ਦੁਰਗ— ਛੱਤੀਸਗੜ੍ਹ 'ਚ ਗਾਰੰਟੀ ਪੀਰੀਅਡ 'ਚ ਏ. ਸੀ. ਖ਼ਰਾਬ ਹੋਣ ਅਤੇ ਠੀਕ ਕਰ ਕੇ ਨਾ ਦੇਣ ਦੇ ਇਕ ਮਾਮਲੇ 'ਚ ਜ਼ਿਲਾ ਖਪਤਕਾਰ ਫੋਰਮ 'ਚ ਫੈਸਲਾ ਸੁਣਾਇਆ ਗਿਆ। ਫੋਰਮ ਦੇ ਹੁਕਮ ਮੁਤਾਬਕ ਕੰਪਨੀ ਅਤੇ ਵਿਕਰੇਤਾ ਏ. ਸੀ. ਦੀ ਕੀਮਤ 71,000 ਰੁਪਏ ਸ਼ਿਕਾਇਤਕਰਤਾ ਨੂੰ ਮੋੜਨਗੇ। ਇਸ ਤੋਂ ਇਲਾਵਾ ਦੋਵੇਂ 2 ਲੱਖ ਰੁਪਏ ਹਰਜਾਨੇ ਦੇ ਨਾਲ ਸ਼ਿਕਾਇਤਕਰਤਾ ਨੂੰ 10 ਹਜ਼ਾਰ ਰੁਪਏ ਅਦਾਲਤੀ ਖ਼ਰਚਾ ਵੀ ਅਦਾ ਕਰਨਗੇ।
ਸ਼ਿਕਾਇਤਕਰਤਾ ਮੁਤਾਬਕ ਇੰਦਰਾ ਪਾਰਾ ਭਿਲਾਈ ਨਿਵਾਸੀ ਕਮਲੇਸ਼ ਨਥਵਾਨੀ ਨੇ ਭਿਲਾਈ ਸੈਕਟਰ-1 ਏ ਮਾਰਕੀਟ ਦੀ ਇਕ ਦੁਕਾਨ ਤੋਂ 18 ਮਈ, 2015 ਨੂੰ ਵੋਲਟਾਸ ਕੰਪਨੀ ਦੇ 2 ਏ. ਸੀ. ਖਰੀਦੇ ਸਨ। ਇਸ ਦੇ ਲਈ ਉਸ ਨੇ 23,752 ਰੁਪਏ ਨਕਦ ਅਤੇ ਫਾਈਨਾਂਸ ਸਕੀਮ ਦੇ ਤਹਿਤ 8 ਕਿਸ਼ਤਾਂ 'ਚ ਬਾਕੀ ਰਾਸ਼ੀ ਕੁਲ 71,250 ਰੁਪਏ ਦਾ ਭੁਗਤਾਨ ਕੀਤਾ ਸੀ। ਉਸ ਨੇ 20 ਮਈ ਨੂੰ ਏ. ਸੀ. ਲਵਾਇਆ। ਕਰੀਬ 15 ਦਿਨਾਂ ਬਾਅਦ ਦੋਵਾਂ ਏ. ਸੀਜ਼ ਨੇ ਕੂਲਿੰਗ ਬੰਦ ਕਰ ਦਿੱਤੀ। ਜਾਣਕਾਰੀ ਦੇਣ 'ਤੇ ਸਰਵਿਸਮੈਨ ਨੂੰ ਭੇਜਿਆ ਗਿਆ, ਜਿਸ ਨੇ ਪਾਈਪ ਦਾ ਫਟਣਾ ਦੱਸ ਕੇ ਗੈਸ ਰੀਫਿਲਿੰਗ ਕੀਤੀ। ਕੁੱਝ ਦਿਨਾਂ ਬਾਅਦ ਫਿਰ ਏ. ਸੀ. ਦੀ ਕੂਲਿੰਗ ਬੰਦ ਹੋ ਗਈ। ਸ਼ਿਕਾਇਤ 'ਤੇ ਦੁਕਾਨਦਾਰ ਅਤੇ ਕੰਪਨੀ ਨੇ ਕੋਈ ਠੋਸ ਜਵਾਬ ਨਹੀਂ ਦਿੱਤਾ। ਸ਼ਿਕਾਇਤਕਰਤਾ ਨੇ ਦੁਕਾਨਦਾਰ ਦੇ ਨਾਲ ਵੋਲਟਾਸ ਕੰਪਨੀ ਦੇ ਅਧਿਕਾਰਤ ਸਰਵਿਸ ਸੈਂਟਰ ਡਿਜੀਟਲ ਕੇਅਰ ਸੁਪੇਲਾ ਅਤੇ ਵੋਲਟਾਸ ਲਿਮਟਿਡ ਚਿਚਪੋਕਲੀ ਮੁੰਬਈ ਦੇ ਡਾਇਰੈਕਟਰ ਨੂੰ ਪਾਰਟੀ ਬਣਾਇਆ ਸੀ। ਸ਼ਿਕਾਇਤਕਰਤਾ ਨੇ ਤਿੰਨਾਂ 'ਤੇ ਸੇਵਾ 'ਚ ਕਮੀ ਦਾ ਦੋਸ਼ ਲਾ ਕੇ ਹਰਜਾਨਾ ਦਿਵਾਉਣ ਦੀ ਮੰਗ ਕੀਤੀ ਸੀ।
ਸ਼ਿਕਾਇਤਕਰਤਾ ਨੇ ਫੋਰਮ ਨੂੰ ਦੱਸਿਆ ਕਿ ਉਨ੍ਹਾਂ ਨੇ ਥੈਲੇਸੀਮੀਆ ਤੋਂ ਪੀੜਤ ਆਪਣੀ 6 ਮਹੀਨਿਆਂ ਦੀ ਬੇਟੀ ਚਾਹਤ ਨਥਵਾਨੀ ਨੂੰ ਗਰਮੀ ਤੋਂ ਬਚਾਉਣ ਲਈ ਏ. ਸੀ. ਖਰੀਦਿਆ ਸੀ। ਡਾਕਟਰ ਨੇ ਉਸ ਨੂੰ ਗਰਮੀ ਤੋਂ ਬਚਾਉਣ ਦੀ ਸਲਾਹ ਦਿੱਤੀ ਸੀ। ਏ. ਸੀ. ਖ਼ਰਾਬ ਹੋਣ ਕਾਰਨ ਥੈਲੇਸੀਮੀਆਂ ਤੋਂ ਪ੍ਰੇਸ਼ਾਨ ਬੱਚੀ ਨੂੰ ਗਰਮੀ ਝੱਲਣੀ ਪਈ।
ਇਹ ਕਿਹਾ ਫੋਰਮ ਨੇ
ਵਿਕਰੇਤਾ ਅਤੇ ਕੰਪਨੀ ਨੇ ਫੋਰਮ 'ਚ ਜਵਾਬ ਪੇਸ਼ ਕਰ ਕੇ ਸ਼ਿਕਾਇਤਕਰਤਾ ਨੂੰ ਹੀ ਜ਼ਿੰਮੇਵਾਰ ਠਹਿਰਾਇਆ। ਦੁਕਾਨਦਾਰ ਮੁਤਾਬਕ ਕਮਲੇਸ਼ ਨੇ ਅਧਿਕਾਰਤ ਮਕੈਨਿਕ ਨੂੰ ਫਿਟਿੰਗ ਦੇ ਇਵਜ਼ 'ਚ ਭੁਗਤਾਨ ਦੇਣ ਤੋਂ ਬਚਣ ਲਈ ਅਣਜਾਣ ਲੋਕਾਂ ਤੋਂ ਫਿਟਿੰਗ ਕਰਵਾਈ, ਜਿਸ ਕਾਰਨ ਕੂਲਿੰਗ ਸਿਸਟਮ 'ਚ ਖਰਾਬੀ ਆਈ। ਫੋਰਮ ਨੇ ਦੋਵਾਂ ਪੱਖਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਇਹ ਮਾਮਲਾ ਸੇਵਾ 'ਚ ਕਮੀ ਦਾ ਪਾਇਆ ਅਤੇ ਵਿਕਰੇਤਾ ਤੇ ਨਿਰਮਾਤਾ ਕੰਪਨੀ ਦੇ ਖਿਲਾਫ ਫੈਸਲਾ ਸੁਣਾਇਆ। ਫੈਸਲੇ ਅਨੁਸਾਰ ਦੁਕਾਨਦਾਰ ਅਤੇ ਨਿਰਮਾਤਾ ਕੰਪਨੀ ਸ਼ਿਕਾਇਤਕਰਤਾ ਨੂੰ ਏ. ਸੀ. ਦੀ ਕੀਮਤ, ਹਰਜਾਨਾ ਤੇ ਅਦਾਲਤੀ ਖਰਚੇ ਸਮੇਤ 2,81000 ਰੁਪਏ ਵਾਪਸ ਕਰਨਗੇ।
ਇਨਫੋਸਿਸ ਦੇ ਸੀ. ਈ. ਓ. ਬਣ ਸਕਦੇ ਹਨ ਪ੍ਰਵੀਨ ਰਾਓ
NEXT STORY