ਲੰਡਨ (ਭਾਸ਼ਾ)— ਕੌਮੀ ਕਾਨਫਰੰਸ ਦੇ ਨੇਤਾ ਅਤੇ ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਉਮਰ ਅਬਦੁੱਲਾ ਆਈ.ਆਈ.ਐੱਸ.ਐੱਸ. ਵੱਲੋਂ ਆਯੋਜਿਤ ਪ੍ਰੋਗਰਾਮ ਵਿਚ ਹਿੱਸਾ ਲੈਣ ਲਈ ਲੰਡਨ ਪਹੁੰਚੇ। ਇੱਥੇ ਅਬਦੁੱਲਾ ਨੇ ਕਿਹਾ ਕਿ ਕਸ਼ਮੀਰ 'ਤੇ ਗੱਲਬਾਤ ਦੇ ਸਿਲਸਿਲੇ ਵਿਚ ਕਿਸੇ ਤਰੱਕੀ ਦਾ ਰਸਤਾ ਤਿਆਰ ਕਰਨ ਦੇ ਲਿਹਾਜ ਨਾਲ ਭਾਰਤ ਦੀਆਂ ਵਾਜਬ ਚਿੰਤਾਵਾਂ 'ਤੇ ਪਾਕਿਸਤਾਨ ਦੀ ਇਮਰਾਨ ਖਾਨ ਸਰਕਾਰ ਨੂੰ ਸਵੈ ਨਿਰੀਖਣ ਕਰਨਾ ਚਾਹੀਦਾ ਹੈ। ਸੀਨੀਅਰ ਕਸ਼ਮੀਰੀ ਨੇਤਾ ਨੇ ਕਿਹਾ,''ਜਦੋਂ ਤੱਕ ਅਸੀਂ ਆਪਣੇ ਚੋਣ ਪ੍ਰਕਿਰਿਆ ਵਿਚ ਰੁਝੇ ਹੋਏ ਹਾਂ, ਮੈਨੂੰ ਲੱਗਦਾ ਹੈ ਕਿ ਪਾਕਿਸਤਾਨ ਨੂੰ ਭਾਰਤ ਦੀਆਂ ਵਾਜਬ ਚਿੰਤਾਵਾਂ ਨੂੰ ਸਮਝਣ ਲਈ ਥੋੜ੍ਹਾ ਸਵੈ ਨਿਰੀਖਣ ਕਰਨ ਦੀ ਲੋੜ ਹੈ।'' ਭਾਰਤ-ਪਾਕਿਸਤਾਨ ਦੇ ਦੋ-ਪੱਖੀ ਸਬੰਧਾਂ ਦੇ ਬਦਲਦੇ ਆਯਾਮ ਦੇ ਸਬੰਧ ਵਿਚ ਇੰਟਰਨੈਸ਼ਨਲ ਇੰਸਟੀਚਿਊਟ ਆਫ ਸਟੈਟੇਜਿਕ ਸਟੱਡੀਜ਼ (ਆਈ.ਆਈ.ਐੱਸ.ਐੱਸ.) ਵੱਲੋਂ ਆਯੋਜਿਤ ਪ੍ਰੋਗਰਾਮ ਵਿਚ ਹਿੱਸਾ ਲੈਣ ਆਏ ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਉਮਰ ਨੇ ਕਿਹਾ ਕਿ ਲਸ਼ਕਰ-ਏ-ਤੋਇਬਾ ਦੇ ਬਾਨੀ ਹਾਫਿਜ਼ ਸਈਦ ਨੂੰ ਖੁੱਲ੍ਹਾ ਘੁੰਮਣ ਦੀ ਛੋਟ ਦੇਣ ਦਾ ਪਾਕਿਸਤਾਨ ਸਰਕਾਰ ਦਾ ਫੈਸਲਾ ਦੋਹਾਂ ਦੇਸ਼ਾਂ ਵਿਚਕਾਰ ਬਹੁਤ ਮਹੱਤਵਪੂਰਣ ਵਿਸ਼ਵਾਸ ਬਹਾਲੀ ਲਈ ਵੱਡਾ ਝਟਕਾ ਸਾਬਤ ਹੋਇਆ ਹੈ।
ਲੰਡਨ ਵਿਚ ਸ਼ੁੱਕਰਵਾਰ ਨੂੰ ਇਕ ਪ੍ਰੋਗਰਾਮ ਦੇ ਬਾਹਰ ਅਬਦੁੱਲਾ ਨੇ ਕਿਹਾ,''ਕਸ਼ਮੀਰ 'ਤੇ 20 ਡਾਕ ਟਿਕਟਾਂ ਜਾਰੀ ਕਰਨ ਦਾ ਇਮਰਾਨ ਖਾਨ ਸਰਕਾਰ ਦਾ ਹਾਲ ਵਿਚ ਹੀ ਫੈਸਲਾ ਅਜਿਹੇ ਵਿਚ ਮਦਦਗਾਰ ਸਾਬਤ ਨਹੀਂ ਹੋਵੇਗਾ ਕਿਉਂਕਿ ਇਹ ਵਿਸ਼ਵਾਸ ਬਹਾਲੀ ਦੇ ਕਦਮ ਚੁੱਕਣ ਦੀ ਜਗ੍ਹਾ 'ਤੇ ਵਿਸ਼ਵਾਸ ਤੋੜਨ ਦਾ ਕੰਮ ਕਰ ਰਿਹਾ ਹੈ।'' ਪਾਕਿਸਤਾਨ ਨੇ ਕਸ਼ਮੀਰੀ ਅੱਤਵਾਦੀ ਬੁਰਹਾਨ ਵਾਨੀ ਅਤੇ ਹੋਰਾਂ ਦੀ ਵਡਿਆਈ ਕਰਨ ਵਾਲੀਆਂ ਕੁਝ 20 ਡਾਕ ਟਿਕਟਾਂ ਜਾਰੀ ਕੀਤੀਆਂ। ਇਹ ਬਹੁਤ ਵੱਡਾ ਕਾਰਨ ਸੀ ਕਿ ਸਤੰਬਰ ਵਿਚ ਨਿਊਯਾਰਕ ਵਿਚ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਅਤੇ ਪਾਕਿਸਤਾਨ ਦੇ ਵਿਦੇਸ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਦੀ ਬੈਠਕ ਨੂੰ ਭਾਰਤ ਨੇ ਮੁਲਤਵੀ ਕਰ ਦਿੱਤਾ ਸੀ।
ਉਮਰ ਨੇ ਕਿਹਾ,''ਪਾਕਿਸਤਾਨ ਸਾਡਾ ਗੁਆਂਢੀ ਹੈ। ਪਾਕਿਸਤਾਨ ਨਾਲ ਸਾਡੀਆਂ ਜੋ ਵੀ ਚਿੰਤਾਵਾਂ ਹੋਣ ਅਸੀਂ ਸਵੀਕਾਰ ਕੀਤਾ ਹੈ ਕਿ ਯੁੱਧ ਕੋਈ ਵਿਕਲਪ ਨਹੀਂ ਹੈ। ਅਜਿਹੇ ਵਿਚ ਗੱਲਬਾਤ ਹੀ ਇਕੋ ਇਕ ਵਿਕਲਪ ਹੈ। ਸਾਨੂੰ ਗੱਲਬਾਤ ਜ਼ਰੀਏ ਮਤਭੇਦ ਹੱਲ ਕਰਨੇ ਹੋਣਗੇ ਪਰ ਉਸ ਲਈ ਕਿਸੇ ਪੱਧਰ 'ਤੇ ਪਾਕਿਸਤਾਨ ਦੀਆਂ ਚਿੰਤਾਵਾਂ ਨੂੰ ਵੀ ਸਮਝਣਾ ਹੋਵੇਗਾ।'' ਉਮਰ ਨੇ ਭਾਰਤ ਸਰਕਾਰ ਅਤੇ ਜੰਮੂ-ਕਸ਼ਮੀਰ ਵਿਚ ਉਨ੍ਹਾਂ ਦੇ ਪ੍ਰਤੀਨਿਧੀ ਰਾਜਪਾਲ ਸਤੱਯਪਾਲ ਮਲਿਕ ਅਤੇ ਜੰਮੂ-ਕਸ਼ਮੀਰ ਦੇ ਨੌਜਵਾਨਾਂ ਵਿਚਕਾਰ ਗੱਲਬਾਤ ਦੀ ਕਮੀ ਦੀ ਵੀ ਆਲੋਚਨਾ ਕੀਤੀ। ਉਨ੍ਹਾਂ ਦਾ ਕਹਿਣਾ ਹੈ ਕਿ ਜਿੰਨੀ ਜਲਦੀ ਸੰਭਵ ਹੋ ਸਕੇ ਇਸ ਖੱਡ ਨੂੰ ਭਰਨਾ ਜ਼ਰੂਰੀ ਹੈ। ਉਨ੍ਹਾਂ ਨੇ ਕਿਹਾ ਕਿ ਜੰਮੂ-ਕਸ਼ਮੀਰ ਦੇ ਨੌਜਵਾਨ 1990 ਦੇ ਦਹਾਕੇ ਦੀ ਸ਼ੁਰੂਆਤ ਤੋਂ ਕਿਤੇ ਜ਼ਿਆਦਾ ਅਲੱੱਗ-ਥਲੱਗ ਪੈ ਗਏ ਹਨ। ਪੜ੍ਹੇ-ਲਿਖੇ ਨੌਜਵਾਨ ਅਤੇ ਸੁਰੱਖਿਅਤ ਨੌਕਰੀਆਂ ਵਾਲੇ ਲੋਕ ਅੱਤਵਾਦੀ ਕੈਂਪਾਂ ਵਿਚ ਸ਼ਾਮਲ ਹੋ ਰਹੇ ਹਨ। ਇਹ ਬਹੁਤ ਚਿੰਤਾ ਦਾ ਵਿਸ਼ਾ ਹੈ।''
ਯਮਨ 'ਚ ਸੰਘਰਸ਼ ਦੌਰਾਨ 61 ਲੜਾਕਿਆਂ ਦੀ ਮੌਤ
NEXT STORY