ਇਕ ਦੇਸ਼ ਦੀ ਤਰੱਕੀ ਸਿਰਫ਼ ਇਸਦੇ ਆਰਥਿਕ ਸੂਚਕ ਅੰਕਾਂ ਦੁਆਰਾ ਨਹੀਂ ਮਾਪੀ ਜਾਂਦੀ, ਸਗੋਂ ਇਸ ਗੱਲ ਤੋਂ ਨਿਰਧਾਰਤ ਹੁੰਦੀ ਹੈ ਕਿ ਉਸ ਵਿਕਾਸ ਰਾਹੀਂ ਆਮ ਲੋਕਾਂ ਵਿਚ ਕਿੰਨੇ ਮਾਣ ਦੇ ਮੌਕੇ ਅਤੇ ਆਤਮਵਿਸ਼ਵਾਸ ਭਰਿਆ ਗਿਆ ਹੈ। ਜਦੋਂ ਅਸੀਂ ਅੱਜ ਭਾਰਤ ਨੂੰ ਦੇਖਦੇ ਹਾਂ, ਤਾਂ ਇਹ ਸਿਰਫ਼ ਇਕ ਉੱਭਰ ਰਹੀ ਅਰਥਵਿਵਸਥਾ ਨਹੀਂ ਹੈ, ਸਗੋਂ ਇਕ ਜਾਗਰੂਕ ਸਮਾਜ ਦੀ ਤਸਵੀਰ ਹੈ, ਜੋ ਅੱਗੇ ਵਧਣਾ ਜਾਣਦਾ ਹੈ, ਜੋ ਆਪਣੇ ਅਤੀਤ ਤੋਂ ਸਿੱਖਦਾ ਹੈ ਅਤੇ ਆਪਣੇ ਭਵਿੱਖ ਨੂੰ ਖੁਦ ਆਕਾਰ ਦੇ ਰਿਹਾ ਹੈ।
ਮੇਰੇ ਲਈ ਭਾਰਤ ਦੀ ਆਰਥਿਕ ਵਿਕਾਸ ਦਰ, ਜੋ ਕਿ ਵਿੱਤੀ ਸਾਲ 2024-25 ਦੀ ਆਖਰੀ ਤਿਮਾਹੀ ਵਿਚ 7.4 ਫੀਸਦੀ ਸੀ, ਸਿਰਫ਼ ਇਕ ਅੰਕੜਾ ਨਹੀਂ ਹੈ। ਇਹ ਕਿਸਾਨ ਦੀ ਸਖ਼ਤ ਮਿਹਨਤ ਦਾ ਸਨਮਾਨ ਹੈ, ਜਿਸ ਨੇ ਆਧੁਨਿਕ ਟੈਕਨਾਲੋਜੀ ਨੂੰ ਅਪਣਾ ਕੇ ਉਪਜ ਵਧਾ ਦਿੱਤੀ। ਇਹ ਇਕ ਮਹਿਲਾ ਉੱਦਮੀ ਦੀ ਕਹਾਣੀ ਹੈ ਜਿਸ ਨੇ ਇਕ ਸਵੈ-ਸਹਾਇਤਾ ਸਮੂਹ ਤੋਂ ਆਪਣੀ ਯਾਤਰਾ ਸ਼ੁਰੂ ਕੀਤੀ ਅਤੇ ਆਪਣੇ ਉਤਪਾਦਾਂ ਨੂੰ ਇਕ ਡਿਜੀਟਲ ਪਲੇਟਫਾਰਮ ’ਤੇ ਦੁਨੀਆ ਵਿਚ ਲੈ ਗਈ। ਇਹ ਇਕ ਨੌਜਵਾਨ ਇੰਜੀਨੀਅਰ ਦਾ ਵਿਸ਼ਵਾਸ ਹੈ ਜੋ ‘ਮੇਕ ਇਨ ਇੰਡੀਆ’ ਤਹਿਤ ਨੌਕਰੀ ਭਾਲਣ ਵਾਲੇ ਦੀ ਬਜਾਏ ਨੌਕਰੀ ਪ੍ਰਦਾਨ ਕਰਨ ਵਾਲਾ ਬਣ ਗਿਆ।
ਅੱਜ, ਭਾਰਤ ਦੀ ਔਸਤ ਵਿਕਾਸ ਦਰ 6.5 ਫੀਸਦੀ ਹੈ ਅਤੇ ਨਾਮਾਤਰ ਜੀ. ਡੀ. ਪੀ. 330 ਟ੍ਰਿਲੀਅਨ ਨੂੰ ਪਾਰ ਕਰ ਗਈ ਹੈ। ਜੀ. ਐੱਸ. ਟੀ. ਸੰਗ੍ਰਹਿ ਲਗਾਤਾਰ ਦੋ ਮਹੀਨਿਆਂ ਤੋਂ 2 ਲੱਖ ਕਰੋੜ ਤੋਂ ਉੱਪਰ ਰਿਹਾ ਹੈ। ਇਹ ਆਰਥਿਕ ਵਿਸ਼ਵਾਸ ਹੁਣ ਮਹਾਨਗਰਾਂ ਤੱਕ ਸੀਮਤ ਨਹੀਂ ਹੈ, ਸਗੋਂ ਪਿੰਡਾਂ, ਛੋਟੇ ਕਸਬਿਆਂ ਅਤੇ ਦੂਰ-ਦੁਰਾਡੇ ਦੇ ਖੇਤਰਾਂ ਤੱਕ ਪਹੁੰਚ ਗਿਆ ਹੈ।
ਡਿਜੀਟਲ ਕ੍ਰਾਂਤੀ ਨੇ ਭਾਰਤ ਦੇ ਸਮਾਜਿਕ ਤਾਣੇ-ਬਾਣੇ ਵਿਚ ਇਕ ਇਤਿਹਾਸਕ ਤਬਦੀਲੀ ਲਿਆਂਦੀ ਹੈ। ਇਕ ਪਿੰਡ ਦਾ ਨੌਜਵਾਨ ਹੁਣ ਮੋਬਾਈਲ ਰਾਹੀਂ ਭੁਗਤਾਨ ਕਰਦਾ ਹੈ, ਸਰਕਾਰੀ ਯੋਜਨਾਵਾਂ ਦੇ ਲਾਭ ਸਿੱਧੇ ਆਪਣੇ ਖਾਤੇ ਵਿਚ ਪ੍ਰਾਪਤ ਕਰਦਾ ਹੈ ਅਤੇ ਆਨਲਾਈਨ ਸਿੱਖਿਆ ਰਾਹੀਂ ਆਪਣੇ ਸੁਪਨਿਆਂ ਨੂੰ ਪੂਰਾ ਕਰਦਾ ਹੈ। ਅੱਜ, ਯੂ. ਪੀ. ਆਈ. ਰਾਹੀਂ 25 ਟ੍ਰਿਲੀਅਨ ਤੋਂ ਵੱਧ ਲੈਣ-ਦੇਣ ਕੀਤੇ ਗਏ ਹਨ। ਇਹ ਡਿਜੀਟਲ ਸਮਾਵੇਸ਼ ਸਿਰਫ਼ ਇਕ ਤਕਨੀਕੀ ਤਬਦੀਲੀ ਨਹੀਂ ਹੈ, ਇਹ ਸਮਾਜਿਕ ਨਿਆਂ ਅਤੇ ਸਸ਼ਕਤੀਕਰਨ ਦਾ ਇਕ ਨਵਾਂ ਅਧਿਆਏ ਹੈ।
ਭਾਰਤ ਨੇ ਵਿਸ਼ਵ ਵਪਾਰ ਵਿਚ ਵੀ ਆਪਣੀ ਮਜ਼ਬੂਤ ਮੌਜੂਦਗੀ ਦਰਜ ਕਰਵਾਈ ਹੈ। ਸਿਰਫ਼ ਅਪ੍ਰੈਲ 2025 ਵਿਚ, ਭਾਰਤ ਤੋਂ 30 ਲੱਖ ਆਈਫੋਨ ਬਰਾਮਦ ਕੀਤੇ ਗਏ, ਜੋ ਕਿ ਚੀਨ ਨਾਲੋਂ 3 ਗੁਣਾ ਜ਼ਿਆਦਾ ਹਨ। ਇਹ ਦਰਸਾਉਂਦਾ ਹੈ ਕਿ ਭਾਰਤ ਹੁਣ ਸਿਰਫ਼ ਇਕ ਬਾਜ਼ਾਰ ਨਹੀਂ ਰਿਹਾ, ਸਗੋਂ ਗਲੋਬਲ ਵੈਲਿਊ ਚੇਨ ਦਾ ਇਕ ਵੱਡਾ ਥੰਮ੍ਹ ਬਣ ਗਿਆ ਹੈ। ਪਿਛਲੇ ਦਹਾਕੇ ਵਿਚ, 500 ਬਿਲੀਅਨ ਤੋਂ ਵੱਧ ਵਿਦੇਸ਼ੀ ਸਿੱਧਾ ਨਿਵੇਸ਼ (ਐੱਫ. ਡੀ. ਆਈ.) ਭਾਰਤ ਵਿਚ ਆਇਆ, ਜੋ ਨਵੀਨਤਾ, ਰੁਜ਼ਗਾਰ ਅਤੇ ਸਵੈ-ਨਿਰਭਰਤਾ ਦੇ ਨਵੇਂ ਦਰਵਾਜ਼ੇ ਖੋਲ੍ਹ ਰਿਹਾ ਹੈ।
ਸਾਡੇ ਕਿਸਾਨ ਵੀ ਇਸ ਬਦਲਾਅ ਵਿਚ ਮਜ਼ਬੂਤ ਭਾਈਵਾਲ ਬਣ ਗਏ ਹਨ। ਅੱਜ 51 ਮਿਲੀਅਨ ਕਿਸਾਨਾਂ ਕੋਲ ਡਿਜੀਟਲ ਕਿਸਾਨ ਆਈ. ਡੀਜ਼ ਹਨ, ਜਿਸ ਨਾਲ ਉਨ੍ਹਾਂ ਨੂੰ ਉਨ੍ਹਾਂ ਦੀ ਜ਼ਮੀਨ, ਫਸਲਾਂ ਅਤੇ ਯੋਜਨਾਵਾਂ ਦਾ ਸਿੱਧਾ ਲਾਭ ਮਿਲਦਾ ਹੈ। ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ, ਡਿਜੀਟਲ ਮੰਡੀਆਂ ਅਤੇ ਆਤਮਨਿਰਭਰ ਕ੍ਰਿਸ਼ੀ ਮਿਸ਼ਨ ਵਰਗੇ ਯਤਨਾਂ ਨੇ ਉਨ੍ਹਾਂ ਨੂੰ ਸਹਿਯੋਗੀ ਨਹੀਂ, ਸਗੋਂ ਭਾਈਵਾਲ ਬਣਾਇਆ ਹੈ।
ਭਾਰਤ ਵਿਚ ਗਰੀਬੀ ਦਰ 2011-12 ਵਿਚ 29.5 ਫੀਸਦੀ ਤੋਂ ਘੱਟ ਕੇ ਅੱਜ 9.4 ਫੀਸਦੀ ਹੋ ਗਈ ਹੈ। ਇਹ ਸਿਰਫ਼ ਆਰਥਿਕ ਸੁਧਾਰ ਨਹੀਂ ਹੈ, ਸਗੋਂ ਸਮਾਜਿਕ ਨਿਆਂ ਦਾ ਵਿਸਥਾਰ ਹੈ। ਵਿਸ਼ਵ ਬੈਂਕ ਦੀ ਰਿਪੋਰਟ ਦਰਸਾਉਂਦੀ ਹੈ ਕਿ ਅਤਿ ਗਰੀਬੀ ਹੁਣ ਸਿਰਫ਼ 5.3 ਫੀਸਦੀ ਤੱਕ ਘੱਟ ਗਈ ਹੈ। ਇਹ ਪਰਿਵਰਤਨ ਇਕ ਪੇਂਡੂ ਪਰਿਵਾਰ ਦੀ ਕਹਾਣੀ ਹੈ ਜਿਸਦੇ ਬੱਚੇ ਪਹਿਲੀ ਵਾਰ ਸਕੂਲ ਗਏ, ਜਿਸ ਨੂੰ ਨੇੜੇ ਹੀ ਮੁੱਢਲੀ ਸਿਹਤ ਸੰਭਾਲ ਮਿਲੀ ਅਤੇ ਜਿਸ ਨੇ ਸਵੈ-ਨਿਰਭਰਤਾ ਨੂੰ ਆਪਣੀ ਪਛਾਣ ਬਣਾਇਆ।
ਭਾਰਤ ਨੇ ਬੁਨਿਆਦੀ ਢਾਂਚੇ ਵਿਚ ਵੀ ਨਵੀਆਂ ਉਚਾਈਆਂ ਛੂਹੀਆਂ ਹਨ। ਅੱਜ, ਭਾਰਤ ਦੁਨੀਆ ਦਾ ਸਭ ਤੋਂ ਵੱਡਾ ਲੋਕੋਮੋਟਿਵ ਨਿਰਮਾਤਾ ਹੈ, ਜੋ ਇਕ ਸਾਲ ਵਿਚ 1,600 ਇੰਜਣ ਬਣਾਉਂਦਾ ਹੈ। ਬਿਜਲੀ ਖੇਤਰ ਦਾ 49 ਫੀਸਦੀ ਹੁਣ ਨਵਿਆਉਣਯੋਗ ਸਰੋਤਾਂ ਤੋਂ ਹੈ। ਭਾਰਤ ਹੁਣ ਟਿਕਾਊ ਵਿਕਾਸ ਦੇ ਰਾਹ ’ਤੇ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ। ਭਾਰਤ ਦੀਆਂ ਸਮਰੱਥਤਾਵਾਂ ਨੂੰ ਆਰਟੀਫੀਸ਼ੀਅਲ ਇੰਟੈਲੀਜੈਂਸ (ਏ. ਆਈ.) ਵਰਗੇ ਖੇਤਰਾਂ ਵਿਚ ਵੀ ਵਿਸ਼ਵ ਪੱਧਰ ’ਤੇ ਮਾਨਤਾ ਦਿੱਤੀ ਜਾ ਰਹੀ ਹੈ। ਓਪਨ ਏ. ਆਈ. ਵਰਗੇ ਸੰਗਠਨਾਂ ਨੇ ਭਾਰਤ ਵਿਚ ਆਪਣੀ ਪਹਿਲੀ ਅੰਤਰਰਾਸ਼ਟਰੀ ਏ. ਆਈ. ਅਕੈਡਮੀ ਸ਼ੁਰੂ ਕੀਤੀ ਹੈ, ਜੋ ਕਿ ਸਾਡੇ ਨੌਜਵਾਨਾਂ ਦੀ ਪ੍ਰਤਿਭਾ ਅਤੇ ਸੰਭਾਵਨਾ ਵਿਚ ਵਿਸ਼ਵਾਸ ਦਾ ਪ੍ਰਮਾਣ ਹੈ।
ਟੈਕਸਟਾਈਲ ਸੈਕਟਰ ਵੀ ਨਵੇਂ ਭਾਰਤ ਦੀ ਵਿਕਾਸ ਯਾਤਰਾ ਵਿਚ ਇਕ ਮਜ਼ਬੂਤ ਥੰਮ੍ਹ ਵਜੋਂ ਉਭਰਿਆ ਹੈ। ਰਾਸ਼ਟਰੀ ਤਕਨੀਕੀ ਟੈਕਸਟਾਈਲ ਮਿਸ਼ਨ (ਐੱਨ. ਟੀ. ਟੀ. ਐੱਮ.) ਅਤੇ ‘ਪੀ. ਆਈ. ਐੱਲ. ਸਕੀਮ’ ਤਕਨੀਕੀ ਟੈਕਸਟਾਈਲ ਨੂੰ ਵਿਸ਼ਵਵਿਆਪੀ ਪਲੇਟਫਾਰਮ ’ਤੇ ਪ੍ਰਤੀਯੋਗੀ ਬਣਾਉਣ ਲਈ ਇਕ-ਦੂਜੇ ਦੇ ਪੂਰਕ ਹਨ। ਐੱਨ. ਟੀ. ਟੀ. ਐੱਮ. ਸਕੀਮ ਤਹਿਤ, 510 ਕਰੋੜ ਰੁਪਏ ਦੀ ਸਹਾਇਤਾ ਨਾਲ 168 ਨਵੀਨਤਾ-ਆਧਾਰਿਤ ਪ੍ਰਾਜੈਕਟਾਂ ਨੂੰ ਮਨਜ਼ੂਰੀ ਦਿੱਤੀ ਗਈ ਹੈ। ਟੈਕਸਟਾਈਲ ਬੁਨਿਆਦੀ ਢਾਂਚੇ ਨੂੰ ਵਿਸ਼ਵ ਪੱਧਰ ’ਤੇ ਲਿਆਉਣ ਲਈ ਦੇਸ਼ ਭਰ ਵਿਚ 7 ਪੀ. ਐੱਮ. ਮਿੱਤਰਾ ਪਾਰਕ ਸਥਾਪਤ ਕੀਤੇ ਜਾ ਰਹੇ ਹਨ, ਜਿੱਥੇ ਪੂਰੀ ਮੁੱਲ ਲੜੀ ਨੂੰ ‘ਪਲੱਗ-ਐਂਡ-ਪਲੇਅ’ ਮਾਡਲ ’ਤੇ ਕੰਮ ਕਰਨ ਦੀ ਇਜਾਜ਼ਤ ਦਿੱਤੀ ਜਾਵੇਗੀ। ਇਹ ਖੇਤਰ ਹੁਣ ਸਿਰਫ਼ ਇਕ ਪਰੰਪਰਾ ਨਹੀਂ ਰਿਹਾ, ਸਗੋਂ ਟੈਕਨਾਲੋਜੀ, ਨਵੀਨਤਾ ਅਤੇ ਬਰਾਮਦ ਦਾ ਇਕ ਨਵਾਂ ਪ੍ਰਤੀਕ ਬਣ ਗਿਆ ਹੈ।
ਅੱਜ ਡਬਲਿਊ. ਟੀ. ਓ. ਅਤੇ ਡਬਲਿਊ. ਈ. ਐੱਫ. ਵਰਗੇ ਵਿਸ਼ਵਵਿਆਪੀ ਸੰਸਥਾਨ ਭਾਰਤ ਨੂੰ ਸਿਰਫ਼ ਇਕ ਉੱਭਰ ਰਹੀ ਅਰਥਵਿਵਸਥਾ ਵਜੋਂ ਹੀ ਨਹੀਂ ਸਗੋਂ ਇਕ ਵਿਕਾਸ ਇੰਜਣ ਵਜੋਂ ਦੇਖ ਰਹੇ ਹਨ। ਇਹ ਇਕ ਸਮਰਪਿਤ ਯਤਨ ਦਾ ਨਤੀਜਾ ਹੈ, ਜੋ ਕਿ ਸਤਿਕਾਰਯੋਗ ਪ੍ਰਧਾਨ ਮੰਤਰੀ ਦੀਆਂ ਨੀਤੀਆਂ, ਯੋਜਨਾਵਾਂ ਅਤੇ ਨਾਗਰਿਕਾਂ ਦੀ ਭਾਗੀਦਾਰੀ ਦੁਆਰਾ ਸੰਭਵ ਹੋਇਆ ਹੈ।
ਮੇਰਾ ਪੂਰਾ ਵਿਸ਼ਵਾਸ ਹੈ ਕਿ ਇਹ ਯਾਤਰਾ ਸਿਰਫ਼ ਸਰਕਾਰ ਦੀ ਨਹੀਂ, ਸਗੋਂ ਹਰ ਭਾਰਤੀ ਦੀ ਹੈ। ਅੱਜ ਸਾਡੇ ਸਾਹਮਣੇ ਜੋ ਪ੍ਰਾਪਤੀਆਂ ਹਨ ਉਹ ਉਸ ਸੰਕਲਪ ਦਾ ਨਤੀਜਾ ਹਨ ਜਿਸ ਨੇ ਹਰ ਪਿੰਡ, ਹਰ ਪਰਿਵਾਰ ਅਤੇ ਹਰ ਨਾਗਰਿਕ ਨੂੰ ਜੋੜਿਆ। ਭਾਰਤ ਅੱਜ ਇਕ ਬਦਲ ਨਹੀਂ ਹੈ, ਸਗੋਂ ਇਕ ਪ੍ਰੇਰਣਾ ਹੈ, ਸਵੈ-ਨਿਰਭਰਤਾ, ਸਮਾਵੇਸ਼ ਅਤੇ ਵਿਸ਼ਵ ਲੀਡਰਸ਼ਿਪ ਦੀ। ਜਦੋਂ ਅਸੀਂ ਅੰਮ੍ਰਿਤਕਾਲ ’ਚ ਵਿਕਸਤ ਭਾਰਤ /2047 ਦੀ ਕਲਪਨਾ ਕਰਦੇ ਹਾਂ, ਤਾਂ ਇਹ ਸਿਰਫ਼ ਇਕ ਸੁਪਨਾ ਨਹੀਂ ਹੈ, ਇਹ ਇਕ ਸਾਂਝਾ ਸੰਕਲਪ ਹੈ ਅਤੇ ਮੈਨੂੰ ਵਿਸ਼ਵਾਸ ਹੈ ਕਿ ਇਸ ਸੰਕਲਪ ਦੀ ਪੂਰਤੀ ਦਾ ਸਮਾਂ ਦੂਰ ਨਹੀਂ ਹੈ।
ਗਿਰੀਰਾਜ ਸਿੰਘ (ਕੱਪੜਾ ਮੰਤਰੀ, ਭਾਰਤ ਸਰਕਾਰ)
ਜੇਕਰ ਗੰਭੀਰ ਦੋਸ਼ ਝੂਠੇ ਤਾਂ ਔਰਤ ਨੂੰ ਵੀ ਗੰਭੀਰ ਸਜ਼ਾ ਮਿਲੇ
NEXT STORY