ਮੁੰਬਈ— ਗਲੋਬਲ ਬਾਜ਼ਾਰਾਂ 'ਚ ਕਮਜ਼ੋਰ ਰੁਖ਼ ਵਿਚਕਾਰ ਵਿੱਤੀ ਕੰਪਨੀਆਂ ਦੇ ਸ਼ੇਅਰਾਂ 'ਚ ਵਿਕਵਾਲੀ ਕਾਰਨ ਵੀਰਵਾਰ ਨੂੰ ਭਾਰਤੀ ਬਾਜ਼ਾਰ 'ਚ ਗਿਰਾਵਟ ਦਰਜ ਕੀਤੀ ਗਈ।
ਬੀ. ਐੱਸ. ਈ. ਦਾ ਪ੍ਰਮੁਖ ਸੂਚਕ ਸੈਂਸੈਕਸ 335.06 ਅੰਕ ਯਾਨੀ 0.88 ਫੀਸਦੀ ਦੀ ਗਿਰਾਵਟ ਨਾਲ 37,736.07 ਦੇ ਪੱਧਰ 'ਤੇ ਬੰਦ ਹੋਇਆ। ਉੱਥੇ ਹੀ, ਨੈਸ਼ਨਲ ਸਟਾਕ ਐਕਸਚੇਂਜ (ਐੱਨ. ਐੱਸ. ਈ.) ਦਾ ਨਿਫਟੀ ਵੀ 100.70 ਅੰਕ ਯਾਨੀ 0.90 ਫੀਸਦੀ ਦੀ ਗਿਰਾਵਟ ਨਾਲ 11,102.15 ਦੇ ਪੱਧਰ 'ਤੇ ਬੰਦ ਹੋਇਆ।
ਸੈਂਸੈਕਸ ਸਟਾਕਾਂ 'ਚ ਇੰਡਸਇੰਡ ਬੈਂਕ ਸਭ ਤੋਂ ਜ਼ਿਆਦਾ ਗਿਰਾਵਟ ਵਾਲਾ ਰਿਹਾ। ਇਸ 'ਚ 5 ਫੀਸਦੀ ਤੋਂ ਵੱਧ ਦੀ ਗਿਰਾਵਟ ਆਈ। ਇਸ ਤੋਂ ਇਲਾਵਾ ਐੱਚ. ਡੀ. ਐੱਫ. ਸੀ., ਐਕਸਿਸ ਬੈਂਕ, ਪਾਵਰਗ੍ਰਿਡ, ਐੱਸ. ਬੀ. ਆਈ., ਬਜਾਜ ਫਿਨਸਰਵ ਅਤੇ ਭਾਰਤੀ ਏਅਰਟੈੱਲ 'ਚ ਵੀ ਗਿਰਾਵਟ ਦਰਜ ਹੋਈ।
ਦੂਜੇ ਪਾਸੇ ਸਨ ਫਾਰਮਾ, ਮਾਰੂਤੀ, ਇਨਫੋਸਿਸ ਅਤੇ ਰਿਲਾਇੰਸ ਇੰਡਸਟਰੀਜ਼ 'ਚ ਤੇਜ਼ੀ ਰਹੀ। ਕਾਰੋਬਾਰ ਦੌਰਾਨ ਬੈਂਕਾਂ ਤੇ ਵਿੱਤੀ ਕੰਪਨੀਆਂ 'ਚ ਵਿਕਵਾਲੀ ਦੇਖਣ ਨੂੰ ਮਿਲੀ। ਕਾਰੋਬਾਰੀਆਂ ਮੁਤਾਬਕ ਜੁਲਾਈ ਮਹੀਨੇ ਦੇ ਫਿਊਚਰਜ਼ ਤੇ ਆਪਸ਼ਨਸ ਸੈਕਸ਼ਨ 'ਚ ਆਖਰੀ ਦਿਨ ਦੇ ਸੌਦਿਆਂ ਨੂੰ ਪੂਰਾ ਕਰਨ ਲਈ ਕੀਤੀ ਗਈ ਖਰੀਦ-ਵਿਕਰੀ ਕਾਰਨ ਵੀ ਬਾਜ਼ਾਰ 'ਚ ਉਤਰਾਅ-ਚੜ੍ਹਾਅ ਆਇਆ। ਵਿਸ਼ਵ ਦੇ ਹੋਰ ਬਾਜ਼ਾਰਾਂ 'ਚੋਂ ਚੀਨ ਦਾ ਸ਼ੰਘਾਈ, ਹਾਂਗਕਾਂਗ ਅਤੇ ਜਾਪਾਨ ਦਾ ਟੋਕਿਓ ਨੁਕਸਾਨ 'ਚ ਰਹੇ, ਜਦੋਂ ਕਿ ਦੱਖਣੀ ਕੋਰੀਆ ਦਾ ਸਿਓਲ ਬੜ੍ਹਤ 'ਚ ਬੰਦ ਹੋਇਆ। ਯੂਰਪ ਦੇ ਪ੍ਰਮੁੱਖ ਬਾਜ਼ਾਰਾਂ 'ਚ ਸ਼ੁਰੂਆਤੀ ਕਾਰੋਬਾਰ ਦੌਰਾਨ ਗਿਰਾਵਟ ਦੇਖਣ ਨੂੰ ਮਿਲੀ।
ਇਹ ਬੈਂਕ ਸੈਂਕੜੇ ਕਰਮਚਾਰੀਆਂ ਦੀ ਕਰਨ ਜਾ ਰਿਹੈ ਛੁੱਟੀ, ਤਿਆਰ ਕੀਤੀ ਸੂਚੀ
NEXT STORY