ਮਹੱਤਵ ਇਸ ਗੱਲ ਦਾ ਹੈ ਕਿ ਨਿੱਜੀ, ਪਰਿਵਾਰਕ, ਸਮਾਜਿਕ ਜਾਂ ਰਾਜਨੀਤਿਕ ਜੀਵਨ ਵਿਚ ਵਿਸ਼ਵਾਸ ਹੋਣਾ ਬਹੁਤ ਜ਼ਰੂਰੀ ਹੈ। ਇਸ ਦੇ ਸਿਰਫ਼ ਦੋ ਰੂਪ ਹਨ, ਪਹਿਲਾ ਇਹ ਕਿ ਜਾਂ ਤਾਂ ਜਿਸ ਵਿਅਕਤੀ ’ਤੇ ਭਰੋਸਾ ਕੀਤਾ ਗਿਆ ਸੀ ਉਹ ਆਪਣਾ ਵਚਨ ਨਿਭਾਏਗਾ ਜਾਂ ਜੇ ਉਹ ਅਜਿਹਾ ਕਰਨ ਵਿਚ ਅਸਮਰੱਥ ਹੈ, ਤਾਂ ਉਹ ਸਪੱਸ਼ਟ ਤੌਰ ’ਤੇ ਕਹੇਗਾ ਕਿ ਉਹ ਅਜਿਹਾ ਕਰਨ ਵਿਚ ਅਸਮਰੱਥ ਸੀ ਅਤੇ ਇਹ ਵੀ ਦੱਸੇਗਾ ਕਿ ਉਹ ਅਜਿਹਾ ਕਿਉਂ ਨਹੀਂ ਕਰ ਸਕਿਆ।
ਦੂਜਾ, ਜੇਕਰ ਵਿਸ਼ਵਾਸ ਦੀ ਜੜ੍ਹ ਵਿਚ ਇਹ ਭਾਵਨਾ ਸੀ ਅਤੇ ਰਹੀ ਹੈ ਕਿ ਸਹੁੰਆਂ ਅਤੇ ਵਾਅਦਿਆਂ ਦੇ ਬਾਵਜੂਦ, ਉਸ ਦੀ ਨੀਅਤ ਖਰਾਬ ਹੈ, ਉਹ ਧੋਖਾ ਦੇਣ ਦਾ ਇਰਾਦਾ ਰੱਖਦਾ ਹੈ ਅਤੇ ਉਹ ਇੰਨਾ ਹੰਕਾਰੀ ਹੈ ਕਿ ਉਸ ਦੀ ਪਕੜ ’ਚ ਆਉਣਾ ਅਸੰਭਵ ਹੈ, ਤਾਂ ਮਨੁੱਖ ਨੂੰ ਧੋਖੇ ਦਾ ਸ਼ਿਕਾਰ ਹੋਣਾ ਹੀ ਪਵੇਗਾ ਕਿਉਂਕਿ ਕਲਯੁੱਗ ਦੀ ਵਿਆਖਿਆ ਇਹੀ ਕੀਤੀ ਜਾਂਦੀ ਹੈ।
ਦੁਨੀਆ ਕਰਵਟ ਲੈ ਰਹੀ ਹੈ : ਘਰ ਵਿਚ ਹੋਵੇ ਜਾਂ ਬਾਹਰ, ਇਕ ਅਜੀਬ ਕਿਸਮ ਦੀ ਹਫੜਾ-ਦਫੜੀ ਦੇਖੀ ਜਾ ਰਹੀ ਹੈ। ਕੁਝ ਵੀ ਹੋਵੇ, ਸਭ ਤੋਂ ਅੱਗੇ ਨਿਕਲਣ ਦੀ ਦੌੜ ਅਤੇ ਭਾਵੇਂ ਕਿਸੇ ਨੂੰ ਮੰਜ਼ਿਲ ਦਾ ਪਤਾ ਹੋਵੇ ਜਾਂ ਨਾ, ਬਸ ਦੌੜਨਾ ਜ਼ਿੰਦਗੀ ਦਾ ਹਿੱਸਾ ਬਣ ਗਿਆ ਹੈ।
ਕਿਸੇ ਨੂੰ ਧੱਕਾ ਦੇਣਾ, ਠੇਡਾ ਮਾਰ ਕੇ ਸੁੱਟਣਾ ਅਤੇ ਭਾਵੇਂ ਆਪਣਾ ਨੁਕਸਾਨ ਹੋ ਜਾਵੇ, ਪਰ ਦੂਜਾ ਜ਼ਰੂਰ ਵਿਅਕਤੀ ਲਹੂ-ਲੁਹਾਨ ਹੋਣਾ ਚਾਹੀਦਾ ਹੈ, ਇਹ ਦ੍ਰਿਸ਼ਟੀਕੋਣ ਬਣਦਾ ਜਾ ਰਿਹਾ ਹੈ। ਹੁਣ ਨਾ ਤਾਂ ਵੱਡਿਆਂ ਦਾ ਲਿਹਾਜ਼ ਰਿਹਾ ਅਤੇ ਨਾ ਹੀ ਛੋਟਿਆਂ ਦੀ ਸ਼ਰਮ। ਅੱਜ ਦੀ ਪੀੜ੍ਹੀ ਦੇ ਇਕ ਵਰਗ ਲਈ ਉਨ੍ਹਾਂ ਲੋਕਾਂ ਦਾ ਅਪਮਾਨ ਕਰਨਾ ਬਹੁਤ ਸੌਖਾ ਹੋ ਗਿਆ ਹੈ ਜਿਨ੍ਹਾਂ ਲਈ ਆਦਰਸ਼ ਮਹੱਤਵਪੂਰਨ ਹਨ।
ਪੈਸਾ ਅਤੇ ਅਹੁਦਾ ਪ੍ਰਾਪਤ ਕਰਨ ਲਈ ਕੋਈ ਵੀ ਹੱਦ ਪਾਰ ਕਰਨਾ ਆਮ ਗੱਲ ਹੈ। ਇਹ ਸੋਚਣ ਦਾ ਸਮਾਂ ਹੀ ਨਹੀਂ ਰਹਿ ਗਿਆ ਲੱਗਦਾ ਕਿ ਮੈਂ ਕੌਣ ਹਾਂ, ਮੇਰੀਆਂ ਕਦਰਾਂ-ਕੀਮਤਾਂ ਕੀ ਹਨ, ਮੈਂ ਕਿਹੜੀਆਂ ਰਵਾਇਤਾਂ ਦੀ ਪਾਲਣਾ ਕਰਨੀ ਹੈ ਅਤੇ ਕਿਹੜੀਆਂ ਨੂੰ ਪਿੱਛੇ ਛੱਡਣਾ ਹੈ। ਮੈਂ ਸਮਾਜ ਦੇ ਕਿਸ ਵਰਗ ਦੀ ਨੁਮਾਇੰਦਗੀ ਕਰਦਾ ਹਾਂ? ਮੇਰੀ ਇਤਿਹਾਸਕ, ਸਮਾਜਿਕ, ਸੱਭਿਆਚਾਰਕ ਅਤੇ ਰਾਜਨੀਤਿਕ ਵਿਰਾਸਤ ਕੀ ਹੈ?
ਅੱਜ ਕਿਸੇ ਵਿਅਕਤੀ ਦੀ ਉਮਰ ਭਾਵੇਂ ਕੋਈ ਵੀ ਹੋਵੇ, ਸ਼ੁੱਧ ਵਿਸ਼ਵਾਸ ਦੀ ਬਜਾਏ, ਰਿਸ਼ਤੇ ਲਾਲਚ ਅਤੇ ਬੇਈਮਾਨੀ ਦੇ ਆਧਾਰ ’ਤੇ ਬਣਾਏ ਜਾਂਦੇ ਹਨ ਅਤੇ ਇਸ ’ਤੇ ਵੀ ਇਹ ਕਿ ਅਸੀਂ ਹੰਕਾਰੀ ਹਾਂ ਕਿ ਜੇ ਕੋਈ ਸਮਝਾਉਣ ਦੀ ਹਿੰਮਤ ਕਰਦਾ ਹੈ ਤਾਂ ਸਾਨੂੰ ਉਸ ’ਤੇ ਗੰਦਗੀ ਸੁੱਟ ਕੇ ਆਪਣੇ ਆਪ ਨੂੰ ਦੁੱਧ-ਧੋਤੇ ਸਾਬਤ ਕਰਨ ਦੀ ਕਲਾ ਆਉਂਦੀ ਹੈ, ਇਸ ਲਈ ਜੋ ਵੀ ਕਿਹਾ ਜਾਵੇ ਉਸ ਨੂੰ ਮੰਨ ਲੈਣ ’ਚ ਹੀ ਭਲਾਈ ਹੈ।
ਅਜਿਹੇ ਵਿਚ, ਜੋ ਲੋਕ ਸੋਚਦੇ ਹਨ ਕਿ ਉਨ੍ਹਾਂ ਨੇ ਸਵੈ-ਮਾਣ ਜਾਂ ਆਪਣੀ ਜ਼ਿੰਦਗੀ ਦੌਰਾਨ ਜੋ ਕਮਾਇਆ ਹੈ, ਉਸ ’ਤੇ ਕੋਈ ਦਾਗ਼ ਨਹੀਂ ਲੱਗਣਾ ਚਾਹੀਦਾ, ਉਹ ਬਲੈਕਮੇਲਰ ਦਾ ਸ਼ਿਕਾਰ ਹੋ ਜਾਂਦੇ ਹਨ। ਇਸ ਦਾ ਮਤਲਬ ਇਹ ਨਹੀਂ ਕਿ ਉਹ ਗਲਤ ਹਨ ਜਾਂ ਉਨ੍ਹਾਂ ਨੇ ਕੋਈ ਜੁਰਮ ਕੀਤਾ ਹੈ। ਦੁਖਾਂਤ ਇਹ ਹੈ ਕਿ ਡੂੰਘੀ ਸੱਟ ਲੱਗਣ ਦੇ ਬਾਵਜੂਦ, ਉਹ ਵਿਅਕਤੀ ਕੋਈ ਕਦਮ ਨਹੀਂ ਚੁੱਕਣਾ ਚਾਹੁੰਦਾ ਕਿਉਂਕਿ ਉਹ ਵਿਸ਼ਵਾਸ ਨਹੀਂ ਕਰ ਸਕਦਾ ਕਿ ਜਿਸ ਵਿਅਕਤੀ ਨੇ ਉਸ ਨੂੰ ਬਦਨਾਮ ਕੀਤਾ ਹੈ, ਉਹ ਕਦੇ ਉਸ ਦਾ ਵਿਸ਼ਵਾਸਪਾਤਰ ਸੀ।
ਕੀ ਇਹੀ ਬਦਲਾਅ ਹੈ? : ਇਹ 20ਵੀਂ ਸਦੀ ਦੀ ਹੀ ਗੱਲ ਹੈ ਜਦੋਂ ਇਕ ਪਾਸੇ ਜੰਗ ਦੌਰਾਨ ਘਾਤਕ ਪ੍ਰਮਾਣੂ ਹਥਿਆਰਾਂ ਨਾਲ ਵੱਡੇ ਪੱਧਰ ’ਤੇ ਤਬਾਹੀ ਮਚਾ ਕੇ ਆਪਣੇ ਆਪ ਨੂੰ ਸੁਰੱਖਿਅਤ ਅਤੇ ਤਾਕਤਵਰ ਬਣਾਉਣ ਦੀ ਮਾਨਸਿਕਤਾ ਵਿਕਸਤ ਹੋ ਰਹੀ ਸੀ, ਜਦੋਂ ਕਿ ਦੂਜੇ ਪਾਸੇ ਦੁਨੀਆ ਸੋਚ ਰਹੀ ਸੀ ਕਿ ਸਮਾਜਿਕ ਅਤੇ ਭਾਈਚਾਰਕ ਸੁਰੱਖਿਆ ਲਈ ਕੀ ਕੀਤਾ ਜਾਣਾ ਚਾਹੀਦਾ ਹੈ?
ਕੀ ਕਿਸੇ ਨੇ ਸੋਚਿਆ ਸੀ ਕਿ ਇਸ ਦਾ ਨਤੀਜਾ ਇਹ ਹੋਵੇਗਾ ਕਿ ਵਿਸ਼ਵੀਕਰਨ, ਆਧੁਨਿਕੀਕਰਨ, ਸ਼ਹਿਰੀਕਰਨ ਅਤੇ ਮਾਸ ਮੀਡੀਆ ਰਾਹੀਂ ਲੋਕਾਂ ਦੇ ਜੀਵਨ ਨੂੰ ਬਦਲਣ ਦੀ ਪ੍ਰਕਿਰਿਆ ਇਕ ਅਜਿਹੇ ਬਿੰਦੂ ’ਤੇ ਪਹੁੰਚ ਜਾਵੇਗੀ ਜਿੱਥੇ ਇਕ ਪਾਸੇ ਖੂਹ ਹੋਵੇਗਾ ਅਤੇ ਦੂਜੇ ਪਾਸੇ ਖਾਤਾ (ਟੋਆ)। ਏਸ਼ੀਆਈ ਅਤੇ ਖਾਸ ਕਰ ਕੇ ਭਾਰਤੀ ਸੱਭਿਅਤਾ ਪੱਛਮੀ ਜਾਂ ਅਮਰੀਕੀ ਸੱਭਿਅਤਾ ਲਈ ਇਕ ਚੁਣੌਤੀ ਹੈ।
ਤਕਨਾਲੋਜੀ ਦੀ ਵਰਤੋਂ ਸਿਹਤ ਸੰਭਾਲ ਨੂੰ ਆਧੁਨਿਕ ਬਣਾਉਣ, ਆਵਾਜਾਈ ਪ੍ਰਣਾਲੀਆਂ ਨੂੰ ਬਿਹਤਰ ਬਣਾਉਣ, ਬਿਜਲੀ ਅਤੇ ਪਾਣੀ ਵਰਗੀਆਂ ਬੁਨਿਆਦੀ ਸਹੂਲਤਾਂ ਨੂੰ ਬਿਹਤਰ ਬਣਾਉਣ ਅਤੇ ਖੇਤੀਬਾੜੀ ਖੇਤਰ ਨੂੰ ਆਰਥਿਕ ਤੌਰ ’ਤੇ ਮਜ਼ਬੂਤ ਬਣਾਉਣ ਲਈ ਕੀਤੀ ਜਾਂਦੀ ਹੈ, ਨਾ ਕਿ ਕਿਸੇ ਦੇ ਆਪਣੇ ਹੰਕਾਰ/ਗਰੂਰ ਨੂੰ ਸੰਤੁਸ਼ਟ ਕਰਨ ਲਈ।
ਦੁੱਖ ਦੀ ਗੱਲ ਇਹ ਹੈ ਕਿ ਸਿਰਫ਼ ਪੜ੍ਹੇ-ਲਿਖੇ ਅਤੇ ਅਮੀਰ ਲੋਕਾਂ ਨੇ ਤਕਨਾਲੋਜੀ ਨੂੰ ਆਪਣੇ ਘਰ ਦੀ ਚਾਕਰੀ ਕਰਨ ਤੱਕ ਸੀਮਤ ਕਰ ਦਿੱਤਾ ਹੈ ਅਤੇ ਇਸ ਨੂੰ ਆਮ ਆਦਮੀ ਲਈ ਇੰਨਾ ਮਹਿੰਗਾ ਅਤੇ ਸਮਝਣਾ ਮੁਸ਼ਕਲ ਬਣਾ ਦਿੱਤਾ ਹੈ ਕਿ ਆਮ ਆਦਮੀ ਦੀ ਉਸ ਤੱਕ ਪਹੁੰਚ ਆਸਾਨੀ ਨਾਲ ਹੁੰਦੀ ਹੀ ਨਹੀਂ। ਇੱਥੇ ਇਕ ਦੋਸਤ ਨਾਲ ਵਾਪਰੀ ਇਕ ਘਟਨਾ ਦਾ ਜ਼ਿਕਰ ਕਰਨਾ ਉਚਿਤ ਹੋਵੇਗਾ ਤਾਂ ਜੋ ਲੋਕ ਡਰ ਕੇ ਕਿਸੇ ਦੀ ਗੱਲ ਨਾ ਮੰਨਣ।
ਇਕ ਲੜਕੀ ਨੇ ਪਹਿਲਾਂ ਉਨ੍ਹਾਂ ਨਾਲ ਦੋਸਤੀ ਕੀਤੀ ਅਤੇ ਫਿਰ ਇਹ ਧਮਕੀ ਦੇ ਕੇ ਪੈਸੇ ਦੀ ਮੰਗ ਕਰਨੀ ਸ਼ੁਰੂ ਕਰ ਦਿੱਤੀ ਕਿ ਜੇਕਰ ਉਨ੍ਹਾਂ ਨੇ ਉਸ ਦੀ ਗੱਲ ਨਾ ਮੰਨੀ ਤਾਂ ਉਹ ਡਿਜੀਟਲ ਮਾਧਿਅਮ ਰਾਹੀਂ ਉਸ ਵਲੋਂ ਬਣਾਈ ਗਈ ਸਮੱਗਰੀ ਨਾਲ ਉਨ੍ਹਾਂ ਨੂੰ ਇੰਨਾ ਬਦਨਾਮ ਕਰ ਦੇਵੇਗੀ ਕਿ ਉਹ ਕਿਤੇ ਵੀ ਆਪਣਾ ਮੂੰਹ ਨਹੀਂ ਦਿਖਾ ਸਕਣਗੇ। ਇਹ ਬਿਲਕੁਲ ਉਂਝ ਦੀ ਮਿਸਾਲ ਹੈ ਜਿਵੇਂ ਕਿ ਅੱਜਕੱਲ੍ਹ ਡਿਜੀਟਲ ਗ੍ਰਿਫ਼ਤਾਰੀਆਂ ਅਤੇ ਸਾਈਬਰ ਅਪਰਾਧ ਨਾਲ ਸਬੰਧਤ ਖ਼ਬਰਾਂ ਆ ਰਹੀਆਂ ਹਨ।
ਇਕ ਸਵਾਲ ਜਿਸ ਦਾ ਜਵਾਬ ਦਿੱਤਾ ਜਾਣਾ ਚਾਹੀਦਾ : ਕੀ ਕਿਸੇ ਰਾਜਨੀਤਿਕ ਪਾਰਟੀ, ਸੰਗਠਨ ਜਾਂ ਸਰਕਾਰ ਕੋਲੋਂ ਇਸ ਗੱਲ ਦੀ ਸਹੀ ਸਮੀਖਿਆ ਕਰ ਕੇ ਇਸ ਸਵਾਲ ਦਾ ਜਵਾਬ ਮੰਗਿਆ ਜਾ ਸਕਦਾ ਹੈ ਕਿ ਕੀ ਕਾਰਨ ਹੈ ਕਿ ਜੋ ਦੇਸ਼ ਸਾਡੇ ਦੇਸ਼ ਦੇ ਆਲੇ-ਦੁਆਲੇ ਦੇ ਸਾਲਾਂ ’ਚ ਵਿਦੇਸ਼ੀ ਗੁਲਾਮੀ ਤੋਂ ਮੁਕਤ ਹੋਏ ਸਨ, ਉਹ ਸਾਡੇ ਨਾਲੋਂ ਇੰਨੇ ਜ਼ਿਆਦਾ ਸ਼ਕਤੀਸ਼ਾਲੀ ਅਤੇ ਖੁਸ਼ਹਾਲ ਕਿਉਂ ਹਨ? ਸਾਡਾ ਦੇਸ਼ ਕੁਦਰਤੀ ਸਰੋਤਾਂ ਅਤੇ ਖਣਿਜ ਪਦਾਰਥਾਂ ਨਾਲ ਭਰਪੂਰ ਹੈ ਪਰ ਫਿਰ ਵੀ ਸਾਨੂੰ ਗਰੀਬ, ਪੱਛੜੇ ਜਾਂ ਵੱਧ ਤੋਂ ਵੱਧ ਵਿਕਾਸਸ਼ੀਲ ਦੇਸ਼ਾਂ ਵਿਚ ਗਿਣਿਆ ਜਾਂਦਾ ਹੈ। ਹੋਣਾ ਤਾਂ ਇਹ ਚਾਹੀਦਾ ਸੀ ਕਿ ਭਾਰਤ ਸਿਰਫ਼ ਨਾਂ ਲਈ ਹੀ ਨਹੀਂ ਸਗੋਂ ਦੁਨੀਆ ਦੇ ਮੋਹਰੀ ਦੇਸ਼ਾਂ ਵਿਚ ਸ਼ਾਮਲ ਹੁੰਦਾ ਜਿੱਥੇ ਲੋਕ ਸਿੱਖਿਆ, ਸਿਹਤ ਅਤੇ ਰੁਜ਼ਗਾਰ ਦੇ ਖੇਤਰ ਵਿਚ ਮੋਹਰੀ ਹਨ।
ਅੰਕੜੇ ਤਾਂ ਬਹੁਤ ਹਨ ਪਰ ਉਨ੍ਹਾਂ ਵੱਲ ਧਿਆਨ ਦਿੱਤੇ ਬਿਨਾਂ ਇਸ ਗੱਲ ਦਾ ਈਮਾਨਦਾਰੀ ਨਾਲ ਜਵਾਬ ਮਿਲ ਜਾਵੇ ਤਾਂ ਉਹੀ ਬਹੁਤ ਹੈ ਕਿ ਜਦੋਂ ਜਨਤਾ ਪ੍ਰਤੀ ਵਿਸ਼ਵਾਸ ਦੀ ਗੱਲ ਆਉਂਦੀ ਹੈ ਤਾਂ ਉਸ ਦੇ ਮੂਲ ’ਚ ਸਵਾਰਥ, ਬੇਭਰੋਸਗੀ ਅਤੇ ਹੰਕਾਰ ਦੀ ਬਦਬੂ ਕਿਉਂ ਆਉਂਦੀ ਹੈ?
–ਪੂਰਨ ਚੰਦ ਸਰੀਨ
ਮਮਤਾ ਨੇ ‘ਖੇਲਾ ਹੋਬੇ’ ਦਾ ਸੱਦਾ ਦਿੱਤਾ
NEXT STORY