ਫਤਿਹਗਡ਼ ਪੰਜਤੂਰ, (ਜ. ਬ.)- ਸਰਦੀਆਂ ਦਾ ਮੌਸਮ ਸ਼ੁਰੂ ਹੁੰਦਿਆ ਹੀ ਤਿਉਹਾਰ ਸ਼ੁਰੂ ਹੋ ਜਾਂਦੇ ਹਨ, ਜਿਨ੍ਹਾਂ ’ਚੋਂ ਇਕ ਤਿਉਹਾਰ ਬਸੰਤ ਪੰਚਮੀ ਵੀ ਹੈ ਜੋ ਕਿ ਪੂਰੇ ਪੰਜਾਬ ’ਚ ਬਡ਼ੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। ਫਿਰੋਜ਼ਪੁਰ ਸ਼ਹਿਰ ਦੀ ਬਸੰਤ ਪੂਰੇ ਪੰਜਾਬ ’ਚ ਮਸ਼ਹੂਰ ਹੈ ਇਸ ਦਿਨ ਪਤੰਗਬਾਜੀ ਬਡ਼ੇ ਚਾਵਾਂ ਨਾਲ ਕੀਤੀ ਜਾਂਦੀ ਹੈ। ਜੇਕਰ 8 ਤੋਂ 10 ਸਾਲ ਪਿੱਛੇ ਝਾਤ ਮਾਰੀਏ ਤਾਂ ਬਸੰਤ ਪੰਚਮੀ ਤੋਂ ਡੇਢ ਦੋ ਮਹੀਨੇ ਪਹਿਲਾ ਪਤੰਗ ਚਡ਼ਾਉਣ ਲਈ ਧਾਗੇ ਵਾਲੀ ਡੋਰ ਨੂੰ ਸੁਰੇਸ਼ ਨਾਲ ਰੰਗ ਕਰ ਕੇ ਨੌਜਵਾਨਾਂ ਵਲੋਂ ਆਪ ਡੋਰ ਤਿਆਰ ਕੀਤੀ ਜਾਂਦੀ ਸੀ, ਜੋ ਕਿ ਕਿਸੇ ਵੀ ਤਰ੍ਹਾਂ ਦਾ ਨੁਕਸਾਨ ਆਦਿ ਨਹੀਂ ਸੀ ਕਰਦੀ, ਪਰ ਹੁਣ ਪਿਛਲੇ ਕੁਝ ਸਾਲਾਂ ਤੋਂ ਧਾਗੇ ਵਾਲੀ ਡੋਰ ਦੀ ਜਗ੍ਹਾ ਚਾਈਨਾ ਡੋਰ ਨੇ ਲੈ ਲਈ ਹੈ ਤੇ ਇਸ ਦੀ ਵਰਤੋਂ ਨਾਲ ਪੰਛੀਆਂ ਅਤੇ ਇਨਸਾਨੀ ਜਿੰਦਗੀਆਂ ਦੇ ਹੋ ਰਹੇ ਨੁਕਸਾਨ ਦੇ ਕਈ ਮਾਮਲੇ ਸਾਹਮਣੇ ਆ ਰਹੇ ਹਨ, ਜਿਸ ਤੋਂ ਬੱਚਾ-ਬੱਚਾ ਜਾਣੂੰ ਹੈ। ਇਸ ਡੋਰ ਦੀ ਲਪੇਟ ’ਚ ਆ ਕੇ ਜਦੋਂ ਕਿਸੇ ਵਿਅਕਤੀ ਦੀ ਮੌਤ ਹੋ ਜਾਂਦੀ ਹੈ ਜਾਂ ਫਿਰ ਕੋਈ ਵਿਅਕਤੀ ਜ਼ਖਮੀ ਹੋ ਜਾਂਦਾ ਹੈ ਉਸ ਵੇਲੇ ਇਸ ਡੋਰ ਦੇ ਵਿਰੋਧ ’ਚ ਕਾਫੀ ਰੋਲਾ ਰੱਪਾ ਪੈਂਦਾ ਹੈ, ਜਿਸ ਕਾਰਨ ਪ੍ਰਸ਼ਾਸਨ ਵੀ ਇਸ ਪ੍ਰਤੀ ਸਰਗਰਮ ਦਿਖਾਈ ਨਹੀਂ ਦਿੰਦਾ ਹੈ, ਪਰ ਕੁਝ ਦਿਨਾਂ ਬਾਅਦ ਸਭ ਕੁਝ ਆਮ ਹੋ ਜਾਂਦਾ ਹੈ ਤੇ ਇਹ ਖੂਨੀ ਡੋਰ ਬਾਜ਼ਾਰ ’ਚ ਵਿਕਣ ਲੱਗਦੀ ਹੈ, ਅਗਲੇ ਮਹੀਨੇ ਦੀ 10 ਫਰਵਰੀ ਨੂੰ ਬਸੰਤ ਪੰਚਮੀ ਦਾ ਤਿਉਹਾਰ ਹੈ, ਜਿਸ ਕਾਰਨ ਦੂਜੇ ਸ਼ਹਿਰਾਂ ਦੀ ਤਰ੍ਹਾਂ ਕਸਬਾ ਫਤਿਹਗਡ਼ ਪੰਜਤੂਰ ’ਚ ਵੀ ਪਤੰਗਬਾਜੀ ਦਾ ਦੌਰ ਸ਼ੁਰੂ ਹੋ ਚੁੱਕਿਆ ਹੈ, ਪਰ ਸਰਕਾਰ ਵਲੋਂ ਪਬੰਦੀਸ਼ੁਦਾ ਚਾਈਨਾ ਡੋਰ ਕਸਬਾ ਫਤਿਹਗਡ਼੍ਹ ਪੰਜਤੂਰ ਵਿਖੇ ਧਡ਼ੱਲੇ ਨਾਲ ਵਿਕ ਰਹੀ ਹੈ। ਚਾਈਨਾ ਡੋਰ ਦੀ ਵਿੱਕਰੀ ਨੂੰ ਰੋਕਣ ਵੱਲ ਸਥਾਨਕ ਪੁਲਸ ਅਤੇ ਪ੍ਰਸ਼ਾਸਨ ਦਾ ਬਿਲਕੁਲ ਵੀ ਧਿਆਨ ਨਹੀਂ ਹੈ।
ਦੁਕਾਨਦਾਰ ਚਾਈਨਾ ਡੋਰ ਨੂੰ ਦੁਕਾਨ ’ਚ ਰੱਖਣ ਦੀ ਬਜਾਏ ਕਿਸੇ ਦੂਸਰੀ ਜਗ੍ਹਾ ’ਤੇ ਰੱਖਦੇ ਹਨ ਤੇ ਜਦੋਂ ਕੋਈ ਗ੍ਰਾਹਕ ਚਾਈਨਾ ਡੋਰ ਲੈਣ ਆਉਂਦਾ ਹੈ ਤਾਂ ਇਸ ਡੋਰ ਦਾ ਸੋਦਾ ਕਰਨ ਤੋਂ ਬਾਅਦ ਦੂਸਰੀ ਜਗ੍ਹਾ ਜਿਥੇ ਚਾਈਨਾ ਡੋਰ ਰੱਖੀ ਹੁੰਦੀ ਹੈ, ਉਥੋਂ ਲਿਆ ਕੇ 10-15 ਮਿੰਟਾਂ ਬਾਅਦ ਗ੍ਰਾਹਕ ਨੂੰ ਦੇ ਦਿੱਤੀ ਜਾਂਦੀ ਹੈ। ਇਸ ਤਰ੍ਹਾਂ ਜਦੋਂ ਕੋਈ ਪ੍ਰਸ਼ਾਸਨਿਕ ਅਧਿਕਾਰੀ ਚਾਈਨਾ ਡੋਰ ਦੀ ਚੈਕਿੰਗ ਲਈ ਆਉਂਦੇ ਹਨ ਤਾਂ ਦੁਕਾਨ ’ਚੋਂ ਉਨ੍ਹਾਂ ਦੇ ਹੱਥ ਚਾਈਨਾ ਡੋਰ ਨਹੀਂ ਆਉਂਦੀ ਤੇ ਉਹ ਖਾਲੀ ਹੱਥ ਮੁਡ਼ਨ ਲਈ ਮਜਬੂਰ ਹੋ ਜਾਂਦੇ ਹਨ।
ਡੋਰ ਦੀ ਹੋ ਰਹੀ ਵਿਕਰੀ ਚਿੰਤਾ ਦਾ ਵਿਸ਼ਾ : ਹੈਪੀ ਭੁੱਲਰ
ਸਮਾਜ ਸੇਵੀ ਦਿਲਬਾਗ ਸਿੰਘ ਹੈਪੀ ਭੁੱਲਰ ਨੇ ਕਿਹਾ ਕਿ ਚਾਈਨਾ ਡੋਰ ਦੇ ਇਸਤੇਮਾਲ, ਸਟੋਰ ਕਰਨ, ਖਰੀਦਣ ਜਾਂ ਵੇਚਣ ’ਤੇ ਪ੍ਰਸ਼ਾਸਨ ਵਲੋਂ ਪੂਰੀ ਤਰ੍ਹਾਂ ਪਾਬੰਦੀ ਲਾਈ ਹੋਈ ਹੈ, ਪਰ ਕਸਬੇ ’ਚ ਵੱਡੀ ਮਾਤਰਾ ’ਚ ਚਾਈਨਾ ਡੋਰ ਦੀ ਹੋ ਰਹੀ ਵਿੱਕਰੀ ਚਿੰਤਾ ਦਾ ਵਿਸ਼ਾ ਹੈ। ਪ੍ਰਸ਼ਾਸਨ ਇਸ ਡੋਰ ਦੀ ਖਰੀਦੋ-ਫਰੋਖਤ ’ਤੇ ਪਾਬੰਦੀ ਲਾਉਣ ’ਚ ਪੂਰੀ ਤਰ੍ਹਾਂ ਅਸਫਲ ਰਿਹਾ ਹੈ, ਜਿਸ ਕਰ ਕੇ ਕਸਬੇ ਦੀਆਂ ਦੁਕਾਨਾਂ ’ਤੇ ਅਸਾਨੀ ਨਾਲ ਇਹ ਡੋਰ ਮਿਲ ਰਹੀ ਹੈ।
ਪੇਂਡੂ ਮਜ਼ਦੂਰ ਯੂਨੀਅਨ ਨੇ ਸਿੱਖਿਆ ਮੰਤਰੀ ਦਾ ਫੂਕਿਆ ਪੁਤਲਾ
NEXT STORY