ਕੇਂਦਰੀ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਦੇਸ਼ ਦੇ ਉਨ੍ਹਾਂ ਚੰਦ ਆਗੂਆਂ ਵਿਚੋਂ ਹਨ ਜੋ ਸਾਫ਼-ਸੁਥਰੀ ਸਿਆਸਤ ਕਰਦੇ ਹਨ। ਸਿਆਸਤ ਨੂੰ ਲੈ ਕੇ ਉਨ੍ਹਾਂ ਦੀ ਸਪੱਸ਼ਟ ਸੋਚ ਅਤੇ ਬੇਬਾਕੀ ਕਾਰਨ ਭਾਜਪਾ ਦੇ ਨਾਲ-ਨਾਲ ਵਿਰੋਧੀ ਧਿਰ ਦੇ ਆਗੂ ਵੀ ਉਨ੍ਹਾਂ ਦੇ ਕਾਇਲ ਹਨ।
2 ਅਪ੍ਰੈਲ ਨੂੰ ‘ਨਦੀਮ ਖਾਨ’ ਵਲੋਂ ਅਨੁਵਾਦ ਕੀਤੀ ਗਈ ‘ਵਿਸ਼ਵਾਸ ਪਾਟਿਲ’ ਦੀ ਕਿਤਾਬ ‘ਦ ਵਾਈਲਡ ਵਾਰਫਰੰਟ’ ਦੇ ਅੰਗਰੇਜ਼ੀ ਅਨੁਵਾਦ ਦੇ ਰਿਲੀਜ਼ ਸਮਾਗਮ ਨੂੰ ਸੰਬੋਧਨ ਕਰਦੇ ਹੋਏ ਉਨ੍ਹਾਂ ਨੇ ਇਕ ਵਾਰ ਫਿਰ ਬੇਬਾਕ ਬਿਆਨ ਦਿੰਦੇ ਹੋਏ ਕਿਹਾ ਕਿ ਮਹਾਰਾਸ਼ਟਰ ਤੋਂ ਬਾਹਰ ਦੇ ਲੋਕਾਂ ਵਿਚ ‘ਛਤਰਪਤੀ ਸ਼ਿਵਾਜੀ ਮਹਾਰਾਜ’ ਬਾਰੇ ਕਈ ਗਲਤ ਧਾਰਨਾਵਾਂ ਹਨ। ‘ਛਤਰਪਤੀ ਸ਼ਿਵਾਜੀ ਮਹਾਰਾਜ’ 100 ਫੀਸਦੀ ਧਰਮ ਨਿਰਪੱਖ ਸ਼ਾਸਕ ਸਨ, ਜਿਨ੍ਹਾਂ ਨੇ ਕਈ ਯੁੱਧ ਜਿੱਤੇ ਪਰ ਕਦੇ ਵੀ ਕਿਸੇ ਮਸਜਿਦ ਨੂੰ ਨਹੀਂ ਢਾਹਿਆ।
ਉਨ੍ਹਾਂ ਕਿਹਾ ਕਿ ‘‘ਸ਼ਿਵਾਜੀ ਮਹਾਰਾਜ ਇਕ ਆਦਰਸ਼ ਸ਼ਾਸਕ, ਆਦਰਸ਼ ਪਿਤਾ ਸਨ।’’ ਨਿਤਿਨ ਗਡਕਰੀ ਨੇ ਕਿਹਾ ਕਿ ਇਹ ਮੰਦਭਾਗਾ ਹੈ ਕਿ ਜੋ ਵੀ ਵੱਡਾ ਆਗੂ ਬਣਦਾ ਹੈ, ਉਹ ਜਾਤ ਅਤੇ ਧਰਮ ਦੀ ਗੱਲ ਕਰਨ ਲੱਗਦਾ ਹੈ। ਉਨ੍ਹਾਂ ਕਿਹਾ, ‘‘ਮੈਂ ਲੋਕਾਂ ਨੂੰ ਜਾਤ ਅਤੇ ਧਰਮ ਬਾਰੇ ਗੱਲ ਨਾ ਕਰਨ ਦੀ ਅਪੀਲ ਕਰਦਾ ਹਾਂ।’’
ਨਿਤਿਨ ਗਡਕਰੀ ਦਾ ਇਹ ਬਿਆਨ ਦੇਸ਼ ਦੀ ਮੌਜੂਦਾ ਸਿਆਸਤ ਦੇ ਸੰਦਰਭ ਵਿਚ ਬਿਲਕੁਲ ਸਹੀ ਹੈ। ਭਾਵੇਂ ਉਨ੍ਹਾਂ ਦੇ ਇਸ ਬਿਆਨ ਨਾਲ ਉਹ ਆਗੂ ਅਸਹਿਮਤ ਹੋ ਸਕਦੇ ਹਨ ਜੋ ਆਪਣੇ ਸਿਆਸੀ ਲਾਭ ਲਈ ਧਰਮ ਅਤੇ ਜਾਤ ਦੇ ਨਾਂ ’ਤੇ ਦੇਸ਼ ਅਤੇ ਸਮਾਜ ਨੂੰ ਵੰਡਦੇ ਹਨ, ਪਰ ਅਜਿਹੀ ਸਿਆਸਤ ਸਮਾਜ ਵਿਚ ਆਪਸੀ ਸਦਭਾਵਨਾ ਨੂੰ ਘਟਾਉਂਦੀ ਹੈ ਜੋ ਦੇਸ਼ ਦੀ ਸ਼ਾਂਤੀ ਅਤੇ ਖੁਸ਼ਹਾਲੀ ਲਈ ਚੰਗਾ ਨਹੀਂ ਹੈ।
ਨਿਤਿਨ ਗਡਕਰੀ ਦੇ ਇਸ ਬਿਆਨ ਨੂੰ ਸਾਰੇ ਆਗੂਆਂ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ ਅਤੇ ਦੇਸ਼ ਵਿਚ ਮੁੱਦਿਆਂ ’ਤੇ ਆਧਾਰਿਤ ਸਿਆਸਤ ਨੂੰ ਉਤਸ਼ਾਹਿਤ ਕਰਨਾ ਚਾਹੀਦਾ ਹੈ।
-ਵਿਜੇ ਕੁਮਾਰ
ਅਜਿਹਾ ਲੱਗਦਾ ਹੈ ਜਿਵੇਂ ਟਰੰਪ ਸੈਲਾਨੀਆਂ ਨੂੰ ਦੂਰ ਭਜਾ ਰਹੇ ਹਨ
NEXT STORY