ਸੰਯੁਕਤ ਰਾਜ ਅਮਰੀਕਾ ਦੇ 5ਵੇਂ ਰਾਸ਼ਟਰਪਤੀ ਵਲੋਂ ਮੋਨਰੋ ਸਿਧਾਂਤ ਐਲਾਨੇ ਜਾਣ ਦੇ 200 ਸਾਲ ਬਾਅਦ ਅਤੇ ਇਸ ਦੀ ਸ਼ਕਤੀ ਅਤੇ ਪ੍ਰਭਾਵ ਬਾਰੇ ਵਿਆਪਕ ਸ਼ੱਕ ਦੇ ਬਾਵਜੂਦ, ਇਸ ਸਿਧਾਂਤ ਨੂੰ ਸੰਯੁਕਤ ਰਾਜ ਅਮਰੀਕਾ ਦੇ 47ਵੇਂ ਰਾਸ਼ਟਰਪਤੀ ਵਲੋਂ ਲਾਗੂ ਕੀਤਾ ਗਿਆ। ਮੈਨੂੰ ਲੱਗਦਾ ਹੈ ਕਿ 1823 ’ਚ ਮੌਜੂਦਾ ਹਾਲਾਤ ਦੀ ਕਲਪਨਾ ਨਹੀਂ ਕੀਤੀ ਗਈ ਸੀ।
ਰਾਸ਼ਟਰਪਤੀ ਜੇਮਸ ਮੋਨਰੋ ਦੇ ਨਾਂ ’ਤੇ ਰੱਖੇ ਗਏ ਸਿਧਾਂਤ ਨੇ ਯੂਰਪੀ ਸ਼ਕਤੀਆਂ ਨੂੰ ਅਮਰੀਕਾ ’ਚ ਨਵੇਂ ਆਜ਼ਾਦ ਦੇਸ਼ਾਂ ਦੇ ਮਾਮਲਿਆਂ ’ਚ ਦਖਲ ਨਾ ਦੇਣ ਦੀ ਚਿਤਾਵਨੀ ਦਿੱਤੀ ਸੀ। 2/3 ਜਨਵਰੀ, 2026 ਦੀ ਰਾਤ ਨੂੰ, ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਸ ਸਿਧਾਂਤ ਦੇ ਹਰ ਬੁਨਿਆਦੀ ਸਿਧਾਂਤ ਦੀ ਉਲੰਘਣਾ ਕੀਤੀ। ਉਨ੍ਹਾਂ ਨੇ ਅਮਰੀਕਾ ਦੀ ਫੌਜੀ ਸ਼ਕਤੀ ਦੀ ਵਰਤੋਂ ਕਰ ਕੇ ਅਮਰੀਕਾ ਦੇ ਇਕ ਪ੍ਰਭੂਸੱਤਾ ਸੰਪੰਨ ਦੇਸ਼ ’ਤੇ ਹਮਲਾ ਕੀਤਾ, ਚੁਣੇ ਹੋਏ ਰਾਸ਼ਟਰਪਤੀ ਨੂੰ ਗ੍ਰਿਫਤਾਰ ਕੀਤਾ ਅਤੇ ਉਨ੍ਹਾਂ ਨੂੰ ਨਿਊਯਾਰਕ ’ਚ ਇਕ ਅਪਰਾਧਿਕ ਅਦਾਲਤ ’ਚ ਮੁਕੱਦਮਾ ਚਲਾਉਣ ਲਈ ਲੈ ਗਏ।
ਇਹ ਮੋਨਰੋ ਸਿਧਾਂਤ ਦਾ ਇਕ ਹੈਰਾਨੀਜਨਕ ਵਿਸਥਾਰ ਸੀ। ਕਿਸੇ ਵੀ ਵਿਦੇਸ਼ੀ ਸ਼ਕਤੀ ਨੇ ਵੈਨੇਜ਼ੁਏਲਾ ਦੇ ਮਾਮਲਿਆਂ ’ਚ ਦਖਲ ਨਹੀਂ ਕੀਤਾ ਸੀ। ਵੈਨੇਜ਼ੁਏਲਾ ਦੇ ਲੋਕਾਂ ਨੇ ਨਿਕੋਲਸ ਮਾਦੁਰੋ ਨੂੰ ਰਾਸ਼ਟਰਪਤੀ ਚੁਣਿਆ ਸੀ, ਹਾਲਾਂਕਿ ਚੋਣ ਦੇ ਨਤੀਜੇ ’ਤੇ ਇਤਰਾਜ਼ ਜਤਾਇਆ ਗਿਆ ਸੀ। ਮਾਦੁਰੋ ਸ਼ਾਇਦ ਗੈਰ-ਜਮਹੂਰੀ ਅਤੇ ਸੱਤਾਵਾਦੀ ਹੋ ਗਏ ਹੋਣ ਪਰ ਉਹ ਅਜਿਹਾ ਕਰਨ ਵਾਲੇ ਪਹਿਲੇ ਚੁਣੇ ਹੋਏ ਸ਼ਾਸਕ ਨਹੀਂ ਹਨ।
ਦਬਦਬੇ ਵਾਲਾ ਰਾਸ਼ਟਰਪਤੀ
ਇਸ ਨਵੇਂ ਸਿਧਾਂਤ ਨੂੰ ਬੁਸ਼-ਟਰੰਪ ਸਿਧਾਂਤ ਕਿਹਾ ਜਾਣਾ ਚਾਹੀਦਾ ਹੈ। ਸਭ ਤੋਂ ਕਰੀਬੀ ਉਦਾਹਰਣ ਪਨਾਮਾ ’ਚ ਅਮਰੀਕਾ ਦਾ ਦਖਲ (1989) ਸੀ। ਰਾਸ਼ਟਰਪੀ ਜਾਰਜ ਬੁਸ਼ ਸੀਨੀਅਰ ਦੇ ਤਹਿਤ, ਅਮਰੀਕੀ ਫੌਜ ਨੇ ਪਨਾਮਾ ’ਤੇ ਹਮਲਾ ਕੀਤਾ, ਪਨਾਮਾ ਦੀ ਫੌਜ ਨੂੰ ਹਰਾਇਆ, ਰਾਸ਼ਟਰਪਤੀ ਨੋਰੀਏਗਾ ਨੂੰ ਵੈਟੀਕਨ ਦੂਤਘਰ ’ਚ ਪਨਾਹ ਲੈਣ ਲਈ ਮਜਬੂਰ ਕੀਤਾ ਅਤੇ ਆਖਿਰਕਾਰ ਆਤਮਸਮਰਪਣ ਕਰਵਾਇਆ। ਐਲਾਨਿਆ ਟੀਚਾ ਸੱਤਾ ਤਬਦੀਲੀ ਦਾ ਸੀ। ਉਸ ਫੌਜੀ ਕਾਰਵਾਈ ਦੇ ਨਾਲ ਅਮਰੀਕਾ ਅਮੇਰੀਕਾਜ਼ ’ਚ ਨਵਾਂ ਸ਼ੈਰਿਫ ਬਣ ਗਿਆ।
ਰਾਸ਼ਟਰਪਤੀ ਬੁਸ਼ ਜੂਨੀਅਰ ਇਰਾਕ ’ਚ ਸ਼ੈਰਿਫ ਬਣੇ ਅਤੇ ਤਿੰਨ ਰਾਸ਼ਟਰਪਤੀ (ਬੁਸ਼ ਜੂਨੀਅਰ, ਓਬਾਮਾ ਅਤੇ ਟਰੰਪ) ਇਕ ਦੇ ਬਾਅਦ ਇਕ, ਅਫਗਾਨਿਸਤਾਨ ’ਚ ਸ਼ੈਰਿਫ ਬਣੇ। ਇਰਾਕ (2003) ਦੇ ਮਾਮਲੇ ’ਚ, ਇਰਾਕ ਕੋਲ ਸਮੂਹਿਕ ਤਬਾਹੀ ਦੇ ਹਥਿਆਰ ਹੋਣ ਦਾ ਇਕ ਝੂਠਾ ਖਤਰਾ ਘੜਿਆ ਗਿਆ ਸੀ ਅਤੇ ਅਫਗਾਨਿਸਤਾਨ (2001-2021) ਦੇ ਮਾਮਲੇ ’ਚ, ਅਲਕਾਇਦਾ ਅਤੇ ਤਾਲਿਬਾਨ ਸ਼ਾਸਨ ਦੇ ਵਿਰੁੱਧ ‘ਅੱਤਵਾਦ ਅਤੇ ਜੰਗ’ ਦੇ ਹਿੱਸੇ ਦੇ ਰੂਪ ’ਚ ਸੈਨਿਕ ਭੇਜੇ ਗਏ ਸਨ। ਦੋਵਾਂ ਜੰਗਾਂ ਸ਼ਾਨਦਾਰ ਅਸਫਲਤਾਵਾਂ ਸਨ। ਵੈਨੇਜ਼ੁਏਲਾ ਦੇ ਨਵੇਂ ਮਾਮਲੇ ’ਚ ਅਮਰੀਕਾ ਨੇ ਰਾਸ਼ਟਰਪਤੀ ਮਾਦੁਰੋ ’ਤੇ ਡਰੱਗ ਸਮੱਗਲਿੰਗ ਅਤੇ ਅਮਰੀਕਾ ’ਚ ਨਸ਼ੀਲੇ ਪਦਾਰਥਾਂ ਦੀ ਸਮੱਗਲਿੰਗ ਦੀ ਸਾਜ਼ਿਸ਼ ਰਚਣ ਦਾ ਦੋਸ਼ ਲਗਾਇਆ ਪਰ ਇਹ ਅਜੇ ਵੀ ਅਜਿਹੇ ਦੋਸ਼ ਹਨ, ਜਿਨ੍ਹਾਂ ਦਾ ਕੋਈ ਜਨਤਕ ਸਬੂਤ ਨਹੀਂ ਹੈ।
ਟਰੰਪ ਦੇ ਬਿਆਨਾਂ ਤੋਂ ਇਹ ਸਪੱਸ਼ਟ ਹੈ ਕਿ ਵੈਨੇਜ਼ੁਏਲਾ ਦੀ ਤੇਲ ਸੰਪਤੀ ’ਤੇ ਕੰਟਰੋਲ ਕਰਨ ਦੇ ਟੀਚੇ ਨੂੰ ਹਾਸਲ ਕਰਨ ਦੀ ਕੋਸ਼ਿਸ਼ ’ਚ ਮਾਦੁਰੋ ਇਕ ਸ਼ਿਕਾਰ ਬਣ ਗਏ। ਵੈਨੇਜ਼ੁਏਲਾ ਕੋਲ ਦੁਨੀਆ ਦਾ ਸਭ ਤੋਂ ਵੱਡਾ ਤੇਲ ਭੰਡਾਰ ਹੈ ਅਤੇ ਉਹ ਤੇਲ ਐਕਸਪੋਰਟ, ਹਥਿਆਰਾਂ ਦੇ ਇੰਪੋਰਟ ਅਤੇ ਵਿਦੇਸ਼ੀ ਨਿਵੇਸ਼ ਲਈ ਚੀਨ ਵੱਲ ਝੁਕ ਰਿਹਾ ਸੀ। ਅਮਰੀਕਾ ਇਹ ਪੱਕਾ ਕਰਨਾ ਚਾਹੁੰਦਾ ਹੈ ਕਿ ਕੋਈ ਵੀ ਦੂਜਾ ਦੇਸ਼ (ਖਾਸ ਤੌਰ ’ਤੇ ਰੂਸ ਅਤੇ ਚੀਨ) ਵੈਨੇਜ਼ੁਏਲਾ ’ਚ ਆਰਥਿਕ ਹਿੱਤ ਹਾਸਲ ਨਾ ਕਰ ਸਕੇ, (ਖਾਸ ਕਰਕੇ ਤੇਲ ਸੰਪਤੀ) ਜੋ ਅਮਰੀਕਾ ਦੇ ਲਈ ‘ਰਿਜ਼ਰਵ’ ਹਨ। ਮਾਦੁਰੋ ਨੂੰ ਫੜੇ ਜਾਣ ਦੇ ਤੁਰੰਤ ਬਾਅਦ, ਰਾਸ਼ਟਰਪਤੀ ਟਰੰਪ ਨੇ ਸਾਫ ਤੌਰ ’ਤੇ ਕਿਹਾ ਕਿ ਵੱਡੀਆਂ ਅਮਰੀਕੀ ਤੇਲ ਕੰਪਨੀਆਂ ਨੂੰ ਵੈਨੇਜ਼ੁਏਲਾ ਦਾ ਤੇਲ ‘ਉਤਪਾਦਨ ਅਤੇ ਵੇਚਣ’ ਅਤੇ ‘ਪੈਸੇ ਕਮਾਉਣ’ ਦੀ ਇਜਾਜ਼ਤ ਦਿੱਤੀ ਜਾਵੇਗੀ।
ਭਾਰਤ ਆਪਣੀ ਪ੍ਰਾਸੰਗਿਕਤਾ ਗੁਆ ਰਿਹਾ
4 ਘੰਟੇ ਦਾ ਆਪ੍ਰੇਸ਼ਨ, ਜਿਸ ਦਾ ਕੋਡਨੇਮ ਐਬਸੋਲਿਊਟ ਰਿਜਾਲਵ ਸੀ, ਅਮਰੀਕੀ ਹਥਿਆਰਬੰਦ ਬਲਾਂ ਦੀ ਕਿਤੇ ਜ਼ਿਆਦਾ ਬਿਹਤਰ ਟੈਕਨਾਲੋਜੀ, ਮਸ਼ੀਨਰੀ, ਇੰਟੈਲੀਜੈਂਸ, ਪਲਾਨਿੰਗ ਅਤੇ ਐਗਜ਼ੀਕਿਊਸ਼ਨ ਦਾ ਇਕ ਪ੍ਰਦਰਸ਼ਨ ਸੀ। ਅੱਧੀ ਰਾਤ ਨੂੰ ਦੂਜੇ ਦੇਸ਼ ’ਚ ਦਾਖਲ ਹੋ ਕੇ ਭਾਰੀ ਸੁਰੱਖਿਆ ਵਾਲੇ ਰਾਸ਼ਟਰਪਤੀ ਭਵਨ ’ਚੋਂ ਰਾਸ਼ਟਰਮੁਖੀ ਨੂੰ ਚੁੱਕ ਕੇ ਲੈ ਜਾਣਾ- ਅਤੇ ਬਿਨਾਂ ਕਿਸੇ ਨੁਕਸਾਨ ਦੇ-ਸਾਨੂੰ ਲੱਗਦਾ ਸੀ ਕਿ ਇਹ ਕਹਾਣੀਆਂ ਅਤੇ ਕਲਪਨਾਵਾਂ ਦੀ ਗੱਲ ਹੈ ਪਰ ਅਮਰੀਕਾ ਨੇ ਸਾਬਤ ਕਰ ਦਿੱਤਾ ਕਿ ਉਸ ਦੀ ਫੌਜ ਅਜਿਹਾ ਕਰ ਸਕਦੀ ਹੈ। ਅਮਰੀਕੀ ਫੌਜ ਦੁਨੀਆ ਦੇ ਇਤਿਹਾਸ ’ਚ ਬਣੀ ਸਭ ਤੋਂ ਘਾਤਕ ਜੰਗੀ ਮਸ਼ੀਨ ਹੈ। ਚਿੰਤਾ ਦੀ ਗੱਲ ਇਹ ਹੈ ਕਿ ਚੀਨ ਨੂੰ ਛੱਡ ਕੇ ਦੁਨੀਆ ਦੇ ਇਕ ਨਵੇਂ ਸ਼ੈਰਿਫ ਬਣਨ ਦੇ ਵੀ ਸਬੂਤ ਮਿਲ ਰਹੇ ਹਨ।
ਐਬਸੋਲਿਊਟ ਰਿਲਾਜਵ ਤੋਂ ਪਹਿਲਾਂ ਅਤੇ ਬਾਅਦ ’ਚ ਭਾਰਤ ’ਤੇ ਕਿਸੇ ਦਾ ਧਿਆਨ ਨਹੀਂ ਗਿਆ। ਟਰੰਪ ਪਹਿਲਾਂ ਹੀ ਆਪਣੇ ਦਾਅਵਿਆਂ ਨਾਲ ਨਰਿੰਦਰ ਮੋਦੀ ਨੂੰ 2 ਵਾਰ ਨਜ਼ਰਅੰਦਾਜ਼ ਕਰ ਚੁੱਕੇ ਹਨ-ਇਕ ਵਾਰ, ਭਾਰਤ-ਪਾਕਿਸਤਾਨ ਯੁੱਧ ਖਤਮ ਕਰਨ ’ਤੇ, ਦੂਜੀ ਵਾਰ ਮਿਸਟਰ ਟਰੰਪ ਨੂੰ ਖੁਸ਼ ਕਰਨ ਲਈ ਭਾਰਤ ਵਲੋਂ ਰੂਸੀ ਤੇਲ ਦਾ ਇੰਪੋਰਟ ਘੱਟ ਕਰਨ ’ਤੇ। ਸਰਕਾਰ ਟਰੰਪ ਦੇ ਗੁੱਸੇ ਤੋਂ ਇੰਨੀ ਡਰੀ ਹੋਈ ਹੈ ਿਕ ਵੈਨੇਜ਼ੁਏਲਾ ’ਤੇ ਅਧਿਕਾਰਤ ਬਿਆਨ ’ਚ ਰਾਸ਼ਟਰਪਤੀ ਮਾਦੁਰੋ ਨੂੰ ਫੜੇ ਜਾਣ ਦੀ ਨਿੰਦਾ ਨਹੀਂ ਕੀਤੀ ਗਈ ਅਤੇ ਨਾ ਹੀ ਅਮਰੀਕਾ ਦੀ ਭੂਮਿਕਾ ਦਾ ਜ਼ਿਕਰ ਕੀਤਾ ਗਿਆ। ਬਿਆਨ ’ਚ ਵੈਨੇਜ਼ੁਏਲਾ ’ਚ ਹਾਲ ਦੇ ਘਟਨਾਚੱਕਰਾਂ ਦਾ ਜ਼ਿਕਰ ਕੀਤਾ ਗਿਆ ਅਤੇ ਸਾਰੀਆਂ ਸੰਬੰਧਤ ਧਿਰਾਂ ਨਾਲ ਗੱਲਬਾਤ ਦੇ ਜ਼ਰੀਏ ਸ਼ਾਂਤੀਪੂਰਨ ਤਰੀਕੇ ਨਾਲ ਮੁੱਦਿਆਂ ਨੂੰ ਸੁਲਝਾਉਣ ਦਾ ਸੱਦਾ ਦਿੱਤਾ ਗਿਆ, ਜਿਵੇਂ ਕਿ ਇਹ ਫੁੱਟਬਾਲ ਮੈਚ ’ਚ ਸਕੋਰ ’ਤੇ ਵਿਵਾਦ ’ਤੇ ਸਲਾਹ ਦੇ ਰਿਹਾ ਹੋਵੇ।
ਇਸ ਮੁੱਦੇ ’ਤੇ ਭਾਰਤ ਬ੍ਰਿਕਸ ਦੇ 5 ਬਾਨੀ ਦੇਸ਼ਾਂ ਅਤੇ ਯੂਰਪ ਤੋਂ ਅਲੱਗ-ਥਲੱਗ ਪੈ ਗਿਆ ਹੈ। ਵਿਸ਼ਵਗੁਰੂ ਹੋਣ ਦੇ ਦਾਅਵੇ ਦੇ ਬਾਵਜੂਦ, ਭਾਰਤ ਦੁਨੀਆ ਦੇ ਮਾਮਲਿਆਂ ’ਚ ਆਪਣੀ ਆਵਾਜ਼ ਅਤੇ ਪ੍ਰਾਸੰਿਗਕਤਾ ਗੁਆ ਰਿਹਾ ਹੈ। ਜਿਵੇਂ ਕਿ ਇਕ ਸਾਬਕਾ ਭਾਰਤੀ ਰਾਜਦੂਤ ਨੇ ਕਿਹਾ, ‘‘ਭਾਰਤ ਜੋ ਕਹੇਗਾ, ਉਸ ਨਾਲ ਕੋਈ ਫਰਕ ਨਹੀਂ ਪਵੇਗਾ।’’
ਸਾਮਰਾਜਵਾਦ ਨੂੰ ਖੁੱਲ੍ਹੀ ਛੋਟ
ਮੈਨੂੰ ਡਰ ਹੈ ਕਿ ਐਬਸੋਲਿਊਟ ਰਿਜਾਲਵ ਨੇ ਰੂਸ ਅਤੇ ਚੀਨ ਨੂੰ ਖੁੱਲ੍ਹੀ ਛੋਟ ਦੇ ਦਿੱਤੀ ਹੈ। ਮਿਸਟਰ ਟਰੰਪ ਨੇ ਸੰਕੇਤ ਦਿੱਤਾ ਹੈ ਕਿ ਉਹ ਗ੍ਰੀਨਲੈਂਡ ’ਤੇ ਕਬਜ਼ਾ ਕਰ ਲੈਣਗੇ। ਰੂਸ-ਯੂਕ੍ਰੇਨ ਜੰਗ ਦਾ ਹੱਲ, ਜੇਕਰ ਹੁੰਦਾ ਹੈ, ਤਾਂ ਉਸ ’ਚ ਯੂਕ੍ਰੇਨ ਨੂੰ ਰੂਸ ਨੂੰ ਇਲਾਕਾ ਦੇਣਾ ਹੋਵੇਗਾ। ਚੀਨ ਆਪਣੀ ‘ਵਨ ਚਾਈਨਾ’ ਪਾਲਿਸੀ ਨੂੰ ਉਸ ਦੇ ਲਾਜਿਕਲ ਨਤੀਜੇ ਤੱਕ ਲਿਜਾਣ ਲਈ ਲਲਚਾਏਗਾ। ਜੇਕਰ ਚੀਨ ਭਾਰਤ ਦੀ ਉੱਤਰੀ ਸਰਹੱਦ ਜਾਂ ਅਰੁਣਾਚਲ ਪ੍ਰਦੇਸ਼ ’ਚ ਘੁਸਪੈਠ ਦੀ ਇਕ ਹੋਰ ਕੋਸ਼ਿਸ਼ ਕਰਦਾ ਹੈ, ਤਾਂ ਭਾਰਤ ਨੂੰ ਹੀ ਆਪਣਾ ਬਚਾਅ ਕਰਨਾ ਪਵੇਗਾ।
ਵੈਨੇਜ਼ੁਏਲਾ ਦੇ ਤੇਲ ਭੰਡਾਰ ’ਤੇ ਕਬਜ਼ਾ ਕਰਨ ਦੇ ਬਾਅਦ, ਅਮਰੀਕਾ ਦੀ ਭਾਰਤ ਦੇ ਨਾਲ ਵਪਾਰ ਸਮਝੌਤਾ ਕਰਨ ’ਚ ਘੱਟ ਦਿਲਚਸਪੀ ਹੈ। ਮਿਸਟਰ ਟਰੰਪ ਬਿਨਾਂ ਕਿਸੇ ਵਪਾਰ ਸਮਝੌਤੇ ਦੇ ਟੈਰਿਫ ਨਾਲ ਖੇਡ ਕੇ ਭਾਰਤ ਦੀ ਅਮਰੀਕਾ ਨੂੰ ਹੋਣ ਵਾਲੀ ਸਾਮਾਨਾਂ ਦੀ ਬਰਾਮਦ ’ਚ ਹੇਰਫੇਰ ਕਰ ਸਕਦੇ ਹਨ, ਆਪਣੇ ਦੇਸ਼ ’ਚ ਜ਼ਿਆਦਾ ਜਾਂ ਘੱਟ ਸਾਮਾਨ ਆਉਣ ਦੇ ਸਕਦੇ ਹਨ।
ਡੋਨਾਲਡ ਟਰੰਪ ‘II’ ਅਮਰੀਕਾ ਦੇ ਇਤਿਹਾਸ ’ਚ ਸਭ ਤੋਂ ਜ਼ਿਆਦਾ ਦਖਲ ਦੇਣ ਵਾਲੇ ਰਾਸ਼ਟਰਪਤੀ ਸਾਬਿਤ ਹੋਏ ਹਨ। ਇਸ ਸੂਚੀ ’ਚ ਫਿਲਸਤੀਨ, ਈਰਾਨ, ਸੀਰੀਆ, ਯਮਨ, ਨਾਈਜੀਰੀਆ ਅਤੇ ਹੁਣ ਵੈਨੇਜ਼ੁਏਲਾ ਸ਼ਾਮਲ ਹਨ। ਇਹ ਖੁਦ ਨੂੰ ਨਵਾਂ ਸ਼ੈਰਿਫ ਐਲਾਨ ਕਰਨ ਵਾਲੇ ਦਾ ਬਦਸੂਰਤ ਚਿਹਰਾ ਹੈ। ਅਸੀਂ ਮਾਦੁਰੋ ਜਾਂ ਉਨ੍ਹਾਂ ਦੀ ਪਤਨੀ ਲਈ ਹੰਝੂ ਨਹੀਂ ਵਹਾਅ ਸਕਦੇ ਪਰ ਸਾਨੂੰ ਸਾਮਰਾਜਵਾਦ ਦੀ ਵਾਪਸੀ ਅਤੇ ਦੇਸ਼ਾਂ ਦੀ ਪ੍ਰਭੂਸੱਤਾ ਦੇ ਖਤਮ ਹੋਣ ’ਤੇ ਦੁੱਖ ਮਨਾਉਣਾ ਚਾਹੀਦਾ ਹੈ।
-ਪੀ. ਚਿਦਾਂਬਰਮ
‘ਖੇਡ-ਕੋਚ’ ਹੀ ਕਰਨ ਲੱਗੇ ਆਪਣੀਆਂ ਸਿਖਿਆਰਥਣਾਂ ਦਾ ਯੌਨ ਸ਼ੋਸ਼ਣ!
NEXT STORY