ਬਰੇਸ਼ੀਆ (ਕੈਂਥ) - ਇਟਲੀ ਦੇ ਟਾਊਨ ਕਰਪੀਨੇਦਲੋ (Carpenedolo) ਵਿਖੇ ਪਹਿਲੀ ਪਾਤਸ਼ਾਹੀ ਧੰਨ-ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਅਤੇ ਨੌਵੇਂ ਪਾਤਸ਼ਾਹ ਧੰਨ-ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾਂ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ ਗਿਆ। ਗੁਰਦੁਆਰਾ ਸ਼੍ਰੀ ਕਲਗੀਧਰ ਸਿੰਘ ਸਭਾ ਕਸਤੀਲਿੳਨੇ ਦੁਆਰਾ ਕਰਪੀਨੇਦਲੋ ਦੀਆ ਸੰਗਤਾਂ ਦੇ ਸਹਿਯੋਗ ਨਾਲ ਸਜਾਏ ਨਗਰ ਕੀਰਤਨ ਵਿੱਚ ਇਟਲੀ ਦੇ ਵੱਖ-ਵੱਖ ਹਿੱਸਿਆਂ ਤੋਂ ਪਹੁੰਚੀਆਂ ਸੰਗਤਾਂ ਨੇ ਨਗਰ ਕੀਰਤਨ ਦੀਆ ਰੌਣਕਾਂ ਨੂੰ ਵਧਾਇਆ। ਧੰਨ-ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਅਤੇ ਪੰਜ ਪਿਆਰਿਆ ਦੀ ਅਗਵਾਈ ਹੇਠ ਸਜਾਏ ਨਗਰ ਕੀਰਤਨ ਦੀ ਆਰੰਭਤਾ ਫੁੱਟਬਾਲ ਸਟੇਡੀਅਮ ਮੁਦਿਆਲੇ ਕਰਪੀਨੇਦਲੋ ਤੋਂ ਹੋਈ। ਇਸ ਮੌਕੇ ਭਾਈ ਤਜਿੰਦਰ ਸਿੰਘ ਮੌਂਤੀਕਿਆਰੀ ਵਾਲਿਆਂ ਨੇ ਰਸ ਭਿੰਨੇ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ।

ਕਰਪੀਨੇਦਲੋ ਨਗਰ ਨਿਵਾਸੀ ਅਤੇ ਇਲਾਕੇ ਦੀਆਂ ਸੰਗਤਾਂ ਦੁਆਰਾ ਜਗ੍ਹਾ ਜਗ੍ਹਾ 'ਤੇ ਨਗਰ ਕੀਰਤਨ ਦਾ ਸਵਾਗਤ ਕੀਤਾ ਗਿਆ। ਨਗਰ ਕੀਰਤਨ ਦੀ ਸਮਾਪਤੀ ਮੌਕੇ ਖੁੱਲੇ ਪੰਡਾਲ ਸਜਾਏ ਗਏ। ਜਿੱਥੇ ਸਜਾਏ ਦੀਵਾਨਾਂ ਵਿੱਚ ਭਾਈ ਸੁਖਵੀਰ ਸਿੰਘ ਭੌਰ ਦੇ ਢਾਡੀ ਜੱਥੇ ਨੇ ਸੰਗਤਾਂ ਨੂੰ ਢਾਡੀ ਵਾਰਾਂ ਨਾਲ ਨਿਹਾਲ ਕੀਤਾ। ਇਸ ਮੌਕੇ ਕਰਪੀਨੇਦਲੋ ਦੇ ਮੇਅਰ ਅਤੇ ਕਮੂਨੇ ਦੇ ਪ੍ਰਸ਼ਾਸ਼ਨਿਕ ਅਧਿਕਾਰੀਆਂ ਨੇ ਨਗਰ ਕੀਰਤਨ ਵਿੱਚ ਸ਼ਮੂਲੀਅਤ ਕੀਤੀ। ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਨਗਰ ਦੇ ਮੇਅਰ, ਪ੍ਰਸ਼ਾਸ਼ਨਿਕ ਅਧਿਕਾਰੀਆਂ, ਆਏ ਹੋਏ ਜਥਿਆਂ ਅਤੇ ਹੋਰਨਾਂ ਗੁਰਦੁਆਰਿਆਂ ਦੇ ਪ੍ਰਬੰਧਕਾਂ ਦਾ ਵਿਸ਼ੇਸ਼ ਤੌਰ 'ਤੇ ਸਨਮਾਨ ਕੀਤਾ ਗਿਆ। ਇਸ ਦੌਰਾਨ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ।

ਪ੍ਰਬੰਧਕਾਂ ਵੱਲੋਂ ਦੱਸਿਆ ਗਿਆ ਕਿ ਪਹਿਲੀ ਵਾਰ ਕਰਪੀਨੇਦਲੋ ਵਿਖੇ ਨਗਰ ਕੀਰਤਨ ਸਜਾਇਆ ਗਿਆ ਹੈ। ਇਸ ਮੌਕੇ ਗੁਰਦੁਆਰਾ ਸਾਹਿਬ ਦੇ ਪ੍ਰਬੰਧਕ ਸੁਖਵਿੰਦਰ ਸਿੰਘ, ਨਛੱਤਰ ਸਿੰਘ ਕਾਹਲੋਂ, ਹਰਭਜਨ ਸਿੰਘ, ਸੁਰਜੀਤ ਸਿੰਘ, ਅਮਰਜੀਤ ਸਿੰਘ, ਹਰਦੀਪ ਸਿੰਘ, ਸਤਨਾਮ ਸਿੰਘ ਕੁਲਵਿੰਦਰ ਸਿੰਘ, ਕਮਲਜੀਤ ਸਿੰਘ, ਗੁਰਦੁਆਰਾ ਸਾਹਿਬ ਕੋਵੋ ਦੇ ਭਾਈ ਰਜਿੰਦਰ ਸਿੰਘ ਰੰਮੀ, ਗੁਰਦੁਆਰਾ ਸਾਹਿਬ ਕਸਤੇਨੇਦਲੋ ਦੇ ਭਾਈ ਅਮਰੀਕ ਸਿੰਘ ਬੂਰੇ ਜੱਟਾਂ ਅਤੇ ਗੁਰਦੁਆਰਾ ਸਾਹਿਬ ਫਲੇਰੋ ਤੋਂ ਭਾਈ ਸ਼ਰਨਜੀਤ ਸਿੰਘ ਠਾਕਰੀ ਤੋਂ ਇਲਾਵਾ ਫੌਜਾ ਸਿੰਘ, ਜਗੀਰ ਸਿੰਘ , ਗੁਰਦੇਵ ਸਿੰਘ, ਧਰਮਿੰਦਰ ਸਿੰਘ ਚੀਮਾ, ਜਗਜੀਤ ਸਿੰਘ ਧਾਲੀਵਾਲ, ਹਰਦੀਪ ਸਿੰਘ, ਲਖਵਿੰਦਰ ਸਿੰਘ ਲੱਖਾ ਆਦਿ ਨੇ ਵਿਸ਼ੇਸ਼ ਭੂਮਿਕਾ ਨਿਭਾਈ।
ਇਟਲੀ 'ਚ ਜੈਕਾਰਿਆਂ ਦੀ ਗੂੰਜ 'ਚ ਸਜਾਇਆ ਗਿਆ ਅਲੌਕਿਕ ਨਗਰ ਕੀਰਤਨ
NEXT STORY