ਨਵੀਂ ਦਿੱਲੀ— ਕਾਰ ਖਰੀਦਦਾਰਾਂ ਲਈ ਨਵਾਂ ਸਾਲ ਮਹਿੰਗਾ ਸਾਬਤ ਹੋਣ ਜਾ ਰਿਹਾ ਹੈ ਕਿਉਂਕਿ ਜਨਵਰੀ ਤੋਂ ਕਾਰਾਂ ਦੀਆਂ ਕੀਮਤਾਂ 'ਚ ਵਾਧਾ ਹੋ ਜਾਵੇਗਾ। ਮਾਰੂਤੀ ਸੁਜ਼ੂਕੀ, ਟਾਟਾ ਮੋਟਰਜ਼, ਟੋਇਟਾ, ਹੌਂਡਾ ਕਾਰਸ, ਨਿਸਾਨ, ਸਕੋਡਾ ਅਤੇ ਫੋਰਡ ਆਪਣੀਆਂ ਕਾਰਾਂ ਦੀਆਂ ਕੀਮਤਾਂ ਵਧਾਉਣ ਜਾ ਰਹੇ ਹਨ। 5 ਦਸੰਬਰ ਨੂੰ ਮਾਰੂਤੀ ਸੁਜ਼ੂਕੀ ਨੇ ਐਲਾਨ ਕੀਤਾ ਸੀ ਕਿ ਉਹ ਜਨਵਰੀ ਤੋਂ ਆਪਣੀਆਂ ਕਾਰਾਂ ਦੀਆਂ ਕੀਮਤਾਂ 'ਚ ਵਾਧਾ ਕਰੇਗੀ। ਹਾਲਾਂਕਿ ਉਸ ਨੇ ਇਹ ਖੁਲਾਸਾ ਨਹੀਂ ਕੀਤਾ ਕਿ ਕਿਸ ਮਾਡਲ ਦੀ ਕੀਮਤ 'ਚ ਕਿੰਨਾ ਵਾਧਾ ਕਰੇਗੀ। ਮਾਰੂਤੀ ਸੁਜ਼ੂਕੀ ਦਾ ਕਹਿਣਾ ਹੈ ਕਿ ਕਮੋਡਿਟੀ ਦੀਆਂ ਕੀਮਤਾਂ ਅਤੇ ਵਿਦੇਸ਼ੀ ਕਰੰਸੀ 'ਚ ਵਾਧੇ ਕਾਰਨ ਕੰਪਨੀ ਦੇ ਵਾਹਨਾਂ ਦੀ ਲਾਗਤ ਪ੍ਰਭਾਵਿਤ ਹੋਈ ਹੈ, ਜਿਸ ਦਾ ਥੋੜ੍ਹਾ ਜਿਹਾ ਭਾਰ ਉਸ ਨੂੰ ਗਾਹਕਾਂ 'ਤੇ ਪਾਉਣਾ ਪਵੇਗਾ।

- ਟਾਟਾ ਮੋਟਰਜ਼ ਦੀਆਂ ਕਾਰਾਂ ਦੀ ਕੀਮਤ 1 ਜਨਵਰੀ 2019 ਤੋਂ 40 ਹਜ਼ਾਰ ਰੁਪਏ ਤਕ ਵਧਣ ਜਾ ਰਹੀ ਹੈ। ਕੰਪਨੀ ਦਾ ਕਹਿਣਾ ਹੈ ਕਿ ਕਾਰਾਂ ਦੀ ਕੀਮਤ 'ਚ ਵਾਧਾ ਸ਼ਹਿਰ ਅਤੇ ਮਾਡਲ ਦੇ ਹਿਸਾਬ ਨਾਲ ਹੋਵੇਗਾ। ਜਨਵਰੀ 'ਚ ਟਾਟਾ ਮੋਟਰਜ਼ ਇਕ ਨਵੀਂ ਗੱਡੀ ਵੀ ਲਾਂਚ ਕਰਨ ਵਾਲੀ ਹੈ। ਮੌਜੂਦਾ ਸਮੇਂ ਟਾਟਾ ਮੋਟਰਜ਼ 2.36 ਲੱਖ ਰੁਪਏ ਦੀ ਨੈਨੋ ਤੋਂ ਲੈ ਕੇ 17.97 ਲੱਖ ਰੁਪਏ (ਐਕਸ ਸ਼ੋਅਰੂਮ ਦਿੱਲੀ) ਦੀ ਹੈਕਸਾ ਸਪੋਰਟਸ ਕਾਰਾਂ ਵੇਚਦੀ ਹੈ।

- ਟੋਇਟਾ ਕੰਪਨੀ ਨਵੇਂ ਸਾਲ 'ਚ ਆਪਣੇ ਸਾਰੇ ਵਾਹਨਾਂ ਦੀ ਕੀਮਤ 'ਚ ਵਾਧਾ ਕਰਨ ਵਾਲੀ ਹੈ। ਟੋਇਟਾ ਵੱਲੋਂ ਕਾਰਾਂ ਦੀ ਕੀਮਤ 4 ਫੀਸਦੀ ਤਕ ਵਧਾਈ ਜਾਵੇਗੀ। ਕੰਪਨੀ ਨੇ ਕੀਮਤਾਂ ਵਧਾਉਣ ਦਾ ਕਾਰਨ ਪ੍ਰਾਡਕਸ਼ਨ ਲਾਗਤ 'ਚ ਲਗਾਤਾਰ ਹੋ ਰਹੇ ਵਾਧੇ ਨੂੰ ਦੱਸਿਆ ਹੈ। ਟੋਇਟਾ ਨੇ ਇਸ ਸਾਲ ਵਿਕਰੀ 'ਚ ਤੇਜ਼ੀ ਦਰਜ ਕੀਤੀ ਹੈ, ਜਿਸ 'ਚ ਸਭ ਤੋਂ ਅਹਿਮ ਭੂਮਿਕਾ ਕੁਝ ਸਮਾਂ ਪਹਿਲਾਂ ਲਾਂਚ ਹੋਈਆਂ ਟੋਇਟਾ ਯਾਰਿਸ ਅਤੇ ਇਨੋਵਾ ਐੱਮ. ਪੀ. ਵੀ. ਦੀ ਸਫਲਤਾ ਨੇ ਨਿਭਾਈ ਹੈ।

- ਹੌਂਡਾ ਕਾਰਸ ਨੇ ਵੀ ਵਧਦੀ ਲਾਗਤ ਦੇ ਖਰਚਿਆਂ ਦੇ ਅਸਰ ਨੂੰ ਘਟਾਉਣ ਲਈ ਕੀਮਤ ਵਧਾਉਣ ਦਾ ਫੈਸਲਾ ਕੀਤਾ ਹੈ। ਭਾਰਤ 'ਚ ਅਮੇਜ਼ ਅਤੇ ਸਿਟੀ ਸਿਡਾਨ ਹੌਂਡਾ ਦੀਆਂ ਪਾਪੁਲਰ ਕਾਰਾਂ ਹਨ। ਕੰਪਨੀ ਦਾ ਕਹਿਣਾ ਹੈ ਕਿ ਉਸ ਦੀ ਇਨਪੁਟ ਲਾਗਤ 4 ਫੀਸਦੀ ਵਧੀ ਹੈ, ਜਿਸ ਦੇ ਅਸਰ ਨੂੰ ਘਟ ਕਰਨ ਲਈ ਉਹ ਜਨਵਰੀ ਤੋਂ ਕਾਰਾਂ ਦੀਆਂ ਕੀਮਤਾਂ ਵਧਾਉਣ ਦਾ ਵਿਚਾਰ ਕਰ ਰਹੀ ਹੈ।

- ਨਿਸਾਨ ਇੰਡੀਆ ਕੀਮਤਾਂ 'ਚ 4 ਫੀਸਦੀ ਤਕ ਦਾ ਵਾਧਾ ਕਰੇਗੀ, ਜੋ ਕਿ ਨਿਸਾਨ ਅਤੇ ਡੈਟਸਨ ਦੇ ਸਾਰੇ ਮਾਡਲਾਂ 'ਤੇ ਲਾਗੂ ਹੋਵੇਗੀ। ਨਿਸਾਨ ਦੋ ਬਰਾਂਡਾਂ- ਨਿਸਾਨ ਅਤੇ ਡੈਟਸਨ ਤਹਿਤ ਕਈ ਯਾਤਰੀ ਵਾਹਨਾਂ ਦੀ ਵਿਕਰੀ ਕਰਦੀ ਹੈ। ਇਹ ਵਾਹਨ ਡੈਟਸਨ ਰੈਡੀ ਗੋ ਤੋਂ ਲੈ ਕੇ ਨਿਸਾਨ ਜੀ. ਟੀ.-ਆਰ ਹਨ, ਜਿਨ੍ਹਾਂ ਦੀ ਕੀਮਤ 2.56 ਲੱਖ ਅਤੇ 2.12 ਕਰੋੜ ਰੁਪਏ ਵਿਚਕਾਰ ਹੈ।

-ਸਕੋਡਾ ਵੱਲੋਂ 1 ਜਨਵਰੀ 2019 ਤੋਂ ਆਪਣੇ ਮਾਡਲਾਂ ਦੀਆਂ ਕੀਮਤਾਂ 'ਚ 2-3 ਫੀਸਦੀ ਦਾ ਵਾਧਾ ਕੀਤਾ ਜਾ ਰਿਹਾ ਹੈ। ਕੰਪਨੀ ਮੁਤਾਬਕ ਉਸ ਨੇ ਬਦਲਦੀ ਬਾਜ਼ਾਰ ਸਥਿਤੀ ਅਤੇ ਕਈ ਬਾਹਰੀ ਆਰਥਿਕ ਹਲਚਲ ਕਾਰਨ ਕਾਰਾਂ ਦੀਆਂ ਕੀਮਤਾਂ ਵਧਾਉਣ ਦਾ ਫੈਸਲਾ ਕੀਤਾ ਹੈ। ਭਾਰਤ 'ਚ ਇਸ ਸਮੇਂ ਸਕੋਡਾ ਦੀਆਂ ਕਾਰਾਂ ਦੀ ਕੀਮਤ ਦਿੱਲੀ 'ਚ 8 ਲੱਖ 20 ਹਜ਼ਾਰ ਰੁਪਏ ਤੋਂ ਸ਼ੁਰੂ ਹੋ ਕੇ 34 ਲੱਖ 50 ਹਜ਼ਾਰ ਰੁਪਏ ਤਕ ਜਾਂਦੀ ਹੈ।

- ਫੋਰਡ ਇੰਡੀਆ ਆਪਣੀਆਂ ਸਾਰੀਆਂ ਕਾਰਾਂ ਦੀ ਕੀਮਤ 2.5 ਫੀਸਦੀ ਤਕ ਵਧਾਉਣ ਜਾ ਰਹੀ ਹੈ, ਜਿਸ 'ਚ ਪ੍ਰਸਿੱਧ ਫੋਰਡ ਈਕੋ ਸਪੋਰਟ ਵੀ ਸ਼ਾਮਲ ਹੈ। ਕੀਮਤਾਂ ਵਧਾਉਣ ਪਿੱਛੇ ਇਸ ਕੰਪਨੀ ਨੇ ਵੀ ਕਾਰਨ ਦੂਜੀਆਂ ਕੰਪਨੀਆਂ ਵਾਲੇ ਹੀ ਗਿਣਾਏ ਹਨ।
ਵਿਦੇਸ਼ੀ ਨਿਵੇਸ਼ਕਾਂ ਨੇ ਪੂੰਜੀ ਬਾਜ਼ਾਰ 'ਚ ਕੀਤਾ 5,400 ਕਰੋੜ ਰੁਪਏ ਨਿਵੇਸ਼
NEXT STORY