ਰੋਹਿਤ ਕੌਸ਼ਿਕ
ਇਸ ਸਾਲ ਵੀ ਦੀਵਾਲੀ ਅਤੇ ਦੀਵਾਲੀ ਤੋਂ ਅਗਲੇ ਦਿਨ, ਭਾਵ ਸੋਮਵਾਰ ਨੂੰ ਕੌਮੀ ਰਾਜਧਾਨੀ ਖੇਤਰ (ਐੱਨ. ਸੀ. ਆਰ.) ਵਿਚ ਹਵਾ ਪ੍ਰਦੂਸ਼ਣ ਖਤਰਨਾਕ ਪੱਧਰ ’ਤੇ ਪਹੁੰਚ ਗਿਆ। ਐੱਨ. ਸੀ. ਆਰ. ਦੇ ਨਾਲ ਹੀ ਦੇਸ਼ ਦੇ ਹੋਰ ਕਈ ਹਿੱਸਿਆਂ ’ਚ ਵੀ ‘ਏਅਰ ਕੁਆਲਿਟੀ ਇੰਡੈਕਸ’ ਗੰਭੀਰ ਸ਼੍ਰੇਣੀ ਵਿਚ ਪਹੁੰਚ ਗਿਆ। ਹਾਲਾਂਕਿ ਕੁਝ ਲੋਕਾਂ ਦਾ ਮੰਨਣਾ ਹੈ ਕਿ ਇਸ ਸਾਲ ਦੀਵਾਲੀ ’ਤੇ ਹਵਾ ਪ੍ਰਦੂਸ਼ਣ ਦੀ ਸਥਿਤੀ ਪਿਛਲੇ ਵਰ੍ਹਿਆਂ ਦੇ ਮੁਕਾਬਲੇ ਇੰਨੀ ਜ਼ਿਆਦਾ ਖਰਾਬ ਨਹੀਂ ਸੀ ਤੇ ਹਵਾ ਪ੍ਰਦੂਸ਼ਣ ਨੂੰ ਲੈ ਕੇ ਬੇਵਜ੍ਹਾ ਰੌਲਾ ਪਾਇਆ ਜਾ ਰਿਹਾ ਹੈ।
ਇਥੇ ਸਵਾਲ ਇਹ ਹੈ ਕਿ ਅਜਿਹੇ ਮੌਕਿਆਂ ’ਤੇ ਕੀ ਹਵਾ ਪ੍ਰਦੂਸ਼ਣ ਦੀ ਸਥਿਤੀ ਦੀ ਤੁਲਨਾ ਪਿਛਲੇ ਵਰ੍ਹਿਆਂ ਨਾਲ ਕਰਨਾ ਜ਼ਰੂਰੀ ਹੈ? ਕੀ ਸਾਡੇ ਲਈ ਇਹੀ ਕਾਫੀ ਨਹੀਂ ਕਿ ਇਸ ਸਾਲ ਵੀ ਦੇਸ਼ ਦੇ ਕਈ ਹਿੱਸਿਆਂ ’ਚ ਹਵਾ ਪ੍ਰਦੂਸ਼ਣ ਦਾ ਪੱਧਰ ਕਾਫੀ ਜ਼ਿਆਦਾ ਰਿਹਾ?
ਅਜੇ ਵੀ ਕੋਈ ਸ਼ੱਕ ਹੋਵੇ ਤਾਂ ਦੀਵਾਲੀ ਦੌਰਾਨ ਕਿਸੇ ਦਮੇ ਦੇ ਰੋਗੀ ਤੋਂ ਉਸ ਦਾ ਹਾਲ-ਚਾਲ ਪੁੱਛੋ ਤਾਂ ਤੁਹਾਨੂੰ ਹਵਾ ਪ੍ਰਦੂਸ਼ਣ ਦੀ ਸਥਿਤੀ ਦਾ ਅੰਦਾਜ਼ਾ ਆਪਣੇ ਆਪ ਲੱਗ ਜਾਵੇਗਾ। ਸਵਾਲ ਇਹ ਹੈ ਕਿ ਹਰ ਸਾਲ ਦੀਵਾਲੀ ਮੌਕੇ ਹਵਾ ਵਿਚ ਜ਼ਹਿਰ ਘੋਲਣ ਦਾ ਕੀ ਫਾਇਦਾ? ਇਸ ਸਾਲ ਦੀਵਾਲੀ ਤੋਂ ਪਹਿਲਾਂ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਪਟਾਕਾ ਫੈਕਟਰੀਆਂ ਵਿਚ ਹੋਏ ਵੱਖ-ਵੱਖ ਹਾਦਸਿਆਂ ਵਿਚ ਕਈ ਲੋਕ ਮਾਰੇ ਗਏ।
ਇਹ ਤਾਂ ਸਾਹਮਣੇ ਆਈਆਂ ਕੁਝ ਵੱਡੀਆਂ ਦੁਰਘਟਨਾਵਾਂ ਦੀ ਤਸਵੀਰ ਮਾਤਰ ਹੈ, ਇਸ ਤੋਂ ਇਲਾਵਾ ਦੀਵਾਲੀ ਤੋਂ ਪਹਿਲਾਂ ਪਟਾਕਾ ਫੈਕਟਰੀਆਂ ਵਿਚ ਕਈ ਹੋਰ ਛੋਟੀਆਂ-ਮੋਟੀਆਂ ਘਟਨਾਵਾਂ ਵੀ ਵਾਪਰੀਆਂ ਹੋਣਗੀਆਂ, ਜਿਨ੍ਹਾਂ ਵਿਚ ਕਈ ਲੋਕ ਜ਼ਖ਼ਮੀ ਹੋਏ ਜਾਂ ਮਾਰੇ ਗਏ। ਅਜਿਹੀਆਂ ਘਟਨਾਵਾਂ ਤੋਂ ਪੀੜਤ ਪਰਿਵਾਰਾਂ ਲਈ ਦੀਵਾਲੀ ਖੁਸ਼ੀਆਂ ਦੀ ਬਜਾਏ ਦੁੱਖਾਂ ਦਾ ਤਿਉਹਾਰ ਬਣ ਜਾਂਦੀ ਹੈ। ਇਹ ਤਾਂ ਤਸਵੀਰ ਦਾ ਇਕ ਪਹਿਲੂ ਹੈ ਤਾਂ ਦੂਜੇ ਪਾਸੇ ਦੀਵਾਲੀ ਦੌਰਾਨ ਪਟਾਕਿਆਂ ਕਾਰਣ ਹੋਣ ਵਾਲੇ ਹਵਾ ਅਤੇ ਆਵਾਜ਼ ਪ੍ਰਦੂਸ਼ਣ ਨਾਲ ਦਮੇ ਅਤੇ ਦਿਲ ਦੇ ਮਰੀਜ਼ਾਂ ਨੂੰ ਭਾਰੀ ਪ੍ਰੇਸ਼ਾਨੀ ਉਠਾਉਣੀ ਪੈਂਦੀ ਹੈ।
ਕੁਦਰਤ-ਵਿਰੋਧੀ ਕੰਮ
ਕੋਈ ਵੀ ਤਿਉਹਾਰ ਜਿਥੇ ਇਕ ਪਾਸੇ ਸਾਡੀ ਆਸਥਾ ਨਾਲ ਜੁੜਿਆ ਹੁੰਦਾ ਹੈ, ਉਥੇ ਹੀ ਦੂਜੇ ਪਾਸੇ ਈਸ਼ਵਰ ਅਤੇ ਕੁਦਰਤ ਪ੍ਰਤੀ ਸਾਡੇ ਭਰੋਸੇ ਨੂੰ ਹੋਰ ਵੀ ਜ਼ਿਆਦਾ ਮਜ਼ਬੂਤ ਕਰਦਾ ਹੈ। ਸ਼ਾਸਤਰਾਂ ਵਿਚ ਕਿਹਾ ਗਿਆ ਹੈ ਕਿ ਈਸ਼ਵਰ ਇਸ ਧਰਤੀ, ਜਲ, ਹਵਾ ਅਤੇ ਕੁਦਰਤ ਦੇ ਕਣ-ਕਣ ਵਿਚ ਮੌਜੂਦ ਹੈ। ਇਹ ਮੰਦਭਾਗਾ ਹੀ ਹੈ ਕਿ ਇਕ ਪਾਸੇ ਅਸੀਂ ਤਿਉਹਾਰ ਮਨਾ ਕੇ ਈਸ਼ਵਰ ਵਿਚ ਆਪਣੀ ਆਸਥਾ ਪ੍ਰਗਟਾਉਂਦੇ ਹਾਂ ਅਤੇ ਦੂਜੇ ਪਾਸੇ ਕੁਦਰਤ-ਵਿਰੋਧੀ ਕੰਮਾਂ ਨਾਲ ਆਪਣੀ ਹੀ ਆਸਥਾ ’ਤੇ ਚੋਟ ਵੀ ਕਰਦੇ ਹਾਂ।
ਜੇ ਤਿਉਹਾਰ ਮਨਾਉਣ ਦਾ ਤਰੀਕਾ ਕੁਦਰਤ ਦੀ ਸੰਭਾਲ ਦੇ ਰਾਹ ਵਿਚ ਅੜਿੱਕਾ ਹੈ ਤਾਂ ਇਸ ’ਤੇ ਮੁੜ ਵਿਚਾਰ ਕੀਤਾ ਜਾਣਾ ਜ਼ਰੂਰੀ ਹੈ। ਇਹ ਤ੍ਰਾਸਦੀ ਹੀ ਹੈ ਕਿ ਸਾਡੇ ਦੇਸ਼ ਵਿਚ ਜਦੋਂ ਵੀ ਰਵਾਇਤ ਤੋਂ ਹਟ ਕੇ ਕੁਝ ਹਾਂ-ਪੱਖੀ ਸੋਚਿਆ ਜਾਂ ਕੀਤਾ ਜਾਂਦਾ ਹੈ, ਤਾਂ ਬਿਨਾਂ ਕਿਸੇ ਠੋਸ ਤੱਥ ਦੇ ਕੁਝ ਲੋਕਾਂ ਦਾ ਵਿਰੋਧ ਵੀ ਝੱਲਣਾ ਪੈਂਦਾ ਹੈ ਪਰ ਇਸ ਬਦਲਦੇ ਸਮੇਂ ਵਿਚ ਜਦੋਂ ਕੁਦਰਤ ਦਾ ਸ਼ੋਸ਼ਣ ਲਗਾਤਾਰ ਵਧਦਾ ਜਾ ਰਿਹਾ ਹੈ, ਕੁਦਰਤ ਨੂੰ ਸਿਰਫ ਪ੍ਰੰਪਰਾਵਾਦੀਆਂ ਦੇ ਭਰੋਸੇ ਛੱਡ ਦੇਣਾ ਇਕ ਵੱਡੀ ਬੇਵਕੂਫੀ ਹੋਵੇਗੀ, ਇਸ ਲਈ ਹੁਣ ਸਮਾਂ ਆ ਗਿਆ ਹੈ ਕਿ ਅਸੀਂ ਆਪਣੀ ਤੇ ਕੁਦਰਤ ਦੀ ਹੋਂਦ ਲਈ ਦੀਵਾਲੀ ਮਨਾਉਣ ਦੇ ਢੰਗ ’ਤੇ ਵਿਚਾਰ ਕਰੀਏ।
ਦੀਵਾਲੀ ਦੌਰਾਨ ਹੋਣ ਵਾਲੇ ਹਵਾ ਪ੍ਰਦੂਸ਼ਣ ਨਾਲ ਵਾਤਾਵਰਣ ’ਚ ਹਾਨੀਕਾਰਕ ਗੈਸਾਂ ਅਤੇ ਤੱਤਾਂ ਦੀ ਮਾਤਰਾ ਹੈਰਾਨੀਜਨਕ ਤੌਰ ’ਤੇ ਵਧ ਜਾਂਦੀ ਹੈ ਅਤੇ ਇਸ ਤਿਉਹਾਰ ਤੋਂ ਕਈ ਦਿਨਾਂ ਬਾਅਦ ਤਕ ਵੀ ਪ੍ਰਦੂਸ਼ਣ ਜਾਰੀ ਰਹਿੰਦਾ ਹੈ। ਇਹ ਮੰਦਭਾਗੀ ਗੱਲ ਹੈ ਕਿ ਸਸਤੇ ਹੋਣ ਕਰਕੇ ਚੀਨ ਦੇ ਬਣੇ ਪਟਾਕਿਆਂ ਨੇ ਭਾਰਤੀ ਬਾਜ਼ਾਰ ’ਤੇ ਆਪਣਾ ਕਬਜ਼ਾ ਕਰ ਲਿਆ ਹੈ। ਇਨ੍ਹਾਂ ਪਟਾਕਿਆਂ ਵਿਚ ਸਲਫਰ ਦੀ ਮਾਤਰਾ ਜ਼ਿਆਦਾ ਹੁੰਦੀ ਹੈ। ਇਹੋ ਵਜ੍ਹਾ ਹੈ ਕਿ ਇਨ੍ਹਾਂ ਪਟਾਕਿਆਂ ਦੇ ਚੱਲਣ ’ਤੇ ਵਾਤਾਵਰਣ ਵਿਚ ਸਲਫਰ-ਡਾਇਆਕਸਾਈਡ ਦੀ ਮਾਤਰਾ ਵਧ ਜਾਂਦੀ ਹੈ। ਇਸ ਦੀ ਬਹੁਲਤਾ ਅੱਖਾਂ ਵਿਚ ਜਲਣ, ਸਿਰਦਰਦ, ਸਾਹ ਸਬੰਧੀ, ਕੈਂਸਰ ਅਤੇ ਦਿਲ ਸਬੰਧੀ ਰੋਗ ਪੈਦਾ ਕਰਦੀ ਹੈ।
ਦੂਜੇ ਪਾਸੇ ਪਟਾਕਿਆਂ ਵਿਚ ਕੈਡਮੀਅਮ, ਲੈੱਡ, ਕਾਪਰ, ਜ਼ਿੰਕ, ਆਰਸੈਨਿਕ, ਮਰਕਰੀ ਅਤੇ ਕ੍ਰੋਮੀਅਮ ਵਰਗੀਆਂ ਕਈ ਜ਼ਹਿਰੀਲੀਆਂ ਧਾਤੂਆਂ ਵੀ ਹੁੰਦੀਆਂ ਹਨ, ਜੋ ਵਾਤਾਵਰਣ ’ਤੇ ਬਹੁਤ ਬੁਰੇ ਪ੍ਰਭਾਵ ਪਾਉਂਦੀਆਂ ਹਨ। ਕਾਪਰ (ਤਾਂਬਾ) ਸਾਹਤੰਤਰ ਨੂੰ ਪ੍ਰਭਾਵਿਤ ਕਰਦਾ ਹੈ, ਕੈਡਮੀਅਮ ਗੁਰਦਿਆਂ ਨੂੰ ਨੁਕਸਾਨ ਪਹੁੰਚਾਉਂਦਾ ਹੈ ਤਾਂ ਲੈੱਡ (ਸੀਸਾ) ਨਾੜੀਤੰਤਰ ਨੂੰ ਪ੍ਰਭਾਵਿਤ ਕਰਦਾ ਹੈ। ਜ਼ਿੰਕ ਨਾਲ ਉਲਟੀਆਂ ਹੋਣ ਦੇ ਲੱਛਣ ਪ੍ਰਗਟ ਹੁੰਦੇ ਹਨ, ਜਦਕਿ ਆਰਸੈਨਿਕ ਤੇ ਮਰਕਰੀ ਨਾਲ ਕੈਂਸਰ ਰੋਗ ਹੋਣ ਦਾ ਖਤਰਾ ਹੁੰਦਾ ਹੈ।
ਇਸ ਤੋਂ ਇਲਾਵਾ ਪਟਾਕਿਆਂ ਲਈ ਇਸਤੇਮਾਲ ਕੀਤਾ ਜਾਣ ਵਾਲਾ ਗੰਨ ਪਾਊਡਰ ਵੀ ਬਹੁਤ ਹਾਨੀਕਾਰਕ ਹੁੰਦਾ ਹੈ। ਪਟਾਕਾ ਉਦਯੋਗ ਵਿਚ ਕੰਮ ਕਰਨ ਵਾਲੇ ਬੱਚਿਆਂ ’ਤੇ ਇਸ ਦੇ ਹਾਨੀਕਾਰਕ ਪ੍ਰਭਾਵ ਦੇਖੇ ਗਏ ਹਨ। ਪਟਾਕੇ ਚਲਾਉਂਦੇ ਸਮੇਂ ਕਈ ਵਾਰ ਅੱਗ ਲੱਗਣ ਦੀਆਂ ਘਟਨਾਵਾਂ ਵਾਪਰੀਆਂ ਹਨ ਅਤੇ ਜਾਨ-ਮਾਲ ਦਾ ਨੁਕਸਾਨ ਵੀ ਹੋ ਜਾਂਦਾ ਹੈ। ਦੀਵਾਲੀ ਦੌਰਾਨ ਹੋਣ ਵਾਲੇ ਆਵਾਜ਼ ਪ੍ਰਦੂਸ਼ਣ ਨਾਲ ਜਿੱਥੇ ਇਕ ਪਾਸੇ ਮਨੁੱਖੀ ਸਰੀਰ ਵਿਚ ਕਈ ਰੋਗ ਪੈਦਾ ਹੋ ਜਾਂਦੇ ਹਨ, ਉਥੇ ਹੀ ਦੂਜੇ ਪਾਸੇ ਪਸ਼ੂਆਂ-ਪੰਛੀਆਂ ’ਤੇ ਵੀ ਇਨ੍ਹਾਂ ਦਾ ਬੁਰਾ ਅਸਰ ਪੈਂਦਾ ਹੈ।
ਆਵਾਜ਼ ਪ੍ਰਦੂਸ਼ਣ ਨਾਲ ਹਾਈ ਬਲੱਡ ਪ੍ਰੈਸ਼ਰ, ਬੋਲ਼ਾਪਣ, ਹਾਰਟ ਅਟੈਕ, ਨੀਂਦ ਵਿਚ ਕਮੀ ਵਰਗੇ ਰੋਗ ਪੈਦਾ ਹੁੰਦੇ ਹਨ। ਕੁਲ ਮਿਲਾ ਕੇ ਦੀਵਾਲੀ ਦੌਰਾਨ ਹੋਣ ਵਾਲੇ ਪ੍ਰਦੂਸ਼ਣ ਨਾਲ ਚੌਗਿਰਦੇ ਦੀ ਹਰੇਕ ਚੀਜ਼ ਪ੍ਰਭਾਵਿਤ ਹੁੰਦੀ ਹੈ। ਇਸ ਲਈ ਹੁਣ ਸਮਾਂ ਆ ਗਿਆ ਹੈ ਕਿ ਅਸੀਂ ਪਟਾਕੇ ਛੱਡ ਕੇ ਦੀਵਾਲੀ ਦੌਰਾਨ ਹੋਣ ਵਾਲੇ ਪ੍ਰਦੂਸ਼ਣ ਨੂੰ ਖਤਮ ਕਰਨ ਦੀ ਸਮੂਹਿਕ ਕੋਸ਼ਿਸ਼ ਕਰੀਏ। ਸਾਨੂੰ ਇਹ ਧਿਆਨ ਵਿਚ ਰੱਖਣਾ ਪਵੇਗਾ ਕਿ ਰੌਸ਼ਨੀਆਂ ਦੇ ਇਸ ਤਿਉਹਾਰ ਵਿਚ ਪਟਾਕੇ ਹਨੇਰਾ ਵੰਡਦੇ ਹਨ। ਇਹ ਦੁੱਖਦਾਈ ਹੀ ਹੈ ਕਿ ਅਸੀਂ ਇੰਨੀ ਛੋਟੀ ਜਿਹੀ ਗੱਲ ਵੀ ਨਹੀਂ ਸਮਝਦੇ ਕਿ ਇਸ ਤਿਉਹਾਰ ਵਿਚ ਹਵਾ ਨੂੰ ਜ਼ਹਿਰੀਲੀ ਬਣਾਉਣ ਦਾ ਫਾਇਦਾ ਕਿਸੇ ਨੂੰ ਵੀ ਨਹੀਂ ਹੈ।
ਆਪਣੇ ਭਵਿੱਖ ਨੂੰ ਲੈ ਕੇ ਅਸੁਰੱਖਿਅਤ ਆਤਿਸ਼ਬਾਜ਼ੀ ਦਾ ਗੜ੍ਹ ਸ਼ਿਵਾਕਾਸ਼ੀ
NEXT STORY