋਡਿਆਂ ਆਦਿ ਦਾ ਸੇਵਨ ਕਰਨਾ, ਸਾਡੇ ਸਮਾਜ ’ਚ ਆਮ ਗੱਲ ਸੀ। ਇਹ ਸਭ ਵਸਤਾਂ ਕੁਦਰਤੀ ਤੌਰ ’ਤੇ ਕੁਦਰਤ ਦੀ ਦੇਣ ਸਨ ਜਿਨ੍ਹਾਂ ਦੇ ਜ਼ਿਆਦਾ ਸੇਵਨ ਨਾਲ ਯਕੀਨੀ ਨੁਕਸਾਨ ਸਨ, ਕਦੀ-ਕਦਾਈਂ ਬਹੁਤ ਵੱਧ ਅਤੇ ਲੰਬੇ ਸਮੇਂ ਤੱਕ ਖਾਣ ਨਾਲ ਗੰਭੀਰ ਬੀਮਾਰੀ ਦੀਆਂ ਖ਼ਬਰਾਂ ਵੀ ਆਉਂਦੀਆਂ ਸਨ ਪਰ ਇੰਨੇ ਭਿਆਨਕ ਅਤੇ ਡਰਾਉਣੇ ਨਤੀਜੇ ਕਦੀ ਨਹੀਂ ਰਹੇ ਜਿੰਨੇ ਇਸ ਸਿੰਥੈਟਿਕ ਨਸ਼ੇ ਦੇ ਕਾਰਨ ਆ ਰਹੇ ਹਨ।
ਮੈਂ ਕਿਸੇ ਵੀ ਪਦਾਰਥ ਦਾ ਨਸ਼ਾ ਕਰਨ ਦੇ 100 ਫ਼ੀਸਦੀ ਵਿਰੁੱਧ ਹਾਂ ਅਤੇ ਹਰ ਤਰ੍ਹਾਂ ਦੇ ਨਸ਼ੇ ਦਾ ਵਿਰੋਧੀ ਹਾਂ। ਇਸ ਦੇ ਖਾਤਮੇ ਲਈ ਦੇਸ਼ ਦੇ ਸੂਬਿਆਂ ’ਚ, ਨਸ਼ਾ ਮੁਕਤੀ ਲਈ ਚਲਾਈਆਂ ਗਈਆਂ ਯੋਜਨਾਵਾਂ, ਨਸ਼ਾ ਮੁਕਤੀ ਕੇਂਦਰ ਅਤੇ ਸਮਾਜਿਕ ਸੰਸਥਾਵਾਂ ਦਾ ਸਹਿਯੋਗੀ ਹਾਂ ਜੋ ਸਮਾਜ ਨੂੰ ਜਾਗਰੂਕ ਕਰਨ ਦਾ ਪਵਿੱਤਰ ਕੰਮ ਵੀ ਕਰਦੀਆਂ ਹਨ। ਕਿਸੇ ਦਾਰਸ਼ਨਿਕ ਨੇ ਕਿਹਾ ਹੈ ਕਿ ਜ਼ਹਿਰ ਨੂੰ ਜ਼ਹਿਰ ਮਾਰਦਾ ਹੈ ਜਾਂ ਕਦੀ-ਕਦੀ ਵੱਡੇ ਬਦਮਾਸ਼ ਨੂੰ ਮਾਰਨ ਲਈ ਛੋਟੇ ਦਾ ਸਹਾਰਾ ਲੈਣਾ ਪੈਂਦਾ ਹੈ। ਗੰਭੀਰ ਬਿਮਾਰੀਆਂ ਨੂੰ ਠੀਕ ਕਰਨ ਲਈ ਕਦੀ-ਕਦੀ Reverse Policy ਵਾਲੀ ਥੈਰੇਪੀ ਤੋਂ ਕੰਮ ਲੈਣਾ ਵਧੀਆ ਸਾਬਤ ਹੋ ਸਕਦਾ ਹੈ। ਇਸ ਲਈ ਮੇਰਾ ਜਾਤੀ ਵਿਚਾਰ ਹੈ ਕਿ ਦੇਸ਼ ਲਈ, ਸਮਾਜ ਲਈ ਅਤੇ ਲੋਕਾਂ ਲਈ ਸਖ਼ਤ ਫ਼ੈਸਲੇ ਲੈਣ ਦੀ ਅੱਜ ਲੋੜ ਹੈ।-ਪ੍ਰਵੀਨ ਬਾਂਸਲ
ਇਹ ਵੀ ਪੜ੍ਹੋ-ਨਿੱਜੀ ਹੋਟਲ 'ਚ ਦੇਹ ਵਪਾਰ ਦੇ ਧੰਦੇ ਦਾ ਪਰਦਾਫਾਸ਼, ਇਤਰਾਜ਼ਯੋਗ ਹਾਲਾਤ 'ਚ ਫੜੇ ਕੁੜੀਆਂ-ਮੁੰਡੇ
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।
ਪੰਜਾਬ ਅਤੇ ਦੇਸ਼ ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ https://t.me/onlinejagbani
ਪ੍ਰਧਾਨ ਮੰਤਰੀ ਦੀ ਅਮਰੀਕਾ ਯਾਤਰਾ ਤੋਂ ਭਾਰਤ ਨੂੰ ਕੀ ਮਿਲਿਆ
NEXT STORY