ਨਵੀਂ ਦਿੱਲੀ - ਪੱਛਮੀ ਏਸ਼ੀਆ ’ਚ ਵਧਦੇ ਭੂ-ਸਿਆਸੀ ਤਣਾਅ ਨਾਲ ਤੇਲ ਸੰਕਟ ਡੂੰਘਾ ਹੁੰਦਾ ਜਾ ਰਿਹਾ ਹੈ, ਜਿਸ ਦਾ ਅਸਰ ਹੁਣ ਭਾਰਤ ’ਚ ਵੀ ਸਾਫ਼ ਦਿਸਣ ਲੱਗਾ ਹੈ। ਕੱਚੇ ਤੇਲ ਦੀਆਂ ਕੀਮਤਾਂ ’ਚ ਤੇਜ਼ ਉਛਾਲ ਦਰਮਿਆਨ ਪੈਟਰੋਲੀਅਮ ਕੰਪਨੀਆਂ ਪੈਟਰੋਲ ਅਤੇ ਡੀਜ਼ਲ ਦੀ ਵਿਕਰੀ ’ਤੇ ਭਾਰੀ ਘਾਟਾ ਝੱਲ ਰਹੀਆਂ ਹਨ। ਪਿਛਲੇ ਕੁਝ ਹਫ਼ਤਿਆਂ ’ਚ ਕੰਪਨੀਆਂ ਨੂੰ ਲੱਗਭਗ 8,800 ਕਰੋੜ ਰੁਪਏ ਦਾ ਨੁਕਸਾਨ ਹੋ ਚੁੱਕਾ ਹੈ ਅਤੇ ਰੋਜ਼ਾਨਾ 2,000 ਕਰੋੜ ਰੁਪਏ ਤੋਂ ਵੱਧ ਦਾ ਘਾਟਾ ਵਧ ਰਿਹਾ ਹੈ।
ਹਾਲਾਤ ਅਜਿਹੇ ਬਣ ਗਏ ਹਨ ਕਿ ਡੀਜ਼ਲ ’ਤੇ ਲੱਗਭਗ 36 ਅਤੇ ਪੈਟਰੋਲ ’ਤੇ 17 ਰੁਪਏ ਪ੍ਰਤੀ ਲੀਟਰ ਦਾ ਘਾਟਾ ਹੋ ਰਿਹਾ ਹੈ, ਜਿਸ ਨਾਲ ਛੇਤੀ ਹੀ ਈਂਧਨ ਕੀਮਤਾਂ ’ਚ ਵਾਧੇ ਦਾ ਖਦਸ਼ਾ ਤੇਜ਼ ਹੋ ਗਿਆ ਹੈ।
ਸਊਦੀ ਅਰਬ, ਇਰਾਕ ਅਤੇ ਯੂ. ਏ. ਈ. ਵਰਗੇ ਪ੍ਰਮੁੱਖ ਉਤਪਾਦਕਾਂ ਤੋਂ ਸਪਲਾਈ ਘਟਣ ਕਾਰਨ ਕੱਚੇ ਤੇਲ ਦੀਆਂ ਕੀਮਤਾਂ ਤੇਜ਼ੀ ਨਾਲ ਵਧ ਕੇ 110 ਡਾਲਰ ਪ੍ਰਤੀ ਬੈਰਲ ਤੋਂ ਪਾਰ ਪਹੁੰਚ ਗਈਆਂ ਹਨ। ਸਪਲਾਈ ’ਚ ਕਮੀ ਅਤੇ ਮੰਗ ਦੇ ਦਬਾਅ ਨੇ ਬਾਜ਼ਾਰ ’ਚ ਅਸਥਿਰਤਾ ਵਧਾ ਦਿੱਤੀ ਹੈ।
ਭਾਰਤ ’ਤੇ ਸਿੱਧਾ ਅਸਰ
ਇਸ ਸਥਿਤੀ ਦਾ ਭਾਰਤ ’ਤੇ ਵੱਡਾ ਅਸਰ ਪਿਆ ਹੈ। ਮਾਰਚ ਦੇ ਸ਼ੁਰੂਆਤੀ ਦਿਨਾਂ ’ਚ ਦੇਸ਼ ਦੀ ਤੇਲ ਦਰਾਮਦ ਘਟ ਕੇ ਲੱਗਭਗ 1.9 ਮਿਲੀਅਨ ਬੈਰਲ ਰਹਿ ਗਈ, ਜੋ ਕੁਝ ਹਫ਼ਤੇ ਪਹਿਲਾਂ ਤੱਕ ਲੱਗਭਗ 25 ਮਿਲੀਅਨ ਬੈਰਲ ਸੀ। ਇਸ ਤੋਂ ਸਾਫ਼ ਹੈ ਕਿ ਸਪਲਾਈ ਸ਼੍ਰੇਣੀ ਗੰਭੀਰ ਦਬਾਅ ’ਚ ਹੈ।
ਆਰਥਿਕ ਦਬਾਅ ਵਧਿਆ
ਰਿਪੋਰਟ ਅਨੁਸਾਰ ਕੱਚੇ ਤੇਲ ਦੀਆਂ ਕੀਮਤਾਂ ’ਚ ਉਛਾਲ ਨਾਲ ਭਾਰਤ ਦਾ ਦਰਾਮਦ ਬਿੱਲ ਤੇਜ਼ੀ ਨਾਲ ਵਧ ਰਿਹਾ ਹੈ। ਫਰਵਰੀ ’ਚ ਔਸਤ ਕੀਮਤ 69 ਡਾਲਰ ਸੀ, ਜੋ ਮਾਰਚ ’ਚ 110 ਡਾਲਰ ਦੇ ਪਾਰ ਪਹੁੰਚ ਗਈ। ਅੰਦਾਜ਼ਾ ਹੈ ਕਿ ਇਸ ਨਾਲ ਇਕ ਮਹੀਨੇ ’ਚ ਲੱਗਭਗ 4 ਅਰਬ ਡਾਲਰ ਦਾ ਵਾਧੂ ਬੋਝ ਪੈ ਸਕਦਾ ਹੈ। ਹਰ 1 ਡਾਲਰ ਦੇ ਵਾਧੇ ਨਾਲ ਮਹੀਨਾਵਾਰੀ ਦਰਾਮਦ ਬਿੱਲ ’ਚ ਲੱਗਭਗ 166 ਮਿਲੀਅਨ ਡਾਲਰ ਦਾ ਵਾਧਾ ਹੁੰਦਾ ਹੈ।
ਗੈਸ ਬਾਜ਼ਾਰ ਵੀ ਪ੍ਰਭਾਵਿਤ
ਤੇਲ ਦੇ ਨਾਲ-ਨਾਲ ਗੈਸ ਬਾਜ਼ਾਰ ’ਚ ਵੀ ਦਬਾਅ ਵਧਿਆ ਹੈ। ਕਤਰ ਤੋਂ ਸਪਲਾਈ ਰੁਕਣ ਕਾਰਨ ਐੱਲ. ਐੱਨ. ਜੀ. ਦੀਆਂ ਕੀਮਤਾਂ ਦੁੱਗਣੀਆਂ ਹੋ ਕੇ 20 ਡਾਲਰ ਪ੍ਰਤੀ ਐੱਮ. ਐੱਮ. ਬੀ. ਟੀ. ਯੂ. ਤੱਕ ਪਹੁੰਚ ਗਈਆਂ ਹਨ। ਭਾਰਤ ਦੀ ਲੱਗਭਗ 25 ਫੀਸਦੀ ਗੈਸ ਸਪਲਾਈ ਪ੍ਰਭਾਵਿਤ ਹੋਈ ਹੈ, ਜਿਸ ਨਾਲ ਖਾਦ, ਬਿਜਲੀ ਅਤੇ ਉਦਯੋਗਿਕ ਖੇਤਰਾਂ ’ਤੇ ਅਸਰ ਪੈ ਸਕਦਾ ਹੈ।
ਕੌਣ ਫਾਇਦੇ ’ਚ, ਕੌਣ ਨੁਕਸਾਨ ’ਚ
ਜਿੱਥੇ ਤੇਲ ਅਤੇ ਗੈਸ ਉਤਪਾਦਨ ਕਰਨ ਵਾਲੀਆਂ ਕੰਪਨੀਆਂ ਨੂੰ ਇਸ ਮਾਹੌਲ ’ਚ ਲਾਭ ਹੋ ਸਕਦਾ ਹੈ, ਉੱਥੇ ਹੀ, ਇਨ੍ਹਾਂ ’ਤੇ ਨਿਰਭਰ ਉਦਯੋਗਾਂ ’ਤੇ ਦਬਾਅ ਵਧੇਗਾ। ਖ਼ਾਸ ਕਰ ਕੇ ਗੈਸ ਆਧਾਰਿਤ ਕੰਪਨੀਆਂ ਮੁਸ਼ਕਲ ’ਚ ਆ ਸਕਦੀਆਂ ਹਨ।
ਜੇਕਰ ਪੱਛਮੀ ਏਸ਼ੀਆ ’ਚ ਤਣਾਅ ਬਣਿਆ ਰਹਿੰਦਾ ਹੈ, ਤਾਂ ਊਰਜਾ ਕੀਮਤਾਂ ਲੰਬੇ ਸਮੇਂ ਤੱਕ ਉੱਚੀਆਂ ਰਹਿ ਸਕਦੀਆਂ ਹਨ। ਇਸ ਨਾਲ ਆਮ ਲੋਕਾਂ ਦੀ ਜੇਬ, ਕੰਪਨੀਆਂ ਦੀ ਲਾਗਤ ਅਤੇ ਦੇਸ਼ ਦੀ ਆਰਥਿਕਤਾ, ਤਿੰਨਾਂ ’ਤੇ ਅਸਰ ਪੈਣਾ ਤੈਅ ਹੈ।
Post Office: 25 ਲੱਖ ਦੇ ਨਿਵੇਸ਼ 'ਤੇ ਹਰ ਮਹੀਨੇ ਮਿਲਣਗੇ 17,000 ਰੁਪਏ, ਜਾਣੋ ਪੂਰੀ ਸਕੀਮ
NEXT STORY