ਜਲੰਧਰ (ਵਰੁਣ)— ਜਲੰਧਰ ਕਮਿਸ਼ਨਰੇਟ ਦੇ ਸਾਈਬਰ ਕ੍ਰਾਈਮ ਸੈੱਲ ਨੂੰ ਖੁੱਲ੍ਹੇ 17 ਦਿਨ ਪੂਰੇ ਹੋ ਚੁੱਕੇ ਹਨ। ਇਨ੍ਹਾਂ 17 ਦਿਨਾਂ 'ਚ ਹੁਣ ਤਕ 28 ਸ਼ਿਕਾਇਤਾਂ ਆਈਆਂ ਪਰ ਇਕ ਵੀ ਐੱਫ. ਆਈ. ਆਰ. ਨਹੀਂ ਹੋਈ। ਇਕ ਕੇਸ ਨੂੰ ਛੱਡ ਕੇ ਬਾਕੀ ਦੀਆਂ ਸਾਰੀਆਂ ਸ਼ਿਕਾਇਤਾਂ ਦੀ ਇਨਵੈਸਟੀਗੇਸ਼ਨ ਚੱਲ ਰਹੀ ਹੈ। ਜ਼ਿਆਦਾਤਰ ਆਉਣ ਵਾਲੀਆਂ ਸ਼ਿਕਾਇਤਾਂ 'ਚ ਫੇਸਬੁੱਕ ਦੇ ਜਾਅਲੀ ਅਕਾਊਂਟਸ ਹਨ।
ਸਾਈਬਰ ਕ੍ਰਾਈਮ ਸੈੱਲ ਦੇ ਇੰਚਾਰਜ ਏ. ਸੀ. ਪੀ. ਸਮੀਰ ਵਰਮਾ ਨੇ ਦੱਸਿਆ ਕਿ 17 ਦਿਨਾਂ 'ਚ ਉਨ੍ਹਾਂ ਕੋਲ ਆਉਣ ਵਾਲੀਆਂ ਸ਼ਿਕਾਇਤਾਂ 'ਚ ਵਟਸਐਪ 'ਤੇ ਗਲਤ ਮੈਸੇਜ ਭੇਜਣਾ, ਫੇਸਬੁੱਕ 'ਤੇ ਤੰਗ-ਪਰੇਸ਼ਾਨ ਕਰਨਾ ਅਤੇ ਗਲਤ ਟਿੱਪਣੀ ਕਰਨਾ, ਲਾਟਰੀ ਨਿਕਲਣ ਦਾ ਝਾਂਸਾ ਦੇ ਕੇ ਠੱਗੀ ਦੀ ਕੋਸ਼ਿਸ਼ ਕਰਨਾ, ਵਟਸਐਪ ਅਤੇ ਫੇਸਬੁੱਕ ਹੈਕ ਕਰਨ ਤੇ ਬੈਂਕਾਂ ਦੇ ਮੁਲਾਜ਼ਮ ਬਣ ਕੇ ਏ. ਟੀ. ਐੱਮ. ਦਾ ਕੋਰਡ ਮੰਗਣ ਵਰਗੀਆਂ ਸ਼ਿਕਾਇਤਾਂ ਆਈਆਂ ਹਨ। ਇਨ੍ਹਾਂ ਵਿਚੋਂ ਜ਼ਿਆਦਾਤਰ ਸ਼ਿਕਾਇਤਾਂ ਜਾਅਲੀ ਫੇਸਬੁੱਕ ਅਕਾਊਂਟ ਹਨ। ਜਾਅਲੀ ਫੇਸਬੁੱਕ ਅਕਾਊਂਟ ਦੀ ਸ਼ਿਕਾਇਤ ਆਉਣ ਤੋਂ ਬਾਅਦ ਤੁਰੰਤ ਫੇਸਬੁੱਕ ਨੂੰ ਉਨ੍ਹਾਂ ਅਕਾਊਂਟਸ ਦੀ ਡਿਟੇਲ ਭੇਜ ਕੇ ਬੰਦ ਕਰ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਸਾਈਬਰ ਨਾਲ ਸਬੰਧਤ ਕ੍ਰਾਈਮ ਨੂੰ ਟਰੇਸ ਕਰਨ 'ਤੇ ਕਾਫੀ ਸਮਾਂ ਲੱਗਦਾ ਹੈ, ਜਿਸ ਕਾਰਨ ਅਜੇ ਤਕ ਕੋਈ ਐੱਫ. ਆਈ. ਆਰ. ਦਰਜ ਨਹੀਂ ਹੋਈ। ਛੇਤੀ ਹੀ ਇਨ੍ਹਾਂ ਸ਼ਿਕਾਇਤਾਂ 'ਤੇ ਕਾਰਵਾਈ ਕੀਤੀ ਜਾਵੇਗੀ।
ਦੱਸ ਦੇਈਏ ਕਿ ਜਲੰਧਰ ਪੁਲਸ ਨੇ 16 ਮਈ ਨੂੰ ਸਾਈਬਰ ਕ੍ਰਾਈਮ ਸੈੱਲ ਦਾ ਗਠਨ ਕੀਤਾ ਸੀ। ਸਾਈਬਰ ਕ੍ਰਾਈਮ ਸੈੱਲ ਦੇ ਇੰਚਾਰਜ ਏ. ਸੀ. ਪੀ. ਮਾਡਲ ਟਾਊਨ ਸਮੀਰ ਵਰਮਾ ਨੂੰ ਨਿਯੁਕਤ ਕੀਤਾ ਗਿਆ ਸੀ। ਸਾਈਬਰ ਕ੍ਰਾਈਮ ਸੈੱਲ 'ਚ ਕੁਲ ਅੱਠ ਮੈਂਬਰਾਂ ਦੀ ਟੀਮ ਸੀ, ਜੋ ਸਾਈਬਰ ਕ੍ਰਾਈਮ ਨਾਲ ਸਬੰਧਤ ਸਾਰੀ ਟ੍ਰੇਨਿੰਗ ਲੈ ਚੁੱਕੇ ਹਨ।
ਫੇਸਬੁੱਕ ਅਕਾਊਂਟ ਹੈਕ ਕੀਤਾ, ਸਾਈਬਰ ਸੈੱਲ ਨੇ ਟਰੇਸ ਕੀਤਾ ਤਾਂ ਭਰਾ ਨਿਕਲਿਆ: ਪੁਲਸ ਕਮਿਸ਼ਨਰ ਪ੍ਰਵੀਨ ਕੁਮਾਰ ਸਿਨ੍ਹਾ ਕੋਲ ਇਕ ਨੌਜਵਾਨ ਨੇ ਖੁਦ ਦਾ ਫੇਸਬੁੱਕ ਅਕਾਊਂਟ ਹੈਕ ਕਰਨ ਦੀ ਸ਼ਿਕਾਇਤ ਦਿੱਤੀ। ਸ਼ਿਕਾਇਤ 'ਚ ਕਿਹਾ ਗਿਆ ਕਿ ਕਿਸੇ ਨੇ ਉਸ ਦਾ ਅਕਾਊਂਟ ਹੈਕ ਕਰ ਕੇ ਉਸ ਦੇ ਰਿਸ਼ਤੇਦਾਰਾਂ ਤੇ ਫਰੈਂਡਸ ਨੂੰ ਮੈਸੇਜ ਭੇਜੇ। ਸੀ. ਪੀ. ਨੇ ਇਸ ਸ਼ਿਕਾਇਤ ਨੂੰ ਸਾਈਬਰ ਕ੍ਰਾਈਮ ਸੈੱਲ ਦੀ ਇਨਵੈਸਟੀਗੇਸ਼ਨ ਲਈ ਭੇਜਿਆ। ਸਾਈਬਰ ਸੈੱਲ ਦੀ ਟੀਮ ਜਦੋਂ ਜਾਂਚ ਕਰਦੇ ਹੋਏ ਹੈਕਰ ਦੇ ਮੋਬਾਇਲ ਦੇ ਆਈ. ਐੱਮ. ਈ. ਆਈ. ਨੰਬਰ ਨੂੰ ਟਰੇਸ ਕਰ ਕੇ ਹੈਕਰ ਤਕ ਪਹੁੰਚੀ ਤਾਂ ਪਤਾ ਲੱਗਾ ਕਿ ਉਹ ਸ਼ਿਕਾਇਤਕਰਤਾ ਦਾ ਭਰਾ ਸੀ।
ਸ਼ਿਕਾਇਤਕਰਤਾ ਨੂੰ ਜਦੋਂ ਆਪਣੇ ਭਰਾ ਬਾਰੇ ਪਤਾ ਲੱਗਾ ਤਾਂ ਉਸ ਨੇ ਕਾਰਵਾਈ ਤੋਂ ਇਨਕਾਰ ਕਰ ਦਿੱਤਾ। ਏ. ਸੀ. ਪੀ. ਸਮੀਰ ਵਰਮਾ ਦਾ ਕਹਿਣਾ ਹੈ ਕਿ ਜੇਕਰ ਸ਼ਿਕਾਇਤਕਰਤਾ ਨੇ ਹੀ ਕਾਰਵਾਈ ਤੋਂ ਮਨ੍ਹਾ ਕਰ ਦਿੱਤਾ ਤਾਂ ਇਸ 'ਚ ਐੱਫ. ਆਈ. ਆਰ. ਕਿਵੇਂ ਕਰ ਸਕਦੇ ਹਨ। ਹੈਕ ਕਰਨ ਵਾਲੇ ਨੌਜਵਾਨ ਨੇ ਕਾਫੀ ਚਲਾਕੀ ਨਾਲ ਆਪਣੇ ਭਰਾ ਦਾ ਪਾਸਵਰਡ ਪਤਾ ਕਰਵਾ ਲਿਆ ਸੀ, ਜਿਸ ਤੋਂ ਬਾਅਦ ਉਹ ਭਰਾ ਦੀ ਫੇਸਬੁੱਕ ਦਾ ਇਸਤੇਮਾਲ ਕਰਨ ਲੱਗਾ।
ਬੈਂਕਾਂ ਤੋਂ ਆਉਣ ਵਾਲੀਆਂ ਫੇਕ ਕਾਲਸ ਤੋਂ ਸਾਵਧਾਨ ਰਹਿਣ ਲੋਕ: ਸਾਈਬਰ ਕ੍ਰਾਈਮ ਸੈੱਲ ਦੇ ਇੰਚਾਰਜ ਏ. ਸੀ. ਪੀ. ਸਮੀਰ ਵਰਮਾ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਲੋਕ ਬੈਂਕਾਂ ਜਾਂ ਫਿਰ ਲਾਟਰੀ ਨਿਕਲਣ ਦਾ ਝਾਂਸਾ ਦੇ ਕੇ ਠੱਗੀ ਕਰਨ ਵਾਲੀਆਂ ਫੇਕ ਕਾਲਸ ਤੋਂ ਸਾਵਧਾਨ ਰਹਿਣ। ਜੇਕਰ ਲੋਕਾਂ ਨੂੰ ਅਜਿਹੀ ਕਾਲ ਆਉਂਦੀ ਹੈ ਤਾਂ ਤੁਰੰਤ ਸਬੰਧਤ ਬੈਂਕ ਤੇ ਪੁਲਸ ਨੂੰ ਸੂਚਨਾ ਦੇਣ। ਕਈ ਅਜਿਹੀਆਂ ਕਾਲਸ ਵੀ ਆਉਂਦੀਆਂ ਹਨ, ਜਿਸ ਨੂੰ ਓ. ਟੀ. ਪੀ. (ਵਨ ਟਾਈਮ ਪਾਸਵਰਡ) ਵੀ ਭੇਜ ਦਿੰਦੇ ਹਨ ਪਰ ਅਜਿਹੀਆਂ ਕਾਲਸ ਆਉਣ 'ਤੇ ਕਿਸੇ ਵੀ ਤਰ੍ਹਾਂ ਦੀ ਬੈਂਕ ਨਾਲ ਜੁੜੀ ਜਾਂ ਫਿਰ ਨਿੱਜੀ ਜਾਣਕਾਰੀ ਨਾ ਦਿਓ।
ਸਰਕਾਰ ਨੇ ਦੱਸਿਆ, ਕਿੱਥੇ ਲਗਾਈ ਕੱਚੇ ਤੇਲ ਦੀ ਕਮਾਈ
NEXT STORY