ਬੇਂਗਲੁਰੂ– ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਕਿਹਾ ਕਿ ਕੇਂਦਰੀ ਬੈਂਕ ਵਲੋਂ ਸੰਚਾਲਿਤ ਡਿਜੀਟਲ ਮੁਦਰਾ ਦੇ ਸਪੱਸ਼ਟ ਲਾਭ ਹਨ ਅਤੇ ‘ਡਿਜੀਟਲ ਰੁਪਇਆ’ ਲਿਆਉਣ ਦਾ ਫੈਸਲਾ ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਦੀ ਸਲਾਹ ਨਾਲ ਸੋਚ-ਸਮਝ ਕੇ ਲਿਆ ਗਿਆ ਹੈ। ਸੀਤਾਰਮਣ ਨੇ ਇੱਥੇ ਇੰਡੀਆ ਗਲੋਬਲ ਫੋਰਮ ਦੇ ਸਾਲਾਨਾ ਸਿਖਰ ਸੰਮੇਲਨ ਨੂੰ ਸੰਬੋਧਨ ਕਰਦੇ ਹੋਏ ਡਿਜੀਟਲ ਰੁਪਏ ’ਤੇ ਇਕ ਸਵਾਲ ਦੇ ਜਵਾਬ ’ਚ ਕਿਹਾ, ‘‘ਇਹ ਕੇਂਦਰੀ ਬੈਂਕ-ਭਾਰਤੀ ਰਿਜ਼ਰਵ ਬੈਂਕ ਦੀ ਸਲਾਹ ਨਾਲ ਸੋਚ-ਸਮਝ ਕੇ ਕੀਤਾ ਗਿਆ ਫੈਸਲਾ ਹੈ...ਅਸੀਂ ਚਾਹੁੰਦੇ ਹਾਂ ਕਿ ਉਹ ਇਸ ਨੂੰ ਜਿਸ ਤਰ੍ਹਾਂ ਲਿਆਉਣਾ ਚਾਹੁਣ, ਉਸ ਤਰ੍ਹਾਂ ਡਿਜਾਈਨ ਕਰਨ, ਪਰ ਅਸੀਂ ਕੇਂਦਰੀ ਬੈਂਕ ਤੋਂ ਇਸ ਸਾਲ ਮੁਦਰਾ ਲਿਆਉਣ ਦੀ ਉਮੀਦ ਕਰਦੇ ਹਾਂ। ਉਨ੍ਹਾਂ ਨੇ ਕਿਹਾ ਕਿ ਸਾਡਾ ਮੰਨਣਾ ਹੈ ਕਿ ਕੇਂਦਰੀ ਬੈਂਕ ਵਲੋਂ ਸੰਚਾਲਿਤ ਡਿਜੀਟਲ ਮੁਦਰਾ ਦੇ ਸਪੱਸ਼ਟ ਲਾਭ ਹਨ ਕਿਉਂਕਿ ਅੱਜ ਦੇ ਦੌਰ ’ਚ ਦੇਸ਼ਾਂ ਦਰਮਿਆਨ ਹੋਣ ਵਾਲੇ ਥੋਕ ਭੁਗਤਾਨ, ਸੰਸਥਾਨਾਂ ਦਰਮਿਆਨ ਵੱਡੇ ਲੈਣ-ਦੇਣ ਅਤੇ ਹਰੇਕ ਦੇਸ਼ ਦੇ ਕੇਂਦਰੀ ਬੈਂਕਾਂ ਦਰਮਿਆਨ ਵੱਡੇ ਲੈਣ-ਦੇਣ, ਇਹ ਸਾਰੇ ਡਿਜੀਟਲ ਮੁਦਰਾ ਰਾਹੀਂ ਬਿਹਤਰ ਢੰਗ ਹੋ ਸਕਦੇ ਹਨ।
ਕ੍ਰਿਪਟੋ ਬਾਰੇ ਹਿੱਤਧਾਰਕਾਂ ਨਾਲ ਮਸ਼ਵਰੇ ਤੋਂ ਬਾਅਦ ਸਰਕਾਰ ਕਰੇਗੀ ਫੈਸਲਾ
ਕ੍ਰਿਪਟੋ ਖੇਤਰ ਨੂੰ ਨਿਯਮਿਤ ਕਰਨ ਬਾਰੇ ਪੁੱਛੇ ਜਾਣ ’ਤੇ ਵਿੱਤ ਮੰਤਰੀ ਨੇ ਕਿਹਾ ਕਿ ਹਿੱਤਧਾਰਕਾਂ ਨਾਲ ਸਲਾਹ ਤੋਂ ਬਾਅਦ ਸਰਕਾਰ ਇਸ ਬਾਰੇ ਫੈਸਲਾ ਕਰੇਗੀ। ਉਨ੍ਹਾਂ ਨੇ ਕਿਹਾ ਮਸ਼ਵਰੇ ਜਾਰੀ ਹਨ...ਇਸ ਖੇਤਰ ’ਚ ਰੁਚੀ ਰੱਖਣ ਵਾਲੇ ਕਿਸੇ ਵੀ ਵਿਅਕਤੀ ਦਾ ਸੁਝਾਅ ਦੇਣ ਲਈ ਸਵਾਗਤ ਹੈ। ਸਲਾਹ ਦੀ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਮੰਤਰਾਲਾ ਇਸ ’ਤੇ ਵਿਚਾਰ ਕਰੇਗਾ। ਸਾਨੂੰ ਇਹ ਯਕੀਨੀ ਕਰਨ ਦੀ ਲੋੜ ਹੈ ਕਿ ਅਸੀਂ ਕਿਸੇ ਕਾਨੂੰਨੀ ਲੋੜ ਤੋਂ ਪਰ੍ਹੇ ਨਹੀਂ ਜਾ ਰਹੇ ਹਾਂ, ਉਸ ਤੋਂ ਬਾਅਦ ਅਸੀਂ ਇਸ ’ਤੇ ਆਪਣਾ ਰੁਖ ਸਾਹਮਣੇ ਲਿਆਵਾਂਗੇ। ਇਹ ਪੁੱਛੇ ਜਾਣ ’ਤੇ ਕਿ ਕੀ ਉਹ ਭਾਰਤ ’ਚ ਕ੍ਰਿਪਟੋ ਦਾ ਭਵਿੱਖ ਦੇਖਦੀ ਹੈ, ਉਸਨੇ ਕਿਹਾ ਕਿ ਬਹੁਤ ਸਾਰੇ ਭਾਰਤੀਆਂ ਨੇ ਇਸ ’ਚ ਬਹੁਤ ਸੰਭਾਵਨਾਵਾਂ ਵੇਖੀਆਂ ਹਨ ਅਤੇ ਇਸ ਲਈ ਮੈਨੂੰ ਇਸ ’ਚ ਮਾਲੀਏ ਦੀ ਗੁੰਜਾਇਸ਼ ਦਿਖਾਈ ਦਿੰਦੀ ਹੈ।
ਬਜਟ ’ਚ 75 ਡਿਜੀਟਲ ਬੈਂਕਿੰਗ ਇਕਾਈਆਂ ਦਾ ਕੀਤਾ ਗਿਆ ਐਲਾਨ
ਹਾਲ ਹੀ ’ਚ ਪੇਸ਼ ਕੀਤੇ ਗਏ ਆਮ ਬਜਟ ਬਾਰੇ ਸੀਤਾਰਮਣ ਨੇ ਕਿਹਾ ਕਿ ਬਜਟ ’ਚ ‘ਅੰਮ੍ਰਿਤ ਕਾਲ’ ਦਾ ਜ਼ਿਕਰ ਵੱਧ ਤੋਂ ਵੱਧ ਡਿਜੀਟਲੀਕਰਨ ਅਤੇ ਤਕਨਾਲੋਜੀ ਦੇ ਇਸਤੇਮਾਲ ਦੇ ਸਬੰਧ ’ਚ ਹੈ। ਉਨ੍ਹਾਂ ਨੇ ਕਿਹਾ ਕਿ ਇਸ ਬਜਟ ’ਚ 75 ਡਿਜੀਟਲ ਬੈਂਕਿੰਗ ਇਕਾਈਆਂ (ਡੀ. ਬੀ. ਯੂ.) ਦਾ ਐਲਾਨ ਕੀਤਾ ਗਿਆ ਹੈ। ਸੀਤਾਰਮਣ ਨੇ ਕਿਹਾ ਿਕ ਭਾਰਤ ਨੂੰ ਇਨ੍ਹਾਂ ਦੀ ਲੋੜ ਹੈ, ਕਿਉਂਕਿ ਆਜ਼ਾਦੀ ਦੇ 75 ਸਾਲਾਂ ’ਚ ਰਾਸ਼ਟਰੀਕ੍ਰਿਤ ਬੈਂਕਿੰਗ ਨੈੱਟਵਰਕ ਦੇ ਬਾਵਜੂਦ ਬੈਂਕਿੰਗ ਅਤੇ ਵਿੱਤੀ ਸ਼ਮੂਲੀਅਤ ਪੂਰੀ ਨਹੀਂ ਹੋ ਸਕੀ।
ਹੁਣ ਬਿਨਾਂ ਸਮਾਰਟਫੋਨ ਤੇ ਇੰਟਰਨੈੱਟ ਤੋਂ ਹੋਵੇਗੀ UPI ਪੇਮੈਂਟ, RBI ਨੇ ਸ਼ੁਰੂ ਕੀਤੀ ਨਵੀਂ ਸੇਵਾ
NEXT STORY